ਪੰਜਾਬ

ਅਸਲ ਚੌਕੀਦਾਰਾਂ ਨੂੰ ਨਹੀਂ ਮਾਣ ਆਪਣੇ ਚੌਂਕੀਦਾਰੇ ‘ਤੇ 

Proud Real, Chowkidars, Watchtower

‘ਮੈਂ ਹਾਂ ਚੌਕੀਦਾਰ’ ਵਰਗੇ ਸ਼ਬਦਾਂ ਦੀ ਵਰਤੋਂ ਤੋਂ ਦੁਖੀ ਨੇ ਪੰਜਾਬ ਦੇ ਚੌਕੀਦਾਰ

ਮਹਿਜ 1250 ਰੁਪਏ ਮਹੀਨਾ ਤਨਖਾਹ ‘ਤੇ ਪਾਲ਼ ਰਹੇ ਨੇ ਆਪਣੇ ਪਰਿਵਾਰ

ਗੁਰਪ੍ਰੀਤ ਸਿੰਘ, ਸੰਗਰੂਰ

‘ਚੌਕੀਦਾਰ’ ਸ਼ਬਦ ਸਬੰਧੀ ਪੂਰੇ ਦੇਸ਼ ਵਿੱਚ ਜ਼ੋਰ-ਸ਼ੋਰ ਨਾਲ ਰੌਲਾ ਪਿਆ ਹੋਇਆ ਹੈ ਸੱਤਾਧਾਰੀਆਂ ਦੇ ਸਮਰਥਕ ਆਪਣੇ ਆਪ ਨੂੰ ਵੱਡਾ ਚੌਕੀਦਾਰ ਦਰਸਾਉਣ ਲਈ ਬਾਹਾਂ ‘ਤੇ ਟੈਟੂ ਖੁਦਵਾ ਰਹੇ ਹਨ ਤੇ ਸੋਸ਼ਲ ਮੀਡੀਆ ‘ਤੇ ਆਪਣੇ ਨਾਵਾਂ ਦੇ ਨਾਲ ਸ਼ਾਨ ਨਾਲ ਚੌਕੀਦਾਰ ਸ਼ਬਦ ਜੋੜਿਆ ਜਾ ਰਿਹਾ ਹੈ। ਪਰ ਜੇਕਰ ਇਨ੍ਹਾਂ ਅਖੌਤੀ ਚੌਕੀਦਾਰਾਂ ਨੂੰ ਦੇਸ਼ ਦੇ ਅਸਲ ਚੌਕੀਦਾਰਾਂ ਦੀ ਦਸ਼ਾ ਦਾ ਇਲਮ ਹੋ ਜਾਵੇ ਤਾਂ ਇਨ੍ਹਾਂ ਦੇ ਮੱਥੇ ਤ੍ਰੇਲੀਆਂ ਆ ਜਾਣਗੀਆਂ। ਦੇਸ਼ ਦੇ ਖੁਸ਼ਹਾਲ ਸੂਬੇ ਪੰਜਾਬ ਦਾ ਚੌਕੀਦਾਰ ਅੱਜ ਜਿਹੜੇ ਹਾਲਾਤਾਂ ‘ਚੋਂ ਲੰਘ ਰਿਹਾ ਹੈ, ਇਸ ਨਾਂਅ ਦਾ ਅਰਥ ਸਿਰਫ਼ ਗੁਰਬਤ ਤੇ ਲਾਚਾਰੀ ਹੈ ਅਤੇ ਉਹ ਕਦੇ ਨਹੀਂ ਚਾਹੁਣਗੇ ਕਿ ਉਨ੍ਹਾਂ ਦੇ ਪੁੱਤਰਾਂ ਦੇ ਨਾਂਅ ਪਿੱਛੇ ਵੀ ਚੌਕੀਦਾਰ ਸ਼ਬਦ ਲੱਗੇ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸ਼ਬਦ ਨੇ ਅਜ਼ਾਦੀ ਤੋਂ ਬਾਅਦ ਉਨ੍ਹਾਂ ਦੀ ਦਿਸ਼ਾ ਤੇ ਦਸ਼ਾ ‘ਚ ਕੋਈ ਸੁਧਾਰ ਨਹੀਂ ਕੀਤਾ ਸਗੋਂ ਉਨ੍ਹਾਂ ਨੂੰ ਨਿਘਾਰ ਤੇ ਨਿਵਾਣ ਵੱਲ ਹੀ ਧੱਕਿਆ ਹੈ।

