ਟੈਲੀ ਮੈਡੀਸਨ ਵਿੱਚ ਪੰਜਾਬ ਦਾ ਹਲਕੀ ਕਾਰਗੁਜਾਰੀ, 65 ਦਿਨਾਂ ਸਿਰਫ਼ 817 ਨੂੰ ਹੀ ਮਿਲਿਆ ਇਲਾਜ

ਰੋਜ਼ਾਨਾ ਸਿਰਫ਼ 12 ਜਣੇ ਹੀ ਲੈ ਰਹੇ ਹਨ ਇਸ ਸੁਵਿਧਾ ਦਾ ਫਾਇਦਾ, ਜਾਣਕਾਰੀ ਨਾ ਹੋਣਾ ਮੁੱਖ ਕਾਰਨ

ਚੰਡੀਗੜ, (ਅਸ਼ਵਨੀ ਚਾਵਲਾ)। ਕੋਰੋਨਾ ਦੇ ਕਾਲ ਵਿੱਚ ਘਰ ਬੈਠੇ ਸਿਹਤ ਸੇਵਾਵਾਂ ਵਰਗੀਆਂ ਸਹੂਲਤਾਂ  ਦੇਣ ਲਈ ਸੂਬੇ ਵਿੱਚ ਪਹਿਲੀ ਵਾਰ ਸ਼ੁਰੂ ਕੀਤੀ ਗਈ ਟੈਲੀ ਮੈਡੀਸਨ ਖ਼ਸਤਾ ਹਾਲ ਵਿੱਚੋਂ ਗੁਜ਼ਰਦੀ ਨਜ਼ਰ ਆ ਰਹੀਂ ਹੈ ਤਾਂ ਹੀ ਇਹ ਅਹਿਮ ਟੈਲੀਮੈਡੀਸਨ ਵਰਗੀ ਸੁਵਿਧਾ ਦੀ ਕਾਰਗੁਜਾਰੀ ਪੰਜਾਬ ਵਿੱਚ ਹੁਣ ਤੱਕ ਕਮਜ਼ੋਰ ਹੀ ਰਹੀਂ ਹੈ।

ਹਾਲਾਂਕਿ ਜਦੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਉਸ ਸਮੇਂ ਕਿਹਾ ਜਾ ਰਿਹਾ ਸੀ ਕਿ ਇਹ ਆਮ ਲੋਕਾਂ ਲਈ ਵਰਦਾਨ ਸਾਬਤ ਹੋਏਗੀ ਅਤੇ ਜਨਤਾ ਘਰ ਬੈਠੇ ਹੀ ਇਸ ਦਾ ਫਾਇਦਾ ਲੈ ਸਕੇਗੀ ਪਰ ਪਿਛਲੇ 64 ਦਿਨਾਂ ਵਿੱਚ ਇਹੋ ਜਿਹਾ ਕੁਝ ਵੀ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ, ਕਿਉਂਕਿ ਵੱਡੀ ਗਿਣਤੀ ਵਿੱਚ ਡਾਕਟਰਾਂ ਦੀ ਤਿਆਰ ਕੀਤੀ ਗਈ ਟੀਮ ਹੋਣ ਦੇ ਬਾਵਜੂਦ ਵੀ ਸਿਰਫ਼ 12 ਜਣੇ ਹੀ ਰੋਜ਼ਾਨਾ ਦਾ ਫਾਇਦਾ ਚੁੱਕ ਰਹੇ ਹਨ।

ਪਿਛਲੇ 64 ਦਿਨਾਂ ਵਿੱਚ ਟੈਲੀਮੈਡੀਸਨ ਦਾ ਲੈ 817 ਲੋਕਾਂ ਨੇ ਹੀ ਫਾਇਦਾ ਲਿਆ ਹੈ। ਜਿਕਰ ਯੋਗ ਹੈ ਕਿ ਦੇਸ਼ ਦੇ ਨਾਲ ਹੀ ਪੰਜਾਬ ਭਰ ਵਿੱਚ ਲਾਕ ਡਾਊਨ ਹੋਣ ਦੇ ਕਾਰਨ ਸਰਕਾਰ ਤੇ ਗੈਰ ਸਰਕਾਰੀ ਹਸਪਤਾਲਾਂ ਵਲੋਂ ਓ.ਪੀ.ਡੀ. ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਸਿਰਫ਼ ਐਮਰਜੈਂਸੀ ਕੇਸ ਹੀ ਦੇਖਿਆ ਜਾ ਰਿਹਾ ਸੀ। ਇਹੋ ਜਿਹੇ ਸਮੇਂ ਕਈ ਤਰਾਂ ਦੀਆਂ ਗੰਭੀਰ ਅਤੇ ਰੁਟੀਨ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਕੇਂਦਰ ਸਰਕਾਰ ਵਲੋਂ ਟੈਲੀਮੈਡੀਸਨ ਵਰਗੀ ਸੁਵਿਧਾ ਦਾ ਆਗਾਜ਼ ਕੀਤਾ ਗਿਆ ਸੀ।

