ਰਫਿਊਜੀ

ਰਫਿਊਜੀ

ਬਚਿੱਤਰ ਸਿੰਘ ਅੱਜ ਸਾਰੇ ਪਿੰਡ ਲਈ ਉਦਾਹਰਨ ਬਣ ਚੁੱਕਾ ਸੀ। ਪਿੰਡ ਦੇ ਲੋਕ ਆਪਣੇ ਬੱਚਿਆਂ ਨੂੰ ਸਮਝਾਉਣ ਲਈ ਬਚਿੱਤਰ ਸਿੰਹੁ ਬਾਰੇ ਚਾਨਣਾ ਪਾਉਂਦੇ ਸਨ। ਬਚਿੱਤਰ ਅਤੇ ਉਸਦਾ ਪਰਿਵਾਰ ਦਾ ਅੱਜ ਭਾਵੇਂ ਪਿੰਡ ਵਿੱਚੋਂ ਨਾਮੋ-ਨਿਸ਼ਾਨ ਮਿਟ ਚੁੱਕਾ ਸੀ ਪਰ ਅੱਜ ਜਦੋਂ ਬਚਿੱਤਰ ਦੀ ਲਾਵਾਰਿਸ ਲਾਸ਼ ਦਾ ਪਿੰਡ ਦੇ ਕਲੱਬ ਵੱਲੋਂ ਸਸਕਾਰ ਕੀਤਾ ਗਿਆ ਤਾਂ ਲਗਭਗ ਹਰ ਉਹ ਸ਼ਖਸ ਸੋਚਣ ਲਈ ਮਜ਼ਬੂਰ ਹੋ ਗਿਆ ਜੋ ਮੌਤ ਨੂੰ ਭੁਲਾ ਕੇ ਲੋਕਾਂ ਨਾਲ ਠੱਗੀ, ਬੇਈਮਾਨੀ ਤੇ ਗਰੀਬ ਮਾਰ ਕਰਦਾ ਸੀ।

ਕਰੀਬ ਵੀਹ-ਤੀਹ ਕੁ ਸਾਲ ਪਹਿਲਾਂ ਜਦੋਂ ਬਚਿੱਤਰ ਸਿੰਹੁ ਦੀ ਸਰਦਾਰੀ ਆਪਣੇ ਪੂਰੇ ਜੋਬਨ ’ਤੇ ਸੀ ਅਤੇ ਨੇੜੇ-ਤੇੜੇ ਦੇ ਪਿੰਡਾਂ ਵਿੱਚ ਉਸਦੀ ਤੂਤੀ ਬੋਲਦੀ ਸੀ ਅਤੇ ਜਦ ਬਚਿੱਤਰ ਸਿੰਘ ਹੰਕਾਰ ਵਿੱਚ ਭਰਿਆ ਰੱਬ ਨੂੰ ਟੱਬ ਦੱਸ ਕੇ ਮੋਢੇ ਉੱਪਰੋਂ ਦੀ ਥੁੱਕਦਾ ਹੁੰਦਾ ਸੀ ਅਤੇ ਜਦ ਉਸਨੇ ਨਜਾਇਜ ਵਿਆਜ਼ ਉੱਪਰ ਗਰੀਬਾਂ ਨੂੰ ਕਰਜ਼ੇ ਦੇ ਕੇ ਅਤੇ ਪੰਜ ਰੁਪਏ ਦੇ ਪੰਜਾਹ ਲਿਖ ਕੇ ਅਨਪੜ੍ਹ ਲੋਕਾਂ ਤੋਂ ਧੋਖੇ ਨਾਲ ਅੰਗੂਠੇ ਲਵਾ-ਲਵਾ ਕੇ ਕਰੀਬ ਅੱਧੇ ਪਿੰਡ ਦੀ ਜ਼ਮੀਨ ’ਤੇ ਉਸਨੇ ਕਬਜ਼ਾ ਕਰ ਲਿਆ ਸੀ।