ਜਾਣਕਾਰੀ ਮੁਤਾਬਕ ਪੰਜਾਬ ਵਿੱਚ ਕੁੱਲ 12 ਹਜ਼ਾਰ ਤੋਂ ਜ਼ਿਆਦਾ ਚੌਕੀਦਾਰ ਹਨ ਜਿਹੜੇ ਮਹਿਜ 1250 ਰੁਪਏ ਪ੍ਰਤੀ ਮਹੀਨਾ ਤਨਖਾਹ ਲੈ ਕੇ ਕਿਵੇਂ ਨਾ ਕਿਵੇਂ ਆਪੋ ਆਪਣੇ ਪਰਿਵਾਰਾਂ ਦਾ ਤੋਰੀ ਫੁਲ਼ਕਾ ਚਲਾ ਰਹੇ ਹਨ। ਏਨੀ ਘੱਟ ਤਨਖਾਹ ਨਾਲ ਤਾਂ ਉਹ ਮਜ਼ਦੂਰਾਂ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ, ਉਸ ਤੋਂ ਵੀ ਹੇਠਾਂ ਹਨ ਪਿੰਡਾਂ ਵਿੱਚ ਚੌਕੀਦਾਰ ਅੰਗਰੇਜ਼ਾਂ ਦੇ ਸਮੇਂ ਤੋਂ ਚੱਲੇ ਆ ਰਹੇ ਹਨ, ਉਸ ਸਮੇਂ ਚੌਕੀਦਾਰਾਂ ਨੂੰ 10 ਰੁਪਏ ਮਹੀਨਾ ਤਨਖਾਹ, ਰਾਤ ਸਮੇਂ ਵਰਤੋਂ ਵਿੱਚ ਆਉਣ ਵਾਲੀ ਬੈਟਰੀ, ਡੰਡਾ ਅਤੇ ਸਾਇਕਲ ਤੋਂ ਇਲਾਵਾ ਵਿਸ਼ੇਸ਼ ਵਰਦੀਆਂ ਵੀ ਮਿਲਦੀਆਂ ਸਨ ਪਰ ਹੁਣ ਅਜਿਹਾ ਕੁਝ ਨਹੀਂ ਏਨੀ ਘੱਟ ਤਨਖਾਹ ਦੇ ਬਾਵਜੂਦ ਉਨ੍ਹਾਂ ਨੂੰ ਮਜਬੂਰਨ ਇਹ ਬੋਝਲ ਕੰਮ ਕਰਨਾ ਪੈ ਰਿਹਾ ਹੈ ।

ਚੌਕੀਦਾਰਾਂ ਦੇ ਜੇਕਰ ਕੰਮਾਂ ਵੱਲ ਨਿਗ੍ਹਾ ਮਾਰੀ ਜਾਵੇ ਤਾਂ ਓਨਾ ਕੰਮ ਇੱਕ ਪਹਿਲੀ ਸ਼੍ਰੇਣੀ ਦੇ ਅਫ਼ਸਰ ਕੋਲ ਨਹੀਂ ਹੁੰਦਾ। ਪਿੰਡ ਵਿੱਚ ਜੰਮਣ ਤੇ ਮੌਤ ਦਾ ਸਾਰਾ ਰਿਕਾਰਡ ਚੌਕੀਦਾਰਾਂ ਕੋਲ ਹੁੰਦਾ ਹੈ, ਚੌਕੀਦਾਰ ਨੂੰ ਚੌਵੀ ਘੰਟੇ ਪਿੰਡ ਵਿੱਚ ਡਿਊਟੀ ‘ਤੇ ਤਾਇਨਾਤ ਰਹਿਣਾ ਪੈਂਦਾ ਪਿੰਡ ਵਿੱਚ ਪੁਲਿਸ ਕਿਸੇ ਤਰ੍ਹਾਂ ਦੀ ਪੜਤਾਲ ਲਈ ਆਉਂਦੀ ਹੈ ਤਾਂ ਉਹ ਦੋਸ਼ੀ ਨੂੰ ਲੱਭਣ ਤੋਂ ਪਹਿਲਾਂ ਚੌਕੀਦਾਰ ਲੱਭਦੀ ਹੈ। ਮਾਣਯੋਗ ਅਦਾਲਤ ਦਾ ਕੋਈ ਵੀ ਪਿੰਡ ਦਾ ਕੰਮ ਚੌਕੀਦਾਰ ਬਿਨ੍ਹਾਂ ਪੂਰਾ ਨਹੀਂ ਮੰਨਿਆ ਜਾਂਦਾ,  ਮਾਲ ਮਹਿਕਮੇ ਦੇ ਪਟਵਾਰੀ ਦੇ ਕੰਮ ਦੀਆਂ ਫਾਈਲਾਂ ਦਾ ਬੋਝ ਚੌਕੀਦਾਰ ਨੇ ਹੀ ਚੁੱਕਿਆ ਹੁੰਦਾ ਹੈ ਅਤੇ ਹਰ ਨਿੱਕੇ ਸੁੱਕੇ ਕੰਮ ਚੌਕੀਦਾਰ ਤੋਂ ਕਰਵਾਏ ਜਾਂਦੇ ਹਨ ਹਰੇਕ ਚੋਣਾਂ ਵਿੱਚ ਪਿੰਡਾਂ ਵਿੱਚ ਪੁੱਜਦਾ ਅਮਲਾ ਫੈਲੇ ਦੇ ਠਹਿਰਣ, ਖਾਣ ਪੀਣ, ਮੰਜੇ ਬਿਸਤਰਿਆਂ ਦਾ ਕੰਮ ਚੌਕੀਦਾਰ ਹਵਾਲੇ ਕੀਤਾ ਹੋਇਆ ਹੈ ।