ਜਿਸ ਦੇ ਤਹਿਤ ਪੰਜਾਬ ਵਿੱਚ ਟੈਲੀਮੈਡੀਸਨ ਰਾਹੀਂ ਆਮ ਜਨਤਾ ਨੂੰ ਇਲਾਜ ਦੇਣਾ ਸੀ ਅਤੇ ਇਸ ਦੀ ਸ਼ੁਰੂਆਤ ਪੰਜਾਬ 24 ਅਪ੍ਰੈਲ ਨੂੰ ਕਰ ਦਿੱਤੀ ਗਈ ਸੀ। ਜਿਸ ਸਮੇਂ ਸੂਬੇ ਵਿੱਚ ਇਸ ਦਾ ਆਗਾਜ਼ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਇਹ ਉਮੀਦ ਕੀਤੀ ਜਾ ਰਹੀਂ ਸੀ ਕਿ ਸੂਬੇ ਵਿੱਚ ਵੱਡੇ ਪੱਧਰ ‘ਤੇ ਟੈਲੀਮੈਡੀਸਨ ਦਾ ਫਾਇਦਾ ਲੈ ਕੇ ਆਮ ਜਨਤਾ ਆਪਣਾ ਇਲਾਜ ਘਰ ਬੈਠੇ ਹੀ ਕਰਵਾਏਗੀ ਪਰ ਸਰਕਾਰ ਦੀ ਇਹ ਉਮੀਦ ਵੀ ਪੂਰੀ ਹੁੰਦੀ ਨਜ਼ਰ ਨਹੀਂ ਆਈ, ਕਿਉਂਕਿ 24 ਅਪ੍ਰੈਲ ਤੋਂ 30 ਜੂਨ ਤੱਕ 66 ਦਿਨਾਂ ਵਿੱਚ 817 ਲੋਕ ਹੀ ਇਸ ਦਾ ਫਾਇਦਾ ਲੈ ਪਾਏ ਹਨ।

ਕੀ ਐ ਟੈਲੀਮੈਡੀਸਨ ?

ਟੈਲੀਮੈਡੀਸਨ ਆਨ ਲਾਇਨ ਡਾਕਟਰੀ ਸਹਾਇਤਾ ਲੈਣ ਦੀ ਇੱਕ ਪ੍ਰਕ੍ਰਿਰਿਆ ਹੈ। ਜਿਸ ਦਾ ਫਾਇਦਾ ਲੈਣ ਲਈ ਕੋਈ ਵੀ ਈ ਸੰਜੀਵਨੀ ਵੈਬ ਸਾਈਟ ‘ਤੇ ਜਾਣ ਤੋਂ ਬਾਅਦ ਆਪਣੇ ਮੋਬਾਇਲ ਜਾਂ ਫਿਰ ਲੈਪਟਾਪ ਤੇ ਕੰਪਿਊਟਰ ਰਾਹੀਂ ਡਾਕਟਰ ਨਾਲ ਸੰਪਰਕ ਕਰ ਸਕਦਾ ਹੈ। ਪਹਿਲਾਂ ਤੋਂ ਹੀ ਸਰਕਾਰ ਵਲੋਂ ਤੈਅ ਕੀਤੇ ਗਏ ਡਾਕਟਰ ਮੌਕੇ ‘ਤੇ ਵੀਡੀਓ ਕਾਲ ਲੈਣ ਲਈ ਤਿਆਰ ਬੈਠੇ ਹੋਣਗੇ ਅਤੇ ਵੀਡੀਓ ਕਾਲ ਰਾਹੀਂ ਡਾਕਟਰ ਮਰੀਜ਼ ਦਾ ਚੈਕਅੱਪ ਆਨ ਲਾਈਨ ਕਰਕੇ ਹੋਏ ਸਾਰੀ ਮੈਡੀਕਲ ਹਿਸਟਰੀ ਵੀ ਪੁੱਛਦੇ ਹੋਏ ਬਿਮਾਰੀ ਦਾ ਇਲਾਜ ਕਰਨਗੇ। ਇਸ ਦੌਰਾਨ ਓ.ਪੀ.ਡੀ. ਮੈਡੀਸਨ ਈ-ਕਾਰਡ ਤਿਆਰ ਕਰਦੇ ਹੋਏ ਮਰੀਜ਼ ਨੂੰ ਦਿੱਤਾ ਜਾਏਗਾ, ਜਿਸ ‘ਤੇ ਲਿਖੀ ਗਈ ਦਵਾਈ ਨੂੰ ਕਿਸੇ ਵੀ ਮੈਡੀਕਲ ਸਟੋਰ ਤੋਂ ਲਿਆ ਜਾ ਸਕਦਾ ਹੈ।