ਤਦ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਹਵੇਲੀਆਂ ਦੇ ਇਸ ਮਾਲਕ ਦਾ ਅਖੀਰਲਾ ਸਮਾਂ ਇੰਨਾ ਮਾੜਾ ਹੋਏਗਾ। ਇਸ ਦੀ ਚਿਤਾ ਨੂੰ ਅੱਗ ਦੇਣ ਲਈ ਵੀ ਇਸਦਾ ਕੋਈ ਆਪਣਾ ਨਹੀਂ ਬਚੇਗਾ? ਪਰ ਹਾਂ ਅਕਸਰ ਬਚਿੱਤਰ ਦੇ ਧੋਖੇ ਦਾ ਸ਼ਿਕਾਰ ਹੋਏ ਗਰੀਬਾਂ ਦੇ ਮੂੰਹੋਂ ਬਦ-ਦੁਆਵਾਂ ਜਰੂਰ ਨਿੱਕਲਦੀਆਂ ਸਨ। ਬਜ਼ੁਰਗ ਅਕਸਰ ਦੱਸਦੇ ਸਨ ਕਿ ਜਦੋਂ ਦੇਸ਼ ਦੀ ਵੰਡ ਹੋਈ ਸੀ ਤਦ ਬਚਿੱਤਰ ਮਸੀਂ ਪੰਦਰਾਂ ਕੁ ਸਾਲ ਦਾ ਸੀ। ਉਸਦਾ ਬਾਪ ਸਿਰੇ ਦਾ ਨਸ਼ੇੜੀ ਸੀ, ਘਰ ਵਿੱਚ ਹੱਦ ਦਰਜੇ ਦੀ ਗੁਰਬਤ ਸੀ ਇਹ ਤਦ ਬੱਕਰੀਆਂ ਚਾਰਨ ਜਾਂਦਾ ਹੁੰਦਾ ਸੀ।

ਭਾਦੋਂ ਦੇ ਮਹੀਨੇ ਜਦ ਵੰਡ ਦੀਆਂ ਖਬਰਾਂ ਲੋਕਾਂ ਵਿੱਚ ਫੈਲੀਆਂ ਤਦ ਸਾਰੇ ਮੁਲਕ ਵਿੱਚ ਹਾਹਾਕਾਰ ਜਿਹੀ ਮੱਚ ਗਈ ਸੀ, ਕੁਝ ਦਿਨ ਪਹਿਲਾਂ ਜੋ ਹਿੰਦੂ ਮੁਸਲਮਾਨ ਇੱਕ-ਦੂਜੇ ਲਈ ਖੂਨ ਡੋਲ੍ਹਣ ਤੱਕ ਜਾਂਦੇ ਸਨ ਪਰ ਸਮੇਂ ਨੇ ਲੋਕਾਂ ਦਾ ਅਜਿਹਾ ਦਿਮਾਗ ਫੇਰਿਆ ਸੀ ਕਿ ਫਿਰ ਉਹ ਇੱਕ-ਦੂਜੇ ਦਾ ਖੂਨ ਡੋਲ੍ਹਣ ਲਈ ਕਾਹਲੇ ਹੋ ਗਏ ਸਨ। ਲੁੱਟ-ਮਾਰ ਤੇ ਕਤਲੋ-ਗਾਰਤ ਦੀਆਂ ਖਬਰਾਂ ਰੇਡੀਓ ’ਤੇ ਦਿਨ-ਰਾਤ ਚੱਲਣ ਲੱਗੀਆਂ, ਭਾਦੋਂ ਦੀ ਗਰਮੀ ਤੇ ਹੁੰਮਸ ਨੇ ਇਸ ਨਫਰਤ ਦੀ ਚੱਲ ਰਹੀ ਹਵਾ ਨੂੰ ਹੋਰ ਭੜਕਾ ਦਿੱਤਾ। ਬਚਿੱਤਰ ਵੀ ਉਸ ਰਾਤ ਪਿੰਡੋਂ ਬਾਹਰ ਚੜ੍ਹਦੇ ਵਾਲੇ ਪਾਸੇ ਟਿੱਬੇ ਲਾਗੇ ਮਾਲ ਨੂੰ ਵਾੜੇ ਵਿੱਚ ਤਾੜਕੇ ਸੌਣ ਦੀ ਤਿਆਰੀ ਕਰ ਰਿਹਾ ਸੀ।

