ਪੰਜਾਬ

ਸਰਕਾਰ ਤੋਂ ਬੇਆਸ ਅਧਿਆਪਕ ਦਿੱਲੀ ਪੁੱਜੇ ਰਾਹੁਲ ਗਾਂਧੀ ਦੇ ਬੂਹੇ

Rahul Gandhi, Door, Delhi, Non Cooperative, Teacher, Goes Delhi

ਰਾਹੁਲ ਗਾਂਧੀ ਦੇ ਪੀ.ਏ. ਨਾਲ ਅੱਜ 11 ਵਜੇ ਹੋਵੇਗੀ ਮੀਟਿੰਗ, ਹਰੀਸ਼ ਚੌਧਰੀ ਦੀ ਵੀ ਲੱਗੀ ਡਿਊਟੀ

ਪੰਜਾਬ ਮਾਮਲੇ ਦੇ ਸਹਿ ਇੰਚਾਰਜ ਕਰਨਗੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲਬਾਤ

ਪੰਜਾਬ ਸਰਕਾਰ 42 ਹਜ਼ਾਰ 800 ਤੋਂ ਘਟਾ ਕੇ ਦੇਣਾ ਚਾਹੁੰਦੀ ਐ 10 ਹਜ਼ਾਰ 300 ਤਨਖ਼ਾਹ

ਚੰਡੀਗੜ੍ਹ, ਅਸ਼ਵਨੀ ਚਾਵਲਾ

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਹੁਣ ਸਰਕਾਰੀ ਅਧਿਆਪਕਾਂ ਨੂੰ ਹੀ ਆਸ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੇ ਪੰਜਾਬ ਵਿੱਚ ਧਰਨਾ ਲਗਾਉਣ ਦੀ ਥਾਂ ‘ਤੇ ਸਿੱਧਾ ਦਿੱਲੀ ਜਾ ਕੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਘਰ ਦੇ ਮੂਹਰੇ ਧਰਨਾ ਲਗਾ ਦਿੱਤਾ ਹੈ। ਇਸ ਧਰਨੇ ਦਾ ਫਾਇਦਾ ਵੀ ਅਧਿਆਪਕਾਂ ਨੂੰ ਹੋਇਆ ਹੈ, ਜਿਥੇ ਇਨ੍ਹਾਂ ਅਧਿਆਪਕਾਂ ਦੀ ਮੀਟਿੰਗ ਅੱਜ ਸੋਮਵਾਰ ਨੂੰ 11 ਵਜੇ ਰਾਹੁਲ ਗਾਂਧੀ ਦੇ ਪੀ.ਏ. ਨਾਲ ਹੋਵੇਗੀ, ਉਥੇ ਹੀ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਹਰੀਸ਼ ਚੌਧਰੀ ਦੀ ਇਸ ਮਾਮਲੇ ਵਿੱਚ ਡਿਊਟੀ ਲੱਗ ਗਈ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਇਨ੍ਹਾਂ ਅਧਿਆਪਕਾਂ ਦੀ ਮੀਟਿੰਗ ਤੈਅ ਕਰਵਾਉਣ।

