ਧਰਨਾਕਾਰੀ ਅਧਿਆਪਕਾਂ ਤੇ ਸਰਕਾਰ ਦੇ ਸਿੰਙ ਫਸੇ

Protestant, Teachers, Government, Encroachment

ਸਰਕਾਰ ਨੋਟੀਫੀਕੇਸ਼ਨ ਡੀਨੋਟੀਫਾਈ ਕਰਨ ਦੀ ਤਿਆਰੀ ’ਚ

ਸਿੱਖਿਆ ਵਿਭਾਗ ਨੇ ਭੇਜੀ ਖਜ਼ਾਨਾ ਵਿਭਾਗ ਨੂੰ ਫਾਈਲ

ਖਜ਼ਾਨਾ ਵਿਭਾਗ ਵੱਲੋਂ ਇਜਾਜ਼ਤ ਮਿਲਣ ਤੋਂ ਤੁਰੰਤ ਬਾਅਦ ਹੋ ਜਾਏਗਾ ਨੋਟੀਫਿਕੇਸ਼ਨ ਡੀਨੋਟੀਫਾਈ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪੰਜਾਬ ਸਰਕਾਰ ਤੇ ਪੂਰੀ ਤਨਖਾਹ ਨਾਲ ਪੱਕੇ ਹੋਣ ਲਈ ਧਰਨੇ ’ਤੇ ਬੈਠੇ ਅਧਿਆਪਕਾਂ ਦਾ ਟਕਰਾਓ ਖਤਮ ਹੋਣ ਦਾ ਨਾਂਅ ਨਹÄ ਲੈ ਰਿਹਾ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਨੂੰ ਪੱਕਾ ਕਰਨ ਵਾਲਾ ਨੋਟੀਫਿਕੇਸ਼ਨ ਡੀਨੋਟੀਫਾਈ ਕਰਨ ਦੀ ਤਿਆਰੀ ਕਰਨ ਲਈ ਹੈ| ਹੁਣ ਨੋਟੀਫੀਕੇਸ਼ਨ ਡੀਨੋਟੀਫਾਈ ਹੋਣ ਤੱਕ ਸਿਰਫ ਆਪਣੀ ਸਹਿਮਤੀ ਦੇਣ ਵਾਲੇ ਹੀ ਅਧਿਆਪਕ ਪੱਕੇ ਹੋਣ ਵਾਲੇ ਅਧਿਆਪਕਾਂ ਵਿੱਚ ਸ਼ਾਮਲ ਹੋ ਸਕਣਗੇ, ਜਦੋਂ ਕਿ ਡੀਨੋਟੀਫਾਈ ਹੋਣ ਤੋਂ ਬਾਅਦ ਕਿਸੇ ਵੀ ਰਮਸਾ ਅਤੇ ਐਸ.ਐਸ.ਏ. ਦੇ ਅਧਿਆਪਕ ਨੂੰ ਪੱਕਾ ਨਹੀਂ ਕੀਤਾ ਜਾਏਗਾ। ਇਸ ਸਬੰਧੀ ਖਜਾਨਾ ਵਿਭਾਗ ਕੋਲ ਫਾਈਲ ਪੁੱਜ ਚੁੱਕੀ ਹੈ ਅਤੇ ਅਗਲੇ ਕੁਝ ਹੀ ਦਿਨਾਂ ਵਿੱਚ ਫਾਈਲ ਨੂੰ ਇਜਾਜ਼ਤ ਮਿਲਣ ਤੋਂ ਬਾਅਦ ਇਸ ਸਬੰਧੀ ਆਖਰੀ ਫੈਸਲਾ ਲੈ ਕੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਜਾ ਸਕਦਾ ਹੈ

ਜਾਣਕਾਰੀ ਅਨੁਸਾਰ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ 7 ਅਕਤੂਬਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇੇ ਪੰਜਾਬ ਦੇ 8886 ਰਮਸਾ ਤੇ ਐਸ.ਐਸ.ਏ. ਅਧਿਆਪਕਾਂ ਨੂੰ ਪੱਕਾ ਕਰਨ ਲਈ ਰਸਤਾ ਖੋਲ੍ਹ ਦਿੱਤਾ ਸੀ, ਜਿਸ ਰਾਹੀਂ ਅਧਿਆਪਕਾਂ ਨੇ ਆਪਣੀ ਖ਼ੁਦ ਦੀ ਸਹਿਮਤੀ ਦਿੰਦੇ ਹੋਏ ਸਿੱਖਿਆ ਵਿਭਾਗ ਵਿੱਚ ਪੱਕੇ ਹੋਣਾ ਸੀ ਪਰ ਇਸ ਦੇ ਨਾਲ ਹੀ ਇਨ੍ਹਾਂ ਅਧਿਆਪਕਾਂ ਨੂੰ ਅਗਲੇ 3 ਸਾਲ ਸਿਰਫ਼ ਬੇਸਿਕ ਤਨਖ਼ਾਹ 15300 ’ਤੇ ਕੰਮ ਕਰਨਾ ਪੈਣਾ ਸੀ। ਇਨ੍ਹਾਂ 8886 ਅਧਿਆਪਕਾਂ ਨੇ ਤਨਖ਼ਾਹ ਦੇ ਮਾਮਲੇ ’ਚ ਪੰਜਾਬ ਸਰਕਾਰ ਨਾਲ ਟੱਕਰ ਲੈਂਦਿਆਂ ਪਟਿਆਲਾ ਵਿਖੇ ਧਰਨਾ ਲਗਾ ਲਿਆ। ਹਾਲਾਂਕਿ 40-45 ਦਿਨਾਂ ਦੇ ਸਮੇਂ ਦੌਰਾਨ ਇਨ੍ਹਾਂ 8886 ਅਧਿਆਪਕਾਂ ’ਚੋਂ ਟੁੱਟ ਕੇ 3824 ਅਧਿਆਪਕਾਂ ਨੇ ਤਨਖਾਹ ਦਾ ਰੇੜਕਾ ਪਿੱਛੇ ਛੱਡ ਕੇ ਸਰਕਾਰ ਦੀ ਪਾਲਿਸੀ ਅਨੁਸਾਰ ਪੱਕੇ ਹੋਣ ਲਈ ਹਾਮੀ ਭਰ ਦਿੱਤੀ।