ਤਦ ਅਚਾਨਕ ਇੱਕ ਮੁਸਲਮਾਨ ਪਰਿਵਾਰ ਡਰਦਿਆਂ-ਡਰਦਿਆਂ ਬਚਿੱਤਰ ਕੋਲ ਆਣ ਬੈਠਾ, ਜਿਸ ਵਿੱਚ ਉਸ ਪਰਿਵਾਰ ਦਾ ਮੁਖੀ ਉਸਦੀ ਨੂੰਹ, ਧੀ ਅਤੇ ਤਿੰਨ ਨਿਆਣੇ ਸਨ, ਪਰਿਵਾਰ ਦੇ ਬਾਕੀ ਮਰਦ ਸ਼ਾਇਦ ਕਤਲ ਹੋ ਗਏ ਸਨ।
‘‘ਸਰਦਾਰਾ, ਦੋ ਦਿਨ ਹੋ ਗਏ ਨੇ ਸਾਨੂੰ ਤੁਰਦਿਆਂ ਨੂੰ, ਇਹਨਾਂ ਜਵਾਕਾਂ ਨੇ ਅੰਨ ਦਾ ਦਾਣਾ ਵੀ ਮੂੰਹ ਵਿੱਚ ਨਹੀਂ ਪਾ ਕੇ ਵੇਖਿਆ, ਉੱਪਰੋਂ ਗਰਮੀ ਕਰਕੇ ਜਾਨ ਨਿੱਕਲ ਰਹੀ ਹੈ, ਪਾਣੀ ਦੀ ਘੁੱਟ ਪੀਤੇ ਨੂੰ ਵੀ ਤਿੰਨ ਪਹਿਰ ਲੰਘ ਗਏ ਨੇ ਸਰਦਾਰਾ, ਅੱਲ੍ਹਾ ਤੇਰਾ ਭਲਾ ਕਰੇ ਜੇ ਕੁਝ ਖਾਣ-ਪੀਣ ਨੂੰ ਲਿਆ ਦੇਵੇਂ ਤਾਂ ਅਸੀਂ ਬਚ ਜਾਈਏ, ਨਹੀਂ ਤਾਂ ਸਾਡਾ ਬਾਕੀ ਪਰਿਵਾਰ ਕਤਲ ਹੋ ਗਿਆ, ਅਤੇ ਅਸੀਂ ਭੁੱਖ ਪਿਆਸ ਨਾਲ ਹੀ ਮਰ ਜਾਣਾ, ਆਹ ਲੈ ਕੁਝ ਪੈਸੇ ਰੱਖ ਲੈ ਪਰ ਕੁਝ ਖਾਣ ਨੂੰ ਲਿਆ ਦੇ ਸਰਦਾਰਾ, ਅੱਲ੍ਹਾ ਤੈਨੂੰ ਬਰਕਤਾਂ ਪਾਊ!’’

ਉਸ ਬਜੁਰਗ ਮੁਸਲਮਾਨ ਨੇ ਬਚਿੱਤਰ ਨੂੰ ਆਪਣੀ ਤਕਲੀਫ ਸੁਣਾਈ ਤੇ ਕੁਝ ਰੁਪਏ ਦਿੰਦਿਆਂ ਉਸਨੂੰ ਕੁਝ ਖਵਾਉਣ ਦਾ ਵਾਸਤਾ ਪਾਇਆ। ਬਚਿੱਤਰ ਨੇ ਕੋਲ ਪਏ ਘੜੇ ’ਚੋਂ ਸਾਰਿਆਂ ਨੂੰ ਪਾਣੀ ਪਿਲਾਇਆ ਅਤੇ ਉਹਨਾਂ ਨੂੰ ਅਰਾਮ ਕਰਨ ਲਈ ਕਹਿ ਦਿੱਤਾ ਅਤੇ ਖੁਦ ਰੋਟੀ ਲਿਆਉਣ ਦਾ ਆਖ ਉਹ ਪਿੰਡ ਵੱਲ ਚੱਲ ਪਿਆ। ਪਰ ਬਚਿੱਤਰ ਦੇ ਦਿਮਾਗ ਅੰਦਰ ਕੁਝ ਹੋਰ ਹੀ ਚੱਲ ਰਿਹਾ ਸੀ ਉਹ ਰੋਟੀ ਲਿਆਉਣ ਦੀ ਥਾਂ ’ਤੇ ਆਪਣੇ ਸਾਥੀ ਗੱਛੇ ਕਸਾਈ ਕੋਲ ਚਲਾ ਗਿਆ।

