ਪੰਜਾਬ ਦੇ ਥਰਮਲਾਂ ਨੂੰ ਕੋਲੇ ਦੀ ਘਾਟ ਦਾ ਧੁੜਕੂ ਮੁੱਕਿਆ, ਦੋ ਦਿਨਾਂ ’ਚ 14 ਰੇਕ ਪੁੱਜੇ

0
92

32 ਰੇਕ ਅਜੇ ਪਾਇਪ ਲਾਇਨ ’ਚ, ਬਿਜਲੀ ਦੀ ਮੰਗ ਘੱਟਣ ਕਰਕੇ ਮਿਲੀ ਰਾਹਤ

ਸਰਕਾਰੀ ਥਰਮਲ ਪਲਾਂਟ ਬੰਦ, ਪ੍ਰਾਈਵੇਟ ਥਰਮਲ ਘੱਟ ਮਾਤਰਾ ’ਤੇ ਭਖੇ ਹੋਏ

ਪਟਿਆਲਾ,  (ਖੁਸ਼ਵੀਰ ਸਿੰਘ ਤੂਰ) । ਕੋਲੇ ਦੀ ਘਾਟ ਨਾਲ ਜੂਝ ਰਹੇ ਪੰਜਾਬ ਦੇ ਥਰਮਲਾਂ ਨੂੰ ਰਾਹਤ ਮਿਲਣ ਲੱਗੀ ਹੈ। ਪੰਜਾਬ ਦੇ ਵੱਖ-ਵੱਖ ਥਰਮਲ ਪਲਾਂਟਾਂ ’ਚ ਕੋਲੇ ਦੇ ਰੇਕ ਪੁੱਜਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਕੋਲੇ ਦੇ 32 ਰੇਕ ਪਾਈਪ ਲਾਈਨ ਵਿੱਚ ਹਨ। ਇੱਧਰ ਮੀਂਹ ਪੈਣ ਕਾਰਨ ਬਿਜਲੀ ਦੀ ਮੰਗ ਘਟਣ ਰਰਕੇ ਅੱਧੀ ਮਾਤਰਾ ’ਤੇ ਹੀ ਕੁਝ ਥਰਮਲ ਭਖੇ ਹੋਏ ਹਨ। ਇਕੱਤਰ ਜਾਣਕਾਰੀ ਮੁਤਾਬਿਕ ਰਾਜਪੁਰਾ ਥਰਮਲ ਪਲਾਂਟ ’ਚ ਅੱਜ ਕੋਲੇ ਦੇ 4 ਰੇਕ ਪੁੱਜੇ ਹਨ ਜਦਕਿ ਤਲਵੰਡੀ ਸਾਬੋ ਵਿਖੇ ਇੱਕ ਰੇਕ ਆਇਆ ਹੈ। ਲਹਿਰਾ ਮੁਹੱਬਤ ਵਿਖੇ ਦੋ ਰੇਕ ਪੁੱਜੇ ਹਨ।

ਇਸ ਤੋਂ ਇਲਾਵਾ ਰੋਪੜ ਥਰਮਲ ਪਲਾਂਟ ਅਤੇ ਗੋਇੰਦਵਾਲ ਸਾਹਿਬ ਵਿਖੇ ਕੋਈ ਰੇਕ ਨਹੀਂ ਪੁੱਜਿਆ। ਬੀਤੇ ਕੱਲ੍ਹ ਵੀ ਕੋਲੇ ਨਾਲ ਭਰੇ 7 ਰੇਕ ਪੁੱਜੇ ਹਨ। ਰਾਜਪੁਰਾ ਥਰਮਲ ਪਲਾਂਟ, ਤਲਵੰਡੀ ਸਾਬੋ ਥਰਮਲ ਪਲਾਂਟ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਵਿਖੇ 2-2 ਰੇਕ ਪੁੱਜੇ ਸਨ। ਇਸ ਤੋਂ ਇਲਾਵਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਵਿਖੇ ਇੱਕ ਰੇਕ ਪੁੱਜਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ 32 ਕੋਲੇ ਦੇ ਰੇਕ ਪਾਇਪ ਲਾਈਨ ਵਿੱਚ ਹਨ ਜੋ ਕਿ ਆਉਂਦੇ ਦਿਨਾਂ ਵਿੱਚ ਪੁੱਜ ਜਾਣਗੇ।

