ਫੀਚਰ

ਮਿਹਣਿਆਂ ਤੱਕ ਸਿਮਟੀ ਪੰਜਾਬ ਦੀ ਸਿਆਸਤ

Punjab politics, Article

ਲੋਕ ਆਪਣੀ ਵੋਟ ਸ਼ਕਤੀ ਦੀ ਵਰਤੋਂ ਕਰਕੇ ਸਿਆਸਤਦਾਨਾਂ ਨੂੰ ਚੁਣਦੇ ਹਨ ਤਾਂ ਕਿ ਉਨ੍ਹਾਂ ਦੀ ਗੱਲ ਚੁਣੀ ਹੋਈ ਸਰਕਾਰ ਤੱਕ ਪਹੁੰਚੇ ਤੇ ਜੋ ਆਮ ਲੋਕਾਂ ਨੂੰ ਸਮੱਸਿਆਵਾਂ ਦਾ ਹੱਲ ਹੋਵੇ ਤੇ ਜਿਨ੍ਹਾਂ ਸਹੂਲਤਾਂ ਤੋਂ ਉਹ ਵਾਂਝੇ ਹੁੰਦੇ ਹਨ, ਉਹ ਨਿਰਵਿਘਨ ਮਿਲਣ। ਪਰ ਅਜਿਹਾ ਕੁੱਝ ਦੇਖਣ ‘ਚ ਬਹੁਤ ਘੱਟ ਮਿਲਦਾ ਹੈ। ਲੋਕਾਂ ਦੇ ਚੁਣੇ ਹੋਏ ਆਗੂ ਲੋਕਾਂ ਦੇ ਮੁੱਦੇ ਭੁਲਾ ਕੇ ਸਿਰਫ਼ ਰਾਜਨੀਤੀ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ ਤੇ ਵਿਰੋਧੀਆਂ ਦੇ ਖਿਲਾਫ਼ ਮਿਹਣੋ-ਮਿਹਣੀ ਹੁੰਦੇ ਰਹਿੰਦੇ ਹਨ। ਜੋ ਹੁਣ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਹੈ।

ਮਿਹਣੇ ਮਾਰਨ ਦਾ ਦੌਰ ਪੂਰੀ ਤਰ੍ਹਾਂ ਭਖ਼ਿਆ

ਅੱਜ ਪੰਜਾਬ ਦੀ ਰਾਜਨੀਤੀ ‘ਚ ਇੱਕ-ਦੂਜੇ ਨੂੰ ਮਿਹਣੇ ਮਾਰਨ ਦਾ ਦੌਰ ਪੂਰੀ ਤਰ੍ਹਾਂ ਭਖ਼ਿਆ ਹੋਇਆ ਹੈ। ਪਿਛਲੇ 10 ਸਾਲਾਂ ਤੋਂ  ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਨੂੰ ਸੱਤਾ  ਤੋਂ ਲਾਂਭੇ ਕਰਕੇ ਲੋਕਾਂ ਨੇ ਆਪਣੀ ਮਰਜੀ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਹੈ ਪਰ ਕਾਂਗਰਸੀ ਲੀਡਰਸ਼ਿਪ ਪੰਜਾਬ ਦੀਆਂ ਸਮੱਸਿਆਵਾਂ ਨੂੰ ਸਲਝਾਉਣ ਦੀ ਬਜਾਏ ਪਿਛਲੀ ਸਰਕਾਰ ਦੀਆਂ ਨਾਕਾਮੀਆਂ ਗਿਣਾਉਣ ਤੱਕ ਹੀ ਸੀਮਤ ਹੋ ਰਹੀ ਹੈ। ਜਦੋਂਕਿ ਅਜਿਹਾ ਕਰਨਾ ਸੱਤਾਧਾਰੀ ਪਾਰਟੀ ਨੂੰ ਸੋਭਾ ਨਹੀਂ ਦਿੰਦਾ ਕਿਉਂਕਿ ਜੇ ਲੋਕਾਂ ਨੂੰ ਪਿਛਲੀ ਸਰਕਾਰ ਦਾ ਕਾਰਜਕਾਲ ਠੀਕ ਨਹੀਂ ਲੱਗਿਆ  ਤਾਂ ਹੀ ਕਾਂਗਰਸ ਦੀ ਸਰਕਾਰ ਚੁਣੀ ਹੈ।

