ਹਲਕਾ ਸਨੌਰ ’ਚ ਲਾਲ ਸਿੰਘ ਦੇ ਸਮੱਰਥਕਾਂ ਵੱਲੋਂ ਬਗਾਵਤ, ਹੈਰੀਮਾਨ ਦੀ ਟਿਕਟ ਮਨਜ਼ੂਰ ਨਹੀਂ

Lal Singh Sachkahoon

ਵੱਡੀ ਗਿਣਤੀ ਸਮੱਰਥਕ ਲਾਲ ਸਿੰਘ ਦੀ ਕੋਠੀ ਪੁੱਜੇ, ਹਾਈਕਮਾਂਡ ਨੂੰ ਸੁਨੇਹਾ ਦੇਣ ਲਈ ਕਿਹਾ

ਕਿਹਾ, ਆਬਜ਼ਰਵਰਾਂ ਨੇ ਹਾਈਕਮਾਂਡ ਨੂੰ ਹਲਕੇ ਦੀ ਸਹੀ ਸਥਿਤੀ ਨਹੀਂ ਬਿਆਨੀ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਹਲਕਾ ਸਨੌਰ ’ਚ ਕਾਂਗਰਸ ਪਾਰਟੀ ਵੱਲੋਂ ਹਲਕਾ ਇੰਚਾਰਜ਼ ਹਰਿੰਦਰਪਾਲ ਸਿੰਘ ਹੈਰੀਮਾਨ ਨੂੰ ਟਿਕਟ ਮਿਲਣ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ (Lal Singh) ਦੇ ਸਮੱਰਥਕ ਇਕੱਠੇ ਹੋ ਕੇ ਅੱਜ ਉਨ੍ਹਾਂ ਦੀ ਕੋਠੀ ਪਟਿਆਲਾ ਵਿਖੇ ਪੁੱਜੇ। ਇਸ ਦੌਰਾਨ ਇਨ੍ਹਾਂ ਸਮਰੱਥਕਾਂ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨੂੰ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਟਿਕਟ ਮਨਜ਼ੂਰ ਨਹੀਂ ਹੈ ਅਤੇ ਇੱਥੋਂ ਟਿਕਟ ਬਦਲੀ ਜਾਵੇ। ਪਤਾ ਲੱਗਾ ਹੈ ਕਿ ਲਾਲ ਸਿੰਘ ਦੇ ਸਮੱਰਥਕਾਂ ਵੱਲੋਂ 20 ਜਨਵਰੀ ਨੂੰ ਇੱਕ ਮੀਟਿੰਗ ਵੀ ਰੱਖੀ ਗਈ ਹੈ।

ਦੱਸਣਯੋਗ ਹੈ ਕਿ ਹਲਕਾ ਸਨੌਰ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੱਲੋਂ ਹਾਈਕਮਾਂਡ ਤੋਂ ਟਿਕਟ ਦੀ ਮੰਗ ਕੀਤੀ ਗਈ ਸੀ। ਲਾਲ ਸਿੰਘ ਦੇ ਪੁੱਤਰ ਰਜਿੰਦਰ ਸਿੰਘ ਨੂੰ ਹਲਕਾ ਸਮਾਣਾ ਤੋਂ ਟਿਕਟ ਮਿਲ ਚੁੱਕੀ ਹੈ ਅਤੇ ਕਾਂਗਰਸ ਹਾਈਕਮਾਂਡ ਵੱਲੋਂ ਇੱਕ ਪਰਿਵਾਰ ਇੱਕ ਟਿਕਟ ਦੇ ਕੀਤੇ ਫੈਸਲੇ ਕਾਰਨ ਲਾਲ ਸਿੰਘ ਟਿਕਟ ਤੋਂ ਵਿਰਵੇ ਰਹਿ ਗਏ ਹਨ। ਇੱਧਰ ਲਾਲ ਸਿੰਘ ਦੇ ਸਮੱਰਥਕਾਂ ਨੂੰ ਹਰਿੰਦਰਪਾਲ ਸਿੰਘ ਹੈਰੀਮਾਨ ਨੂੰ ਦਿੱਤੀ ਗਈ ਟਿਕਟ ਮਨਜ਼ੂਰ ਨਹੀਂ ਹੈ, ਜਿਸ ਕਾਰਨ ਉਹ ਇੱਥੋਂ ਕਾਂਗਰਸੀ ਆਗੂ ਦਾ ਵਿਰੋਧ ਜਿਤਾ ਰਹੇ ਹਨ। ਭੁਨਰਹੇੜੀ ਦੇ ਕਾਂਗਰਸੀ ਆਗੂ ਗੁਰਮੀਤ ਸਿੰਘ ਸਮੇਤ ਕਾਂਗਰਸ ਦੇ ਕਾਫ਼ੀ ਆਗੂ ਅੱਜ ਲਾਲ ਸਿੰਘ ਦੀ ਪਟਿਆਲਾ ਸਥਿਤ ਕੋਠੀ ’ਤੇ ਪੁੱਜੇ ਅਤੇ ਉਨ੍ਹਾਂ ਕਿਹਾ ਕਿ ਉਹ ਹਾਈਕਮਾਂਡ ਨੂੰ ਸੁਨੇਹਾ ਭੇਜਣ ਕਿ ਇੱਥੋਂ ਟਿਕਟ ਬਦਲੀ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਹਲਕਾ ਇੰਚਾਰਜ਼ ਨੂੰ ਟਿਕਟ ਦਿੱਤੀ ਗਈ ਹੈ, ਉਸ ਵੱਲੋਂ ਪੰਜ ਸਾਲਾਂ ਦੌਰਾਨ ਹਲਕੇ ਦੇ ਕਾਂਗਰਸੀਆਂ ਆਗੂਆਂ ਉੱਪਰ ਹੀ ਤਰ੍ਹਾਂ-ਤਰ੍ਹਾਂ ਦੇ ਕੇਸ ਪਵਾਏ ਗਏ। ਇੱਥੋਂ ਤੱਕ ਕਿ ਸਨੌਰ ਅੰਦਰ ਭਿ੍ਰਸ਼ਟਾਚਾਰ ਚਾਰੇ ਹੱਦ ਬੰਨੇ ਟੱਪ ਗਿਆ ਅਤੇ ਇੱਥੇ ਸ਼ਰੇਆਮ ਕਬਜੇ ਕਰਵਾਏ ਗਏ।