‘‘ਗੱਛਿਆ ਆਹ ਬੱਕਰੇ ਤਾਂ ਰੋਜ਼ ਹੀ ਵੱਢਦੈਂ ਤੂੰ, ਅੱਜ ਸ਼ਿਕਾਰ ਤਕੜਾ ਫਸਿਆ ਵੇਖਲੈ ਜੇ ਕੰਮ ਕਰਦੇਂਗਾ ਤਾਂ, ਮਾਲ ਖਾਸਾ ਲੱਗਦਾ ਉਹਨਾਂ ਕੋਲ ਅੱਧੋ-ਅੱਧ ਕਰਲਾਂਗੇ। ਰਾਤੋ-ਰਾਤ ਹੀ ਕੰਮ ਨਬੇੜ ਦੇਣਾ ਨਾ ਕਿਸੇ ਨੂੰ ਪਤਾ ਲੱਗਣਾ’’ ਬਚਿੱਤਰ ਨੇ ਗੱਛੇ ਨੂੰ ਸਾਰੀ ਗੱਲ ਦੱਸੀ ਅਤੇ ਉਸਨੂੰ ਲਾਲਚ ਦੇ ਕੇ ਆਪਣੇ ਨਾਲ ਰਲਾ ਲਿਆ, ਬਚਿੱਤਰ ਕੁਝ ਰੋਟੀਆਂ ਲੈ ਕੇ ਉਸ ਪਰਿਵਾਰ ਕੋਲ ਪਹੁੰਚ ਗਿਆ, ਉਹਨਾਂ ਨੂੰ ਖਾਣਾ ਖਵਾਇਆ ਤੇ ਕੁਝ ਸਮਾਂ ਅਰਾਮ ਕਰਨ ਦਾ ਕਹਿ ਕੇ ਸਾਰਿਆਂ ਨੂੰ ਉੱਥੇ ਹੀ ਸਵਾ ਦਿੱਤਾ ਅਤੇ ਉਹ ਉਸ ਰਾਤ ਅਜਿਹੇ ਸੁੱਤੇ ਕਿ ਫਿਰ ਕਦੇ ਵੀ ਉੱਠ ਨਾ ਸਕੇ, ਗੱਛੇ ਤੇ ਬਚਿੱਤਰ ਨੇ ਸਾਰੀ ਨਕਦੀ ਤੇ ਗਹਿਣਾ-ਗੱਟਾ ਲੁੱਟ ਕੇ ਸਾਰੇ ਪਰਿਵਾਰ ਨੂੰ ਉੱਥੇ ਹੀ ਦੱਬ ਦਿੱਤਾ।

