Breaking News

ਅੰਮ੍ਰਿਤਸਰ ‘ਚ ਨਿਰੰਕਾਰੀ ਭਵਨ ‘ਤੇ ਹਮਲਾ, 3 ਮੌਤਾਂ

Rajasansi, Nirankari Bhavan, Dhamaka

ਹਮਲੇ ‘ਚ 20 ਜ਼ਖਮੀ, ਅੱਤਵਾਦੀ ਹਮਲੇ ਦੇ ਮੱਦੇਨਜ਼ਰ ਪੰਜਾਬ, ਦਿੱਲੀ ਤੇ ਹਰਿਆਣਾ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾਈ

ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ ਹਮਲਾਵਰ,ਬਾਬਾ ਦੇਸਾ ਸਨ ਨਿਸ਼ਾਨੇ ‘ਤੇ

ਰਾਜਨ ਮਾਨ, ਸੱਚ ਕਹੂੰ ਨਿਊਜ, ਅੰਮ੍ਰਿਤਸਰ

ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ‘ਚ ਅੱਜ ਸਵੇਰੇ ਨਿਰੰਕਾਰੀ ਭਵਨ ‘ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਸੁੱਟੇ ਗਏ ਹੈਂਡ ਗ੍ਰਨੇਡ ਨਾਲ ਹੋਏ ਧਮਾਕੇ ‘ਚ ਘੱਟੋ-ਘੱਟੋ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ ਹਨ ਪੁਲਿਸ ਅਧਿਕਾਰੀ (ਬਾਰਡਰ ਰੇਂਜ) ਐੱਸ.ਪੀ.ਐੱਸ ਪਰਮਾਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਸਤਿਸੰਗ ਭਵਨ ‘ਤੇ ਸਤਿਸੰਗ ਸਮਾਗਮ ਚੱਲ ਰਿਹਾ ਸੀ ਤਾਂ ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀ ਜਿਨ੍ਹਾਂ ਵਿੱਚੋਂ ਇੱਕ ਦੀ ਲੰਮੀ ਦਾੜੀ ਸੀ, ਦੇ ਚਿਹਰੇ ਢਕੇ ਹੋਏ ਸਨ, ਨੇ ਪਿਸਤੌਲ ਤਾਣ ਕੇ ਹਾਲ ਵਿੱਚ ਜਬਰੀ ਪ੍ਰਵੇਸ਼ ਕੀਤਾ।

ਉਨ੍ਹਾਂ ਨੇ ਸੇਵਾਦਾਰ ਨੂੰ ਨਜ਼ਰਬੰਦ ਕਰਕੇ ਗ੍ਰਨੇਡ ਸੁੱਟਿਆ ਅਤੇ ਮੋਟਰਸਾਈਕਲ ‘ਤੇ ਭੱਜ ਗਏ। ਇਸ ਹਮਲੇ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ ਜ਼ਖ਼ਮੀਆਂ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ| ਧਮਾਕੇ ਨਾਲ ਜ਼ਮੀਨ ‘ਤੇ ਤਿੰਨ ਇੰਚ ਦੇ ਘੇਰੇ ‘ਚ ਛੋਟਾ ਟੋਆ ਪੈ ਗਿਆ ਜਿਸ ਦੀ ਜਾਂਚ ਫੌਰੈਂਸਿਕ ਟੀਮ ਵੱਲੋਂ ਕੀਤੀ ਜਾ ਰਹੀ ਹੈ। ਗ੍ਰਨੇਡ ਦਾ ਸੇਫਟੀ ਵਾਲਵ ਮਿਲਿਆ ਹੈ ਤੇ ਉਸ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।

