ਦੇਸ਼

ਮਾਸੂਮਾਂ ਦੇ ਸਿਵਿਆਂ ਦੀ ਅੱਗ ‘ਤੇ ਸਿਆਸੀ ਰੋਟੀਆਂ ਸੇਕ ਰਹੇ ਨੇ ਲੀਡਰ

Political, Cakes, Burning Fire, Innocent, Civilians

ਰੇਲ ਹਾਦਸੇ ਸਬੰਧੀ ਅਕਾਲੀ-ਭਾਜਪਾ ਵਰਕਰ ਸੜਕਾਂ ‘ਤੇ ਉਤਰੇ, ਸਿੱਧੂ ਜੋੜੀ ਦੇ ਫੂਕੇ ਗਏ ਪੁਤਲੇ

ਅੰਮ੍ਰਿਤਸਰ ਹਾਦਸੇ ‘ਚ ਮਾਰੇ ਗਏ ਸਨ 59 ਵਿਅਕਤੀ ਅਤੇ 57 ਵਿਅਕਤੀ ਹੋਏ ਸਨ ਜ਼ਖ਼ਮੀ

ਰਾਜਨ ਮਾਨ, ਅਮ੍ਰਿਤਸਰ

ਦਰਦਨਾਕ ਰੇਲ ਹਾਦਸੇ ਤੋਂ ਬਾਅਦ ਅੱਜ ਤੀਸਰੇ ਦਿਨ ਵੀ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਮਾਸੂਮਾਂ ਦੇ ਸਿਵਿਆਂ ਦੀ ਅੱਗ ‘ਤੇ ਸਿਆਸੀ ਰੋਟੀਆਂ ਸੇਕਣ ਦਾ ਕੰਮ ਜਾਰੀ ਰਿਹਾ ਲੋਕਾਂ ਦੇ ਹੰਝੂਆਂ ਨਾਲ ਆਪਣੀ ਸਿਆਸੀ ਫਸਲ ਨੂੰ ਲੀਡਰਾਂ ਵੱਲੋਂ ਪੂਰਾ ਪਾਣੀ ਦਿੱਤਾ ਜਾ ਰਿਹਾ ਹੈ ਅਕਾਲੀ-ਭਾਜਪਾ ਦੇ ਆਗੂਆਂ ਵੱਲੋਂ ਇਹਨਾਂ ਲਾਸ਼ਾਂ ‘ਤੇ ਕੀਤੀ ਜਾ ਰਹੀ ਸਿਆਸਤ ਦਿਨ ਵਧਦੀ ਜਾ ਰਹੀ ਹੈ ਇੱਕ ਪਾਸੇ ਲੋਕ ਮਾਤਮ ਮਨਾ ਰਹੇ ਹਨ, ਦੂਸਰੇ ਪਾਸੇ ਇਹ ਨੇਤਾ ਇਸ ਦਰਦਨਾਕ ਹਾਦਸੇ ‘ਤੇ ਆਪਣੀ ਹੋਂਦ ਬਣਾਉਣ ਵਿੱਚ ਲੱਗੇ ਹਨ

ਲਾਸ਼ਾਂ ‘ਤੇ ਰਾਜਨੀਤੀ ਕਰਦਿਆਂ ਅੱਜ ਕੈਬਨਿਤ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਸ ਦੀ ਪਤਨੀ ਡਾ: ਨਵਜੋਤ ਸਿੱਧੂ ਖਿਲਾਫ ਸੜਕਾਂ ‘ਤੇ ਉਤਰਦਿਆਂ ਸ਼੍ਰੋਮਣੀ ਅਕਾਲੀ ਦਲ, ਭਾਜਪਾ ਵਰਕਰਾਂ ਵੱਲੋਂ ਰੇਲ ਹਾਦਸੇ ਲਈ ਸਿੱਧੂ ਜੋੜੀ ਨੂੰ ਕਸੂਰਵਾਰ ਠਹਿਰਾਉਂਦਿਆਂ ਰੋਸ ਮਾਰਚ ਉਪਰੰਤ ਸਿੱਧੂ ਜੋੜੀ ਦੇ ਪੁਤਲੇ ਫੂਕੇ ਗਏ

