ਅਹਿਸਾਸ

ਅਹਿਸਾਸ

ਮਾਤਾ ਮੈਨੂੰ ਦੋ ਕੁ ਹਜ਼ਾਰ ਰੁਪਈਏ ਦੇ , ਮੈਂ ਸ਼ਹਿਰ ਜਾ ਕੇ ਆਉਣਾ, ਜ਼ਰੂਰੀ ਕੰਮ ਆ, ਕਿਸੇ ਤੋਂ ਉਧਾਰ ਪੈਸੇ ਫੜੇ ਸੀ ਉਹਦੇ ਮੋੜਨੇ ਆ, ਨਾਲੇ ਕਾਰ ’ਚ ਤੇਲ ਪਵਾਉਣਾ ਉਹਦੇ ਵਾਸਤੇ ਵੀ ਦੇਦੇ ਕੀਰਤ ਨੇ ਸਵੇਰੇ ਨਹਾ ਕੇ ਆਸਾ-ਪਾਸਾ ਵੇਖ ਕੇ ਆਪਣੀ ਮਾਂ ਨੂੰ ਹੌਲੀ ਜਿਹੇ ਕਿਹਾ, ਖੌਰੇ ਉਸਦੇ ਬਾਪ ਦੇ ਕੰਨੀਂ ਹੀ ਨਾ ਇਹ ਗੱਲ ਪੈ ਜਾਵੇ। ਕੀਰਤ ਮੈਂ ਦੱਸ ਤੈਨੂੰ ਰੋਜ਼ਾਨਾ ਕਿੱਥੋਂ ਪੈਸੇ ਦੇਈ ਜਾਵਾਂ, ਤੈਨੂੰ ਤਾਂ ਰੋਜ਼ਾਨਾ ਹੀ ਪੰਜ ਸੱਤ ਸੌ ਰੁਪਏ ਚਾਹੀਦੇ ਆ, ਮੈਂ ਤਾਂ ਜਿਹੜੇ ਦੁੱਧ ਵਾਲੇ ਪੈਸੇ ਸਾਂਭ ਕੇ ਰੱਖੇ ਸੀ, ਉਹ ਵੀ ਤੂੰ ਪਰਸੋਂ ਲੈ ਗਿਆ, ਤੇਰੀ ਭੈਣ ਨੂੰ ਸੂਟ ਲੈ ਕੇ ਦੇਣਾ ਸੀ ਉਹ ਵੀ ਨਹੀਂ ਲਿਆਂਦਾ ਗਿਆ, ਮੇਰੀ ਦਵਾਈ ਵਾਸਤੇ ਜਿਹੜੇ ਤੈਨੂੰ ਕੱਲ੍ਹ ਪੈਸੇ ਦਿੱਤੇ ਸੀ

ਉਹ ਵੀ ਨਹੀਂ ਲਿਆ ਕੇ ਦਿੱਤੀ ਤੂੰ, ਚਾਰ ਦਿਨ ਹੋਗੇ ਮੇਰੀ ਦਵਾਈ ਮੁੱਕੀ ਨੂੰ ਬਾਕੀ ਨਾ ਤੂੰ ਤੇਰੇ ਬਾਪੂ ਨਾਲ ਖੇਤ ਕੋਈ ਕੰਮ-ਧੰਦਾ ਕਰਵਾਉਨਾਂ, ਉਹ ਵਿਚਾਰਾ ਕੱਲਾ ਕੰਮ ਕਰਦਾ ਰਹਿੰਦਾ, ਉਹ ਹੁਣ ਸਾਰਿਆਂ ਦਾ ਕਿੰਨਾ ਕੁ ਚਿਰ ਬੋਝ ਚੱਕਦਾ ਰਵੇ, ਨਾ ਹੀ ਰੋਜ਼ਾਨਾ ਬਾਣੀਏ ਪੈਸੇ ਦਿੰਦੇ ਆ, ਮਾੜਾ ਮੋਟਾ ਅਕਲ ਨੂੰ ਹੱਥ ਮਾਰਿਆ ਕਰ ਤੂੰ ਵੀ ਕੰਮ ਧੰਦਾ ਕਰਿਆ ਕਰ ਕੀਰਤ ਨੂੰ ਉਸਦੀ ਮਾਂ ਨੇ ਸਮਝਾਉਂਦਿਆਂ ਕਿਹਾ।

