ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ

0
178

96.48 ਫੀਸਦੀ ਰਿਹਾ ਨਤੀਜਾ, ਵਿਦਿਆਰਥੀ ਅੱਜ ਦੇਖ ਸਕਣਗੇ ਆਪਣਾ ਨਤੀਜਾ

ਮੋਹਾਲੀ, (ਕੁਲਵੰਤ ਕੋਟਲੀ) | ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਵੱਲੋਂ ਨਤੀਜੇ ਦਾ ਐਲਾਨ ਕੀਤਾ ਗਿਆ। ਵਿਦਿਆਰਥੀ 31 ਜੁਲਾਈ ਨੂੰ ਬੋਰਡ ਵੀ ਵੈਬਸਾਈਟ ’ਤੇ ਆਪਣਾ ਨਤੀਜਾ ਦੇਖ ਸਕਣਗੇ। ਇਸ ਵਾਰ 12ਵੀਂ ਕਲਾਸ ਵਿੱਚ ਰੈਗੂਲਰ 2,92,663 ਵਿਦਿਆਰਥੀਆਂ ਸਨ, ਜਿਨ੍ਹਾਂ ਵਿੱਚੋਂ 2,82,349 ਵਿਦਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਾ 96.48 ਰਹੀ। ਇਨ੍ਹਾਂ ਵਿੱਚੋਂ 1,34,672 ਲੜਕੀਆਂ ਹਨ, ਜਿਨ੍ਹਾਂ ਵਿੱਚੋਂ 1,32,091 ਪਾਸ ਹੋਈਆਂ ਤੇ ਪਾਸ ਫੀਸਦੀ 97.34 ਰਹੀ। ਲੜਕਿਆਂ ਵਿੱਚ 1,57,991 ਸਨ ਜਿਨ੍ਹਾਂ ਵਿੱਚੋਂ 1,,51,258 ਪਾਸ ਹੋਏ ਤੇ ਪਾਸ ਫੀਸਦੀ 95.74 ਰਹੀ।

ਇਸ ਵਾਰ ਦੇ ਨਤੀਜੇ ਵਿੱਚ ਸ਼ਹਿਰੀ ਖੇਤਰ ਦੇ ਵਿਦਿਆਰਥੀ ਮੋਹਰੀ ਰਹੇ। ਸ਼ਹਿਰੀ ਖੇਤਰ ਵਿੱਚ 1,22,594 ਵਿਦਿਆਰਥੀਆਂ ਵਿੱਚੋਂ 1,18,461 ਪਾਸ ਹੋਏ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.63 ਫੀਸਦੀ ਰਹੀ, ਜਦੋਂ ਕਿ ਪੇਂਡੂ ਖੇਤਰ ਵਿੱਚ 1,70,069 ਵਿਦਿਆਰਥੀਆਂ ਵਿੱਚੋਂ 1,63,888 ਵਿਦਿਆਰਥੀ ਪਾਸ ਹੋਏ ਤੇ ਪਾਸ ਪ੍ਰਤੀਸ਼ਤਤਾ 96.37 ਰਹੀ। ਐਫੀਲੇਟਿਡ ਅਤੇ ਅਦਰਸ਼ ਸਕੂਲਾਂ ਦੇ 74,643 ਵਿਦਿਆਰਥੀਆਂ ਵਿੱਚੋਂ 69,652 ਵਿਦਿਆਰਥੀ ਪਾਸ ਹੋਏ। ਐਸੋਏਟਿਡ ਸਕੂਲਾਂ ਦੇ 15,784 ਵਿਚੋਂ 14,719 ਵਿਦਿਆਰਥੀ ਪਾਸ ਹੋਏ, ਮੈਟਰੋਰੀਅਸ ਸਕੂਲਾਂ ਦੇ 4244 ਵਿਚੋਂ 4233 ਵਿਦਿਆਰਥੀ, ਸਰਕਾਰੀ ਸਕੂਲਾਂ ਦੇ 1,69,492 ਵਿੱਚੋਂ 1,66,184 ਵਿਦਿਆਰਥੀ ਪਾਸ ਹੋਏ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.05 ਬਣਦੀ ਹੈ। ਏਡਿਡ ਸਕੂਲਾਂ ਦੇ 28500 ਵਿਚੋਂ 27,561 ਵਿਦਿਆਰਥੀ ਪਾਸ ਹੋਏ।

