ਨਸ਼ਿਆਂ ਖ਼ਿਲਾਫ਼ ਹਫ਼ਤਾ ਭਰ ਪੰਜਾਬੀ ਕਰਨਗੇ ਪ੍ਰਦਰਸ਼ਨ

Punjabi, Protesters, Protesting, Against, Drug, Addiction, Every, Week

ਕਾਲੇ ਕੱਪੜੇ ਪਾ ਕੇ ਨਸ਼ੇ ਖ਼ਿਲਾਫ਼ ਚੱਲੇਗੀ ਪੰਜਾਬ ਭਰ ‘ਚ ਮੁਹਿੰਮ, ਹੋਣਗੇ ਪ੍ਰਦਰਸ਼ਨ

ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਚਿੱਟੇ ਖ਼ਿਲਾਫ਼ ‘ਕਾਲਾ ਹਫ਼ਤਾ’, ਪੰਜਾਬ ‘ਚ ਤੇਜ਼ੀ ਨਾਲ ਪੰਜਾਬੀਆਂ ਨੂੰ ਖਾ ਰਹੇ ਨਸ਼ੇ ਖ਼ਿਲਾਫ਼ ਇਹ ਕੁਝ ਲੋਕਾਂ ਵੱਲੋਂ ਸ਼ੁਰੂ ਕੀਤੀ ਗਈ ਇੱਕ ਛੋਟੀ ਜਿਹੀ ਮੁਹਿੰਮ ਕੁਝ ਹੀ ਘੰਟੇ ਵਿੱਚ ਪੰਜਾਬ ਭਰ ਦੀ ਮੁਹਿੰਮ ਬਣ ਗਈ ਹੈ। ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਹਰ ਕੋਨੇ ਵਿੱਚ ਫੈਲੀ ਇਸ ਕਾਲੇ ਹਫ਼ਤੇ ਦੀ ਮੁਹਿੰਮ ਵਿੱਚ ਹੁਣ ਤੱਕ ਲੱਖਾਂ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕਰਨ ਲਈ ਆਪਣੀ ਹਾਮੀ ਭਰ ਦਿੱਤੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮੁਹਿੰਮ ਨੂੰ ਨਾ ਹੀ ਕੋਈ ਲੀਡ ਕਰ ਰਿਹਾ ਹੈ ਅਤੇ ਨਾ ਹੀ ਕਿਸੇ ਦੀ ਅਗਵਾਈ ਹੇਠ ਹੋ ਰਹੀ ਹੈ ਜਿਸ ਕਾਰਨ ਇਹ ਮੁਹਿੰਮ ਹਰ ਪੰਜਾਬੀ ਦੀ ਆਪਣੀ ਮੁਹਿੰਮ ਬਣਨ ਕਾਰਨ ਇੰਨੇ ਵੱਡੇ ਪੱਧਰ ‘ਤੇ ਤੇਜ਼ੀ ਫੜ ਲਈ ਹੈ।

ਚਿੱਟੇ ਖ਼ਿਲਾਫ਼ ਕਾਲਾ ਹਫ਼ਤਾ 1 ਜੁਲਾਈ ਤੋਂ 7 ਜੁਲਾਈ ਤੱਕ ਪੰਜਾਬ ਭਰ ਵਿੱਚ ਮਨਾਇਆ ਜਾਵੇਗਾ, ਜਿਸ ਵਿੱਚ ਹਰ ਪੰਜਾਬੀ ਇਹਨਾਂ 7 ਦਿਨਾਂ ਵਿੱਚ ਆਪਣਾ ਕੰਮਕਾਜ ਕਰਦੇ ਹੋਏ ਸਿਰਫ਼ ਕਾਲੇ ਕੱਪੜੇ ਪਾ ਕੇ ਆਪਣਾ ਵਿਰੋਧ ਜ਼ਾਹਰ ਕਰਨਗੇ। ਹਫ਼ਤਾ ਭਰ ਕਾਲੇ ਕੱਪੜੇ ਪਾਉਣ ਦੇ ਨਾਲ ਹੀ ਪੰਜਾਬ ਸਰਕਾਰ ਅਤੇ ਪੁਲਿਸ ‘ਤੇ ਜੋਰ ਪਾਇਆ ਜਾਏਗਾ ਕਿ ਉਹ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਪੰਜਾਬ ਵਿੱਚੋਂ ਨਸ਼ੇ ਨੂੰ ਖ਼ਤਮ ਕਰਨ। ਇਸ ਮੁਹਿੰਮ ਨੂੰ ਸੋਸ਼ਲ ਮੀਡੀਆ ਰਾਹੀਂ ਬੀਤੀ 25 ਜੂਨ ਨੂੰ ਸ਼ੁਰੂ ਕੀਤਾ ਗਿਆ, ਜਿਹੜੀ ਕਿ ਅਗਲੇ 24 ਘੰਟੇ ਵਿੱਚ ਹੀ ਪੂਰੇ ਪੰਜਾਬ ਵਿੱਚ ਫੈਲ ਗਈ।

ਕੁਝ ਲੋਕਾਂ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਕੁਝ ਹੀ ਘੰਟਿਆਂ ‘ਚ ਬਣ ਗਈ ਪੰਜਾਬ ਦੀ ਮੁਹਿੰਮ

ਇਸ ਮੁਹਿੰਮ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਖੁਫੀਆ ਤੰਤਰ ਵੀ ਕਾਫ਼ੀ ਜਿਆਦਾ ਪਰੇਸ਼ਾਨੀ ਵਿੱਚ ਆ ਗਿਆ ਹੈ, ਕਿਉਂਕਿ ਇਸ ਮੁਹਿੰਮ ਨੂੰ ਸ਼ੁਰੂ ਕਰਨ ਵਾਲਿਆਂ ਤੱਕ ਪਹੁੰਚ ਕਰਨ ਅਤੇ ਉਨ੍ਹਾਂ ਦਾ ਮਕਸਦ ਜਾਣਨ ਲਈ ਖੁਫ਼ੀਆ ਏਜੰਸੀਆਂ ਨੇ ਮੰਗਲਵਾਰ ਸਾਰਾ ਦਿਨ ਆਪਣੀ ਪੂਰੀ ਵਾਹ ਲਾਈ ਹੋਈ ਸੀ। ਹਾਲਾਂਕਿ ਇਸ ਮੁਹਿੰਮ ਨੂੰ ਸ਼ੁਰੂ ਕਰਨ ਵਾਲੇ ਇੱਕ ਵਕੀਲ ਹਾਕਮ ਸਿੰਘ ਅਤੇ ਆਈ.ਟੀ.ਆਈ. ਕਾਰਕੁਨ ਪਰਵਿੰਦਰ ਕਿਤਨਾ ਵੱਲੋਂ ਇਸ ਮੁਹਿੰਮ ਨੂੰ ਗੈਰ ਸਿਆਸੀ ਕਰਾਰ ਦਿੰਦੇ ਹੋਏ ਪੰਜਾਬ ਦੀ ਮੁਹਿੰਮ ਕਰਾਰ ਦਿੱਤਾ ਹੋਇਆ ਹੈ ਅਤੇ ਇਸ ਲਈ ਕਿਸੇ ਵੀ ਸਿਆਸੀ ਪਾਰਟੀ ਦੀ ਨਾ ਹੀ ਮਦਦ ਮੰਗੀ ਹੈ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਨੂੰ ਇਸ ਵਿੱਚ ਦਖਲ ਦੇਣ ਲਈ ਕਿਹਾ ਗਿਆ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।