ਪ੍ਰਚਾਰ ਨਹੀਂ ਕਰ ਰਹੀ ਐ ਪੰਜਾਬ ਸਰਕਾਰ

ਈਸੰਜੀਵਨੀ ਰਾਹੀਂ ਸ਼ੁਰੂ ਹੋਈ ਟੈਲੀਮੈਡੀਸਨ ਬਾਰੇ ਪੰਜਾਬ ਸਰਕਾਰ ਠੀਕ ਢੰਗ ਪ੍ਰਚਾਰ ਹੀ ਨਹੀਂ ਕਰ ਸਕੀ ਹੈ, ਜਿਸ ਕਾਰਨ ਹੀ ਸੂਬੇ ਦੇ ਲੋਕਾਂ ਨੂੰ ਇਸ ਸੁਵਿਧਾ ਦੀ ਠੀਕ ਢੰਗ ਨਾਲ ਜਾਣਕਾਰੀ ਨਹੀਂ ਮਿਲੀ ਹੈ। ਇਸ ਕੋਰੋਨਾ ਮਹਾਂਮਾਰੀ ਦੇ ਕਾਲ ਵਿੱਚ ਸੂਬੇ ਵਿੱਚ ਜਰੂਰਤ ਪੈਣ ‘ਤੇ ਹਸਪਤਾਲਾਂ ਵਿੱਚ ਹੀ ਜਾ ਕੇ ਦਵਾਈ ਬੂਟੀ ਕਰਵਾ ਰਹੇ ਹਨ।

ਜਲਦ ਹੀ ਵੱਡੇ ਪੱਧਰ ‘ਤੇ ਕੀਤਾ ਜਾਏਗਾ ਪ੍ਰਚਾਰ : ਡਾ. ਦੀਪੇਂਦਰ

ਈ ਸੰਜੀਵਨੀ ਦੀ ਟੈਲੀਮੈਡੀਸਨ ਦੇ ਪ੍ਰੋਜੈਕਟ ਨੂੰ ਦੇਖ ਰਹੇ ਡਾ. ਦੀਪੇਂਦਰ ਸਿੰਘ ਨੇ ਇਸ ਸਬੰਧੀ ਕਿਹਾ ਕਿ ਵਿਭਾਗ ਵਲੋਂ ਪਹਿਲਾਂ ਵੀ ਪ੍ਰਚਾਰ ਕੀਤਾ ਗਿਆ ਸੀ ਪਰ ਜਿਸ ਦਾ ਜਿਆਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਹੈ, ਜਿਸ ਕਾਰਨ ਆਮ ਲੋਕ ਇਸ ਸੁਵਿਧਾ ਦਾ ਫਾਇਦਾ ਨਹੀਂ ਲੈ ਸਕੇ ਹਨ। ਉਨਾਂ ਅੱਗੇ ਕਿਹਾ ਕਿ ਹੁਣ ਵੈਬਸਾਈਟ ਤੋਂ ਇਲਾਵਾ ਮੋਬਾਇਲ ਐਪਲੀਕੇਸ਼ਨ ਵੀ ਤਿਆਰ ਹੋ ਗਈ ਹੈ, ਜਿਸ ਨਾਲ ਪਹਿਲਾਂ ਨਾਲੋਂ ਆਸਾਨ ਤਰੀਕੇ ਨਾਲ ਟੈਲੀਮੈਡੀਸਨ ਦੀ ਸੁਵਿਧਾ ਮਿਲੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