ਲਾਕਡਾਊਨ ‘ਚ ਟਾਈਮ ਟੇਬਲ ਬਣਾ ਕੇ ਕਰੋ ਤਿਆਰੀ

0

ਲਾਕਡਾਊਨ ‘ਚ ਟਾਈਮ ਟੇਬਲ ਬਣਾ ਕੇ ਕਰੋ ਤਿਆਰੀ

ਦੇਸ਼ ਅੰਦਰ ਵੱਖ-ਵੱਖ ਬੋਰਡ ਪ੍ਰੀਖਿਆਵਾਂ ਚੱਲ ਰਹੀਆਂ ਸਨ। ਅਚਾਨਕ ਕਰੋਨਾ ਵਾਇਰਸ ਮਹਾਂਮਾਰੀ ਆ ਗਈ। ਜਿਸ ਨੇ ਇੱਕਦਮ ਸਾਰੇ ਸੰਸਾਰ ਨੂੰ ਘੇਰ ਲਿਆ। ਲਾਗ ਵਾਲੀ ਇਸ ਬਿਮਾਰੀ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਸਰਕਾਰ ਵੱਲੋਂ ਪਹਿਲਾਂ ਲਾਕਡਾਊਨ ਅਤੇ ਫਿਰ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ। ਜਿਸ ਨਾਲ ਪੰਜਵੀ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਦੀਆਂ ਨਿਰੰਤਰ ਚੱਲ ਰਹੀਆਂ ਬੋਰਡ ਪ੍ਰੀਖਿਆਵਾਂ ਰੁਕ ਗਈਆਂ। ਕਈ ਕਲਾਸਾਂ ਦੇ ਤਾਂ ਹਾਲੇ ਕੁੱਝ ਪੇਪਰ ਹੀ ਹੋਏ ਸਨ।

ਕੁਦਰਤ ਦੀ ਇਸ ਆਫਤ ਦੇ ਚੱਲਦਿਆਂ 22 ਮਾਰਚ ਤੋਂ ਸ਼ੁਰੂ ਹੋਏ ਲਾਕਡਾਊਨ ਦੀ ਮਿਆਦ ਹੁਣ 17 ਮਈ ਤੋਂ ਵੀ ਅੱਗੇ ਵਧ ਚੁੱਕੀ ਹੈ। ਹਾਲਾਤਾਂ ਦੇ ਮੱਦੇਨਜ਼ਰ ਵੱਖ-ਵੱਖ ਰਾਜਾਂ ਦੇ ਬੋਰਡਾਂ ਵੱਲੋਂ ਪ੍ਰੀਖਿਆਵਾਂ ਦੀ ਡੇਟਸ਼ੀਟ ਨੂੰ ਵੀ ਵਾਰ-ਵਾਰ ਬਦਲਣਾ ਪੈ ਰਿਹਾ ਹੈ। ਜਿਸ ਸਦਕਾ ਰਹਿੰਦੇ ਪੇਪਰਾਂ ਨੂੰ ਲੈ ਕੇ ਵਿਦਿਆਰਥੀ ਵੀ ਸ਼ਸ਼ੋਪੰਜ ‘ਚ ਹਨ। ਹਾਲਾਂਕਿ ਹਾਲਾਤਾਂ ਨੂੰ ਧਿਆਨ ‘ਚ ਰੱਖਦਿਆਂ ਸਰਕਾਰ ਵੱਲੋਂ ਪੰਜਵੀਂ ਤੇ ਅੱਠਵੀਂ ਦੇ ਵਿਦਿਆਰਥੀਆਂ ਨੂੰ ਅਗਲੀ ਕਲਾਸ ‘ਚ ਪ੍ਰਮੋਟ ਕਰਨ ਦਾ ਫੈਸਲਾ ਕਰ ਦਿੱਤਾ ਗਿਆ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੂਜੀ ਵਾਰ ਬਣਾਈ ਡੇਟਸ਼ੀਟ ਦੇ ਫੈਸਲੇ ਨੂੰ ਹਾਲਾਤ ਠੀਕ ਨਾ ਹੋਣ ਦੀ ਵਜ੍ਹਾ ਕਰਕੇ ਮੁੜ ਵਾਪਸ ਲੈਣਾ ਪਿਆ ਸੀ। ਹਾਲਾਤ ਕਦੋਂ ਸੁਧਰਨਗੇ, ਇਸ ਬਾਰੇ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ। ਸਰਕਾਰ ਵੱਲੋਂ ਅਕਤੂਬਰ ਤੱਕ ਸੁਖਾਵੇਂ ਹਾਲਾਤਾਂ ਦੀ ਆਸ ਕੀਤੀ ਜਾ ਰਹੀ ਹੈ।