ਐਵੇਂ ਨਾ ਸਵੇਰੇ ਹੀ ਸਤਿਸੰਗ ਲਾਇਆ ਕਰ ਮਾਤਾ, ਮੈਨੂੰ ਜ਼ਰੂਰੀ ਕੰਮ ਆ ਤਾਹੀਂ ਜਾਣਾ ਸ਼ਹਿਰ ਨਾਲੇ ਅਗਲੇ ਤੋਂ ਉਧਾਰੇ ਫੜੇ ਸਨ, ਪੈਸੇ ਉਹ ਮੋੜਨੇ ਵੀ ਆ, ਜੇ ਉਹ ਕੱਲ੍ਹ ਨੂੰ ਘਰੇ ਆ ਖੜ੍ਹਾ ਤਾਂ ਐਵੇਂ ਬੇਜਤੀ ਹੋਊੁ, ਬਾਕੀ ਰਹੀ ਗੱਲ ਕੰਮ ਦੀ ਉਹ ਮੈਂ ਆ ਕੇ ਕਰਦੂੰ ਜਿਹਾੜਾ ਮਰਜ਼ੀ ਕਹਿ ਦੇਵੀਂ

ਮੈਂ ਜਾਣਦੀ ਆਂ ਤੈਨੂੰ ਨਾਲੇ ਤੈਨੂੰ ਉਧਾਰ ਦੇਣ ਆਲਿਆਂ ਨੂੰ, ਨਾਲੇ ਸਾਨੂੰ ਕਿਹੜਾ ਪੁੱਛ ਕੇ ਫੜੇ ਸੀ ਤੂੰ ਪੈਸੇ, ਉਥੇ ਜਾ ਕੇ ਟੀਕੇ ਹੀ ਲਾਉਣੇ ਆਂ ਤੂੰ ਮੈਨੂੰ ਸਭ ਪਤਾ ਤੇਰੇ ਲੱਛਣਾਂ ਦਾ, ਆਥਣੇ ਪੈਰ ਤਾਂ ਤੇਰੇ ਲੱਗਦੇ ਨਹੀਂ ਹੁੰਦੇ, ਕੰਮ ਤੂੰ ਕਿਹੜਾ ਕਰਵਾ ਦੇਵੇਂਗਾ ਭਲਾਂ ਦੱਸੀ ਮੈਨੂੰ?
ਲੈ ਫੇਰ ਤੇਰੀ ਜਨਾਨੀਆਂ ਆਲੀ ਗੱਲ, ਨਾਲੇ ਤੈਨੂੰ ਕਿਹਾ ਵੀ ਮੇਰੇ ਨਾਲ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰ ਮਗਰੋਂ ਕਹਿਣਾ
ਜਵਾਨ ਹੋ ਕੇ ਇਹ ਗਾਲਾਂ ਕੱਢਦਾ ਜਾਂ ਕਲੇਸ਼ ਕਰਦਾ, ਬੰਦੇ ਦੀ ਮਜ਼ਬੂਰੀ ਵੀ ਸਮਝਿਆ ਕਰੋ, ਨਾਲੇ ਜੇ ਮੈਨੂੰ ਕੁਝ ਹੋ ਗਿਆ ਫੇਰ ਚੱਟ ਲਿਓ ਪੈਸੇ ਨੂੰ ਜਾਂ ਲੈ ਜਾਇਓ ਹਿੱਕ ’ਤੇ ਧਰਕੇ, ਮੈਂ ਤਾਂ ਅੱਜ ਪੈਸੇ ਲੈ ਕੇ ਹੀ ਜਾਣੇ ਆ, ਅਗਲੇ ਦੇ ਮੋੜਨੇ ਵੀ ਆ ਭਾਵੇਂ ਆਹ ਕਾਰ ਜਾਂ ਮੋਟਰਸਾਇਕਲ ਮੈਨੂੰ ਗਹਿਣੇ ਹੀ ਰੱਖਣਾ ਪੈਜੇ ਕਿਸੇ ਕੋਲ
ਕੀਰਤ ਨੇ ਕੋਈ ਚਾਰਾ ਨਾ ਚੱਲਦਾ ਵੇਖਕੇ ਇੱਕ ਗਿੱਦੜ ਧਮਕੀ ਦਿੱਤੀ।