ਗੋਲਡਨ ਐਵੀਨਿਊ ਰਾਮਤਲਾਈ ਤੋਂ ਜੋੜਾ ਫਾਟਕ ਤੱਕ ਚਲੇ ਇਸ ਰੋਸ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਸਿੱਧੂ ਜੋੜੀ ਖਿਲਾਫ ਹੱਥਾਂ ‘ਚ ਬੈਨਰ ਉਠਾਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਪੁਲਿਸ ਵੱਲੋਂ ਰੋਕੇ ਜਾਣ ਕਾਰਨ ਰੇਲ ਹਾਦਸੇ ਵਾਲੀ ਸਥਾਨ ‘ਤੇ ਪਹੁੰਚਣ ਤੋਂ ਪਹਿਲਾਂ ਹੀ ਸਿੱਧੂ ਜੋੜੀ ਦੇ ਪੁਤਲੇ ਫੂਕਣੇ ਪਏ ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਨਵਜੋਤ ਸਿੱਧੂ ਨੂੰ ਮੰਤਰੀ ਮੰਡਲ ‘ਤੋਂ ਬਰਖਾਸਤ ਕਰਦਿਆਂ ਤੁਰੰਤ ਗ੍ਰਿਫਤਾਰ ਕਰਨ, ਪੀੜਤ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਮੁਆਵਜ਼ਾ ਅਤੇ ਪਰਿਵਾਰਕ ਮੈਬਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਮੰਗ ਕੀਤੀ ਗਈ

ਇਸ ਮੌਕੇ  ਭਾਜਪਾ ਆਗੂ ਅਨਿਲ ਜੋਸ਼ੀ, ਗਿੱਲ ਅਤੇ ਟਿਕਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਦਰਦਨਾਕ ਹਾਦਸਾ ਭੁਲਣਯੋਗ ਨਹੀਂ ਹੈ ਪ੍ਰਭਾਵਿਤ ਪਰਿਵਾਰਾਂ ਨੂੰ ਇਨਸਾਫ ਦਿਵਾਉਣਾ ਅਕਾਲੀ-ਭਾਜਪਾ ਦਾ ਫਰਜ਼ ਹੈ ਕਾਤਲਾਂ ਦੀ ਗ੍ਰਿਫਤਾਰੀ ਲਈ ਗਰੀਬਾਂ ਦੀ ਅਵਾਜ਼ ਬਣ ਕੇ ਡਟਿਆ ਜਾਵੇਗਾ ਉਹਨਾਂ ਰੇਲ ਹਾਦਸੇ ਸਬੰਧੀ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਮੈਜਿਸਟਰੇਟੀ ਜਾਂਚ ਨੂੰ ਰੱਦ ਕਰਦਿਆਂ ਹਾਈਕੋਰਟ ਦੇ ਮੌਜੂਦਾ ਜੱਜ ਰਾਹੀਂ ਜੁਡੀਸ਼ੀਅਲ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਉਨ੍ਹਾਂ ਦੋਸ਼ ਲਗਾਇਆ ਕਿ ਕੈਪਟਨ ਸਰਕਾਰ ਭਾਰਤੀ ਰੇਲਵੇ ਨੂੰ ਦੋਸ਼ੀ ਦੱਸ ਕੇ ਸਿੱਧੂ ਜੋੜੀ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਹੈ

ਉਹਨਾਂ ਕਿਹਾ ਕਿ ਗਰੀਬ ਲੋਕਾਂ ਦੀ ਆਵਾਜ਼ ਨੂੰ ਕੁਚਲਣ ਨਹੀਂ ਦਿੱਤਾ ਜਾਵੇਗਾ ਉਹਨਾਂ ਹਰ ਤਰ੍ਹਾਂ ਸਬੂਤ ਮੌਜੂਦ ਹੋਣ ਦੇ ਬਾਵਜੂਦ ਦੋਸ਼ੀ ਕਾਂਗਰਸ ਆਗੂਆਂ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਕਰਨ ਲਈ ਸਰਕਾਰ ਨੂੰ ਆੜੇ ਹਥੀਂ ਲਿਆ ਉਹਨਾਂ ਕਿਹਾ ਕਿ ਪੀੜਤਾਂ ਨੂੰ ਇਨਸਾਫ ਨਾ ਮਿਲਿਆ ਤਾਂ ਅਕਾਲੀ ਦਲ ਇਸ ਮੁੱਦੇ ‘ਤੇ ਅੰਦੋਲਨ ਤੇਜ ਕਰਗਾ ਇਸ ਮੌਕੇ ਭਾਜਪਾ ਆਗੂ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ, ਯੂਥ ਅਕਾਲੀ ਦਲ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ, ਜਨਰਲ ਸਕਤਰ ਤਲਬੀਰ ਸਿੰਘ ਗਿੱਲ, ਅਕਾਲੀ ਦਲ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ, ਮੰਨਜੀਤ ਸਿੰਘ ਮੰਨਾ ਸਾਬਕਾ ਵਿਧਾਇਕ, ਡਾ: ਦਲਬੀਰ ਸਿੰਘ ਵੇਰਕਾ, ਮੌਜੂਦ ਸਨ

