ਪਿੰਡ ਦੁਭਾਲੀ ਵਿਖੇ ਕੱਟੇ ਪਲਾਟਾਂ ਦੇ ਵਿਰੋਧ ਵਿਚ ਲਗਾਇਆ ਰੋਸ ਧਰਨਾ, ਕੀਤੀ ਨਾਅਰੇਬਾਜ਼ੀ

Protest Sachkahoon

ਪਿੰਡ ਦੁਭਾਲੀ ਵਿਖੇ ਕੱਟੇ ਪਲਾਟਾਂ ਦੇ ਵਿਰੋਧ ਵਿਚ ਲਗਾਇਆ ਰੋਸ ਧਰਨਾ, ਕੀਤੀ ਨਾਅਰੇਬਾਜ਼ੀ

ਇਨਸਾਫ਼ ਨਾ ਮਿਲਣ ਤਕ ਸੰਘਰਸ਼ ਜਾਰੀ ਰਹੇਗਾ – ਪ੍ਰੋ. ਧਰਮਜੀਤ ਜਲਵੇੜਾ

(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜਦੋਂ ਸਰਕਾਰਾਂ ਸੁਣਵਾਈ ਨਾ ਕਰਨ ਅਤੇ ਧੱਕੇਸ਼ਾਹੀ ਤੇ ਉਤਾਰੂ ਹੋ ਜਾਣ ਤਾਂ ਧਰਨੇ ਦੇਣੇ ਪੈਂਦੇ ਹਨ। ਇਹ ਪ੍ਰਗਟਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਪਿੰਡ ਦੁਭਾਲੀ ਦੇ ਵਸਨੀਕਾਂ ਨਾਲ ਰੋਸ ਧਰਨੇ ’ਤੇ ਬੈਠੇ ਲੋਕ ਇਨਸਾਫ਼ ਪਾਰਟੀ ਦੇ ਜਿਲ੍ਹਾ ਪ੍ਰਧਾਨ ਪ੍ਰੋਫੈਸਰ ਧਰਮਜੀਤ ਜਲਵੇੜਾ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਗੋਸਲਾਂ ਨੇ ਕੀਤਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਦੁਭਾਲੀ ਦੇ ਅਮਰਜੀਤ ਸਿੰਘ ਨੇ ਇਨਸਾਫ਼ ਦੇ ਲਈ ਉਨ੍ਹਾਂ ਦੀ ਪਾਰਟੀ ਕੋਲ ਗੁਹਾਰ ਲਗਾਈ ਹੈ, ਕਿ ਪਿੰਡ ਦੇ ਸਰਪੰਚ ਵੱਲੋਂ ਲੋੜਵੰਦਾਂ ਲਈ ਟੋਭੇ ਵਿਚ ਪਲਾਟ ਕੱਟੇ ਜਾ ਰਹੇ ਹਨ, ਇਹ ਟੋਭਾ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਿੰਡ ਦੁਭਾਲੀ ਅਤੇ ਪਿੰਡ ਡੰਘੇੜੀਆਂ ਲਈ ਬੇਹੱਦ ਲਾਭਦਾਇਕ ਹੈ। ਉਨ੍ਹਾਂ ਕਿਹਾ ਕਿ ਇਹ ਪਲਾਟ ਪਿੰਡ ਦੀ 15 ਕਿਲ੍ਹੇ ਸ਼ਾਮਲਾਤ ਜ਼ਮੀਨ ’ਚ ਕੱਟੇ ਜਾਣੇ ਚਾਹੀਦੇ ਸਨ, ਪ੍ਰੰਤੂ ਪਿੰਡ ਦੀ ਪੰਚਾਇਤ ਵੱਲੋਂ ਇਹ ਪਲਾਟ ਟੋਭੇ ਵਾਲੀ ਜਗ੍ਹਾ ਤੇ ਕੱਟੇ ਗਏ ਹਨ, ਜਿਸ ਦਾ ਪਿੰਡ ਵਾਸੀਆਂ ਨੂੰ ਬਹੁਤ ਨੁਕਸਾਨ ਹੋਵੇਗਾ।