ਇਸ ਲਈ ਵਿਦਿਆਰਥੀਆਂ ਨੂੰ ਲਾਕਡਾਊਨ/ਕਰਫਿਊ ਵਾਲੇ ਇਸ ਲੰਬੇ ਸਮੇਂ ਦਾ ਲਾਹਾ ਲੈਣਾ ਚਾਹੀਦਾ ਹੈ। ਕਿਉਂਕਿ ਉਹ ਇਸ ਸਮੇਂ 24 ਘੰਟੇ ਘਰ ਰਹਿ ਰਹੇ ਹਨ। ਉਨ੍ਹਾਂ ਕੋਲ ਸਟੱਡੀ ਲਈ ਵਾਧੂ ਸਮਾਂ ਹੈ। ਉਹ ਚਾਹੁਣ ਤਾਂ ਇਸ ਸਮੇਂ ਦਾ ਚੰਗੀ ਤਰ੍ਹਾਂ ਸਦਉਪਯੋਗ ਕਰ ਸਕਦੇ ਹਨ, ਲਾਹਾ ਲੈ ਸਕਦੇ ਹਨ। ਜਿਸ ਲਈ ਉਨ੍ਹਾਂ ਨੂੰ ਸਾਰੇ ਦਿਨ ਦਾ ਟਾਈਮ ਟੇਬਲ (ਸਮਾਂ ਸਾਰਨੀ) ਬਣਾਉਣਾ ਪਵੇਗਾ। ਕਿਉਂਕਿ ਸਾਨੂੰ ਹਮੇਸ਼ਾ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਟਾਈਮ ਟੇਬਲ ਦੀ ਹਰ ਵਿਅਕਤੀ ਦੇ ਜੀਵਨ ‘ਚ ਬਹੁਤ ਮਹੱਤਤਾ ਹੈ। ਸਕੂਲ, ਕਾਲਜ, ਫੈਕਟਰੀਆਂ, ਪ੍ਰਾਈਵੇਟ ਅਦਾਰੇ ਤੇ ਸਰਕਾਰਾਂ ਵੀ ਟਾਈਮ ਟੇਬਲ ਨਾਲ ਹੀ ਚੱਲਦੇ ਹਨ।

ਸੋ ਜੇਕਰ ਤੁਸੀਂ ਬਿਨਾਂ ਟਾਈਮ ਟੇਬਲ ਬਣਾਏ ਸਭ ਕੁੱਝ ਕਰਦੇ ਹੋ ਤਾਂ ਤੁਹਾਡਾ ਬਹੁਤ ਸਾਰਾ ਸਮਾਂ ਅਜਾਈਂ ਚਲਾ ਜਾਂਦਾ ਹੈ। ਇਸ ਵਾਸਤੇ ਵਿਦਿਆਰਥੀਆਂ ਨੂੰ ਟਾਈਮ ਟੇਬਲ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ। ਟਾਈਮ ਟੇਬਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਪੜ੍ਹਾਈ-ਲਿਖਾਈ, ਖਾਣ-ਪੀਣ, ਸੌਣ-ਜਾਗਣ, ਸੈਰ/ਕਸਰਤ ਅਤੇ ਹੱਸਣ-ਖੇਡਣ ਲਈ ਬਰਾਬਰ ਸਮਾਂ ਨਿਸ਼ਚਿਤ ਕੀਤਾ ਜਾਵੇ।