ਨਾਜ਼ਰ ਸਿੰਘ ਦੇ ਘਰ ਕੀਰਤ ਤੇ ਉਸਦੀ ਮਾਤਾ ਵਿਚਕਾਰ ਲਗਭਗ ਹਰ ਰੋਜ਼ ਅਜਿਹੀ ਹੀ ਵਾਰਤਾਲਾਪ ਚੱਲਦੀ ਸੀ, ਹਾਂ ਕੀਰਤ ਦੇ ਅਕਸਰ ਡਾਇਲਾਗ, ਧਮਕੀਆਂ ਜਾਂ ਬਹਾਨੇ ਕਈ ਵਾਰ ਬਦਲ ਜਾਂਦੇ ਸਨ। ਕੀਰਤ ਹਾਲ ਦੀ ਘੜੀ ਪਿੰਡ ਦੇ ਸਭ ਤੋਂ ਵਿਹਲੜ ਤੇ ਨਸ਼ੇੜੀਆਂ ਵਿਚੋਂ ਇੱਕ ਸੀ। ਘਰੋਂ ਕੋਈ ਸਾਮਾਨ ਵੇਚ ਕੇ ਜਾਂ ਕਿਸੇ ਨੂੰ ਡਰਾ-ਧਮਕਾ ਕੇ ਉਹ ਪੈਸੇ ਲੈ ਜਾਂਦਾ ਤੇ ਆਥਣੇ ਝੂਲਦੇ ਝੂਲਦੇ ਘਰੇ ਵੜਨਾ ਉਸਦੇ ਰੋਜ਼ਾਨਾ ਦੇ ਕੰਮਾਂ ਵਿੱਚੋਂ ਇੱਕ ਮੁੱਖ ਕੰਮ ਸੀ।

ਅਸਲ ਵਿੱਚ ਕੀਰਤ ਨੂੰ ਇੰਜ ਵਿਗਾੜਨ ਪਿੱਛੇ ਉਸਦੇ ਘਰਦਿਆਂ ਦਾ ਹੀ ਵੱਡਾ ਹੱਥ ਸੀ, ਦੋ ਭੈਣਾਂ ਦਾ ਇਕੱਲਾ ਤੇ ਲਾਡਲਾ ਭਰਾ ਹੋਣ ਕਰਕੇ ਬਚਪਨ ਵਿੱਚ ਮਿਲੇ ਅੰਨ੍ਹੇ ਲਾਡ-ਪਿਆਰ ਨੇ ਉਸਨੂੰ ਰਸਤੇ ਤੋਂ ਭਟਕਾ ਦਿੱਤਾ ਸੀ। ਬਿਨ ਮੰਗਿਆਂ ਜਾਂ ਬੋਲ ਨਿਕਲਣ ਸਾਰ ਹਰ ਖਿਡੌਣਾ ਜਾਂ ਹਰ ਉਹ ਚੀਜ਼ ਉਸ ਲਈ ਹਾਜ਼ਰ ਰਹਿੰਦੀ ਸੀ, ਜਿਸਦੀ ਉਸਨੂੰ ਜ਼ਰੂਰਤ ਵੀ ਨਹੀਂ ਹੁੰਦੀ ਸੀ। ਉਪਰੋਂ ਨਾਨਕੇ ਵੀ ਤਕੜੇ ਸਨ ਨਾਨਾ-ਨਾਨੀ ਹੋਰੇ ਆਪਣੇ ਦੋਹਤੇ ਦਾ ਬੜਾ ਹੀ ਮੋਹ ਕਰਦੇ ਸਨ, ਜਦ ਵੀ ਉਹ ਇਥੇ ਆਉਂਦੇ ਜਾਂ ਕੀਰਤ ਨਾਨਕੇ ਜਾਂਦਾ ਤਾਂ ਖਰਚ ਲਈ ਖੁੱਲ੍ਹੇ ਪੈਸੇ ਮਿਲਦੇ, ਬਿਨਾਂ ਕਿਸੇ ਫਿਕਰਾਂ ਵਿੱਚ ਪਲੇ ਬਚਪਨ ਅਤੇ ਚੰਗੀ ਖੁਰਾਕ ਸਦਕਾ ਕੀਰਤ ਸਿਹਤ ਪੱਖੋਂ ਸਾਰੇ ਹਾਣੀਆਂ ਨਾਲੋਂ ਦੂਣਾ ਸੀ।
ਅੱਠਵੀਂ ਕਲਾਸ ਵਿੱਚ ਮੋਬਾਇਲ ਤੇ ਦਸਵੀਂ ਤੱਕ ਹੁੰਦਿਆਂ ਮਿਲੇ ਬੁਲੇਟ ਮੋਟਰਸਾਇਕਲ ਨੇ ਉਸਨੂੰ ਫੁਕਰਪੁਣੇ ਵਿੱਚ ਵਾੜ ਦਿੱਤਾ ਉਪਰੋਂ ਉਸ ਸਮੇਂ ਚਲਦੇ ਪੰਜਾਬੀ ਗੀਤਾਂ ਵਿੱਚ ਕਾਲਜਾਂ ਵਿੱਚ ਚਲਦੀਆਂ ਲੜਾਈਆਂ, ਫੁਕਰਪੁਣੇ, ਨਸ਼ਿਆਂ ਅਤੇ ਪ੍ਰਧਾਨਗੀਆਂ ਦੇ ਹੁੰਦੇ ਚਰਚਿਆਂ ਨੇ ਉਸਨੂੰ ਹੋਰ ਹਵਾ ਦੇ ਦਿੱਤੀ ਸੀ।

