ਅੱਖਾਂ ਅਨਮੋਲ ਨੇ, ਇਨ੍ਹਾਂ ਦੀ ਸੰਭਾਲ ਕਰੋ

ਅੱਖਾਂ ਅਨਮੋਲ ਨੇ, ਇਨ੍ਹਾਂ ਦੀ ਸੰਭਾਲ ਕਰੋ

ਹਰ ਸਾਲ ਅਕਤੂਬਰ ਮਹੀਨੇ ਦਾ ਦੂਜਾ ਵੀਰਵਾਰ ਸੰਸਾਰ ਭਰ ਵਿੱਚ ‘ਵਿਸ਼ਵ ਦ੍ਰਿਸ਼ਟੀ ਦਿਵਸ’ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਅਤੇ ਸਮੱਸਿਆਵਾਂ ਬਾਰੇ ਜਾਗਰੂਕ ਕਰਕੇ ਅੰਨ੍ਹੇਪਣ ਦੀ ਰੋਕਥਾਮ ਕੀਤੀ ਜਾ ਸਕੇ। ਖ਼ੂਬਸੂਰਤ ਅਤੇ ਤੰਦਰੁਸਤ ਅੱਖਾਂ ਨਾਲ ਹੀ ਇਨਸਾਨ ਕੁਦਰਤ ਦੇ ਅਲੌਕਿਕ ਨਜ਼ਾਰੇ ਤੱਕ ਸਕਦਾ ਹੈ। ਅੱਖਾਂ ਪ੍ਰਤੀ ਸਾਡੀ ਥੋੜ੍ਹੀ ਜਿਹੀ ਲਾਪ੍ਰਵਾਹੀ ਸਾਨੂੰ ਅੰਨੇ੍ਹਪਣ ਦਾ ਸ਼ਿਕਾਰ ਬਣਾ ਸਕਦੀ ਹੈ। ਨਜ਼ਰ ਸਬੰਧੀ ਬਿਮਾਰੀਆਂ ਅਤੇ ਵਿਕਾਰਾਂ ਨੂੰ ਲੈ ਕੇ ਵਿਸ਼ਵ ਭਰ ਵਿੱਚ ਕਰੋੜਾਂ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੇ ਜੀਵਨ ਵਿੱਚ ਹਨ੍ਹੇਰਾ ਹੈ ਪਰੰਤੂ ਅੱਖਾਂ ਦੀ ਸਹੀ ਦੇਖਭਾਲ, ਇਲਾਜ ਅਤੇ ਬਿਮਾਰੀਆਂ ਪ੍ਰਤੀ ਜਾਗਰੂਕਤਾ ਦੇ ਚਲਦਿਆਂ ਅੰਨੇ੍ਹਪਣ ਨੂੰ ਘਟਾਇਆ ਜਾ ਸਕਦਾ ਹੈ।

ਅੰਕੜਿਆਂ ਮੁਤਾਬਕ ਵਿਸ਼ਵ ਭਰ ਵਿੱਚ ਅੰਦਾਜ਼ਨ 285 ਮਿਲੀਅਨ ਲੋਕ ਦ੍ਰਿਸ਼ਟੀ ਸਬੰਧੀ ਵਿਗਾੜਾਂ ਨੂੰ ਲੈ ਕੇ ਅੰਨੇ੍ਹਪਣ ਦੇ ਸ਼ਿਕਾਰ ਹਨ। ਜਿਨ੍ਹਾਂ ’ਚੋਂ 39 ਮਿਲੀਅਨ ਨੇਤਰਹੀਣ ਹਨ। ਵਿਕਾਸਸ਼ੀਲ ਦੇਸ਼ਾਂ ਵਿੱਚ ਵੀ ਇਹ ਸਮੱਸਿਆ ਘੱਟ ਨਹੀਂ। ਮੋਤੀਆ ਬਿੰਦ, ਡਾਇਬੇਟਿਕ ਰੈਟੀਨੋਪੈਥੀ, ਨਜ਼ਰ ਦਾ ਭੈਂਗਾਪਣ, ਦ੍ਰਿਸ਼ਟੀ ਦੋਸ਼ ਭਾਵ ਨੇੜੇ ਜਾਂ ਦੂਰ ਦੀਆਂ ਚੀਜ਼ਾਂ ਸਾਫ਼ ਨਾ ਦੇਖ ਸਕਣਾ, ਗਲੂਕੋਮਾ, ਕਾਰਨੀਅਲ ਅਪਾਰਦਰਸ਼ਿਤਾ ਅਤੇ ਕੁਝ ਹੋਰ ਕਾਰਨ ਭਾਰਤ ਵਿੱਚ ਅੰਨੇ੍ਹਪਣ ਦਾ ਮੁੱਖ ਕਾਰਨ ਹਨ। ਬਜ਼ੁਰਗਾਂ ਦੇ ਨਾਲ-ਨਾਲ ਬੱਚਿਆਂ ਵਿੱਚ ਵੀ ਨਜ਼ਰ ਸਬੰਧੀ ਸਮੱਸਿਆਵਾਂ ਵਧ ਰਹੀਆਂ ਹਨ।

