‘ਆਟਾ-ਦਾਲ’ ਸਕੀਮ ਨੂੰ ਖ਼ੁਦ ਛੱਡਣ ਪੰਜਾਬੀ, ਸਰਕਾਰ ਕਰੇਗੀ 1 ਕਰੋੜ 53 ਲੱਖ ‘ਲਾਭਪਾਤਰੀਆਂ ਨੂੰ ਅਪੀਲ’

ਭਾਵੁਕ ਤਰੀਕੇ ਨਾਲ ਬਣਾਈ ਜਾਏਗੀ ਅਪੀਲ ਅਤੇ ਪੰਜਾਬੀ ਖ਼ੁਦ-ਬ-ਖ਼ੁਦ ਛੱਡ ਦੇਣ ਆਟਾ-ਦਾਲ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਆਟਾ-ਦਾਲ ਸਕੀਮ ਦਾ ਫਾਇਦਾ ਲੈ ਰਹੇ 1 ਕਰੋੜ 53 ਲੱਖ ਲਾਭਪਾਤਰੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਜਲਦ ਹੀ ਵੱਡੀ ਅਪੀਲ ਕਰੇਗੀ ਇਸ ਅਪੀਲ ਵਿੱਚ ਇਨ੍ਹਾਂ ਲਾਭਪਾਤਰੀਆਂ ਨੂੰ ਆਟਾ-ਦਾਲ ਖ਼ੁਦ-ਬ-ਖ਼ੁਦ ਹੀ ਛੱਡਣ ਲਈ ਕਿਹਾ ਜਾਵੇਗਾ ਤਾਂ ਕਿ ਇਸ ਮੁਫ਼ਤ ਦੀ ਸਕੀਮ ’ਤੇ ਖ਼ਰਚ ਹੋ ਰਹੇ ਹਰ ਸਾਲ 2 ਹਜ਼ਾਰ ਕਰੋੜ ਰੁਪਏ ਵਿੱਚੋਂ ਕਈ ਸੌ ਕਰੋੜ ਰੁਪਏ ਨੂੰ ਬਚਾਇਆ ਜਾ ਸਕੇ। ਕੇਂਦਰ ਸਰਕਾਰ ਦੀ ਗੈਸ ਸਬਸਿਡੀ ਛੱਡਣ ਵਾਲੀ ਸਕੀਮ ਕਾਫ਼ੀ ਜ਼ਿਆਦਾ ਕਾਮਯਾਬ ਹੋਈ ਸੀ ਅਤੇ ਹੁਣ ਉਸੇ ਤਰਜ਼ ’ਤੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਮੀਦ ਹੈ ਕਿ ਆਟਾ ਦਾਲ ਸਕੀਮ ਵਿੱਚ ਵੀ ਵੱਡੇ ਪੱਧਰ ’ਤੇ ਪੰਜਾਬੀ ਖ਼ੁਦ ਇਸ ਸਕੀਮ ਨੂੰ ਛੱਡ ਦੇਣਗੇ।

ਇਸੇ ਕਰਕੇ ਇਸ ਅਪੀਲ ਲਈ ਖਰੜਾ ਤਿਆਰ ਕੀਤਾ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਫੂਡ ਅਤੇ ਸਿਵਲ ਸਪਲਾਈ ਵਿਭਾਗ ਦੇ ਸਮਾਰਟ ਕਾਰਡ ਧਾਰਕਾਂ ਨੂੰ ਪੰਜਾਬ ਸਰਕਾਰ ਵਲੋਂ ਹਰ ਮਹੀਨੇ 5 ਕਿਲੋ ਕਣਕ ਦੀ ਸਪਲਾਈ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਿੱਤੀ ਜਾ ਰਹੀ ਸੀ ਪਰ ਹੁਣ ਇਨ੍ਹਾਂ ਸਮਾਰਟ ਕਾਰਡ ਹੋਲਡਰਾਂ ਨੂੰ ਸਰਕਾਰ ਵੱਲੋਂ ਕਣਕ ਦੀ ਥਾਂ ’ਤੇ ਆਟਾ ਸਪਲਾਈ ਦੇਣ ਦਾ ਮਨ ਬਣਾਇਆ ਗਿਆ ਹੈ ਅਤੇ 2 ਅਕਤੂਬਰ ਤੋਂ ਇਸ ਦੀ ਸਪਲਾਈ ਵੀ ਸ਼ੁਰੂ ਕਰ ਦਿੱਤੀ ਜਾਵੇਗੀ।