ਸ਼ਰਾਬ ਤੇ ਅਫੀਮ ਤਾਂ ਉਹ ਸਕੂਲ ਪੜ੍ਹਦਿਆਂ ਹੀ ਖਾਣ ਲੱਗ ਗਿਆ ਸੀ , ਰਹਿੰਦੀ ਕਸਰ ਕਾਲਜ ਦੀ ਅਵਾਰਾ ਮੰਡੀਰ ਨੇ ਕੱਢ ਦਿੱਤੀ ਸੀ। ਕਾਲਜ ਵਿੱਚ ਰੋਜ਼ ਹੁੰਦੀ ਕੋਈ ਨਾ ਕੋਈ ਲੜਾਈ ਵਿੱਚ ਕੀਰਤ ਜਰੂਰ ਸ਼ਾਮਲ ਹੁੰਦਾ ਸੀ। ਜਦੋਂ ਕਿਤੇ ਘਰੇ ਉਲਾਂਭਾ ਆਉਂਦਾ ਤਾਂ ਕੀਰਤ ਦਾ ਬਾਪ ਉਸਨੂੰ ਜ਼ਰੂਰ ਝਿੜਕਦਾ ਸੀ ਪਰ ਉਸਦੀ ਮਾਂ ਹਮੇਸ਼ਾ ਇਕਤਰਫਾ ਸੋਚਕੇ ਕੀਰਤ ਦਾ ਹੀ ਸਾਥ ਦਿੰਦੀ ਸੀ। ਪਹਿਲਾਂ ਤਾਂ ਉਹ ਲੁੱਕ ਛਿਪਕੇ ਨਸ਼ੇ ਕਰਦਾ ਤੇ ਪੈਸੇ ਮੰਗਦਾ ਤੇ ਖਰਚਦਾ ਸੀ ਪਰ ਹੁਣ ਉਹ ਇਸ ਮਾਮਲੇ ਵਿੱਚ ਖੁੱਲ੍ਹ ਗਿਆ ਸੀ। ਹੁਣ ਉਸਦਾ ਸ਼ਰਾਬ ਜਾਂ ਹੋਰ ਪੁਰਾਣੇ ਨਸ਼ਿਆਂ ਨਾਲ ਨਹੀਂ ਸਰਦਾ ਸੀ।

ਕਿਉਂਕਿ ਨੌਜਵਾਨੀ ਉਪਰ ਮੈਡੀਕਲ ਨਸ਼ੇ ਹਾਵੀ ਹੋ ਰਹੇ ਸਨ। ਪਹਿਲਾਂ ਪਹਿਲਾਂ ਸ਼ੀਸ਼ੀਆਂ ਤੇ ਗੋਲੀਆਂ ਵਰਗੇ ਮੈਡੀਕਲ ਨਸ਼ੇ ਚੱਲੇ ਤੇ ਫਿਰ ਸਮੈਕ ਜਾਂ ਚਿੱਟਾ ਬਜ਼ਾਰਾਂ ’ਚ ਆ ਗਿਆ ਸੀ। ਬਸ ਇਸੇ ਜ਼ਹਿਰੀਲੀ ਦਲਦਲ ਵਿੱਚ ਕੀਰਤ ਧਸ ਚੁਕਿਆ ਸੀ। ਜਿਥੋਂ ਬਾਹਰ ਨਿਕਲਣਾ ਨਾ-ਮੁਮਕਿਨ ਤਾਂ ਨਹੀਂ ਪਰ ਕਾਫੀ ਔਖਾ ਹੁੰਦਾ ਹੈ। ਨਸ਼ੇ ਦੀ ਹਾਲਤ ਵਿੱਚ ਜਦ ਉਹ ਰਾਤ ਨੂੰ ਘਰ ਵੜਦਾ ਤਾਂ ਨਿੱਕੀ-ਨਿੱਕੀ ਗੱਲ ’ਤੇ ਕਲੇਸ਼ ਕਰਨ ਲੱਗਾ ਕਈ ਵਾਰ ਉਸਦੇ ਬਾਪ ਨੇ ਉਸਨੂੰ ਕੁੱਟ ਵੀ ਦਿੱਤਾ ਸੀ ਪਰ ਹੁਣ ਪੈਂਦੀ ਇਸ ਕੁੱਟ-ਮਾਰ ਦਾ ਉਸ ’ਤੇ ਕੋਈ ਅਸਰ ਨਹੀਂ ਹੋਣ ਵਾਲਾ ਸੀ। ਮਗਰੋਂ ਉਸਨੂੰ ਕਰੀਬ ਵਾਰੀ-ਵਾਰੀ ਲਗਭਗ ਦੋ-ਤਿੰਨ ਸਾਲ ਤੱਕ ਨਸ਼ਾ ਛੁਡਾਊੁ ਕੇਂਦਰਾਂ ਵਿੱਚ ਵੀ ਭੱਜਿਆ ਗਿਆ।

