ਪੰਜਾਬ

ਪਾਵਰਕੌਮ ਨੇ ਇੱਕ ਦਿਨ ‘ਚ ਖਰੀਦੀ 39 ਕਰੋੜ ਦੀ ਬਿਜਲੀ

-ਬਿਜਲੀ ਦੀ ਮੰਗ 2400 ਲੱਖ ਯੂਨਿਟ ਤੱਕ ਪੁੱਜੀ
–ਸਰਕਾਰੀ ਅਤੇ ਪ੍ਰਾਈਵੇਟ ਥਰਮਲਾਂ ਦੇ ਸਾਰੇ ਯੂਨਿਟ ਚਾਲੂ
ਪਟਿਆਲਾ,  (ਖੁਸ਼ਵੀਰ ਸਿੰਘ ਤੂਰ)। ਦੋਂ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਸੂਬੇ ਅੰਦਰ ਬਿਜਲੀ ਦੀ ਮੰਗ 2400 ਲੱਖ ਯੂਨਿਟ ਤੱਕ ਪਹੁੰਚ ਗਈ ਹੈ। ਬਿਜਲੀ ਦੀ ਵਧੀ ਮੰਗ ਦਾ ਅਸਰ ਇਹ ਰਿਹਾ ਕਿ ਪਾਵਰਕੌਮ ਨੂੰ ਇੱਕ ਦਿਨ ਵਿੱਚ ਹੀ 39 ਕਰੋੜ ਰੁਪਏ ਤੋਂ ਵੱਧ ਦੀ ਬਿਜਲੀ ਖਰੀਦ ਕਰਨੀ ਪਈ ਹੈ। ਪਾਵਰਕੌਮ ਵੱਲੋਂ ਆਪਣੇ ਸਰਕਾਰੀ ਥਰਮਲਾਂ ਸਮੇਤ ਪ੍ਰਾਈਵੇਟ ਥਰਮਲਾਂ ਦੇ ਸਾਰੇ ਯੂਨਿਟਾਂ ਤੋਂ ਬਿਜਲੀ ਹਾਸਲ ਕੀਤੀ ਜਾ ਰਹੀ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੂਬੇ ਅੰਦਰ ਪਿਛਲੇ ਦੋਂ ਦਿਨਾਂ ਤੋਂ ਗਰਮੀ ਨੇ ਮੁੜ ਜੋਰ ਫੜਿਆ ਹੈ ਜਿਸ ਦਾ ਸਿੱਧਾ ਅਸਰ ਬਿਜਲੀ ਦੀ ਮੰਗ ਤੇ ਪਿਆ ਹੈ। ਭਾਵੇਂ ਦੋਂ ਦਿਨ ਪਹਿਲਾ ਬਿਜਲੀ ਦੀ ਮੰਗ 2300 ਲੱਖ ਯੂਨਿਟ ਦੇ ਕਰੀਬ ਚੱਲ ਰਹੀ ਸੀ ਜੋਂ ਕਿ ਵੱਧ ਕੇ 2400 ਲੱਖ ਯੂਨਿਟ ਤੇ ਪਹੁੰਚ ਗਈ ਹੈ। ਬਿਜਲੀ ਦੀ ਮੰਗ ਵਿੱਚ ਹੋਏ ਵਾਧੇ ਕਾਰਨ ਪਾਵਰਕੌਮ ਦੇ ਅਧਿਕਾਰੀ ਵੀ ਹੈਰਾਨ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਾਰਸ ਵੀ ਪਈ ਹੈ ਪਰ ਫਿਰ ਵੀ ਬਿਜਲੀ ਦੀ ਮੰਗ ਵਿੱਚ ਵੱਡਾ ਵਾਧਾ ਹੋਇਆ ਹੈ। ਬਿਜਲੀ ਦੀ ਵਧੀ ਮੰਗ ਕਾਰਨ ਪਾਵਰਕੌਮ ਵੱਲੋਂ ਆਪਣੇ ਚਾਰੇ ਥਰਮਲਾਂ ਦੇ ਸਾਰੇ 14 ਯੂਨਿਟ ਭਖਾ ਦਿੱਤੇ ਗਏ ਹਨ ਜਦਕਿ ਪ੍ਰਾਈਵੇਟ ਤੌਰ ਤੇ ਤਲਵੰਡੀ ਸਾਬੋਂ ਸਮੇਤ ਰਾਜਪੁਰਾ ਥਰਮਲ ਦੇ ਸਾਰੇ ਯੂਨਿਟ ਬਿਜਲੀ ਪੈਦਾ ਕਰ ਰਹੇ ਹਨ। ਪਾਵਰਕੌਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਦੀ ਅਚਾਨਕ ਵਧੀ ਮੰਗ ਕਾਰਨ ਇੱਕ ਦਿਨ ਵਿੱਚ 39 ਕਰੋੜ ਰੁਪਏ ਦੀ ਬਿਜਲੀ ਦੀ ਖਰੀਦ ਕੀਤੀ ਗਈ ਹੈ ਜਦਕਿ ਆਮ ਦਿਨਾਂ ਵਿੱਚ 30 ਕਰੋੜ ਰੁਪਏ ਤੱਕ ਦੀ ਬਿਜਲੀ ਖਰੀਦੀ ਗਈ ਹੈ। ਉਨਾਂ ਕਿਹਾ ਕਿ ਉਨ੍ਹਾਂ ਵੱਲੋਂ ਝੋਨੇ ਦੀ ਲਵਾਈ ਲਈ ਕਿਸਾਨਾਂ ਨੂੰ ਟਿਊਬਵੈਲਾਂ ਲਈ 8 ਘੰਟੇ ਬਿਜਲੀ ਸਪਲਾਈ ਬਿਨ੍ਹਾਂ ਕਿਸੇ ਵਿਘਨ ਦੇ ਦਿੱਤੀ ਜਾ ਰਹੀ ਹੈ। ਪਾਵਰਕੌਮ ਦੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਕਿਸੇ ਵੀ ਖਿੱਤੇ ਵਿੱਚ ਕੋਈ ਕੱਟ ਨਹੀਂ ਲਗਾਏ ਜਾ ਰਹੇ ਹਨ ਜਦਕਿ ਪੰਜਾਬ ਦੇ ਗਵਾਂਡੀ ਸੂਬਿਆਂ ਅੰਦਰ ਬਿਜਲੀ ਦਾ ਬੂਰਾ ਹਾਲ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਦੌਰਾਨ ਬਾਰਸ ਦੀ ਸੰਭਾਵਨਾ ਬਣੀ ਹੋਈ ਹੈ ਅਤੇ ਬਾਰਸ ਨਾਲ ਬਿਜਲੀ ਦੀ ਮੰਗ ਵਿੱਚ ਕਮੀ ਆ ਸਕਦੀ ਹੈ। ਜੇਕਰ ਅਗਲੇ ਦਿਨਾਂ ਦੌਰਾਨ ਵੀ ਇੰਦਰ ਦੇਵਤਾ ਮਿਹਰਬਾਨ ਨਾ ਹੋਇਆ ਤਾ ਬਿਜਲੀ ਦੀ ਮੰਗ ਰਿਕਾਰਡ ਪੱੱਧਰ ਤੇ ਵੀ ਪਹੁੰਚ ਸਕਦੀ ਹੈ।

ਪ੍ਰਸਿੱਧ ਖਬਰਾਂ

To Top