ਰੇਲਵੇ ਦੀ ਕਲੀਨ ਚਿੱਟ ਦਿੰਦੀ ਹੈ ਕਈ ਸਵਾਲਾਂ ਨੂੰ ਜਨਮ

ਸਿੱਧੂ ਨੇ ਚੁੱਕਿਆ ਪੀੜਤ ਪਰਿਵਾਰਾਂ ਦੇ ਬੱਚਿਆਂ ਅਤੇ ਬਜ਼ੁਰਗ ਦੀ ਸੰਭਾਲ ਦਾ ਜ਼ਿੰਮਾ

ਰੇਲਵੇ ਤੋਂ ਕੀਤੀ ਹਾਦਸੇ ਦੀ ਨਿਰਪੱਖ ਜਾਂਚ ਦੀ ਮੰਗ

ਅੰਮ੍ਰਿਤਸਰ|

ਅੰਮ੍ਰਿਤਸਰ ਰੇਲ ਹਾਦਸੇ ਵਿਚ ਮਾਰੇ ਗਏ 58 ਵਿਅਕਤੀਆਂ ਅਤੇ ਇੰਨੀ ਹੀ ਤਦਾਦ ਵਿੱਚ ਜ਼ਖਮੀ ਹੋਏ ਲੋਕਾਂ ‘ਤੇ ਕੁੱਝ ਆਗੂਆਂ ਵੱਲੋਂ ਖੇਡੀ ਜਾ ਰਹੀ ਰਾਜਨੀਤੀ ਨੂੰ ਸਿਰੇ ਦੀ ਘਟੀਆ ਕਰਾਰ ਦਿੰਦੇ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਉਹ ਰੇਲਵੇ, ਜੋ ਇੱਕ ਆਦਮੀ ਦੀ ਮੌਤ ‘ਤੇ ਜਾਂਚ ਕਰਵਾਉਂਦਾ ਹੈ, ਵੱਲੋਂ ਇੰਨੇ ਵੱਡੇ ਹਾਦਸੇ ਲਈ ਰਾਤੋ-ਰਾਤ ਕਲੀਨ ਚਿੱਟ ਦਿੱਤੇ ਜਾਣ ‘ਤੇ ਕਈ ਸਵਾਲ ਪੈਦਾ ਹੁੰਦੇ ਹਨ ਸ. ਸਿੱਧੂ ਦੀ ਰਿਹਾਇਸ਼ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਸ੍ਰੀ ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ਰੇਲਵੇ ਦੇ ਰਾਜ ਮੰਤਰੀ ਅਤੇ ਰੇਲਵੇ ਦੇ ਚੇਅਰਮੈਨ ਵੱਲੋਂ ਘਟਨਾ ਸਥਾਨ ਦਾ ਦੌਰਾ ਕਰਕੇ ਆਪਣੇ ਜ਼ਿੰਮੇਵਾਰੀ ਤੋਂ ਪੱਲਾ ਝਾੜਿਆ ਗਿਆ ਹੈ, ਉਹ ਕਈ ਸਵਾਲ ਖੜ੍ਹੇ ਕਰਦਾ ਹੈ

ਇਸ ਮੌਕੇ ਸਥਾਨਕ ਸਰਕਾਰਾਂ ਮੰੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਮੈਂ ਤੇ ਮੇਰੀ ਪਤਨੀ ਨੇ ਫੈਸਲਾ ਕੀਤਾ ਹੈ ਕਿ ਪੀੜਤ ਪਰਿਵਾਰ ਦੇ ਉਹ ਬੱਚੇ, ਜਿੰਨਾ ਦੇ ਮਾਪੇ ਇਸ ਘਟਨਾ ਵਿਚ ਮਾਰੇ ਗਏ ਹਨ, ਉਨ੍ਹਾਂ ਦਾ ਪਾਲਣ-ਪੋਸ਼ਣ ਤੇ ਪੜ੍ਹਾਈ ਸਾਡੇ ਪਰਿਵਾਰ ਦੀ ਨਿੱਜੀ ਜਿੰਮੇਵਾਰੀ ਹੈ ਇਸ ਤੋਂ ਇਲਾਵਾ ਜੋ ਬੁਜ਼ਰਗ ਕਮਾਊ ਪੁੱਤਰਾਂ ਤੋਂ ਵਿਰਵੇ ਹੋ ਗਏ ਹਨ, ਉਨ੍ਹਾਂ ਦੀ ਸੰਭਾਲ ਵੀ ਮੈਂ ਖ਼ੁਦ ਕਰਾਂਗਾ

