‘ਕਦੇ ਮਰਦ ਦਲੇਰ ਕਮਲਿਆ ਓਇ ਖੁਦਕੁਸ਼ੀਆਂ ਨਹੀਂ ਕਰਦੇ’

0

ਕਿਸਾਨਾਂ ਦੇ ਧਰਨੇ ‘ਚ ਗਾਇਕਾਂ ਨੇ ਕੀਤੀ ਸ਼ਮੂਲੀਅਤ

ਬਠਿੰਡਾ,(ਸੁਖਜੀਤ ਮਾਨ)। ‘ਜੇ ਖੇਤ ਨਾ ਰਹੇ ਤਾਂ ਰਹਿਣੀ ਖੇਤੀ ਵੀ ਨਹੀਂ, ਖੇਤੀ ਹੈ ਤਾਂ ਖੁਸ਼ਹਾਲੀ ਹੈ, ਫਿਰ ਹੀ ਸਾਡੇ ਪ੍ਰੋਗਰਾਮ ਲੱਗਦੇ ਨੇ, ਨਹੀਂ ਸਾਨੂੰ ਵੀ ਕਿਸੇ ਨੇ ਨਹੀਂ ਪੁੱਛਣਾ’। ਇਹ ਸ਼ਬਦ ਉਨ੍ਹਾਂ ਗਾਇਕਾਂ ਦੇ ਨੇ ਜੋ ਅੱਜ ਬਠਿੰਡਾ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਲਾਏ ਧਰਨੇ ‘ਚ ਪੁੱਜੇ ਸਨ। ਗਾਇਕਾਂ ਨੇ ਕਿਸਾਨਾਂ ਦੇ ਹੱਕ ‘ਚ ਹਾਂ ਦਾ ਨਾਅਰਾ ਮਾਰਕੇ ਕੇਂਦਰ ਨੂੰ ਲਲਕਾਰਦਿਆਂ ਆਖਿਆ ਕਿ ਦੇਸ਼ ਦਾ ਧੁਰਾ ਖੇਤੀ ਦੁਆਲੇ ਘੁੰਮਦਾ ਹੈ ਇਸ ਲਈ ਕਿਸਾਨਾਂ ਦੀ ਗੱਲ ਸੁਣਨੀ ਲਾਜ਼ਮੀ ਹੈ ।

ਧਰਨੇ ‘ਚ ਪੁੱਜੇ ਗਾਇਕ ਗੁਰਵਿੰਦਰ ਬਰਾੜ ਨੇ ਆਖਿਆ ਕਿ ਸਰਕਾਰ ਦੀਆਂ ਜੋ ਨੀਤੀਆਂ ਕਿਸਾਨੀ ਦੇ ਵਿਰੋਧ ‘ਚ ਨੇ ਉਹ ਉਨ੍ਹਾਂ ਦੇ ਖਿਲਾਫ਼ ਨੇ ਤੇ ਕਿਸਾਨਾਂ ਦੇ ਨਾਲ ਖੜ੍ਹੇ ਹਨ। ਬਰਾੜ ਨੇ ਕਿਹਾ ਕਿ ਉਹ ਤਾਂ ਗੀਤ ਹੀ ਕਿਸਾਨੀ ਕਿੱਤੇ ਨਾਲ ਸਬੰਧਿਤ ਗਾਉਂਦਾ ਹੈ। ਇਸ ਗਾਇਕ ਨੇ ਕਿਸਾਨਾਂ ਨੂੰ ਖੁਦਕੁਸ਼ੀ ਨਾ ਕਰਨ ਲਈ ਪ੍ਰੇਰਿਤ ਕਰਦਿਆਂ ਸੰਘਰਸ਼ ਅਤੇ ਏਕੇ ਦੀ ਲੋੜ ‘ਤੇ ਜੋਰ ਦਿੱਤਾ। ਗੁਰਵਿੰਦਰ ਬਰਾੜ ਨੇ ਖੁਦਕੁਸ਼ੀਆਂ ਨਾਲ ਸਬੰਧਿਤ ਆਪਣਾ ਗੀਤ ‘ਕਦੇ ਮਰਦ ਦਲੇਰ ਕਮਲਿਆ ਓਇ ਖੁਦਕੁਸ਼ੀਆਂ ਨਹੀਂ ਕਰਦੇ’ ਗਾਇਆ ਤਾਂ ਧਰਨੇ ‘ਚ ਮੌਜੂਦ ਖੁਦਕੁਸ਼ੀ ਪੀੜ੍ਹਤ ਪਰਿਵਰਾਂ ਦੇ ਮੈਂਬਰਾਂ ਦੀਆਂ ਅੱਖਾਂ ‘ਚ ਅੱਥਰੂ ਆ ਗਏ।