ਨਿਰੰਕਾਰੀ ਬਾਬਾ ਦੇਸਾ ਸਿੰਘ ਦੀ ਸੇਵਾਦਾਰ ਸਿਮਰਕੌਰ ਨੇ ਦੱਸਿਆ ਕਿ ਹਮਲਾਵਰਾਂ ਨੇ ਬਾਬਾ ਦੇਸਾ ਸਿੰਘ ਨੂੰ ਮਾਰਨ ਲਈ ਉਨ੍ਹਾਂ ਵੱਲ ਬੰਬ ਸੁੱਟਿਆ ਸੀ ਪਰ ਹਮਲਾਵਰਾਂ ਦਾ ਨਿਸ਼ਾਨਾ ਖੁੰਝ ਗਿਆ ਹਮਲੇ ‘ਚ ਸਿਮਰਕੌਰ ਵੀ ਜਖ਼ਮੀ ਹੋਈ ਹੈ ਸਿਮਰਕੋਰ ਹਮਲੇ ‘ਚ ਜਖ਼ਮੀ ਹੋਰ 13 ਵਿਅਕਤੀਆਂ ਨਾਲ ਸਰਕਾਰੀ ਹਸਪਤਾਲ ‘ਚ ਦਾਖਲ ਹੈ| ਹਮਲੇ ਤੋਂ ਬਾਅਦ ਦਿੱਲੀ, ਚੰਡੀਗੜ੍ਹ ਅਤੇ ਬਟਾਲਾ ਸਥਿਤ ਨਿਰੰਕਾਰੀ ਭਵਨਾਂ ਅਤੇ ਅੰਮ੍ਰਿਤਸਰ ਹਵਾਈ ਅੱਡੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸੀਨੀਅਰ ਪੁਲਿਸ ਅਧਿਕਾਰੀ (ਪੇਂਡੂ) ਪਰਮਪਾਲ ਸਿੰਘ ਗਾਂਧੀ ਅਤੇ ਪੁਲਿਸ ਅਧਿਕਾਰੀ (ਡੀ) ਹਰਪਾਲ ਸਿੰਘ ਘਟਨਾ ਸਥਾਨ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ

ਜਾਕਿਰ ਮੂਸਾ ਦੇ ਪੋਸਟਰ ਨਾਲ ਵੀ ਗਹਿਰਾਇਆ ਸ਼ੱਕ

ਜੰਮੂ-ਕਸ਼ਮੀਰ ਪੁਲਿਸ ਦੇ ਨਾਲ ਪੰਜਾਬ ਪੁਲਿਸ ਨੇ ਹਾਲ ਹੀ ‘ਚ ਪੰਜਾਬ ਦੇ ਸੰਸਥਾਵਾਂ ‘ਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ਦੇ ਦੋ ਗਿਰੋਹਾਂ ਦਾ ਪਰਦਾਫਾਸ਼ ਕੀਤਾ ਸੀ, ਜਿਨ੍ਹਾਂ ਦੇ ਸਬੰਧ ਕਸ਼ਮੀਰੀ ਅੱਤਵਾਦੀ ਸੰਗਠਨਾਂ ਨਾਲ ਸਨ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ ਕਸ਼ਮੀਰੀ ਅੱਤਵਾਦੀ ਜਾਕਿਰ ਮੂਸਾ ਦਾ ਪੋਸਟਰ ਸ਼ੁੱਕਰਵਾਰ ਨੂੰ ਰਹੱਸਮਈ ਢੰਗ ਨਾਲ ਸਾਹਮਣੇ ਆਇਆ, ਜਿਸ ਬਾਰੇ ਕਿਹਾ ਗਿਆ ਕਿ ਉਹ ਪੰਜਾਬ ‘ਚ ਵੇਖਿਆ ਗਿਆ ਸੀ ਦੇਸ਼-ਵਿਦੇਸ਼ ‘ਚ ਨਿਰੰਕਾਰੀ ਸ਼ਰਧਾਲੂਆਂ ਦੀ ਗਿਣਤੀ ਲੱਖਾਂ ‘ਚ ਹੈ ਇਸ ਦਾ ਮੁੱਖ ਦਫ਼ਤਰ ਦਿੱਲੀ ‘ਚ ਹੈ