ਭਾਵ ਸਵੇਰੇ ਕਿੰਨੇ ਵਜੇ ਜਾਗਣਾ ਹੈ? ਕਿੰਨੇ ਵਜੇ ਕਸਰਤ ਕਰਨੀ ਹੈ? ਕਿੰਨੇ ਵਜੇ ਨਹਾਉਣਾ ਹੈ? ਉਸ ਮਗਰੋਂ ਕਿੰਨੇ ਵਜੇ ਬਰੇਕਫਾਸਟ ਕਰਨਾ ਹੈ ਤੇ ਕਿੰਨੇ ਵਜੇ ਪੜ੍ਹਨਾ ਹੈ? ਇਹ ਸਭ ਟਾਈਮ ਟੇਬਲ ਦਾ ਹਿੱਸਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਕੁਝ ਸਮਾਂ ਅਖਬਾਰ ਪੜ੍ਹਨ ਤੇ ਟੀ. ਵੀ. ਦੇਖਣ ਲਈ ਵੀ ਰੋਜਾਨਾ ਦੇ ਟਾਈਮ ਟੇਬਲ ‘ਚ ਜਰੂਰ ਰੱਖਣਾ ਚਾਹੀਦਾ ਹੈ।

ਪੜ੍ਹਨ ਤੋਂ ਬਾਦ ਕੁੱਝ ਸਮਾਂ ਅਰਾਮ ਲਈ ਵੀ ਜਰੂਰੀ ਹੈ ਤਾਂ ਜੋ ਮੁੜ ਤਰੋ-ਤਾਜਾ ਹੋ ਕੇ ਪੜ੍ਹ ਸਕੋ। ਵਿੱਚ ਵਿਚਾਲੇ ਦਿਲ ਕਰੇ ਤਾਂ ਇੱਕ-ਦੋ ਵਾਰ ਚਾਹ ਜਾਂ ਕੌਫੀ ਵਗੈਰਾ ਜਰੂਰ ਲੈ ਲੈਣੀ ਚਾਹੀਦੀ ਹੈ ਤਾਂ ਜੋ ਸਰੀਰ ਦੀ ਥਕਾਵਟ ਤੋਂ ਕੁੱਝ ਰਾਹਤ ਮਿਲ ਸਕੇ। ਇਸ ਤਰ੍ਹਾਂ ਤੁਸੀਂ ਕਦੇ ਬੋਰ ਨਹੀਂ ਹੋਵੋਗੇ। ਕੁੱਝ ਸਮਾਂ ਘਰਦਿਆਂ ਨਾਲ ਗੱਲਾਂ-ਬਾਤਾਂ ਕਰਨ ਤੇ ਹੱਸਣ-ਖੇਡਣ ਲਈ ਵੀ ਜਰੂਰੀ ਹੈ। ਇਸ ਤਰ੍ਹਾਂ ਵਿਚਾਰ-ਵਿਟਾਂਦਰਾ ਕਰਨ ਨਾਲ ਤੁਹਾਡੇ ਗਿਆਨ ‘ਚ ਵਾਧਾ ਹੋਵੇਗਾ ਅਤੇ ਤੁਸੀਂ ਆਪਣੇ-ਆਪ ਨੂੰ ਫਰੈਸ਼ ਵੀ ਮਹਿਸੂਸ ਕਰੋਗੇ। ਲਾਕਡਾਊਨ ਹੋਣ ਕਰਕੇ ਸਾਰੇ ਅਧਿਆਪਕ ਵੀ ਘਰਾਂ ‘ਚ ਹਨ।