ਸਰਕਾਰੀ ਮਹਿਕਮਿਆਂ ਵੱਲ ਧਿਆਨ ਕਰਕੇ ਦੇਖੋ ਬੱਸ ਵਜ਼ੀਰਾਂ ਦੇ ਇਹੀ ਬਿਆਨ ਸੁਣਨ ਨੂੰ ਮਿਲ ਰਹੇ ਹਨ ਕਿ ਪਿਛਲੀ ਸਰਕਾਰ ਨੇ ਆਹ ਘਪਲਾ ਕਰਤਾ, ਔਹ ਘਪਲਾ ਕਰਤਾ। ਜਦੋਂਕਿ ਇਹ ਸਭ ਕੁੱਝ ਤਾਂ ਜਿਨ੍ਹਾਂ ਨੇ ਹੁਣ ਕੁਰਸੀਆਂ ਸੰਭਾਲੀਆਂ ਹਨ ਉਨ੍ਹਾਂ ਨੇ ਖੁਦ ਦੇਖਣਾ ਹੈ ਕਿ ਸਭ ਕੁੱਝ ਕਿਵੇਂ ਠੀਕ ਕਰਨਾ ਹੈ? ਜੇ ਆਮ ਲੋਕਾਂ ਨੇ ਠੀਕ ਕਰਨਾ ਹੁੰਦਾ ਤਾਂ ਫਿਰ ਉਨ੍ਹਾਂ ਨੂੰ ਕਿਉਂ ਜਿਤਾਉਂਦੇ?

ਵਿਰੋਧੀ ਧਿਰ ਦੇ ਵਿਧਾਇਕਾਂ ਨਾਲ ਜੋ ਕੁੱਝ ਵਾਪਰਿਆ ਉਹ ਮੰਦਭਾਗਾ ਤੇ ਨਿੰਦਣਯੋਗ

ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ‘ਚ ਜੋ ਕੁੱਝ ਹੋਇਆ, ਉਹ ਕਿਸੇ ਤੋਂ ਲੁਕਿਆ ਨਹੀਂ ਹੈ।ਵਿਰੋਧੀ ਧਿਰ ਵਜੋਂ ਪਹਿਲੀ ਵਾਰ ਵਿਧਾਨ ਸਭਾ ‘ਚ ਪੁੱਜੀ ਆਪ ਦੇ ਵਿਧਾਇਕਾਂ ਨਾਲ ਜੋ ਕੁੱਝ ਵਾਪਰਿਆ ਉਹ ਸਚਮੁੱਚ ਹੀ ਮੰਦਭਾਗਾ ਤੇ ਨਿੰਦਣਯੋਗ ਹੈ, ਕਿਉਂਕਿ ਇੱਥੇ ਕਈ ਵਿਧਾਇਕਾਂ ਦੀਆਂ ਪੱਗਾਂ Àੁੱਤਰ ਗਈਆਂ ਤੇ ਔਰਤ ਵਿਧਾਇਕ ਦੀ ਖਿੱਚ-ਧੂਹ ਵੀ ਹੋਈ। ਇਹ ਘਟਨਾ ਵਾਪਰੀ ਨਹੀਂ ਕਿ ਸਭ ਨੇ ਇਹ ਮੁੱਦਾ ਹੀ ਚੁੱਕ ਲਿਆ।