ਨਿਰੰਕਾਰੀ ਭਵਨ ‘ਤੇ ਹਮਲਾ ਇੱਕ ਅੱਤਵਾਦੀ ਹਮਲਾ: ਡੀਜੀਪੀ

ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਅਦਲੀਵਾਲ ‘ਚ ਨਿਰੰਕਾਰੀ ਭਵਨ ‘ਤੇ ਹੋਏ ਹਮਲੇ ਨੂੰ ਅਸੀਂ ਇੱਕ ਅੱਤਵਾਦੀ ਹਮਲਾ ਮੰਨਦੇ ਹਾਂ ਅਰੋੜਾ ਨੇ ਹਮਲੇ ‘ਚ ਕਸ਼ਮੀਰੀ ਅੱਤਵਾਦੀਆਂ ਦਾ ਹੱਥ ਹੋਣ ਤੋਂ ਨਾਂਹ ਕਰਦਿਆਂ ਕਿਹਾ ਕਿ ਇਹ ਦੇਸ਼ ਖਿਲਾਫ਼ ਇੱਕ ਅੱਤਵਾਦੀ ਹਮਲਾ ਹੈ ਇਸ ‘ਚ ਕਿਸੇ ਇੱਕ ਸਮੂਹ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਸਕਦਾ ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਹਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਇਹ ਹਾਲੇ ਨਹੀਂ ਕਿਹਾ ਜਾ ਸਕਦਾ ਕਿ ਇਸ ਹਮਲੇ ‘ਚ ਕਿਸ ਦਾ ਹੱਥ ਹੈ

ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹਮਲੇ ‘ਚ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖਮੀਆਂ ਦੇ ਮੁਫਤ ਇਲਾਜ ਤੇ ਬਿਹਤਰੀਨ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਟਵੀਟ ਕਰਕੇ ਇਸ ਹਮਲੇ ਦੀ ਨਿੰਦਾ ਕਰਦਿਆਂ  ਪੁਲਿਸ ਦੇ ਉੱਚ ਅਧਿਕਾਰੀਆਂ?ਨੂੰ ਇਸ ਹਮਲੇ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਹਨ  ਮੁੱਖ ਮੰਤਰੀ ਨੇ ਲੋਕਾਂ ਨੂੰ ਵੀ ਖੌਫਜ਼ਦਾ ਨਾ ਹੋਣ ਤੇ ਅਮਨ-ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ।

ਮੁੱਖ ਮੰਤਰੀ ਵੱਲੋਂ ਚੋਟੀ ਦੇ ਅਫਸਰਾਂ ਨੂੰ ਘਟਨਾ ਸਥਾਨ ‘ਤੇ ਪਹੁੰਚਣ ਦੇ ਹੁਕਮ

ਚੰਡੀਗੜ੍ਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਭਵਨ ‘ਚ ਹੋਏ ਸ਼ੱਕੀ ਹੈਂਡਗ੍ਰਨੇਡ ਹਮਲੇ ਦੀ ਜਾਂਚ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਨ ਲਈ ਸੂਬੇ ਦੇ ਗ੍ਰਹਿ ਸਕੱਤਰ, ਪੁਲਿਸ ਮੁਖੀ, ਡੀਜੀਪੀ ਅਮਨ ਤੇ ਕਾਨੂੰਨ ਅਤੇ ਡੀਜੀਪੀ ਖੁਫੀਆ ਨੂੰ ਤੁਰੰਤ ਘਟਨਾ ਸਥਾਨ ‘ਤੇ ਪਹੁੰਚਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਫੌਰੈਂਸਿਕ ਟੀਮਾਂ ਨੂੰ ਘਟਨਾ ਸਥਾਨ ‘ਤੇ ਭੇਜ ਦਿੱਤਾ ਗਿਆ ਹੈ ਤੇ ਹਰੇਕ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਵਿੱਚ ਆਈਐੱਸਆਈ ਅਧਾਰਿਤ ਖਾਲਿਸਤਾਨੀ ਜਾਂ ਕਸ਼ਮੀਰੀ ਅੱਤਵਾਦੀ ਗਰੁੱਪਾਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਮਲਾਵਰਾਂ ਦੀਆਂ ਸ਼ੱਕੀ ਲੁਕਣਗਾਹਾਂ ‘ਤੇ ਛਾਪੇ ਮਾਰਨ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਕਈ ਟੀਮਾਂ ਇਸ ਕੇਸ ਨੂੰ ਸੁਲਝਾਉਣ ਲਈ ਹਰੇਕ ਪਹਿਲੂ ਤੋਂ ਜਾਂਚ ਕਰ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਛੇਤੀ ਹੀ ਮਾਮਲੇ ਦੀ ਤੈਅ ਤੱਕ ਜਾ ਕੇ ਦੋਸ਼ੀਆਂ ਨੂੰ ਕਾਬੂ ਕਰਕੇ ਕਾਨੂੰਨ ਦੇ ਕਟਹਿਰੇ ‘ਚ ਖੜ੍ਹਾ ਕੀਤਾ ਜਾਵੇਗਾ।