ਬਗਾਵਤ ਕਰਨ ਵਾਲੇ ਕਾਂਗਰਸੀਆਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਆਬਜ਼ਰਵਰਾਂ ਵੱਲੋਂ ਹਾਈਕਮਾਂਡ ਨੂੰ ਹਲਕੇ ਦੀ ਸਹੀ ਸਥਿਤੀ ਨਹੀਂ ਬਿਆਨੀ ਗਈ, ਸਗੋਂ ਉਨ੍ਹਾਂ ਵੱਲੋਂ ਪੱਖਪਾਤ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਲਾਲ ਸਿੰਘ ਨੂੰ ਇੱਥੋਂ ਤੱਕ ਆਖ ਦਿੱਤਾ ਹੈ ਕਿ ਜੇਕਰ ਹਲਕਾ ਸਨੌਰ ਅੰਦਰ ਉਕਤ ਉਮੀਦਵਾਰ ਨਾ ਬਦਲਿਆ ਗਿਆ ਤਾਂ ਉਹ 20 ਜਨਵਰੀ ਨੂੰ ਇੱਕ ਮੀਟਿੰਗ ਕਰਨਗੇ ਅਤੇ ਇਸ ਤੋਂ ਬਾਅਦ ਉਹ ਆਪਣਾ ਫੈਸਲਾ ਲੈਣਗੇ। ਦੱਸਣਯੋਗ ਹੈ ਕਿ ਹਲਕਾ ਸਨੌਰ ਅੰਦਰ ਲਾਲ ਸਿੰਘ ਵੱਲੋਂ ਪਿਛਲੇ ਮਹੀਨੇ ਦੌਰਾਨ ਪੰਚਾਇਤਾਂ ਨੂੰ ਚੈੱਕ ਵੰਡੇ ਗਏ ਅਤੇ ਵੱਡੇ ਇਕੱਠ ਕਰਕੇ ਆਪਣੇ ਲਈ ਟਿਕਟ ਵੀ ਮੰਗੀ ਗਈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਲਕਾ ਇੰਚਾਰਜ਼ ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋਂ ਕੀਤੀ ਰੈਲੀ ਵਿੱਚ ਪੁੱਜੇ ਅਤੇ ਉਨ੍ਹਾਂ ਵੱਲੋਂ ਹੈਰੀਮਾਨ ਦੀ ਪਿੱਠ ਵੀ ਥਾਪੜੀ ਗਈ ਸੀ। ਹਰਿੰਦਰਪਾਲ ਸਿੰਘ ਹੈਰੀਮਾਨ ਟਿਕਟ ਮਿਲਣ ਤੋਂ ਬਾਅਦ ਚੋਣ ਮੈਦਾਨ ਵਿੱਚ ਡਟ ਗਏ ਹਨ।

ਕਾਂਗਰਸੀਆਂ ਦਾ ਸੁਨੇਹਾ ਹਾਈਕਮਾਂਡ ਤੱਕ ਭੇਜਾਂਗਾ : ਲਾਲ ਸਿੰਘ

ਇਸ ਸਬੰਧੀ ਜਦੋਂ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਪੁਸਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਮੱਰਥਕ ਆਏ ਸਨ ਅਤੇ ਉਨ੍ਹਾਂ ਵੱਲੋਂ ਹਾਈਕਮਾਂਡ ਨੂੰ ਸੁਨੇਹਾ ਲਗਾਉਣ ਲਈ ਆਖਿਆ ਹੈ ਕਿ ਉਨ੍ਹਾਂ ਨੂੰ ਸਬੰਧਿਤ ਉਮੀਦਵਾਰ ਮਨਜ਼ੂਰ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਨੌਰ ਦੇ ਕਾਂਗਰਸੀ ਇਸ ਗੱਲੋਂ ਔਖੇ ਹਨ ਕਿ ਹਲਕੇ ਅੰਦਰ ਵੱਡੀ ਪੱਧਰ ’ਤੇ ਗਲਤ ਕੰਮ ਹੋਏ ਹਨ। ਲਾਲ ਸਿੰਘ ਨੇ ਦੱਸਿਆ ਕਿ ਕਾਂਗਰਸੀਆਂ ਵੱਲੋਂ ਆਖਿਆ ਗਿਆ ਹੈ ਕਿ ਉਹ 20 ਜਨਵਰੀ ਨੂੰ ਆਪਣੀ ਮੀਟਿੰਗ ਰੱਖ ਰਹੇ ਹਨ ਅਤੇ ਉਸ ਦੌਰਾਨ ਆਪਣਾ ਫੈਸਲਾ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