ਰੋਸ ਧਰਨੇ ਵਿਚ ਬੈਠੇ ਗੁਰਪਾਲ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਦੁਭਾਲੀ ਨੇ ਕਿਹਾ ਕਿ ਉਸ ਨੰੂ ਵੀ ਪਿੰਡ ਦੀ ਪੰਚਾਇਤ ਵੱਲੋਂ ਪਲਾਟ ਦਿੱਤਾ ਗਿਆ ਹੈ, ਪਰ ਉਸ ਨੇ ਇਹ ਪਲਾਟ ਲੈਣ ਤੋਂ ਇਨਕਾਰ ਕਰ ਦਿੱਤਾ ਹੈ, ਕਿਉਕਿ ਪਲਾਟ ਨਾਲੋਂ ਪਿੰਡ ਦੇ ਗੰਦੇ ਪਾਣੀ ਮੁਸ਼ਕਿਲ ਦਾ ਹੱਲ ਵੱਧ ਜ਼ਰੂਰੀ ਹੈ, ਇਸ ਲਈ ਉਹ ਪਲਾਟ ਨਹੀਂ ਲਵੇਗਾ। ਪ੍ਰੋਫੈਸਰ ਜਲਬੇੜ੍ਹਾ ਨੇ ਦੱਸਿਆ ਕਿ ਇਸ ਸਬੰਧੀ ਇੱਕ ਮੰਗ ਪੱਤਰ ਬੀਤੇ ਦਿਨੀਂ ਸਹਾਇਕ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨੂੰ ਦਿੱਤਾ ਗਿਆ ਸੀ ਪਰੰਤੂ ਕੋਈ ਸੁਣਵਾਈ ਨਾ ਹੁੰਦੀ ਦੇਖ ਪਿੰਡ ਵਾਸੀਆਂ ਨੇ ਰੋਸ ਧਰਨਾ ਸ਼ੁਰੂ ਕਰ ਦਿੱਤਾ। ਅਜਿਹੇ ਵਿਚ ਲੋਕ ਇਨਸਾਫ਼ ਪਾਰਟੀ ਪੀੜਤਾਂ ਦੇ ਨਾਲ ਖੜ੍ਹੀ ਹੈ ਅਤੇ ਜਦੋਂ ਤੱਕ ਇਨਸਾਫ਼ ਨਹੀਂ ਮਿਲ ਜਾਂਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਪ੍ਰੋ. ਧਰਮਜੀਤ ਸਿੰਘ ਨੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਫ਼ਤਹਿਗੜ੍ਹ ਸਾਹਿਬ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇਗਾ ਉਪਰੰਤ ਧਰਨਾ ਸਮਾਪਤ ਹੋ ਗਿਆ।

ਉਨ੍ਹਾਂ ਦੱਸਿਆ ਕਿ ਤਹਿਸੀਲਦਾਰ ਸਾਹਿਬ ਨੇ ਭਰੋਸਾ ਦਿੱਤਾ ਹੈ ਕਿ ਸੋਮਵਾਰ ਨੰੂ ਮੌਕਾ ਦੇਖਿਆ ਜਾਵੇਗਾ ਅਤੇ ਜਾਂਚ ਉਪਰੰਤ ਪੁਰਾ ਇਨਸਾਫ਼ ਕੀਤਾ ਜਾਵੇਗਾ। ਇਸ ਸਮੇਂ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਪੰਜੋਲੀ, ਸੁਖਵਿੰਦਰ ਰਿਉਣਾ, ਜਗਤਾਰ ਸਿੰਘ, ਗੁੱਡੂ ਟੇਲਰ, ਗੁਰਪਾਲ ਸਿੰਘ ਪਿੰਡ ਦੁਭਾਲੀ, ਜੁਝਾਰ ਸਿੰਘ, ਗੁਰਮੁਖ ਸਿੰਘ, ਹਰਦੀਪ ਸਿੰਘ, ਗੁਰਧਿਆਨ ਸਿੰਘ, ਭੁਪਿੰਦਰ ਸਿੰਘ, ਜਸਵੀਰ ਕੌਰ, ਬਲਪ੍ਰੀਤ ਕੌਰ, ਪਰਮਿੰਦਰ ਕੌਰ, ਸ਼ਿੰਦਰ ਕੌਰ, ਪ੍ਰੀਤ ਕੌਰ ਪਿੰਡ ਦੁਭਾਲੀ ਅਤੇ ਹੋਰ ਹਾਜ਼ਰ ਸਨ।

ਕੀ ਕਹਿੰਦੇ ਹਨ ਰਘਵੀਰ ਸਿੰਘ ਦੁਭਾਲੀ

ਇਸ ਸਬੰਧੀ ਪਿੰਡ ਦੀ ਸਰਪੰਚ ਹਰਪਾਲ ਕੌਰ ਦੇ ਪਤੀ ਰਘਵੀਰ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਸਾਰੇ ਦੋਸ਼ਾਂ ਨੰੂ ਨਕਾਰਦੇ ਹੋਏ ਕਿਹਾ ਕਿ ਕਾਗ਼ਜ਼ਾਂ ਵਿਚ ਪਲਾਟ ਕੱਟੇ ਜਾਣ ਵਾਲੀ ਥਾਂ ਕੋਈ ਟੋਭਾ ਨਹੀਂ ਹੈ। ਪਿੰਡ ਦੀ ਪੰਚਾਇਤ ਵੱਲੋਂ ਪਲਾਟ ਠੀਕ ਢੰਗ ਨਾਲ ਕੱਟੇ ਗਏ ਹਨ। ਪਿੰਡ ਵਿਚ 97 ਵਿਅਕਤੀਆਂ ਨੂੰ 2-2 ਮਰਲੇ ਦੇ ਪਲਾਟ ਦਿੱਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