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਐਸ.ਏ.ਐਸ. ਅਤੇ ਰਮਸਾ ਅਧਿਆਪਕਾਂ ਨੂੰ ਜਲਦ ਹੀ ਸਿੱਖਿਆ ਵਿਭਾਗ ਵਿੱਚ ਪੱਕਾ ਕੀਤਾ ਜਾ ਰਿਹਾ ਹੈ, ਜਿਥੇ ਕਿ ਉਨ੍ਹਾਂ ਨੂੰ 3 ਸਾਲ ਲਈ 10 ਹਜ਼ਾਰ 300 ਰੁਪਏ ਤਨਖ਼ਾਹ ਦਿੱਤੀ ਜਾਏਗੀ, ਜਦੋਂ ਕਿ ਇਸ ਸਮੇਂ ਇਨ੍ਹਾਂ ਅਧਿਆਪਕਾਂ ਨੂੰ 42 ਹਜ਼ਾਰ 800 ਰੁਪਏ ਤਨਖ਼ਾਹ ਮਿਲ ਰਹੀ ਹੈ। ਇਨ੍ਹਾਂ ਐਸ.ਏ.ਐਸ. ਅਤੇ ਰਮਸਾ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਨੂੰ ਕਈ ਵਾਰ ਬੇਨਤੀ ਕੀਤੀ ਗਈ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮੀਟਿੰਗ ਲਈ ਸਮਾਂ ਵੀ ਮੰਗਿਆਂ ਗਿਆ ਪਰ ਨਾ ਹੀ ਇਨ੍ਹਾਂ ਦੀ ਬੇਨਤੀ ਮੰਨੀ ਗਈ ਅਤੇ ਨਾ ਹੀ ਇਨ੍ਹਾਂ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੁਲਾਕਾਤ ਲਈ ਸਮਾਂ ਦਿੱਤਾ।

ਜਿਸ ਕਾਰਨ ਕਈ ਵਾਰ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਜਦੋਂ ਪੰਜਾਬ ਵਿੱਚ ਕੋਈ ਸੁਣਵਾਈ ਨਹੀਂ ਹੋਈ ਤਾਂ ਇਨਾਂ ਅਧਿਆਪਕਾਂ ਨੇ ਦਿੱਲੀ ਵਲ ਦਾ ਰੁੱਖ ਕਰਦੇ ਹੋਏ ਰਾਹੁਲ ਗਾਂਧੀ ਦੇ ਘਰ ਬਾਹਰ ਧਰਨਾ ਲਗਾ ਦਿੱਤਾ ਹੈ।

ਐਸ.ਏ.ਐਸ. ਅਤੇ ਰਮਸਾ ਅਧਿਆਪਕ ਯੂਨੀਅਨ ਲੀਡਰ ਰਾਮ ਭਜਨ ਚੌਧਰੀ ਨੇ ਦੱਸਿਆ ਕਿ ਉਨਾਂ ਵਲੋਂ ਲਗਾਏ ਗਏ ਧਰਨੇ ਤੋਂ ਬਾਅਦ ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਉਨਾਂ ਦੀ ਗੱਲਬਾਤ ਰਾਹੁਲ ਗਾਂਧੀ ਦਫ਼ਤਰ ਤੱਕ ਪਹੁੰਚਾ ਦਿੱਤੀ ਹੈ ਅਤੇ ਉਨਾਂ ਨੂੰ ਸੋਮਵਾਰ ਨੂੰ 11 ਵਜੇ ਦਾ ਸਮਾਂ ਮਿਲਿਆ ਹੈ, ਜਿਥੇ ਕਿ ਉਹ ਆਪਣੀਆਂ ਦਿੱਕਤਾਂ ਦੱਸਣ ਦੇ ਨਾਲ ਹੀ ਪੰਜਾਬ ਸਰਕਾਰ ਦੀ ਸ਼ਿਕਾਇਤ ਵੀ ਕਰਨਗੇ। ਉਨਾਂ ਦੱਸਿਆ ਕਿ ਇਸ ਨਾਲ ਹੀ ਪੰਜਾਬ ਦੇ ਸਹਾਇਕ ਇੰਚਾਰਜ਼ ਹਰੀਸ ਚੌਧਰੀ ਵਲੋਂ ਵੀ ਉਨਾਂ ਨੂੰ ਸਨੇਹਾ ਆ ਗਿਆ ਹੈ ਕਿ ਉਹ ਕੱਲ ਸਵੇਰ ਤੱਕ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਯੂਨੀਅਨ ਲੀਡਰਾਂ ਦੀ ਮੀਟਿੰਗ ਤੈਅ ਕਰਵਾ ਦੇਣਗੇ |

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top