ਨਾ ਮੰਤਰੀ ਖ਼ਿਲਾਫ਼, ਨਾ ਹੀ ਸੰਤਰੀ ਖ਼ਿਲਾਫ਼ ਹੋਏਗੀ ਕਾਰਵਾਈ, ਸਰਕਾਰ ਕਲੀਨ ਚਿੱਟ ਦੇਣ ਦੀ ਤਿਆਰੀ ‘ਚ

0
Process , Clean, Minister, Action, Orange

ਲੁਧਿਆਣਾ ਸੀਐੱਲਯੂ ਮਾਮਲੇ ‘ਚ ਉੱਚ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ, ਸਾਰਾ ਰਿਕਾਰਡ ਤਲਬ

ਚੰਡੀਗੜ੍ਹ (ਅਸ਼ਵਨੀ ਚਾਵਲਾ) | ਲੁਧਿਆਣਾ ਸੀਐੱਲਯੂ ਮਾਮਲੇ ਵਿੱਚ ਨਾ ਹੀ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਖ਼ਿਲਾਫ਼ ਕੋਈ ਕਾਰਵਾਈ ਹੋਵੇਗੀ ਤੇ ਨਾ ਹੀ ਸੰਤਰੀ (ਡਾਇਰੈਕਟਰ) ਖ਼ਿਲਾਫ਼ ਕੋਈ ਕਾਰਵਾਈ ਹੋਏਗੀ, ਕਿਉਂਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਮੰਤਰੀ ਤੋਂ ਲੈ ਕੇ ਡਾਇਰੈਕਟਰ ਤੱਕ ਨੂੰ ਇਸ ਮਾਮਲੇ ‘ਚ ਕਲੀਨ ਚਿੱਟ ਦੇਣ ਦੀ ਤਿਆਰੀ ਕਰ ਲਈ ਹੈ। ਹਾਲਾਂਕਿ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਮੰਤਰੀ ਨੂੰ ਕਲੀਨ ਚਿੱਟ ਦੇਣ ਬਾਰੇ ਕੋਈ ਵੀ ਸਿਆਸੀ ਦਬਾਅ ਤੋਂ ਸਾਫ਼ ਇਨਕਾਰ ਕੀਤਾ ਜਾ ਰਿਹਾ ਹੈ। ਇਸ ਮਾਮਲੇ ‘ਚ ਜਾਂਚ ਅਗਲੇ 15 ਦਿਨਾਂ ‘ਚ ਮੁਕੰਮਲ ਕੀਤੀ ਜਾਏਗੀ ਤੇ ਹਰ ਪਹਿਲੂ ਨੂੰ ਗੌਰ ਨਾਲ ਦੇਖਣ ਲਈ ਲੁਧਿਆਣਾ ਨਗਰ ਨਿਗਮ ਤੋਂ ਸਾਰੀ ਫਾਈਲ ਚੰਡੀਗੜ੍ਹ ਤਲਬ ਕਰ ਲਈ ਗਈ ਹੈ, ਜਿਸ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀ ਰਿਪੋਰਟ ਤਿਆਰ ਕਰਦੇ ਹੋਏ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੌਂਪਣਗੇ।

ਜਾਣਕਾਰੀ ਅਨੁਸਾਰ ਲੁਧਿਆਣਾ ਦੇ ਗ੍ਰੇਡ ਮੈਨਰਜ਼ ਹੋਮ ਨੂੰ ਬਣਾਉਣ ਪਿੱਛੇ ਵੱਡਾ ਘਪਲਾ ਹੋਣ ਦੇ ਸ਼ੱਕ ‘ਚ ਇੱਕ ਡੀਐੱਸਪੀ ਪੱਧਰ ਦੇ ਅਧਿਕਾਰੀ ਨੂੰ ਜਾਂਚ ਸੌਂਪੀ ਗਈ ਸੀ, ਜਿਸ ਦੀ ਜਾਂਚ ਨੂੰ ਕਰਨ ਤੋਂ ਬਾਅਦ ਨਗਰ ਨਿਗਮ ਲੁਧਿਆਣਾ ਦੇ ਡੀਐੱਸਪੀ ਨੇ ਆਪਣੀ ਰਿਪੋਰਟ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨੂੰ ਸੌਂਪ ਦਿੱਤੀ ਸੀ। ਇਸ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਤੋਂ ਲੈ ਕੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਕਰਨੇਸ਼ ਸ਼ਰਮਾ ਤੱਕ ਦਾ ਨਾਂਅ ਸ਼ਾਮਲ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਇਸ ਰਿਪੋਰਟ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਨਾਂਅ ਵੀ ਲਿਖਿਆ ਗਿਆ ਸੀ। ਇਸ ਘਪਲੇ ਦੀ ਰਿਪੋਰਟ ਵਿੱਚ ਭਾਰਤ ਭੂਸ਼ਣ ਆਸ਼ੂ ਦਾ ਨਾਂਅ ਆਉਣ ਤੋਂ ਬਾਅਦ ਕਾਫ਼ੀ ਜ਼ਿਆਦਾ ਹੰਗਾਮਾ ਹੋ ਗਿਆ ਤੇ ਮੰਤਰੀ ਨਵਜੋਤ ਸਿੱਧੂ ਨੇ ਬਿਆਨ ਦਿੱਤਾ ਕਿ ਇਸ ਮਾਮਲੇ ਵਿੱਚ ਕੋਈ ‘ਮੰਤਰੀ ਹੋਵੇ ਜਾਂ ਫਿਰ ਸੰਤਰੀ ਹੋਵੇ’ ਹਰ ਕਿਸੇ ਨੂੰ ਟੰਗ ਦਿੱਤਾ ਜਾਏਗਾ, ਜਿਸ ਤੋਂ ਬਾਅਦ ਡੀਐੱਸਪੀ ਦੀ ਰਿਪੋਰਟ ‘ਤੇ ਕਾਰਵਾਈ ਕਰਨ ਦੇ ਆਦੇਸ਼ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਏ. ਵੇਣੂ ਪ੍ਰਸ਼ਾਦ ਨੂੰ ਦੇ ਦਿੱਤੇ ਗਏ।

ਨਵਜੋਤ ਸਿੱਧੂ ਵੱਲੋਂ ਮੰਤਰੀ ਸਣੇ ਸੰਤਰੀ ਨੂੰ ਟੰਗਣ ਦਾ ਬਿਆਨ ਤਾਂ ਦੇ ਦਿੱਤਾ ਗਿਆ ਪਰ ਹੁਣ ਮੰਤਰੀ ਸਣੇ ਸੰਤਰੀ ਨੂੰ ਇਸ ਮਾਮਲੇ ਵਿੱਚ ਕਲੀਨ ਚਿੱਟ ਦੇਣ ਦੀ ਤਿਆਰੀ ਕਰ ਲਈ ਗਈ ਹੈ। ਇਸ ਲਈ ਪੂਰੀ ਤਰ੍ਹਾਂ ਗਰਾਊਂਡ ਤਿਆਰ ਕੀਤੀ ਜਾਏਗੀ ਤੇ ਉਸ ਗਰਾਊਂਡ ਅਨੁਸਾਰ ਹੀ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਡਾਇਰੈਕਟਰ ਕਰਨੇਸ਼ ਸ਼ਰਮਾ ਤੋਂ ਲੈ ਕੇ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਨੂੰ ਕਲੀਨ ਚਿੱਟ ਦਿੱਤੀ ਜਾਏਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।