ਭਾਵੇਂ ਕਿ ਇਹ ਸਭ ਕੁੱਝ ਹੋਇਆ ਜ਼ਰੂਰ ਗ਼ਲਤ ਪਰ ਇਸ ਸਿਆਸੀ ਰੰਗਤ ਦੇਣਾ ਉਸ ਤੋਂ ਵੀ ਗਲਤ ਹੈ, ਕਿਉਂਕਿ ਜਿਸ ਮੁੱਦੇ ‘ਤੇ ਸਿਆਸੀ ਰੋਟੀਆਂ ਸੇਕੀਆਂ ਜਾਣ ਉਸਦਾ ਨਾ ਕੋਈ ਹੱਲ ਨਹੀਂ ਨਿੱਕਲਦਾ ਹੈ ਤੇ ਨਾ ਹੀ ਕਿਸੇ ਨੂੰ ਸਹੀ ਇਨਸਾਫ਼ ਮਿਲਦਾ ਹੈ, ਸਭ ਸਿਆਸਤ ਦੀ ਭੇਂਟ ਚੜ੍ਹ ਕੇ ਹੀ ਰਹਿ ਜਾਂਦਾ ਹੈ। ਇਸਦਾ ਸਬੂਤ ਭਾਵੇਂ ’84ਵਾਲਾ ਮਾਮਲਾ ਹੋਵੇ ਭਾਵੇਂ ਬਾਹਰਲੇ ਸੂਬਿਆਂ ਨੂੰ ਪਾਣੀ ਦੇਣ ਦਾ ਮੁੱਦਾ ਇਹ ਅਜਿਹੇ, ਮੁੱਦੇ ਹਨ, ਜਿਨ੍ਹਾਂ ਦੀ ਸਿਆਸੀ ਧਿਰਾਂ ਨੂੰ ਸਿਰਫ਼ ਵੋਟਾਂ ਵੇਲੇ ਹੀ ਯਾਦ ਆਉਂਦੀ ਹੈ ਮਗਰੋਂ ਇਹ ਸਭ ਭੁੱਲਾ ਦਿੱਤੇ ਜਾਂਦੇ ਹਨ। ਹੁਣ ਜੋ ਵਿਧਾਨ ਸਭਾ ‘ਚ ਪੱਗਾਂ ਲੱਥਣ ਦੀ ਘਟਨਾ ‘ਤੇ ਰੱਜ ਕੇ ਸਿਆਸਤ ਹੋਈ। ਸਰਕਾਰ ‘ਤੇ ਵਿਰੋਧੀਆਂ ਨੇ ਭਰਪੂਰ ਹਮਲੇ ਕੀਤੇ ਪਰ ਨਤੀਜਾ ਕੀ ਨਿੱਕਲਿਆ?  ਕੁੱਝ ਵੀ ਨਹੀਂ।

ਹੁਣ ਖ਼ਜਾਨਾ ਖਾਲੀ ਹੋਣ ਦਾ ਕਾਂਗਰਸੀਆਂ ਵੱਲੋਂ ਰੌਲਾ ਪਾਇਆ ਜਾ ਰਿਹਾ ਹੈ,

ਕਾਂਗਰਸ ਸਰਕਾਰ ਦੇ ਵਜੀਰਾਂ ਦੇ ਮੂੰਹੋਂ ਇੱਕ ਗੱਲ ਸਭ ਤੋਂ ਵੱਧ ਸੁਣਨ ਦੀ ਗੱਲ ਮਿਲਦੀ ਹੈ ਤਾਂ ਉਹ ਹੈ ਪੰਜਾਬ ਦਾ ਖ਼ਜਾਨਾ ਖਾਲੀ ਹੋਣ ਦੀ ਗੱਲ। ਜੋ ਹੁਣ ਖ਼ਜਾਨਾ ਖਾਲੀ ਹੋਣ ਦਾ ਕਾਂਗਰਸੀਆਂ ਵੱਲੋਂ ਰੌਲਾ ਪਾਇਆ ਜਾ ਰਿਹਾ ਹੈ, ਇਸ ਬਾਰੇ ਤਾਂ ਕਾਂਗਰਸੀ ਲੀਡਰਸ਼ਿਪ ਨੂੰ ਚੋਣ ਲੜਨ ਤੋਂ ਪਹਿਲਾਂ ਵੀ ਪਤਾ ਹੀ ਹੋਣਾ ਹੈ ਕਿ ਪੰਜਾਬ ਦੇ ਖ਼ਜਾਨੇ ਦੀ ਹਾਲਤ ਕੀ ਹੈ? ਫਿਰ ਇਸ ਬਾਰੇ ਹੁਣ ਰੌਲਾ ਕਿਉਂ ਪਾਇਆ ਜਾ ਰਿਹਾ ਹੈ।