ਬੱਚਿਆਂ ਵਿੱਚ ਵਿਟਾਮਿਨ-ਏ ਦੀ ਕਮੀ ਕਾਰਨ ਵੀ ਅੰਨ੍ਹਾਪਣ ਹੋ ਸਕਦਾ ਹੈ। ਬੱਚਿਆਂ ਵਿੱਚ ਜੇਕਰ ਅੱਖ ਦੀ ਪੁਤਲੀ ਵਿੱਚ ਚਿੱਟਾਪਣ, ਨਜ਼ਰ ਘੱਟ ਹੋਣ, ਸਿਰ ਦਰਦ ਜਾਂ ਭਾਰੀਪਣ, ਅੱਖਾਂ ’ਚ ਲਾਲੀ ਜਾਂ ਪਾਣੀ ਆਉਣ, ਅੱਖਾਂ ਨੂੰ ਮਸਲਣ, ਲਿਖਣ ਸਮੇਂ ਗਲਤੀਆਂ ਕਰਨ, ਚੀਜ਼ਾਂ ਨਾਲ ਟਕਰਾਉਣ, ਕਿਤਾਬ ਪੜ੍ਹਨ ਜਾਂ ਟੈਲੀਵਿਜ਼ਨ ਦੇਖਣ ਵਿੱਚ ਦਿੱਕਤ, ਸੂਈ ਵਿੱਚ ਧਾਗਾ ਨਾ ਪਾ ਸਕਣਾ, ਬਲੈਕ ਬੋਰਡ ’ਤੇ ਲਿਖੇ ਅੱਖਰ ਨਾ ਦਿਸਣ, ਚੀਜ਼ਾਂ ਧੁੰਦਲੀਆਂ ਦਿਸਣ, ਸਿਰ ਚਕਰਾਉਣ, ਉਲਟੀ ਆਉਣ ਜਾਂ ਦੋ-ਦੋ ਚੀਜ਼ਾਂ ਦਿਸਣ ਵਰਗੇ ਲੱਛਣ ਦਿਸਣ ਤਾਂ ਛੇਤੀ ਹੀ ਬੱਚੇ ਨੂੰ ਅੱਖਾਂ ਦੇ ਮਾਹਿਰ ਡਾਕਟਰ ਕੋਲ ਲਿਜਾਓ।

ਕਾਰਨੀਅਲ ਦੋਸ਼ ਤੋਂ ਪੀੜਤ ਨੇਤਰਹੀਣ ਵਿਅਕਤੀਆਂ ਲਈ ਕਾਰਨੀਅਲ ਟਰਾਂਸਪਲਾਂਟ ਤੋਂ ਸਿਵਾਏ ਕੋਈ ਇਲਾਜ ਨਹੀਂ ਹੈ। ਮਰਨ ਉਪਰੰਤ ਸਾਡੀਆਂ ਦਾਨ ਕੀਤੀਆਂ ਅੱਖਾਂ ਦੇ ਕਾਰਨੀਅਲ ਟਰਾਂਸਪਲਾਂਟ ਦੁਆਰਾ ਇਹ ਰੌਸ਼ਨੀ ਤੋਂ ਸੱਖਣੇ ਵਿਅਕਤੀ ਇਸ ਜੱਗ ਦੇ ਅਦਭੁੱਤ ਨਜ਼ਾਰੇ ਮੁੜ ਦੇਖਣਯੋਗ ਹੋ ਸਕਦੇ ਹਨ। ਇਸ ਲਈ ਅੱਖਾਂ ਦਾਨ ਕਰਨ ਦਾ ਪ੍ਰਣ ਸਾਨੂੰ ਆਪਣੇ ਜਿਉਂਦੇ-ਜੀਅ ਜਰੂਰ ਲੈ ਲੈਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸਾਨੂੰ ਮਾਨਸਿਕ ਅਤੇ ਆਤਮਿਕ ਖੁਸ਼ੀ ਵੀ ਮਿਲਦੀ ਹੈ ਕਿ ਮਰਨ ਉਪਰੰਤ ਸਾਡੀਆਂ ਦਾਨ ਕੀਤੀਆਂ ਅੱਖਾਂ ਦੀ ਜੋਤ ਨਾਲ ਕਿਸੇ ਦੇ ਹਨੇ੍ਹਰੇ ਜੀਵਨ ਵਿੱਚ ਮੁੜ ਰੌਸ਼ਨੀ ਆ ਜਾਵੇਗੀ।