ਉਥੋਂ ਆਉਣ ਮਗਰੋਂ ਕੁਝ ਦਿਨ ਤਾਂ ਕੀਰਤ ਬਿਲਕੁਲ ਠੀਕ ਰਹਿੰਦਾ ਪਰ ਮਗਰੋਂ ਫਿਰ ਮਾੜੀ ਸੰਗਤ ਵਿੱਚ ਰਲਕੇ ਨਸ਼ੇ ਕਰਨ ਲੱਗ ਜਾਂਦਾ, ਹਰ ਰੋਜ਼ ਨਸ਼ੇ ਕਰਨ ਲਈ ਘਰੋਂ ਪੈਸੇ ਮੰਗਣੇ ਨਾ ਮਿਲਣ ’ਤੇ ਘਰੋਂ ਕੋਈ ਸਾਮਾਨ ਚੁੱਕਕੇ ਵੇਚ ਦੇਣਾ ਜਾਂ ਫਿਰ ਕਲੇਸ਼ ਕਰਨਾ, ਕਈ ਵਾਰ ਤਾਂ ਉਹ ਪੈਸਿਆਂ ਲਈ ਆਪਣੀ ਮਾਂ ਅਤੇ ਭੈਣਾਂ ਤੇ ਵੀ ਹੱਥ ਚੁੱਕ ਬੈਠਾ ਸੀ। ਅਜਿਹਾ ਕੋਈ ਜਾਣਕਾਰ ਜਾਂ ਰਿਸ਼ਤੇਦਾਰ ਨਹੀਂ ਬਚਿਆ ਸੀ, ਜਿਸ ਤੋਂ ਕੀਰਤ ਨੇ ਬਹਾਨੇ ਮਾਰਕੇ ਉਧਾਰੇ ਪੈਸੇ ਨਾ ਲਏ ਹੋਣ। ਸਵੇਰੇ ਜਿੰਨੀ ਦੇਰ ਉਹ ਕੋਈ ਨਸ਼ਾ ਨਹੀਂ ਕਰਦਾ ਸੀ, ਓਨੀ ਦੇਰ ਉਸਦੀਆਂ ਅੱਖਾਂ ਹੀ ਨਹੀਂ ਖੁੱਲ੍ਹਦੀਆਂ ਸਨ, ਨਾ ਹੀ ਉਸ ਤੋਂ ਕੋਈ ਕੰਮ ਹੁੰਦਾ ਸੀ, ਕਿਸੇ ਸਮੇਂ ਪੂਰੇ ਭਰਵੇਂ ਸ਼ਰੀਰ ਦੇ ਕੀਰਤ ਦੀ ਦੇਹ ਅੱਜ ਮਰੀਅਲ ਜਿਹੀ ਹੋ ਗਈ ਸੀ।