ਰਾਜਨਾਥ ਸਿੰਘ ਨੇ ਕੀਤੀ ਮੁੱਖ ਮੰਤਰੀ ਨਾਲ ਗੱਲਬਾਤ

ਅਸ਼ਵਨੀ ਚਾਵਲਾ, ਚੰਡੀਗੜ੍ਹ

ਅੰਮ੍ਰਿਤਸਰ ਵਿਖੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਭਰ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਪੰਜਾਬ ਭਰ ਵਿੱਚ ਥਾਂ-ਥਾਂ ‘ਤੇ ਚੈਕਿੰਗ ਬੈਰੀਅਰ ਲਗਾਉਂਦੇ ਹੋਏ ਹਰ ਕਿਸੇ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਨਾਲ ਹੀ ਪੰਜਾਬ ਭਰ ਵਿੱਚ ਸਾਰੇ ਧਾਰਮਿਕ ਡੇਰੇ ਤੇ ਥਾਂਵਾਂ ਵਿਖੇ ਸਖ਼ਤ ਸੁਰੱਖਿਆ ਇੰਤਜ਼ਾਮ ਕਰਦੇ ਹੋਏ ਸਖ਼ਤੀ ਕਰ ਦਿੱਤੀ ਗਈ ਹੈ। ਇੱਥੇ ਹੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਦੇ ਹੋਏ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਸਬੰਧੀ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਪੰਜਾਬ ਭਰ ‘ਚ ਏਅਰਪੋਰਟ ਤੇ ਆਰਮੀ ਬੇਸ ਕੈਂਪ ਵਿਖੇ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੂੰ ਪਹਿਲਾਂ ਤੋਂ ਕੇਂਦਰੀ ਖੁਫ਼ੀਆ ਏਜੰਸੀਆਂ ਵੱਲੋਂ ਅਲਰਟ ਮਿਲਿਆ ਹੋਇਆ ਸੀ ਕਿ ਪੰਜਾਬ ‘ਚ ਪਾਕਿਸਤਾਨ ਬੈਠੀ ਆਈ.ਐਸ.ਆਈ. ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇ ਸਕਦੀ ਹੈ ਪਰ ਪੰਜਾਬ ਪੁਲਿਸ ਇਸ ਅਲਰਟ ਤੋਂ ਬਾਅਦ ਵੀ ਅੰਮ੍ਰਿਤਸਰ ਵਿਖੇ ਹੋਈ ਅੱਤਵਾਦੀ ਘਟਨਾ ਨੂੰ ਰੋਕਣ ਵਿੱਚ ਕਾਮਯਾਬ ਨਹੀਂ ਹੋ ਪਾਈ ਹੈ। ਇਸ ਅਸਫਲਤਾ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਕੋਈ ਦੂਜੀ ਘਟਨਾ ਨੂੰ ਹੋਣ ਤੋਂ ਰੋਕਣ ਲਈ ਸਖ਼ਤ ਸੁਰੱਖਿਆ ਇੰਤਜ਼ਾਮ ਕਰਨ ਦੇ ਨਾਲ ਹੀ ਰੈੱਡ ਅਲਰਟ ਕਰ ਦਿੱਤਾ ਗਿਆ ਹੈ। ਪੰਜਾਬ ਭਰ ਦੇ ਐੱਸਐੱਸਪੀਜ਼ ਨੂੰ ਆਪਣੇ ਆਪਣੇ ਜ਼ਿਲ੍ਹੇ ‘ਚ ਸਖਤ ਪੁਲਿਸ ਇੰਤਜਾਮ ਕਰਨ ਦੇ ਨਾਲ ਹੀ 24 ਘੰਟੇ ਅਲਰਟ ਰਹਿਣ ਲਈ ਕਿਹਾ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top