ਉਸ ਰਾਤ ਉਹਨਾਂ ਦੋਹਾਂ ਨੂੰ ਨਫਰਤ ਅਤੇ ਲਾਲਚ ਦਾ ਖੂਨ ਅਜਿਹਾ ਮੂੰਹ ਲੱਗਾ ਕਿ ਉਹਨਾਂ ਨੇ ਬੇਦੋਸ਼ੇ ਲੋਕਾਂ ਦਾ ਕਤਲੇਆਮ ਹੀ ਸ਼ੁਰੂ ਕਰ ਦਿੱਤਾ ਬਚਿੱਤਰ ਇੰਨਾ ਨਿਰਦਈ ਹੋ ਗਿਆ ਸੀ ਕਿ ਇਸਦਾ ਦਿਲ ਸਿਰਫ ਲੋਕਾਂ ਤੋਂ ਧਨ ਲੁੱਟ ਕੇ ਹੀ ਨਹੀਂ ਭਰਦਾ ਸੀ, ਸਗੋਂ ਉਹਨਾਂ ਨੂੰ ਲੁੱਟ ਕੇ ਮਾਰਨਾ ਤੇ ਉਹਨਾਂ ਨੂੰ ਤੜਫਾਉਣਾ, ਉਹਨਾਂ ਦੀਆਂ ਚੀਕਾਂ ਸੁਣਨਾ ਉਸਨੂੰ ਬਹੁਤ ਚੰਗਾ ਲੱਗਦਾ ਸੀ। ਮਜ਼ਬੂਰੀ ਅਤੇ ਕਿਸਮਤ ਦੇ ਮਾਰੇ ਰਫਿਊਜੀ ਬੱਚਿਆ, ਬਜੁਰਗਾਂ ਨੂੰ ਤੜਫਾ-ਤੜਫਾ ਕੇ ਮਾਰਿਆ ਜਾਂਦਾ ਕੁੜੀਆਂ ਦੀ ਇੱਜ਼ਤ ਲੁੱਟੀ ਜਾਂਦੀ
ਰੌਲਾ ਸ਼ਾਂਤ ਹੋਣ ਮਗਰੋਂ ਬਚਿੱਤਰ ਤੇ ਉਸਦੇ ਸਾਥੀਆਂ ਨੇ ਲੋੜ ਜਿੰਨਾ ਧਨ ਰੱਖ ਕੇ ਬਾਕੀ ਸਾਰਾ ਦੱਬ ਦਿੱਤਾ ਸੀ।

ਪਿੰਡ ਵਿੱਚ ਇਹ ਗੱਲ ਤਾਂ ਅਕਸਰ ਚੱਲਣ ਲੱਗ ਪਈ ਸੀ ਕਿ ਬਚਿੱਤਰ ਹੋਰਾਂ ਨੇ ਰਫਿਊਜੀਆਂ ਨੂੰ ਕਤਲ ਕਰਕੇ ਧਨ ਲੁੱਟਿਆ ਹੈ ਪਰ ਕਿੰਨੇ ਕਤਲ ਕੀਤੇ ਤੇ ਕਿੰਨਾ ਧਨ ਲੁੱਟਿਆ ਸੀ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਸੀ ਪਤਾ ਕਿਉਂਕਿ ਬਚਿੱਤਰ ਹੋਰਾਂ ਨੇ ਲੋਕਾਂ ਦੀਆਂ ਨਜ਼ਰਾਂ ਵਿੱਚ ਆਉਣ ਦੇ ਡਰੋਂ ਕਿੰਨੇ ਹੀ ਸਾਲ ਉਹ ਧਨ ਬਾਹਰ ਨਹੀਂ ਕੱਢਿਆ ਸੀ। ਫੇਰ ਕਾਫੀ ਦਹਾਕਿਆਂ ਮਗਰੋਂ ਜਦੋਂ ਹਰੀ ਕ੍ਰਾਂਤੀ ਵੇਲੇ ਲੋਕਾਂ ਵੱਲੋਂ ਟਿੱਬਿਆਂ ਨੂੰ ਪੱਧਰ ਕਰਕੇ ਖੇਤੀ ਯੋਗ ਬਣਾਇਆ ਜਾਣ ਲੱਗਾ ਤਦ ਬਚਿੱਤਰ ਨੇ ਸਭ ਤੋਂ ਪਹਿਲਾਂ ਉਹ ਟਿੱਬਾ ਹੀ ਖਰੀਦ ਲਿਆ ਸੀ। ਰਾਤਾਂ ਦੇ ਹਨੇ੍ਹਰਿਆਂ ਵਿੱਚ ਕਿੰਨੀ ਮਿੱਟੀ ਨਾਲ ਕਿੰਨੇ ਪਿੰਜ਼ਰ ਨਿੱਕਲੇ ਸਨ ਇਹ ਸਭ ਇੱਕ ਰਹੱਸ ਹੀ ਬਣ ਕੇ ਰਹਿ ਗਏ ਸਨ।