ਇਸ ਲਈ ਸਾਡਾ ਇਹ ਫੈਸਲਾ ਕਿਸੇ ਦੀ ਜ਼ਿੰਦਗੀ ਲਈ ਬਹੁਤ ਹੀ ਮਹੱਤਵਪੂਰਨ ਹੈ। ਨੇਤਰਦਾਨ ਬਾਰੇ ਨੇੜੇ ਦੇ ਆਈ ਬੈਂਕ ਜਾਂ ਹਸਪਤਾਲ ਦੇ ਅੱਖਾਂ ਦੇ ਵਿਭਾਗ ਨਾਲ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅੰਨੇ੍ਹਪਣ ਤੋਂ ਬਚਾਅ ਲਈ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਮੇਂ ਸਿਰ ਵਿਟਾਮਿਨ ‘ਏ’ ਜਰੂਰ ਪਿਲਾਓ। ਉਮਰ ਦੇ ਪਹਿਲੇ ਤਿੰਨ-ਚਾਰ ਸਾਲਾਂ ਤੀਕ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਂਦੇ ਰਹੋ। ਬੱਚਿਆਂ ਨੂੰ ਲਗਾਤਾਰ ਹਰੀਆਂ ਸਬਜ਼ੀਆਂ, ਗਾਜਰ, ਟਮਾਟਰ, ਅੰਬ ਆਦਿ ਦੇਣ ਨਾਲ ਵਿਟਾਮਿਨ ‘ਏ’ ਦੀ ਕਮੀ ਨਹੀਂ ਹੁੰਦੀ।

ਤਿੱਖੀਆਂ ਚੀਜ਼ਾਂ ਅਤੇ ਤਿੱਖੇ ਖਡੌਣੇ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ। ਬੱਚਿਆਂ ਨੂੰ ਪਟਾਕੇ, ਆਤਿਸ਼ਬਾਜੀ ਤੇ ਅਨਾਰ ਆਪਣੀ ਦੇਖ-ਰੇਖ ਹੇਠ ਕਿਸੇ ਸੁਰੱਖਿਅਤ ਥਾਂ ’ਤੇ ਚਲਾਉਣ ਲਈ ਸਮਝਾਓ ਅਜਿਹਾ ਕਰਨ ਨਾਲ ਹੀ ਸੈਂਕੜੇ ਬੱਚੇ ਅੰਨੇ੍ਹ ਹੋਣ ਤੋਂ ਬਚ ਸਕਣਗੇ। ਬਹੁਤੀ ਦੇਰ ਲਗਾਤਾਰ ਟੈਲੀਵਿਜ਼ਨ, ਕੰਪਿਊਟਰ, ਮੋਬਾਇਲ ਫੋਨਜ਼ ’ਤੇ ਨਿਗ੍ਹਾ ਨਾ ਟਿਕਾਓ। ਸ਼ੂਗਰ ਨੂੰ ਕੰਟਰੋਲ ਰੱਖੋ, ਯੋਗਾ ਜਾਂ ਸੈਰ ਵਰਗੀਆਂ ਆਦਤਾਂ ਅਪਣਾਓ। ਮੱਧਮ ਰੌਸ਼ਨੀ ਵਿੱਚ ਲਿਖਾ-ਪੜ੍ਹੀ ਦਾ ਕੰਮ ਨਾ ਕਰੋ। ਲੜਾਈ-ਝਗੜਿਆਂ ਤੋਂ ਬਚੋ। ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਕਰਵਾਓ। ਦਿਨ ’ਚ ਦੋ-ਤਿੰਨ ਵਾਰੀ ਆਪਣੀਆਂ ਅੱਖਾਂ ਨੂੰ ਸਾਫ਼ ਠੰਢੇ ਪਾਣੀ ਨਾਲ ਧੋਵੋ। ਅੱਖਾਂ ਸਬੰਧੀ ਆਪੇ ਕੋਈ ਘਰੇਲੂ ਇਲਾਜ ਨਾ ਕਰੋ। ਸਮੇਂ-ਸਮੇਂ ਸਿਰ ਅੱਖਾਂ ਦੀ ਜਾਂਚ ਮਾਹਿਰ ਡਾਕਟਰ ਪਾਸੋਂ ਕਰਵਾਉਂਦੇ ਰਹੋ।