ਇਸ ਬਾਰੇ ਸਾਬਕਾ ਮੁੱਖ ਮੰਤਰੀ ਦਾ ਬਿਆਨ ਆਇਆ ਹੈ ਕਿ ”ਜਦੋਂ ਕਾਂਗਰਸ ਨੂੰ ਪਤਾ ਸੀ ਕਿ ਖ਼ਜਾਨਾ ਖਾਲੀ ਹੈ ਤਾਂ ਉਨ੍ਹਾਂ ਚੋਣ ਲੜਨ ਦਾ ਪੰਗਾ ਹੀ ਕਿਉਂ ਲਿਆ।” ਸੋਚਣ ਵਾਲੀ ਗੱਲ  ਹੈ ਕਿ ਖ਼ਜਾਨਾ ਆਮ ਲੋਕਾਂ ਨੇ ਤਾਂ ਭਰਨਾ ਨਹੀਂ। ਇਸ ਬਾਰੇ ਰੌਲਾ ਪਾਉਣ ਦਾ ਕੀ ਫ਼ਾਇਦਾ? ਖ਼ਜਾਨੇ ਦੀ ਹਾਲਤ ਕਿਵੇਂ ਠੀਕ ਕਰਨੀ ਹੈ, ਇਹ ਤਾਂ ਸੋਚਣਾ ਸਰਕਾਰਾਂ ਦੇ ਹੀ ਫ਼ਰਜ ਹਨ।  ਲੋਕਾਂ ਨੇ ਆਪਣਾ ਕੰਮ ਇੱਕ ਵਾਰ ਵੋਟ ਪਾ ਕੇ ਕਰ ਦਿੱਤਾ ਹੈ। ਬਾਕੀ ਇਹ ਜ਼ਰੂਰ ਹੋ ਸਕਦਾ ਹੈ ਕਿ ਖ਼ਜਾਨਾ ਖਾਲੀ ਹੋਣ ਦਾ ਬਹਾਨਾ ਲਾ ਕੇ ਸਰਕਾਰ ਲੋਕ ਮੁੱਦਿਆਂ/ ਸਮੱਸਿਆਵਾਂ ਤੋਂ ਪਾਸਾ ਵੱਟ ਰਹੀ ਹੋਵੇ। ਪਰ ਇਸ ਵਾਰ ਲੋਕਾਂ ਨਾਲ ਕੀਤੇ ਵਾਅਦਿਆਂ ‘ਤੇ ਹੁਣ ਹਰ ਕਿਸੇ ਦੀ ਨਜ਼ਰ ਹੈ।

ਕਾਂਗਰਸ ਨੇ ਵੱਡੇ-ਵੱਡੇ ਵਾਅਦੇ ਲੋਕਾਂ ਨਾਲ ਕੀਤੇ ਸਨ

ਵਿਚਾਰਨਯੋਗ ਹੈ ਕਿ ਜਦੋਂ ਚੋਣਾਂ ਮੌਕੇ ਕਾਂਗਰਸ ਨੇ ਵੱਡੇ-ਵੱਡੇ ਵਾਅਦੇ ਲੋਕਾਂ ਨਾਲ ਕੀਤੇ ਸਨ ਉਦੋਂ ਸ਼ਾਇਦ ਖ਼ਜਾਨੇ ਦੀ ਹਾਲਤ ਦਾ ਧਿਆਨ ਕਾਂਗਰਸ ਵਾਲੇ ਚੇਤੇ ਰੱਖਣਾ ਭੁੱਲ ਗਏ। ਉਦੋਂ ਤਾਂ ਕਰਜੇ ਮਾਫ਼ੀ, ਹਰ ਘਰ ‘ਚ ਨੌਕਰੀ ਦੇਣ, ਸਮਾਰਟ ਫ਼ੋਨ ਦੇ ਆਦਿ ਜਿਹੇ ਵੱਡੇ-ਵੱਡੇ ਵਾਅਦੇ ਕਰਨ ‘ਚ  ਕੋਈ ਕਸਰ ਬਾਕੀ ਨਹੀਂ ਛੱਡੀ ਗਈ।

