ਲੜਕੀਆਂ ਨਾਲ ਮਾੜਾ ਸਲੂਕ ਕਰਨ ਵਾਲੀ ਪ੍ਰਿੰਸੀਪਲ ਤੇ ਅਧਿਆਪਕਾ ਕੀਤੀਆਂ ਮੁਅੱਤਲ

0
Principal, Teacher, Suspended, Girl Child

ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਮਲੇ ‘ਚ ਕੋਈ ਢਿੱਲ ਨਾ ਵਰਤਣ ਦੇ ਹੁਕਮ

ਲੜਕੀਆਂ ਦੀ ਸਿੱਖਿਆ ਤੇ ਵੱਧ ਅਧਿਕਾਰਾਂ ਲਈ ਸਰਕਾਰ ਵਚਨਬੱਧ

ਸੱਚ ਕਹੂੰ ਨਿਊਜ਼, ਚੰਡੀਗੜ੍ਹ

ਪੰਜਾਬ ਸਰਕਾਰ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕੁੰਡਲ ਦੇ ਸਰਕਾਰੀ ਸਕੂਲ ਦ ਦੀ ਪ੍ਰਿੰਸੀਪਲ ਤੇ ਇੱਕ ਅਧਿਆਪਕਾ ਨੂੰ ਦੋ ਵਿਦਿਆਰਥਣਾਂ ਦੇ ਕੱਪੜੇ ਲੁਹਾਉਣ ਤੇ ਤਲਾਸ਼ੀ ਲੈਣ ਦੇ ਦੋਸ਼ ‘ਚ ਮੁਅੱਤਲ ਕਰ ਦਿੱਤਾ ਹੈ ਮੁੱਖ ਮੰਤਰੀ ਵੱਲੋਂ ਇਹ ਹੁਕਮ ਪਿਛਲੇ ਦਿਨੀਂ ਸਾਹਮਣੇ ਆਈ ਉਸ ਵੀਡੀਓ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਕੀਤੀ ਗਈ ਹੈ ਜਿਸ ਵਿਚ ਅੱਠਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ ਨੇ ਰੋਦਿਆਂ ਹੋਇਆਂ ਇਨਸਾਫ਼ ਦੀ ਮੰਗ ਕੀਤੀ ਸੀ ਜਾਂਚ ਰਿਪੋਰਟ ਵਿੱਚ ਸਕੂਲ ਅਧਿਆਪਕਾਂ ਦੀ ਘੋਰ ਕੁਤਾਹੀ, ਅਣਗਹਿਲੀ ਅਤੇ ਸੰਵੇਦਨਾਹੀਣਤਾ ਸਾਹਮਣੇ ਆਈ ਹੈ।

ਸ਼ੁੱਕਰਵਾਰ ਨੂੰ ਕੁਝ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਕੱਪੜੇ ਲੁਹਾਉਣ ਦੇ ਲਾਏ ਦੋਸ਼ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਮੁੱਖ ਮੰਤਰੀ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਸੋਮਵਾਰ ਤੱਕ ਜਾਂਚ ਮੁਕੰਮਲ ਕਰਨ ਅਤੇ ਲੋੜ ਅਨੁਸਾਰ ਅਗਲੇਰੀ ਕਾਰਵਾਈ ਕਰਨ ਦੀ ਹਿਦਾਇਤ ਕੀਤੀ ਸੀ।

ਵਿਦਿਆਰਥਣਾਂ ਵੱਲੋਂ ਸਕੂਲ ਵਿੱਚ ਅਧਿਆਪਕਾਂ ਦੁਆਰਾ ਉਨ੍ਹਾਂ ਦੇ ਕੱਪੜੇ ਲੁਹਾਉਣ ਬਾਰੇ ਰੋਂਦਿਆਂ ਸ਼ਿਕਾਇਤ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਇਹ ਮਾਮਲਾ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ। ਸਕੂਲ ਦੇ ਪਖਾਨੇ ਵਿੱਚ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਅਧਿਆਪਕਾਂ ਨੇ ਲੜਕੀਆਂ ਵਿੱਚੋਂ ਕਿਹੜੀ ਲੜਕੀ ਨੇ ਪੈਡ ਪਾਇਆ, ਬਾਰੇ ਲੱਭਣ ਦੀ ਕੋਸ਼ਿਸ਼ ਕੀਤੀ।