33 ਫੀਸਦੀ ਤੋਂ ਘੱਟ ਅੰਕ ਲੈਣ ਵਾਲੇ ਸਿਰਫ 713 ਵਿਦਿਆਰਥੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਦੇ ਨਤੀਜੇ ਵਿੱਚ 22175 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਲੈ ਕੇ ਏ ਪਲਸ ਸਥਾਨ ਪ੍ਰਾਪਤ ਕੀਤਾ, 88150 ਨੇ 80 ਤੋਂ 90 ਫੀਸਦੀ ਅੰਕ ਲੈ ਕੇ ਏ ਗ੍ਰੇਡ, 119802 ਵਿਦਿਆਰਥੀਆਂ ਨੇ 70 ਤੋਂ 80 ਫੀਸਦੀ ਅੰਕ ਲੈ ਕੇ ਬੀ ਪਲਸ ਗ੍ਰੇਡ, 48843 ਵਿਦਿਆਰਥੀਆਂ ਨੇ 60 ਤੋਂ 70 ਫੀਸਦੀ ਅੰਕ ਲੈ ਕੇ ਬੀ ਗ੍ਰੇਡ, 3289 ਵਿਦਿਆਰਥੀਆਂ ਨੇ 50 ਤੋਂ 60 ਫੀਸਦੀ ਅੰਕ ਪ੍ਰਾਪਤ ਕਰਕੇ ਸੀ ਪਲਸ, ਕੁੱਲ 88 ਵਿਦਿਆਰਥੀਆਂ ਨੇ 40 ਤੋਂ 50 ਫੀਸਦੀ ਅੰਕ ਲੈ ਕੇ ਸੀ ਗ੍ਰੇਡ ਅਤੇ 33 ਫੀਸਦੀ ਤੋਂ ਘੱਟ ਈ ਗ੍ਰੇਡ ਵਿੱਚ ਸਿਰਫ 713 ਵਿਦਿਆਰਥੀ ਹਨ।

PSEB, Punjab Board, Declared, 12th Result, ਪੰਜਾਬ ਸਕੂਲ ਸਿੱਖਿਆ ਬੋਰਡ

ਰੂਪਨਗਰ ਜ਼ਿਲ੍ਹਾ ਪੰਜਾਬ ਭਰ ’ਚੋਂ ਮੋਹਰੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਦੇ ਨਤੀਜੇ ਵਿੱਚ ਜ਼ਿਲ੍ਹਾ ਰੂਪਨਗਰ 99.57 ਪਾਸ ਫ਼ੀਸਦੀ ਲੈ ਕੇ ਪੰਜਾਬ ਭਰ ਦੇ ਜ਼ਿਲ੍ਹਿਆਂ ਵਿੱਚੋਂ ਅੱਵਲ ਰਿਹਾ, ਜਦਕਿ ਪਟਿਆਲਾ 99.08 ਫੀਸਦੀ ਨਾਲ ਦੂਜੇ ਸਥਾਨ ’ਤੇ , ਸ੍ਰੀ ਮੁਕਤਸਰ ਸਾਹਿਬ 99.06 ਫੀਸਦੀ ਨਾਲ ਤੀਜੇ ਸਥਾਨ ’ਤੇ ਰਿਹਾ ਇਸੇ ਤਰ੍ਹਾਂ ਐੱਸ. ਏ. ਐੱਸ. ਨਗਰ 98.60 ਫੀਸਦੀ ਨਾਲ ਚੌਥੇ ਸਥਾਨ ’ਤੇ, ਫਰੀਦਕੋਟ 98.46 ਫੀਸਦੀ ਨਾਲ 5ਵੇਂ ’ਤੇ, ਮਾਨਸਾ 98.44 ਫੀਸਦੀ ਨਾਲ 6ਵੇਂ, ਮੋਗਾ 98.28 ਫੀਸਦੀ ਨਾਲ 7ਵੇਂ, ਪਠਾਨਕੋਟ 98.18 ਫੀਸਦੀ ਨਾਲ 8ਵੇਂ, ਫਤਿਹਗੜ ਸਾਹਿਬ ਤੇੇ ਸੰਗਰੂਰ 98.16 ਫੀਸਦੀ ਨਾਲ 9ਵੇਂ, ਜਲੰਧਰ 98.14 ਫੀਸਦੀ ਨਾਲ 10ਵੇਂ, ਲੁਧਿਆਣਾ 97.33 ਫੀਸਦੀ    ਨਾਲ 11 ਵੇਂ,