ਇਸ ਸਬੰਧੀ ਗੱਲਬਾਤ ਕਰਦਿਆਂ ਚੌਕੀਦਾਰ ਪਾਲਾ ਸਿੰਘ ਥੰਮਣ ਸਿੰਘ ਵਾਲਾ ਨੇ ਦੱਸਿਆ ਕਿ ਦੇਸ਼ ‘ਚ ਚੌਕੀਦਾਰ ਨੂੰ ਲੈ ਕੇ ਪਾਏ ਜਾ ਰਹੇ ਰੌਲੇ ਕਾਰਨ ਉਹ ਦੁਖ਼ੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਚੌਕੀਦਾਰ ਸਿਰਫ਼ 1250 ਰੁਪਏ ਮਹੀਨੇ ‘ਤੇ ਕੰਮ ਕਰਨ ਲਈ ਮਜ਼ਬੂਰ ਹਨ ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ ਰੋਟੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਉਸ ਦੇ ਪੰਜ ਲੜਕੀਆਂ ਹਨ ਜਿਨ੍ਹਾਂ ਦੀ ਪੜ੍ਹਾਈ ਤੇ ਦਾਜ ਦੇ ਖਰਚੇ ਨੂੰ ਸੋਚ-ਸੋਚ ਕੇ ਉਸ ਦੀ ਨੀਂਦ ਉੱਡੀ ਰਹਿੰਦੀ ਹੈ। ਜ਼ਿਆਦਾਤਰ ਚੌਕੀਦਾਰਾਂ ਦੇ ਬੱਚੇ ਅਨਪੜ੍ਹ ਹਨ ਅਤੇ ਦਿਹਾੜੀਆਂ ਕਰਨ ਲਈ ਮਜ਼ਬੂਰ ਹਨ ਉਨ੍ਹਾਂ ਕਿਹਾ ਕਿ ਅਸੀਂ ਦਿਹਾੜੀ ਵਗੈਰਾ ਵੀ ਕਰਦੇ ਹਾਂ ਤਾਂ ਵਿਚੋਂ ਹੀ ਫੋਨ ਆਉਣ ਕਾਰਨ ਉਨ੍ਹਾਂ ਨੂੰ ਦਿਹਾੜੀ ਵਿੱਚੇ ਛੱਡ ਕੇ ਕੰਮ ਲਈ ਜਾਣਾ ਪੈਂਦਾ ਹੈ। ਚੌਕੀਦਾਰ ਸੁਰਜੀਤ ਸਿੰਘ ਰਾਜਪੁਰਾ ਨੇ ਦੱਸਿਆ ਕਿ ਉਸ ਦੇ ਦੋਵੇਂ ਪੁੱਤਰ ਦਿਹਾੜੀਆਂ ਕਰਨ ਲਈ ਮਜ਼ਬੂਰ ਹਨ ਅਤੇ ਉਹ ਸਿਰਫ਼ 1250 ਰੁਪਏ ਪ੍ਰਤੀ ਮਹੀਨਾ ਦੀ ਕਮਾਈ ਨਾਲ ਹੀ ਆਪਣਾ ਘਰ ਦਾ ਖਰਚਾ ਚਲਾ ਰਿਹਾ ਹੈ।