ਜਾਂਚ ਰਿਪੋਰਟ ਮੁਤਾਬਕ ਸਕੂਲ ਪ੍ਰਿੰਸੀਪਲ ਕੁਲਦੀਪ ਕੌਰ ਅਤੇ ਅਧਿਆਪਕਾ ਜੋਤੀ ਦੀਆਂ ਹਿਦਾਇਤਾਂ ਅਤੇ ਉਨ੍ਹਾਂ ਦੀ ਪੂਰੀ ਜਾਣਕਾਰੀ ‘ਚ ਵਿਦਿਆਰਥਣਾਂ ਦੀ ਦੋ ਵਾਰ ਤਲਾਸ਼ੀ ਲਈ ਗਈ। ਅਬੋਹਰ ਦੀ ਐਸ.ਡੀ.ਐਮ. ਦੇ ਦਫ਼ਤਰ ਵਿੱਚ ਸੋਮਵਾਰ ਨੂੰ ਕੁਲਦੀਪ ਕੌਰ ਅਤੇ ਜੋਤੀ ਦੇ ਬਿਆਨ ਦਰਜ ਕੀਤੇ ਗਏ, ਜਿਸ ਮੁਤਾਬਕ ਪਹਿਲੀ ਵਾਰ ਤਾਂ ਲੜਕੀਆਂ ਦੇ ਕੱਪੜਿਆਂ ਦੀ ਤਲਾਸ਼ੀ ਲਈ ਗਈ ਅਤੇ ਉਸ ਤੋਂ ਬਾਅਦ ਦੋਵੇਂ ਨੇ ਅੱਠਵੀਂ ਜਮਾਤ ਦੀਆਂ ਸੀਨੀਅਰ ਵਿਦਿਆਰਥਣਾਂ ਪਾਸੋਂ ਕੱਪੜੇ ਲੁਹਾ ਕੇ ਤਲਾਸ਼ੀ ਲਈ।

ਜਾਂਚ ਕਮੇਟੀ ਦੇ ਮੈਂਬਰਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਫਾਜ਼ਿਲਕਾ ਕੁਲਵੰਤ ਸਿੰਘ, ਅਬੋਹਰ ਦੇ ਐਸ.ਐਚ.ਓ. ਸਦਰ ਅੰਗਰੇਜ਼ ਸਿੰਘ ਅਤੇ ਫਾਜ਼ਿਲਕਾ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰਿੱਤੂ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਪਹਿਲੀ ਵਾਰ ਮਿਡ-ਡੇ-ਮੀਲ ਦੀ ਰਸੋਈ ਵਿੱਚ ਤਲਾਸ਼ੀ ਲਈ ਗਈ ਅਤੇ ਇਸ ਸਮੁੱਚੀ ਪ੍ਰਕਿਰਿਆ ਦੌਰਾਨ ਕੁਲਦੀਪ ਕੌਰ ਬਾਹਰ ਖੜ੍ਹੀ ਰਹੀ।

ਕਮੇਟੀ ਨੇ ਇਕਮੱਤ ਹੁੰਦਿਆਂ ਸਹਿਮਤੀ ਪ੍ਰਗਟਾਈ ਕਿ ਸਕੂਲ ਸਟਾਫ ਨੇ ਔਰਤਾਂ ਦੇ ਮਾਣ-ਸਨਮਾਨ ਪ੍ਰਤੀ ਘੋਰ ਅਣਗਹਿਲੀ ਅਤੇ ਅਸੰਵੇਦਨਸ਼ੀਲਤਾ ਵਾਲਾ ਵਤੀਰਾ ਅਪਣਾਇਆ। ਰਿਪੋਰਟ ਮੁਤਾਬਕ ਭਾਵੇਂ ਕਿ ਕਿਸੇ ਤਰ੍ਹਾਂ ਦੇ ਸਰੀਰਕ ਹਮਲੇ ਦਾ ਇਰਾਦਾ ਨਜ਼ਰ ਨਹੀਂ ਆਉਂਦਾ ਪਰ ਅਧਿਆਪਕਾਂ ਦੀ ਲਾਪਰਵਾਹੀ ਅਤੇ ਅਵੇਸਲਾਪਣ ਸਾਹਮਣੇ ਆਉਂਦਾ ਹੈ। ਫਾਜ਼ਿਲਕਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੁਤਾਬਕ ਕੁਲਦੀਪ ਕੌਰ ਅਤੇ ਜੋਤੀ ਖਿਲਾਫ਼ ਕੰਡਕਟ ਰੂਲਜ਼ ਦੇ ਰੂਲ 8 ਅਧੀਨ ਚਾਰਜਸ਼ੀਟ ਜਾਰੀ ਕੀਤੀ ਜਾਵੇਗੀ, ਜਿਨ੍ਹਾਂ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।