ਸਿੱਖਿਆ ਵਿਭਾਗ ਨੇ ਲਗਭਗ 45 ਦਿਨ ਦਾ ਇੰਤਜ਼ਾਰ ਕਰਨ ਤੋਂ ਬਾਅਦ ਹੁਣ ਰਮਸਾ ਤੇ ਐਸ.ਐਸ.ਏ. ਅਧਿਆਪਕਾਂ ਨੂੰ ਪੱਕਾ ਕਰਨ ਸਬੰਧੀ ਜਾਰੀ ਕੀਤੇ ਹੋਏ ਨੋਟੀਫਿਕੇਸ਼ਨ ਨੂੰ ਡੀਨੋਟੀਫਾਈ ਕਰਨ ਦੀ ਕਾਰਵਾਈ ਤਿਆਰੀ ਕਰ ਲਈ ਹੈ। ਜਿਸ ਦੇ ਡੀਨੋਟੀਫਾਈ ਹੋਣ ਤੱਕ ਸਹਿਮਤੀ ਦੇਣ ਵਾਲੇ ਅਧਿਆਪਕ ਹੀ ਪੱਕੇ ਹੋਣਗੇ, ਜਦੋਂ ਕਿ ਬਾਕੀ ਰਹਿੰਦੇ ਅਧਿਆਪਕ ਪੱਕੇ ਨਹੀਂ ਹੋ ਸਕਣਗੇ। ਇਸ ਸਬੰਧੀ ਸਿੱਖਿਆ ਵਿਭਾਗ ਨੇ ਫਾਈਲ ਤਿਆਰ ਕਰਕੇ ਖਜਾਨਾ ਵਿਭਾਗ ਨੂੰ ਭੇਜ ਦਿੱਤੀ ਹੈ। ਜਿਸ ਦੀ ਇਜਾਜ਼ਤ ਮਿਲਣ ਤੋਂ ਬਾਅਦ ਲਗਭਗ 1 ਹਫ਼ਤੇ ਵਿੱਚ ਇਸ ਨੋਟੀਫਿਕੇਸ਼ਨ ਨੂੰ ਡੀਨੋਟੀਫਾਈ ਕਰ ਦਿੱਤਾ ਜਾਏਗਾ।

ਇੱਕ ਹਫਤੇ ਬਾਅਦ ਸਰਕਾਰ ਲੈ ਸਕਦੀ ਹੈ ਫੈਸਲਾ

ਪੰਜਾਬ ਸਰਕਾਰ ਕਿਸੇ ਵੀ ਹਾਲਤ ਵਿੱਚ ਪਟਿਆਲਾ ਵਿਖੇ ਧਰਨਾ ਲਾਈ ਬੈਠੇ ਰਮਸਾ ਅਤੇ ਐਸ.ਐਸ.ਏ. ਅਧਿਆਪਕਾਂ ਅੱਗੇ ਝੁਕਦੀ ਨਜਰ ਨਹੀਂ ਆ ਰਹੀ, ਜਿਸ ਕਾਰਨ ਹੀ ਡੇਢ ਮਹੀਨੇ ਤੋਂ ਧਰਨੇ ’ਤੇ ਬੈਠੇ ਅਧਿਆਪਕਾਂ ਨੂੰ ਹੁਣ ਤੱਕ ਗੱਲਬਾਤ ਕਰਨ ਲਈ ਹੀ ਨਹੀਂ ਸੱਦਿਆ ਗਿਆ ਹੁਣ ਸਰਕਾਰ ਨੇ ਮਨ ਬਣਾ ਲਿਆ ਹੈ ਕਿ ਜਿਹੜੇ ਅਧਿਆਪਕ ਆਪਣੀ ਸਹਿਮਤੀ ਨਾਲ ਸਿੱਖਿਆ ਵਿਭਾਗ ਵਿੱਚ ਆ ਗਏ, ਉਹ ਪੱਕੇ ਹੋ ਜਾਣਗੇ ਜਦੋਂ ਕਿ ਬਾਕੀ ਰਹਿ ਜਾਣਗੇ। ਇਸ ਲਈ ਹੁਣ ਅਧਿਆਪਕਾ ਕੋਲ ਸਿਰਫ਼ ਇੱਕ ਹਫ਼ਤਾ ਹੀ ਹੈ, ਜਿਸ ਦੌਰਾਨ ਨੋਟੀਫਿਕੇਸ਼ਨ ਡੀਨੋਟੀਫਾਈ ਹੋਣ ਤੋਂ ਪਹਿਲਾਂ ਪਹਿਲਾਂ ਉਨ੍ਹਾਂ ਨੂੰ ਪੱਕੇ ਹੋਣ ਲਈ ਸਹਿਮਤੀ ਦੇਣੀ ਪਏਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।