ਸੈਲਫ ਸਟੱਡੀ ਦੌਰਾਨ ਵਿਦਿਆਰਥੀ ਇਸ ਦਾ ਪੂਰਾ ਫਾਇਦਾ ਉਠਾ ਸਕਦੇ ਹਨ, ਉਨ੍ਹਾਂ ਤੋਂ ਆਨਲਾਈਨ ਸਿੱਖਿਆ ਹਾਸਲ ਕਰ ਸਕਦੇ ਹਨ, ਕਿਸੇ ਸਮੱਸਿਆ ਬਾਰੇ ਪੁੱਛ ਸਕਦੇ ਹਨ। ਹੋ ਸਕੇ ਤਾਂ ਅਧਿਆਪਕਾਂ ਨਾਲ ਕੀਤੀ ਜਾਣ ਵਾਲੀ ਡਿਸਕਸ਼ਨ ਨੂੰ ਵੀ ਰੋਜ਼ਾਨਾ ਦੇ ਟਾਈਮ ਟੇਬਲ ‘ਚ ਸ਼ਾਮਲ ਕਰ ਲਵੋ। ਇਸ ਤਰ੍ਹਾਂ ਵਿਦਿਆਰਥੀ ਟਾਈਮ ਟੇਬਲ ਅਨੁਸਾਰ ਆਪਣੇ-ਆਪ ਨੂੰ ਸਾਰੇ ਦਿਨ ਵਾਸਤੇ ਤਿਆਰ ਕਰਨ।

ਜਿਨ੍ਹਾਂ ਵਿਦਿਆਰਥੀਆਂ ਦੇ ਹਾਲੇ ਕੁੱਝ ਪੇਪਰ ਰਹਿ ਗਏ ਹਨ। ਵਿਦਿਆਰਥੀ ਉਨ੍ਹਾਂ ਪੇਪਰਾਂ ਦੀ ਤਿਆਰੀ ਦੱਬ ਕੇ ਸਹੀ ਢੰਗ ਨਾਲ ਕਰ ਸਕਦੇ ਹਨ ਤੇ ਚੰਗੇ ਨੰਬਰ ਲੈ ਸਕਦੇ ਹਨ। ਦਸਵੀਂ ਤੇ ਬਾਰ੍ਹਵੀਂ ਕਲਾਸ ਦੇ ਜਿਹੜੇ ਵਿਦਿਆਰਥੀ ਪੇਪਰਾਂ ਪਿੱਛੋਂ ਕੋਈ ਕੰਪੀਟੀਸ਼ਨ ਲੜਨ ਲਈ ਸੋਚ ਰਹੇ ਹਨ। ਉਹ ਵੀ ਲਾਕਡਾਊਨ ‘ਚ ਕੰਪੀਟੀਸ਼ਨ ਦੀ ਤਿਆਰੀ ਨਾਲੋ-ਨਾਲ ਸ਼ੁਰੂ ਕਰ ਸਕਦੇ ਹਨ।

ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਪੜ੍ਹਦੇ ਵਿਦਿਆਰਥੀਆਂ ਕੋਲ ਵੀ ਸਾਲਾਨਾ ਪੇਪਰਾਂ ਦੀ ਤਿਆਰੀ ਲਈ ਲਾਕਡਾਊਨ ‘ਚ ਪੂਰਾ ਸਮਾਂ ਹੈ। ਉਹ ਘਰ ਰਹਿ ਕੇ ਜ਼ਿਆਦਾ ਸਮਾ ਪੜ੍ਹ ਸਕਦੇ ਹਨ। ਸੋ ਇਸ ਤਰ੍ਹਾਂ ਟਾਈਮ ਟੇਬਲ ਬਣਾ ਕੇ ਹਰ ਵਿਦਿਆਰਥੀ ਲਾਕਡਾਊਨ ਦਾ ਸਹੀ ਸਦਉਪਯੋਗ ਕਰ ਸਕਦਾ ਹੈ। ਜੋ ਉਸਦੀ ਕਾਮਯਾਬੀ ‘ਚ ਵੱਡੀ ਭੂਮਿਕਾ ਅਦਾ ਕਰਨ ਲਈ ਰਾਹ ਪੱਧਰਾ ਕਰੇਗਾ। ਇਸ ਸਮੇਂ ਨੂੰ ਅਜਾਈਂ ਨਾ ਜਾਣ ਦਿਓ। ਇਸੇ ‘ਚ ਹੀ ਤੁਹਾਡੀ ਕਾਬਲੀਅਤ ਹੈ ਅਤੇ ਭਲਾਈ ਵੀ

ਲੈਕਚਰਾਰ ਅਜੀਤ ਸਿੰਘ ਖੰਨਾ,
ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਖੰਨਾ
(ਲੁਧਿਆਣਾ) ਮੋ. 70095-29004

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।