ਪੰਜਾਬ ਵਿੱਚ ਇਸ ਸਮੇਂ 1 ਕਰੋੜ 53 ਲੱਖ ਦੇ ਲਗਭਗ ਲਾਭਪਾਤਰੀ ਹਨ ਅਤੇ ਪਿਛਲੇ 12 ਸਾਲਾਂ ਤੋਂ ਇਸ ਸਕੀਮ ਦਾ ਫਾਇਦਾ ਇਨ੍ਹਾਂ ਵੱਲੋਂ ਲਿਆ ਜਾ ਰਿਹਾ ਹੈ। ਪਿਛਲੀਆਂ ਸਰਕਾਰਾਂ ਸਮੇਂ ਇਨ੍ਹਾਂ ਲਾਭਪਾਤਰੀਆਂ ਨੂੰ ਕਣਕ ਦੇ ਨਾਲ ਦਾਲ ਦੀ ਸਪਲਾਈ ਵੀ ਕੀਤੀ ਜਾਂਦੀ ਰਹੀ ਹੈ ਪਰ ਕੁਝ ਸਾਲਾਂ ਤੋਂ ਸਿਰਫ਼ ਕਣਕ ਦੀ ਹੀ ਸਪਲਾਈ ਹੋ ਰਹੀ ਸੀ। ਹੁਣ ਮੌਜ਼ੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਣਕ ਦੀ ਥਾਂ ’ਤੇ ਲਾਭਪਾਤਰੀਆ ਨੂੰ ਆਟਾ ਦੇਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਕਣਕ ਦੀ ਪਿਸਾਈ ਤੋਂ ਲੈ ਕੇ ਘਰ ਤੱਕ ਪਹੁੰਚਾਉਣ ਦਾ ਸਾਰਾ ਖ਼ਰਚ ਖ਼ੁਦ ਪੰਜਾਬ ਸਰਕਾਰ ਹੀ ਕਰੇਗੀ।

ਪੰਜਾਬ ਸਰਕਾਰ ਵੱਲੋਂ ਇਸ ਸਕੀਮ ’ਤੇ ਹਰ ਸਾਲ 2 ਹਜ਼ਾਰ ਕਰੋੜ ਰੁਪਏ ਦਾ ਖ਼ਰਚ ਕੀਤਾ ਜਾਵੇਗਾ ਅਤੇ ਪਿਛਲੇ ਸਾਲਾ ਨਾਲੋਂ ਇਸ ਸਰਕਾਰ ਵਿੱਚ 700 ਕਰੋੜ ਰੁਪਏ ਦੇ ਕਰੀਬ ਜ਼ਿਆਦਾ ਬੋਝ ਪੈਣ ਜਾ ਰਿਹਾ ਹੈ, ਜਿਸ ਕਾਰਨ ਹੀ ਪੰਜਾਬ ਸਰਕਾਰ ਇਸ ਬੋਝ ਨੂੰ ਘੱਟ ਕਰਨ ਲਈ ਵੀ ਵਿਚਾਰ ਕਰ ਰਹੀ ਹੈ।

ਇਸ ਬੋਝ ਨੂੰ ਘਟਾਉਣ ਲਈ ਹੁਣ ਸਰਕਾਰ ਨੇ ਸਬਸਿਡੀ ਵਾਂਗ ਆਟਾ ਦਾਲ ਸਕੀਮ ਨੂੰ ਹੀ ਛੱਡਣ ਦੀ ਅਪੀਲ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਪਰਿਵਾਰਾਂ ਨੂੰ ਇਸ ਅਪੀਲ ਦੇ ਤਹਿਤ ਟਾਰਗੈਟ ਕੀਤਾ ਜਾਵੇਗਾ, ਜਿਨਾਂ ਦੀ ਜਾਇਦਾਦ ਅਤੇ ਕਮਾਈ ਚੰਗੀ ਹੈ ਅਤੇ ਉਨ੍ਹਾਂ ਨੂੰ ਸਰਕਾਰ ਦੀ ਇਸ ਸਕੀਮ ਦਾ ਫਾਇਦਾ ਲੈਣ ਦੀ ਜ਼ਿਆਦਾ ਜ਼ਰੂਰਤ ਵੀ ਨਹੀਂ ਹੈ।

ਅਪੀਲ ਦੀ ਤਿਆਰੀ ਕੀਤੀ ਜਾ ਰਹੀ ਐ, ਖ਼ੁਦ ਅੱਗੇ ਆਉਣ ਪੰਜਾਬੀ : ਲਾਲ ਚੰਦ ਕਟਾਰੂਚੱਕ

ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 1 ਕਰੋੜ 53 ਲੱਖ ਲਾਭਪਾਤਰੀਆਂ ਨੂੰ ਆਟਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਇਨ੍ਹਾਂ ਵਿੱਚੋਂ ਲੱਖਾਂ ਲਾਭਪਾਤਰੀ ਇਹੋ ਜਿਹੇ ਹਨ, ਜਿਹੜੇ ਇਸ ਸਕੀਮ ਨੂੰ ਛੱਡ ਵੀ ਸਕਦੇ ਹਨ।ਉਨ੍ਹਾਂ ਕਿਹਾ ਸਰਕਾਰ ਨੂੰ ਉਮੀਦ ਹੈ ਕਿ ਜਿਸ ਤਰੀਕੇ ਨਾਲ ਲੋਕਾਂ ਨੇ ਗੈਸ ਦੀ ਸਬਸਿਡੀ ਛੱਡੀ ਹੈ ਤਾਂ ਉਸੇ ਤਰੀਕੇ ਨਾਲ ਆਟਾ ਦਾਲ ਸਕੀਮ ਨੂੰ ਵੀ ਛੱਡਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