ਪੰਜਾਬ ਚੌਕੀਦਾਰਾ ਯੂਨੀਅਨ ਦੇ ਸੂਬਾ ਪ੍ਰਧਾਨ ਸਤਗੁਰ ਸਿੰਘ ਮਾਝੀ ਨੇ ਦੱਸਿਆ ਪੰਜਾਬ ਦੇ ਚੌਂਕੀਦਾਰ ਬਹੁਤ ਹੀ ਮਾੜੀ ਹਾਲਤ ‘ਚੋਂ ਲੰਘ ਰਹੇ ਹਨ। ਉਹ ਪਿਛਲੇ ਸਮੇਂ ਤੋਂ ਆਪਣੀ ਨਿਗੂਣੀ ਤਨਖਾਹ ਨੂੰ ਵਧਾਉਣ ਸਬੰਧੀ ਸੰਘਰਸ਼ ਕਰ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ ਗੁਆਂਢੀ ਸੂਬੇ ਵਿੱਚ ਚੌਂਕੀਦਾਰ ਨੂੰ 7500 ਰੁਪਏ ਮਹੀਨਾ ਤਨਖਾਹ ਮਿਲ ਰਹੀ ਹੈ। ਚੌਕੀਦਾਰਾਂ ਨੂੰ ਚੋਣਾਂ ਦੌਰਾਨ ਵੀ ਕੋਈ ਮਾਣ ਭੱਤਾ ਨਹੀਂ ਦਿੱਤਾ ਜਾਂਦਾ ਜਦੋਂ ਕਿ ਕੰਮ ਦੁੱਗਣਾ ਲਿਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਉਸਦੇ 3 ਬੱਚੇ ਹਨ, ਜਿਨ੍ਹਾਂ ਵਿੱਚੋਂ 2 ਦਿਹਾੜੀ ਕਰਕੇ ਆਪਣਾ ਗੁਜ਼ਰ ਬਸਰ ਕਰ ਰਹੇ ਹਨ ਉਹ ਨਹੀਂ ਚਾਹੁੰਦਾ ਕਿ ਉਸਦਾ ਲੜਕਾ ਵੀ ਚੌਂਕੀਦਾਰ ਅਖਵਾਏ।

ਚੌਕੀਦਾਰਾਂ ਦੇ ਮਸਲਿਆਂ ਨਾਲ ਲੰਮੇ ਸਮੇਂ ਤੋਂ ਜੁੜੇ ਯੂਨਾਈਟਡ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਕਿਹਾ ਕਿ ਸਰਕਾਰ ਨੂੰ ਚੌਕੀਦਾਰਾਂ ਦੀ ਦਸ਼ਾ ‘ਤੇ ਤਰਸ ਕਮਾਉਣਾ ਚਾਹੀਦਾ ਹੈ ।ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਪੰਜਾਬ ਦੇ ਚੌਕੀਦਾਰ ਆਪਣੇ ਮਸਲਿਆਂ ਦੇ ਹੱਲ ਲਈ ਧਰਨੇ ਪ੍ਰਦਰਸ਼ਨ, ਭੁੱਖ ਹੜਤਾਲਾਂ ਕਰ ਚੁੱਕੇ ਹਨ ਪਰ ਸਰਕਾਰ ਨੂੰ ਇਸ ਦੇ ਬਾਵਜੂਦ ਉਨ੍ਹਾਂ ‘ਤੇ ਕੋਈ ਰਹਿਮ ਨਹੀਂ ਆਇਆ ਉਨ੍ਹਾਂ ਕਿਹਾ ਕਿ ਚੌਕੀਦਾਰਾਂ ਦੇ ਜਿੱਥੇ ਕੰਮ ਬੇਹਿਸਾਬੇ ਹਨ, ਉੱਥੇ ਤਨਖਾਹ ਉਨ੍ਹਾਂ ਦੀ ਮਜ਼ਦੂਰ ਸ਼੍ਰੇਣੀ ਤੋਂ ਵੀ ਥੱਲੇ ਦਿੱਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top