ਕਾਂਗਰਸ ਵੱਲੋਂ ਜੋ ਕਿਸਾਨਾਂ ਦਾ ਕਰਜਾ ਮਾਫ਼ ਕਰਨ ਦਾ ਐਲਾਨ ਕੀਤਾ ਗਿਆ ਹੈ, ਇਹ ਵੀ ਗੋਂਗਲੂਆਂ ਨਾਲੋਂ ਮਿੱਟੀ ਝਾੜਨ ਵਾਂਗ ਹੀ । ਘੱਟ ਜ਼ਮੀਨਾਂ ਵਾਲਿਆਂ ਦਾ 2 ਲੱਖ ਤੱਕ ਦਾ ਜੋ ਫ਼ਸਲੀ ਕਰਜ਼ਾ ਮਾਫ਼ ਕਰਨ ਦਾ ਐਲਾਨ ਕੀਤਾ ਹੈ ਇਸ ਬਾਰੇ ਸਾਰੇ ਘੱਟ ਜਮੀਨਾਂ ਵਾਲੇ ਕਿਸਾਨ ਦੁਚਿੱਤੀ ‘ਚ ਹਨ, ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਕਰਜ਼ਾ ਲਿਮਟਾਂ ਵਾਲਾ ਮਾਫ਼ ਹੋਇਆ ਹੈ ਜਾਂ ਫਿਰ ਜੋ ਕੋ ਆਪ੍ਰੇਟਿਵ ਬੈਂਕਾਂ ਵੱਲੋਂ ਏਕੜ ਦੇ ਹਿਸਾਬ ਨਾਲ ਫ਼ਸਲ ਪਾਲਣ ਲਈ ਦਿੱਤਾ ਜਾਂਦਾ ਕੁੱਝ ਰੁਪੱਇਆਂ ਦਾ ਕਰਜ਼ਾ।

ਲੋਕ ਮੁੱਦੇ ਉਭਾਰਨ ਨੂੰ ਪਹਿਲ ਦੇਣ ਸਿਆਸੀ ਧਿਰਾਂ

ਅਸਲ ਵਿੱਚ ਹੁਣ ਲੋੜ ਸਿਆਸੀ ਧਿਰਾਂ ਨੂੰ ਇਸ ਗੱਲ ਦੀ ਹੈ ਕਿ ਉਹ ਆਪਣੀ ਮਿਹਣੋ-ਮਿਹਣੀ ਦੀ ਰਾਜਨੀਤੀ ਨੂੰ ਤਿਆਗ ਕੇ ਲੋਕ ਮੁੱਦੇ ਉਭਾਰਨ ਨੂੰ ਪਹਿਲ ਦੇਣ, ਤਾਂ ਜੋ ਜਿਨ੍ਹਾਂ ਸਮੱਸਿਆਵਾਂ ਨੇ ਪੰਜਾਬ ਨੂੰ ਜਕੜਿਆ ਹੋਇਆ ਹੈ ਉਨ੍ਹਾਂ ਤੋਂ ਨਿਜਾਤ ਮਿਲ ਸਕੇ। ਨਸ਼ੇ, ਬੇਰੁਜ਼ਗਾਰੀ ਵਰਗੀਆਂ ਭਿਆਨਕ ਬਿਮਾਰੀਆਂ ਆਦਿ ਖ਼ਤਮ ਕਰਨ ਲਈ ਠੋਸ ਉਪਰਾਲਾ ਕਰਨ ਦੀ ਸਖ਼ਤ ਜ਼ਰੂਰਤ ਹੈ। ਡਾਵਾਂਡੋਲ ਹੋਈ ਸਿੱਖਿਆ ਤੇ ਸਿਹਤ ਪ੍ਰਣਾਲੀ ਸੁਧਾਰਨ ਦੀ ਅਹਿਮ ਲੋੜ ਹੈ। ਜਿਸ ਸਬੰਧੀ ਜਲਦੀ ਉਪਰਾਲੇ ਕੀਤੇ ਜਾਣ ਤਾਂ ਕਿ ਖੰਭ ਲਾ ਕੇ ਉੱਡ ਚੁੱਕੀ ਪੰਜਾਬ ਦੀ ਖੁਸ਼ਹਾਲੀ ਨੂੰ ਵਾਪਸ ਲਿਆਂਦਾ ਜਾ ਸਕੇ।

ਸੁਖਰਾਜ ਚਹਿਲ ਧਨੌਲਾ
ਧਨੌਲਾ (ਬਰਨਾਲਾ)
ਮੋ: 97810-48055

ਪ੍ਰਸਿੱਧ ਖਬਰਾਂ

To Top