ਬਰਨਾਲਾ 97.62 ਫੀਸਦੀ ਨਾਲ 12 ਵੇਂ, ਕਪੂਰਥਲਾ 95.90 ਫੀਸਦੀ ਨਾਲ 13 ਵੇਂ, ਫਿਰੋਜ਼ਪੁਰ 95.62 ਫੀਸਦੀ ਨਾਲ 14 ਵੇਂ, ਬਠਿੰਡਾ 95.54 ਫੀਸਦੀ ਨਾਲ 15 ਵੇਂ, ਐੱਸ.ਬੀ.ਐੱਸ. ਨਗਰ 95.50 ਫੀਸਦੀ ਨਾਲ 16 ਵੇਂ, ਤਰਨਤਾਰਨ 94.94 ਫੀਸਦੀ ਨਾਲ 17 ਵੇਂ, ਸੀ੍ਰ ਅੰਮਿ੍ਰਤਸਰ 94.96 ਫੀਸਦੀ ਨਾਲ 18 ਵੇਂ, ਹੁਸ਼ਿਆਰਪੁਰ 93.94 ਫੀਸਦੀ ਨਾਲ 19 ਵੇਂ, ਗੁਰਦਾਸਪੁਰ 92.76 ਫੀਸਦੀ ਨਾਲ 20 ਵੇਂ ਅਤੇ ਫਾਜਿਲਕਾ 91.06 ਫੀਸਦੀ ਨਾਲ ਆਖਰੀ ਸਥਾਨ ’ਤੇ ਰਿਹਾ।

ਸੋਧ ਲਈ 20 ਦਿਨਾਂ ਅੰਦਰ ਕਰ ਸਕਦੇ ਹੋ ਅਪਲਾਈ

ਕੰਟਰੋਲਰ ਪ੍ਰੀਖਿਆਵਾਂ ਜੇ.ਆਰ. ਮਹਿਰੋਕ ਨੇ ਦੱਸਿਆ ਕਿ ਜੇਕਰ ਨਤੀਜੇ ਵਿੱਚ ਕੋਈ ਤਰੁੱਟੀ ਪਾਈ ਜਾਂਦੀ ਹੈ ਤਾਂ ਸੰਬੰਧਤ ਪ੍ਰੀਖਿਆਰਥੀ ਨਤੀਜਾ ਐਲਾਨੇ ਜਾਣ ਤੋਂ 20 ਦਿਨ ਦੇ ਅੰਦਰ-ਅੰਦਰ ਬਿਨਾਂ ਕਿਸੇ ਲੇਟ ਫ਼ੀਸ ਦੇ ਕੇਵਲ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਸੋਧ ਕਰਵਾ ਸਕਦੇ ਹਨ।