ਪੰਜਾਬ ਦੇ ਥਰਮਲ ਪਲਾਂਟਾਂ ਨੂੰ ਰੋਜਾਨਾ ਕੋਲੇ ਦੇ 15 ਰੇਕ ਦੀ ਜ਼ਰੁੂਰਤ ਹੁੰਦੀ ਹੈ, ਪਰ ਹੁਣ ਝੋਨੇ ਦੀ ਫਸਲ ਆਖਰੀ ਪੜਾਅ ’ਤੇ ਪੁੱਜਣ ਸਮੇਤ ਪਿਛਲੇ ਦਿਨਾਂ ਤੋਂ ਪੈ ਰਹੀ ਬਾਰਸ਼ ਕਾਰਨ ਬਿਜਲੀ ਦੀ ਮੰਗ ਡਿੱਗੀ ਹੈ ਜਿਸ ਕਾਰਨ ਕੁਝ ਥਰਮਲ ਪਲਾਂਟ ਬੰਦ ਹਨ ਅਤੇ ਕੁਝ ਅੱਧੀ ਮਾਤਰਾ ’ਤੇ ਚੱਲ ਰਹੇ ਹਨ। ਕੇਂਦਰੀ ਅਥਾਰਟੀ ਵੱਲੋਂ ਪਹਿਲਾਂ ਜੋ ਕੋਲੇ ਸਬੰਧੀ ਪਾਬੰਦੀਆਂ ਲਗਾਈਆਂ ਹੋਈਆਂ ਸਨ, ਉਨ੍ਹਾਂ ’ਚ ਢਿੱਲ ਦੇ ਦਿਤੀ ਗਈ ਹੈ। ਉਂਜ ਭਾਵੇਂ ਝਾਰਖੰਡ ਵਿਖੇ ਜਿੱਥੇ ਕੋਲੇ ਦੀਆਂ ਖਾਣਾਂ ਹਨ, ਉਥੇ ਕੰਮ ’ਚ ਬਹੁਤੀ ਤੇਜੀ ਨਹੀਂ ਆਈ, ਪਰ ਫਿਰ ਵੀ ਕੋਲੇ ਦੀ ਸਪਲਾਈ ਸ਼ੁਰੂ ਹੋ ਗਈ ਹੈ।

ਸਰਕਾਰੀ ਥਰਮਲ ਪਲਾਂਟ ਰੋਪੜ ਅਤੇ ਲਹਿਰਾ ਮੁਹੱਬਤ ਮੰਗ ਘਟਣ ਕਾਰਨ ਬੰਦ ਕੀਤੇ ਹੋਏ ਹਨ। ਇਸ ਤੋਂ ਇਲਾਵਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਬੰਦ ਹਨ। ਰਾਜਪੁਰਾ ਥਰਮਲ ਪਲਾਂਟ ਘੱਟ ਮਾਤਰਾ ’ਤੇ ਚੱਲ ਰਿਹਾ ਹੈ, ਇੱਥੋਂ ਪਾਵਰਕੌਮ ਨੂੰ 1045 ਮੈਗਾਵਾਟ ਬਿਜਲੀ ਉਤਪਾਦਨ ਮਿਲ ਰਿਹਾ ਹੈ, ਜਦਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਤੋਂ 650 ਮੈਗਾਵਾਟ ਦੇ ਕਰੀਬ ਬਿਜਲੀ ਸਪਲਾਈ ਮਿਲ ਰਹੀ ਹੈ।

ਪਾਵਰਕੌਮ ਦੇ ਹਾਈਡ੍ਰਲ ਪ੍ਰੋਜੈਕਟਾਂ ਤੋਂ 549 ਮੈਗਾਵਾਟ ਦੇ ਕਰੀਬ ਬਿਜਲੀ ਆ ਰਹੀ ਹੈ। ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਸਟਾਕ ਖਤਮ ਹੋਣ ਦਾ ਡਰ ਮੁੱਕ ਗਿਆ ਹੈ, ਕਿਉਂਕਿ ਸਪਲਾਈ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੋਲੇ ਦੇ ਰੇਕ ਪੂਰੀ ਮਾਤਰਾ ਵਿੱਚ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਮੰਗ 8500 ਮੈਗਾਵਾਟ ਦੇ ਨੇੜੇ ਤੇੜ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