ਮਰਿਆ ਜਿਹਾ ਲੱਕ, ਕਾਲੇ ਬੁੱਲ੍ਹ, ਪਤਲੇ ਮਾਸ ਵਿੱਚ ਦਿਸਦੇ ਹੱਡ ਤੇ ਡਿਕ-ਡੋਲੇ ਖਾਦੀਂ ਤੋਰ ਹੀ ਉਸਦੀ ਪਛਾਣ ਬਣਕੇ ਰਹਿ ਗਈ ਸੀ, ਕਈ ਰਿਸ਼ਤੇਦਾਰ ਤੇ ਹੋਰ ਜਾਣਕਾਰ ਨਾਜਰ ਸਿੰਹੁ ਨੂੰ ਕੀਰਤ ਦਾ ਵਿਆਹ ਕਰਨ ਬਾਰੇ ਕਹਿੰਦੇ ਅਤੇ ਨਾਲ ਇਹ ਵੀ ਤਰਕ ਦਿੰਦੇ ਕਿ ਜਦ ਮੁੰਡੇ ਸਿਰ ਕਬੀਲਦਾਰੀ ਦਾ ਭਾਰ ਪਿਆ ਅਤੇ ਬਿਗਾਨੀ ਧੀ ਆ ਗਈ ਤਾਂ ਆਪੇ ਸੁਧਰ ਜਾਣਾ ਇਹਨੇ , ਨਹੀਂ ਤਾਂ ਉਹ ਖੁਦ ਹੀ ਸੁਧਾਰ ਲਊੁ ਇਹਨੂੰ ਅਜਿਹੀਆਂ ਗੱਲਾਂ ਸੁਣਕੇ ਨਾਜ਼ਰ ਸਿੰਹੁ ਦਾ ਇੱਕ ਹੀ ਜਵਾਬ ਹੁੰਦਾ ਹੈ ਕਿ ਉਹ ਆਪਣੇ ਪੁੱਤ ਕਰਕੇ ਕਿਸੇ ਹੋਰ ਦੀ ਜਿੰਦਗੀ ਦਾਅ ’ਤੇ ਨਹੀਂ ਲਾ ਸਕਦਾ, ਬਾਕੀ ਜੇ ਇਹ ਵਿਆਹ ਤੋਂ ਬਾਅਦ ਵੀ ਨਾ ਸੁਧਰਿਆ ਤਾਂ ਉਸ ਲੜਕੀ ਦੀ ਜਿੰਦਗੀ ਬਰਬਾਦ ਹੋ ਜਾਣੀ ਐ ਤੇ ਉਹ ਖੁਦ ਨੂੰ ਕਦੇ ਮਾਫ ਨਹੀਂ ਕਰ ਸਕੇਗਾ।

ਅੱਜ ਜਦੋਂ ਗੁਰਦੁਆਰੇ ਮੇਘੇ ਨੰਬਰਦਾਰ ਦੇ ਮੁੰਡੇ ਦੀ ਮੌਤ ਦੀ ਅਨਾਊਂੁਸਮੈਂਟ ਹੋਈ ਤਾਂ ਹਰ ਕੋਈ ਹੈਰਾਨ ਸੀ , ਮਸਾਂ ਹੀ ਪੱਚੀ-ਛੱਬੀ ਸਾਲ ਦਾ ਜਵਾਨ ਮੁੰਡਾ ਸੀ ਨੰਬਰਦਾਰ ਦਾ, ਵਿਆਹੇ ਨੂੰ ਵੀ ਮਸੀਂ ਛੇ-ਸੱਤ ਮਹੀਨੇ ਹੋਏ ਸਨ, ਚੰਦਰੇ ਦੀ ਨਸ਼ੇ ਦੀ ਲੱਤ ਨੇ ਦੋ ਪਰਿਵਾਰਾਂ ਨੂੰ ਜਿਉਂਦਿਆਂ ਹੀ ਮਾਰਤਾ, ਇੱਕ ਤਾਂ ਪਰਿਵਾਰ ਵਿੱਚ ਇਕੱਲਾ ਪੁੱਤ ਸੀ ਤੇ ਦੂਜਾ ਉਹ ਬਿਗਾਨੀ ਧੀ , ਜਿਸਨੂੰ ਲੜ ਲਾਕੇ ਉਹ ਲਿਆਇਆ ਸੀ ਉਸ ’ਤੇ ਦਾਗ ਲਾ ਦਿੱਤਾ ਸੀ। ਦੋ-ਤਿੰਨ ਦਿਨਾਂ ਬਾਅਦ ਨੰਬਰਦਾਰਾਂ ਦੇ ਘਰ ਨਾਜ਼ਰ ਸਿੰਘ ਸੱਥਰ ’ਤੇ ਬੈਠਣ ਲਈ ਗਿਆ,
ਨੰਬਰਦਾਰਾ ਬੜਾ ਮਾੜਾ ਭਾਣਾ ਵਰਤਿਆ ਇਹ ਤਾਂ, ਮੁੰਡਾ ਤਾਂ ਚੰਗਾ ਭਲਾ ਸੀ ਨਾ ਕੋਈ ਬਿਮਾਰੀ ਨਾ ਹੋਰ ਕੋਈ ਗੱਲ-ਬਾਤ ਫਿਰ ਇਹ ਸਭ ਕੁਝ ਅਚਾਨਕ ਕਿਵੇ ਵਾਪਰ ਗਿਆ ਬਾਈ ਸਿੰਹੁ?