ਜਾਖੜ ਨੇ ਕਿਹਾ ਕਿ ਅੱਜ ਰੇਲ ਗੱਡੀ ਦੇ ਡਰਾਇਵਰ ਵੱਲੋਂ ਕੀਤਾ ਗਿਆ ਖੁਲਾਸਾ, ਜਿਸ ਵਿੱਚ ਉਸਨੇ ਗੱਡੀ ਦੀ ਬਰੇਕ ਲਗਾਉਣ ਤੇ ਫਿਰ ਗੱਡੀ ਹੌਲੀ ਕਰਨ ‘ਤੇ ਪੱਥਰ ਵੱਜਣ ਦੀ ਗੱਲ ਕੀਤੀ ਹੈ, ਉਸ ਹਜ਼ਮ ਨਹੀਂ ਹੁੰਦੀ ਅਤੇ ਨਾ ਹੀ ਇਹ ਘਟਨਾ ਕਿਸੇ ਵੀਡੀਓ ਕਲਿਪ ਵਿਚ ਕੈਦ ਹੋਈ ਹੈ ਉਨ੍ਹਾਂ ਕਿਹਾ ਕਿ ਗੱਡੀ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਸਾਰਾ ਕੁੱਝ 2-3 ਸਕਿੰਟਾਂ ਵਿਚ ਵਾਪਰ ਗਿਆ ਅਤੇ ਪੀੜਤ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਲਗ ਸਕਿਆ ਕਿ ਕੀ ਹੋ ਗਿਆ? ਪਰ ਡਰਾਇਵਰ ਪੱਥਰ ਮਾਰਨ ਦੀ ਗੱਲ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਰੇਲਵੇ ਦਾ ਫਾਟਕ ਘਟਨਾ ਸਥਾਨ ਤੋਂ ਕੁਝ ਮੀਟਰ ਦੂਰੀ ‘ਤੇ ਸੀ ਜਿਥੋਂ ਰੇਲਵੇ ਟਰੈਕ ‘ਤੇ ਖਲੋਤੇ ਵਿਅਕਤੀ ਸਾਫ ਵਿਖਾਈ ਦਿੰਦੇ ਹਨ

ਦੁਸਹਿਰੇ ਦੀ ਤਿਆਰੀ ਘਟਨਾ ਸਥਾਨ ‘ਤੇ ਇੱਕ ਦਿਨ ਪਹਿਲਾਂ ਸ਼ੁਰੂ ਹੋਈ, ਕੀ ਉਸਦਾ ਜੀ ਆਰ ਪੀ ਨੂੰ ਪਤਾ ਨਹੀਂ ਲੱਗਾ ਜਾਂ ਗੇਟਮੈਨ ਨੂੰ ਪਤਾ ਨਹੀਂ ਲੱਗਾ? ਰਿਹਾਇਸ਼ੀ ਇਲਾਕੇ ਵਿਚੋਂ ਗੱਡੀ ਦੀ ਸਪੀਡ ਇੰਨੀ ਤੇਜ਼ ਕਿਉਂ ਹੋਈ? ਜੇ ਪੁਲਿਸ ਕੋਲੋਂ ਆਗਿਆ ਲਈ ਤਾਂ ਰੇਲਵੇ ਨੂੰ ਸੂਚਿਤ ਕਿਉਂ ਨਹੀਂ ਕੀਤਾ ਗਿਆ? ਅਜਿਹੇ ਉਹ ਸਵਾਲ ਹਨ, ਜਿਨ੍ਹਾਂ ਦੀ ਰੇਲਵੇ ਨੂੰ ਜਾਂਚ ਕਰਨੀ ਚਾਹੀਦੀ ਹੈ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਿਸ਼ੇ ਦੀ ਗੰਭੀਰਤਾ ਨੂੰ ਲੈਂਦੇ ਹੋਏ ਕਿਸੇ ‘ਤੇ ਦੋਸ਼ ਨਹੀਂ ਲਗਾਏ, ਸਗੋਂ ਪੀੜਤ ਪਰਿਵਾਰਾਂ ਦੀ ਮੱਦਦ ਦਾ ਐਲਾਨ ਕੀਤਾ ਅਤੇ ਘਟਨਾ ਦੀ ਸੱਚਾਈ ਸਾਹਮਣੇ ਲਿਆਉਣ ਲਈ ਨਿਆਂਇਕ ਜਾਂਚ ਦੇ ਆਦੇਸ਼ ਦਿੱਤੇ ਹਨ ਉਨ੍ਹਾਂ ਮੰਗ ਕੀਤੀ ਕਿ ਰੇਲਵੇ ਇਸ ਘਟਨਾ ਦੀ ਜਾਂਚ ਕਰਵਾਏ ਅਤੇ ਸੱਚਾਈ ਨੂੰ ਸਾਹਮਣੇ ਲਿਆਵੇ, ਜੋ ਵੀ ਦੋਸ਼ੀ ਸਾਬਤ ਹੁੰਦਾ ਹੈ, ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ

ਅੰਮ੍ਰਿਤਸਰ ਰੇਲ ਹਾਦਸੇ ਨਾਲ ਸਬੰਧਤ ਰੇਲ ਚਾਲਕ ਸੁਰੱਖਿਅਤ, ਖੁਦਕੁਸ਼ੀ ਦੀ ਉਡਾਈ ਅਫ਼ਵਾਹ

ਸੱਤਪਾਲ ਥਿੰਦ, ਫਿਰੋਜ਼ਪੁਰ ਅੰਮ੍ਰਿਤਸਰ ‘ਚ ਦੁਸਹਿਰੇ ਮੌਕੇ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਸੋਮਵਾਰ ਨੂੰ ਕੁਝ ਅਨਸਰਾਂ ਵੱਲੋਂ ਸ਼ੋਸਲ ਮੀਡੀਆ ‘ਤੇ ਇੱਕ ਅਫਵਾਹ ਫੈਲਾਈ ਗਈ ਹੈ ਕਿ ਹਾਦਸੇ ਨਾਲ ਸਬੰਧਿਤ ਰੇਲ ਦੇ ਚਾਲਕ ਨੇ ਖ਼ੁਦਕੁਸ਼ੀ ਕਰ ਲਈ ਹੈ ਜੋ ਗਲਤ ਹੈ ਦਰਅਸਲ ਵਾਇਰਲ ਤਸਵੀਰਾਂ ‘ਚ ਜਿਸ ਨੌਜਵਾਨ ਵੱਲੋਂ ਫਾਹਾ ਲਿਆ ਗਿਆ ਹੈ ਉਹ ਭਿਖੀਵਿੰਡ ਦੇ ਰਹਿਣ ਵਾਲਾ ਹਰਪਾਲ ਸਿੰਘ ਨਾਂਅ ਦਾ ਨੌਜਵਾਨ ਹੈ , ਜੋ ਦਿਮਾਗੀ ਤੌਰ ‘ਤੇ ਠੀਕ ਨਹੀਂ ਸੀ, ਜਿਸ ਨੇ ਨਹਿਰ ਦੇ ਪੁੱਲ ‘ਤੇ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ ਪਰ ਹਾਦਸੇ ਨਾਲ ਸਬੰਧਤ ਰੇਲ ਚਾਲਕ ਸੁਰੱਖਿਅਤ ਹੈ। ਇਸ ਦੀ ਪੁਸ਼ਟੀ ਕਰਦਿਆਂ ਰੇਲ ਮੰਡਲ ਪ੍ਰਬੰਧਕ ਵਿਵੇਕ ਕੁਮਾਰ ਫਿਰੋਜ਼ਪੁਰ ਡਿਵੀਜ਼ਨ ਨੇ ਦੱਸਿਆ ਕਿ ਇਹ ਇੱਕ ਝੂਠੀ ਅਫਵਾਹ ਹੈ ਅਤੇ ਰੇਲ ਦਾ ਚਾਲਕ ਸੁਰੱਖਿਅਤ ਹੈ। ਇਸ ਤੋਂ ਇਲਾਵਾ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਫਾਟਕ ਬੰਦ ਹੋਣ ‘ਤੇ ਰੇਲਵੇ ਲਾਇਨ ਕ੍ਰਾਸ ਨਾ ਕਰਨ ਅਤੇ ਰੇਲ ਦੀ ਪੱਟੜੀ ਅਤੇ ਰੇਲ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top