ਆਖ਼ਰੀ ਮਿਤੀ ਤੋਂ ਬਾਅਦ ਸੋਧ ਲਈ ਲੋੜੀਦੇ ਦਸਤਾਵੇਜ਼ਾਂ ਦੇ ਨਾਲ ਸੋਧ ਲਈ ਨਿਰਧਾਰਤ ਫ਼ੀਸ ਵੀ ਜਮ੍ਹਾਂ ਕਰਵਾਉਣੀ ਹੋਵੇਗੀ। ਕੰਟਰੋਲਰ ਪ੍ਰੀਖਿਆਵਾਂ ਨੇ ਦੱਸਿਆ ਕਿ ਸੀਨੀਅਰ ਸੈਕੰਡਰੀ ਪ੍ਰੀਖਿਆ ਮਾਰਚ 2021 ਦੇ ਐਲਾਨੇ ਆਪਣੇ ਨਤੀਜੇ ਤੋਂ ਜੇਕਰ ਕੋਈ ਪ੍ਰੀਖਿਆਰਥੀ ਅਸੰਤੁਸ਼ਟ ਹੈ ਤਾਂ ਉਹ ਸਾਰੇ ਵਿਸ਼ਿਆਂ ਦੀ ਲਿਖਤੀ ਅਤੇ ਪ੍ਰਯੋਗੀ ਮੁੜ ਪ੍ਰੀਖਿਆ ਦੇਣ ਲਈ ਸਵੈ-ਘੋਸ਼ਣਾ ਪੱਤਰ ਦੀ ਕਾਪੀ ਜੋ ਕਿ ਸੰਬੰਧਤ ਜਾਂ ਉਸ ਦੇ ਮਾਪਿਆਂ ਵੱਲੋਂ ਪ੍ਰੀਖਿਆ ਦੇ ਵੇਰਵੇ ਦਰਜ ਕਰਕੇ ਨਤੀਜਾ ਐਲਾਨੇ ਜਾਣ ਤੋਂ 15 ਦਿਨਾਂ ਦੇ ਅੰਦਰ-ਅੰਦਰ ਆਪਣੇ ਸਕੂਲ ਦੀ ਲਾਗ ਇੰਨ ਆਈ.ਡੀ. ਰਾਹੀਂ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਭੇਜਣ।

ਇਨ੍ਹਾਂ ਅਸੰਤੁਸ਼ਟ ਪ੍ਰੀਖਿਆਰਥੀਆਂ ਤੋਂ ਇਲਾਵਾ ਆਪਣੀ ਕਾਰਗੁਜ਼ਾਰੀ ਸੁਧਾਰਨ, ਵਾਧੂ ਵਿਸ਼ੇ ਜਾਂ ਓਪਨ ਸਕੂਲ ਪ੍ਰਣਾਲੀ ਅਧੀਨ ਤਿੰਨ ਜਾਂ ਤਿੰਨ ਤੋਂ ਵੱਧ ਵਿਸ਼ਿਆਂ ਦੀ ਰੀ-ਅਪੀਅਰ ਲਈ ਫ਼ਾਰਮ ਭਰਨ ਵਾਲੇ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਹਾਲਾਤ ਸੁਖਾਵੇਂ ਹੋਣ ’ਤੇ ਪਹਿਲਾਂ ਪ੍ਰਾਪਤ ਹੋਈ ਫ਼ੀਸ ਦੇ ਅਧਾਰ ’ਤੇ ਆਉਣ ਵਾਲੇ ਸਮੇਂ ਦੌਰਾਨ ਕਰਵਾਈ ਜਾਵੇਗੀ। ਕੰਟਰੋਲਰ ਪ੍ਰੀਖਿਆਵਾਂ ਅਨੁਸਾਰ ਸੀਨੀਅਰ ਸੈਕੰਡਰੀ ਸ਼੍ਰੇਣੀ ਦੇ ਐਲਾਨੇ ਇਨ੍ਹਾਂ ਨਤੀਜਿਆਂ ਨਾਲ ਸਬੰਧਤ ਸਰਟੀਫ਼ਿਕੇਟ ਡਿਜੀਲਾਕਰ ਤੇ ਅਪਲੋਡ ਕੀਤੇ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