ਨਾਜ਼ਰ ਸਿੰਆਂ, ਜਦੋਂ ਇਨਸਾਨ ਦੀ ਕਿਸਮਤ ਤੇ ਲੱਛਣ ਮਾੜੇ ਹੋ ਜਾਣ ਤਾਂ ਸਭ ਕੁਝ ਹੋ ਸਕਦਾ, ਬਸ ਗਲਤ ਹੱਥੇ ਚੜ੍ਹ ਗਿਆ ਸੀ ਜਵਾਕ, ਨਸ਼ੇੜੀਆਂ ਨੇ ਸਾਡਾ ਮੁੰਡਾ ਸਾਥੋਂ ਖੋਹ ਲਿਆ, ਉਸ ਦਿਨ ਵੀ ਉਹ ਕਿਸੇ ਕੰਮ ਦਾ ਕਹਿਕੇ ਸ਼ਹਿਰ ਗਿਆ ਸੀ, ਉਥੋਂ ਆ ਕੇ ਬੈਠਾ ਹੀ ਸੀ ਕਿ ਕਿਸੇ ਦਾ ਫੋਨ ਆ ਗਿਆ, ਮਗਰੋਂ ਖੇਤ ਚਲਾ ਗਿਆ ਫੇਰ ਕਰੀਬ ਦੋ ਕੁ ਘੰਟਿਆਂ ਬਾਅਦ ਘਰੇ ਫੋਨ ਆਇਆ ਕਿ ਤੁਹਾਡਾ ਮੁੰਡਾ ਮੋਟਰ ਕੋਲ ਬੇਹੋਸ਼ ਪਿਆ, ਜਦ ਜਾ ਕੇ ਵੇਖਿਆ ਤਾਂ ਉਹ ਪੂਰਾ ਹੋਇਆ ਪਿਆ ਸੀ, ਕੋਲ ਇੱਕ ਸਰਿੰਜ ਪਈ ਸੀ ਬਸ ਟੀਕਾ ਗਲਤ ਜਾਂ ਜਿਆਦਾ ਲੱਗ ਗਿਆ ਹੋਣਾ ਅਤੇ ਜਾਨੋਂ ਹੱਥ ਧੋ ਬੈਠਾ, ਬਥੇਰਾ ਰੋਕਿਆ ਸੀ ਕਿ ਨਸ਼ੇੜੀਆਂ ਦਾ ਸੰਗ ਛੱਡ ਦੇਵੇ ਪਰ ਨਹੀਂ ਮੰਨਿਆ, ਆਪਣੀ ਕੀਤੀ ਭੁਗਤ ਲਈ ਤੇ ਸਾਨੂੰ ਬਰਬਾਦ ਕਰ ਗਿਆ, ਬਾਕੀ ਮੈਂ ਰਿਪੋਰਟ ਵਿੱਚ ਆਪਣੇ ਨੇੜੇ-ਤੇੜੇ ਦੇ ਸਾਰੇ ਬਲੈਕੀਏ ਲਿਖਵਾਏ ਨੇ ਤਾਂ ਕਿ ਕਿਸੇ ਹੋਰ ਦਾ ਘਰ ਨਾ ਉਜੜੇ ਨੰਬਰਦਾਰ ਨੇ ਆਪਣਾ ਦੁੱਖ ਬਿਆਨ ਕਰਦਿਆਂ ਕਿਹਾ।