ਇਸ ਗੀਤ ਦੌਰਾਨ ਧਰਨੇ ਵਾਲੀ ਥਾਂ ‘ਤੇ ਛੰਨਾਟਾਂ ਛਾ ਗਿਆ। ਗਾਇਕ ਬਰਾੜ ਨੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਆਖਿਆ ਕਿ ਜਦੋਂ-ਜਦੋਂ ਵੀ ਕੋਈ ਕਿਰਤੀ ਲੋਕਾਂ ਦਾ ਅੰਦੋਲਨ ਹੁੰਦਾ ਹੈ ਤਾਂ ਉਸ ਦੌਰਾਨ ਸਰਕਾਰਾਂ ਕੋਈ ਅਜਿਹੀ ਗੱਲ ਕਰਦੀਆਂ ਨੇ ਜਿਸ ਨਾਲ ਅੰਦੋਲਨ ਅੱਧਵਾਟੇ ਰਹਿ ਜਾਂਦਾ ਹੈ ਇਸ ਲਈ ਜਾਗਰੂਕ ਰਹਿਣ ਦੀ ਲੋੜ ਹੈ ਕਿਉਂਕਿ ਆਉਂਦੇ ਦਿਨਾਂ ‘ਚ ਕੋਈ ਅਜਿਹੀ ਚਾਲ ਚੱਲੀ ਜਾ ਸਕਦੀ ਹੈ। ਗਾਇਕ ਰਾਜਾ ਸਿੱਧੂ ਨੇ ਆਖਿਆ ਕਿ ਉਸ ਨੇ ਤਾਂ ਛੇ ਸਾਲ ਪਹਿਲਾਂ ਗੀਤ ਗਾ ਦਿੱਤਾ ਸੀ ਕਿ ‘ਚਾਹ ਵੇਚਣ ਵਾਲਾ ਕੀ ਜਾਣੇ ਦਰਦ ਕਿਸਾਨਾਂ ਦਾ’।

ਉਨ੍ਹਾਂ ਕਿਸਾਨੀਂ ਨਾਲ ਸਬੰਧਿਤ ਆਪਣੇ ਹੋਰ ਗੀਤਾਂ ਦਾ ਵੀ ਜਿਕਰ ਕੀਤਾ। ਸਿੱਧੂ ਨੇ ਉੱਥੇ ਮੌਜੂਦ ਆਪਣੇ ਸਾਥੀ ਗਾਇਕਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਪੁੱਤ ਨੇ ਤੇ ਕਿਸਾਨਾਂ ਦੇ ਲਈ ਆਪਣੇ ਗੀਤਾਂ ਦੇ ਜ਼ਰੀਏ ਬੋਲਦੇ ਰਹਿੰਦੇ ਨੇ। ਉਨ੍ਹਾਂ ਕਿਸਾਨ ਆਗੂਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਜਿੰਨੀਆਂ ਵੀ ਯੂਨੀਅਨਾਂ ਨੇ ਉਹ ਆਪਣੇ ਸਟੈਂਡ ‘ਤੇ ਕਾਇਮ ਰਹਿਣ ਤੇ ਉਹ ਤੁਹਾਡੇ ਨਾਲ ਨੇ। ਗਾਇਕ ਹਰਫ਼ ਚੀਮਾ ਨੇ ਆਖਿਆ ਕਿ ਉਨ੍ਹਾਂ ਦਾ ਅੰਦਰ ਵੀ ਕਿਸਾਨਾਂ ਨਾਲ ਜੁੜਿਆ ਹੋਇਆ ਹੈ ਤੇ ਜਿਸ ਕਿਸਾਨ ਦਾ ਖੇਤੀ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਆਪਣਾ ਦਸਵੰਧ ਕੱਢਕੇ ਉਹ ਜ਼ਰੂਰ ਮੱਦਦ ਕਰਦਾ ਹੈ।

ਚੀਮਾ ਨੇ ਵੀ ਆਪਣੇ ਵੱਲੋਂ ਕਿਸਾਨੀ ਨਾਲ ਗਾਏ ਗੀਤਾਂ ਦਾ ਜ਼ਿਕਰ ਕਰਨ ਦੇ ਨਾਲ-ਨਾਲ ਫਿਕਰ ਜਤਾਇਆ ਕਿ ਜਦੋਂ ਸਾਡਾ ਕਿੱਤਾ ਤੇ ਜੁਬਾਨ ਖਤਮ ਹੋ ਗਈ ਤਾਂ ਸਾਡੇ ਸੱਭਿਆਚਾਰ ਨੇ ਵੀ ਖਤਮ ਹੋ ਜਾਣਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾਵੇਗਾ ਉਹ ਹਮੇਸ਼ਾ ਨਾਲ ਨੇ ਤੇ ਇਸ ਲਹਿਰ ਨੂੰ ਠੰਢਾ ਨਹੀਂ ਪੈਣ ਦੇਣਾ। ਫਿਲਮੀ ਖੇਤਰ ਨਾਲ ਜੁੜੇ ਲੇਖਕ ਜਗਦੀਪ ਵੜਿੰਗ ਨੇ ਆਖਿਆ ਕਿ ਉਸਦੀ ਤਾਂ ਸ਼ੁਰੂਆਤ ਹੀ ਧਰਨਿਆਂ ‘ਚੋਂ ਹੋਈ ਜਦੋਂ ਅਜਮੇਰ ਔਲਖ ਦਾ ਨਾਟਕ ‘ਬੋਹਲ ਰੋਂਦੇ ਨੇ’ ਵਿੱਚ ਕਿਸਾਨ ਦਾ ਪਾਤਰ ਬਣਕੇ ਵਿਚਰਦਾ ਸੀ। ਉਨ੍ਹਾਂ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਵੀ ਵੱਡੀ ਗਿਣਤੀ ‘ਚ ਧਰਨਿਆਂ ‘ਚ ਸ਼ਮੂਲੀਅਤ ਕਰਨੀ ਚਾਹੀਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.