ਅੱਖਾਂ ਦੀ ਰੌਸ਼ਨੀ ਨੂੰ ਬਚਾਉਣ ਲਈ ਲੋੜ ਹੈ ਨੇਤਰ ਰੋਗਾਂ ਦੀ ਰੋਕਥਾਮ ਅਤੇ ਸਮੇਂ ਸਿਰ ਇਲਾਜ ਅਤੇ ਅੱਖਾਂ ਦੀ ਸਹੀ ਦੇਖਭਾਲ ਕਰਨ ਸਬੰਧੀ ਵੱਡੇ ਪੱਧਰ ’ਤੇ ਸਵੈ-ਇੱਛੁਕ ਤੌਰ ’ਤੇ ਪ੍ਰਚਾਰ ਕਰਨ ਦੀ, ਅੱਖਾਂ ਦਾਨ ਕਰਨ ਸਬੰਧੀ ਵਿਸ਼ੇਸ਼ ਮੁਹਿੰਮਾਂ ਚਲਾਉਣ ਦੀ ਅਤੇ ਕਾਰਨੀਅਲ ਟਰਾਂਸਪਲਾਂਟ ਲਈ ਉਡੀਕ ਕਰ ਰਹੇ ਮਰੀਜ਼ਾਂ ਨੂੰ ਹੌਂਸਲਾ ਦੇਣ ਦੇ ਨਾਲ-ਨਾਲ ਉਨ੍ਹਾਂ ਵੱਲ ਖਾਸ ਧਿਆਨ ਦੇਣ ਦੀ ਤੇ ਅੱਖਾਂ ਦਾਨ ਕਰਨ ਸਬੰਧੀ ਸੂਚਨਾ ਅਤੇ ਗ੍ਰੀਫ ਕੌਂਸÇਲੰਗ ਕੇਂਦਰ ਸਥਾਪਿਤ ਕਰਨ ਦੀ, ਜਿੱਥੇ ਪ੍ਰੇਰਿਤ ਵਲੰਟੀਅਰ ਨੇੜੇ ਹੋਈ ਕਿਸੇ ਮੌਤ ਸਮੇਂ ਅੱਖਾਂ ਦਾਨ ਕਰਾਉਣ ਵਿੱਚ ਸਹਾਈ ਹੋਣ।

ਨੇਤਰਦਾਨ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨੂੰ ਵੀ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਅਤੇ ਐੱਨ.ਐੱਸ.ਐੱਸ. ਦੇ ਉੱਘੇ ਸਵੈ-ਸੇਵਕ ਵੀ ਲੋਕਾਂ ਵਿੱਚ ਇਸ ਸਬੰਧੀ ਜਾਗਰੂਕਤਾ ਪੈਦਾ ਕਰਕੇ ਲੋਕਾਂ ਨੂੰ ਨੇਤਰਦਾਨ ਬਾਰੇ ਪ੍ਰੇਰਿਤ ਕਰਨ ਤਾਂ ਜੋ ਦਾਨ ਕੀਤੀਆਂ ਅੱਖਾਂ ਨਾਲ ਕਿਸੇ ਦਾ ਜੀਵਨ ਰੌਸ਼ਨ ਹੋ ਸਕੇ।
ਨਰੇਸ਼ ਪਠਾਣੀਆ,
ਭਾਗੂ ਰੋਡ (ਬਠਿੰਡਾ)।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