ਬਾਈ ਹੋਇਆ ਤਾਂ ਬਹੁਤ ਹੀ ਮਾੜਾ ਪਰ ਆਹ ਰਿਪੋਰਟਾਂ ਲਿਖਵਾਕੇ ਕਿਹੜਾ ਇਹ ਜ਼ਹਿਰ ਵਿਕਣੋਂ ਹਟ ਜਾਣਾ, ਜਿਹੜੀ ਪੁਲਿਸ ਨੂੰ ਤੂੰ ਰਿਪੋਰਟ ਲਿਖਵਾਈ ਐ, ਤੈਨੂੰ ਕੀ ਲਗਦਾ ਇਹਨਾਂ ਨੂੰ ਕੁਝ ਪਤਾ ਨਹੀਂ ਇਹ ਤਾਂ ਸਗੋਂ ਖੁਦ ਪਹਿਰਾ ਕਰ-ਕਰ ਨਸ਼ੇ ਵਿਕਵਾਉਂਦੇ ਨੇ, ਸਭ ਕੰਮ ਇਹਨਾਂ ਚੋਰ ਲੀਡਰਾਂ ਦੇ ਨੇ ਅਤੇ ਕੁੱਤੀ ਚੋਰਾਂ ਨਾਲ ਰਲੀ ਹੋਈ ਆ, ਇਹ ਬਲੈਕੀਏ ਤਾਂ ਸਰਕਾਰਾਂ ਅਤੇ ਪੁਲਿਸ ਦੇ ਕਮਾਉੂ ਪੁੱਤ ਨੇ, ਕੁਝ ਮਹੀਨੇ ਪਹਿਲਾਂ ਮੈਂ ਖੁਦ ਸਰਪੰਚ ਨੂੰ ਲੈ ਕੇ ਥਾਣੇ ਗਿਆ ਸੀ ਸ਼ਿਕਾਇਤ ਕਰਨ ਪਰ ਮਜਾਲ ਐ ਕਿ ਇਹਨਾਂ ਨੂੰ ਕੁਝ ਕਿਹਾ ਹੋਏ ਉਪਰੋਂ ਅਫਸਰ ਸਾਡੇ ਗਲ ਪੈਦੇ ਸੀ।

ਨੰਬਰਦਾਰਾ ਇਹ ਆਪਣੇ ਕਹੇ ਨਹੀਂ ਸੁਧਰਦੇ ਰੱਬ ਕਰੇ ਕਿ ਆਹ ਨਸ਼ੇ ਵੇਚਣ ਤੇ ਵਿਕਵਾਉਣ ਵਾਲਿਆਂ ਦੇ ਪੁੱਤ ਵੀ ਇਦਾਂ ਹੀ ਤੜਫ-ਤੜਫ ਕੇ ਮਰਨ ਇਹਨਾਂ ਦੀਆਂ ਵੀ ਜਾਇਦਾਦਾਂ ਵਿਕਣ ਫੇਰ ਅਕਲ ਟਿਕਾਣੇ ਆਊੁ ਇਹਨਾਂ ਦੀ, ਜਿਨਾ ਚਿਰ ਇਹਨਾਂ ਦੀਆਂ ਧੀਆਂ ਜਾਂ ਨੂੰਹਾਂ ਵਿਧਵਾ ਹੋ ਕੇ ਨਹੀਂ ਬੈਠਦੀਆਂ ਓਨਾ ਚਿਰ ਨਹੀਂ ਇਹ ਪੈਸੇ ਦੇ ਯਾਰ ਲੋਕਾਂ ਦੇ ਦੁੱਖ ਦਰਦ ਸਮਝ ਸਕਦੇ ਪਤਾ ਨਹੀਂ ਇਹਨਾਂ ਲਾਲਚੀ ਲੋਕਾਂ ਕਰਕੇ ਕਿੰਨੇ ਘਰ ਉਜੜ ਗਏ ਤੇ ਕਿੰਨੇ ਹੋਰ ਉਜੜਨੇ ਨੇ ਨਾਜ਼ਰ ਸਿੰਹੁ ਨੇ ਆਪਣੇ ਦਿਲ ਦੀ ਭੜਾਸ ਕੱਢਦਿਆਂ ਨੰਬਰਦਾਰ ਨੂੰ ਦੇਸ਼ ਦੇ ਸਿਸਟਮ ਦੀ ਨਲਾਇਕੀ ਬਾਰੇ ਜਾਣੂ ਕਰਵਾਇਆ ਅਤੇ ਦੇਸ਼ ਦੇ ਗੱਦਾਰਾਂ ਨੂੰ ਕੁਝ ਲਾਹਨਤਾਂ ਵੀ ਪਾਈਆਂ, ਕਿਉਂਕਿ ਉਸਨੂੰ ਸ਼ਾਇਦ ਨੰਬਰਦਾਰ ਦੇ ਦੁੱਖ ਅਤੇ ਕੀਰਤ ਦੇ ਭਵਿੱਖ ਬਾਰੇ ਵੀ ਅਹਿਸਾਸ ਸੀ।
ਸੁਖਵਿੰਦਰ ਚਹਿਲ
ਸੰਗਤ ਕਲਾਂ (ਬਠਿੰਡਾ)
99881-58844

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