ਹੌਲੀ-ਹੌਲੀ ਬਚਿੱਤਰ ਦਾ ਦੱਬਿਆ ਧਨ ਬਾਹਰ ਨਿੱਕਲਣ ਲੱਗਾ, ਬੱਕਰੀਆਂ ਚਾਰਨ ਵਾਲੇ ਦੀਆਂ ਜਮੀਨਾਂ, ਜਾਇਦਾਦਾਂ, ਹਵੇਲੀਆਂ ਬਣਨ ਲੱਗੀਆਂ, ਕੰਮ ਬਦਲੇ ਲੋਕਾਂ ਤੋਂ ਮਿਲਦੇ ਪੈਸਿਆਂ ਸਹਾਰੇ ਜੀਵਨ ਬਸਰ ਕਰਨ ਵਾਲਾ ਬਚਿੱਤਰ ਸਿੰਘ ਹੁਣ ਖੁਦ ਵਿਆਜ਼ ’ਤੇ ਪੈਸੇ ਦੇਣ ਲੱਗਾ। ਇੰਨੀ ਜਾਇਦਾਦ ਬਣਨ ਦੇ ਬਾਵਜੂਦ ਵੀ ਉਸ ਵਿੱਚੋਂ ਕਮੀਨਾਪਣ ਨਹੀਂ ਗਿਆ ਸੀ। ਪਿੰਡ ਵਿੱਚ ਉਸਨੇ ਕਿੰਨੇ ਹੀ ਪਰਿਵਾਰਾਂ ਦੇ ਮੁਖੀਆਂ ਨੂੰ ਸ਼ਰਾਬ ਦੇ ਨਸ਼ੇ ’ਤੇ ਲਾ ਕੇ ਅਤੇ ਇਹਨਾਂ ਨੂੰ ਰੋਜ਼ਾਨਾ ਥੋੜ੍ਹੀ-ਥੋੜ੍ਹੀ ਸ਼ਰਾਬ ਦਾ ਲਾਲਚ ਦੇ ਕੇ ਧੋਖੇ ਨਾਲ ਉਹਨਾਂ ਦੀਆਂ ਜ਼ਮੀਨਾਂ ਆਪਣੇ ਨਾਂਅ ਕਰਵਾ ਲਈਆਂ ਸਨ। ਮੂੰਹ ’ਤੇ ਚਾਹੇ ਉਸ ਨੂੰ ਡਰਦਾ ਮਾਰਾ ਕੋਈ ਕੁਝ ਨਹੀਂ ਕਹਿੰਦਾ ਸੀ ਪਰ ਉਂਝ ਦੁਖੀ ਹੋਏ ਲੋਕ ਉਸਨੂੰ ਬੜੀਆਂ ਲਾਹਨਤਾਂ ਪਾਉਂਦੇ ਤੇ ਬੜੀਆਂ ਹੀ ਬਦਦੁਆਵਾਂ ਦਿੰਦੇ ਸਨ।

ਫਿਰ ਜਦੋਂ ਦੋਵੇਂ ਵੱਡੀਆਂ ਕੁੜੀਆਂ ਦੇ ਵਿਆਹ ਕੀਤੇ ਤਦ ਬਚਿੱਤਰ ਨੇ ਲੁੱਟਿਆ ਹੋਇਆ ਸੋਨਾ ਕੱਢਿਆ ਸੀ ਅਤੇ ਦੋਵਾਂ ਨੂੰ ਹੀ ਕਿੱਲੋਆਂ ਦੇ ਹਿਸਾਬ ਨਾਲ ਉਹ ਗਹਿਣੇ ਪਾਏ ਗਏ ਸਨ ਤੇ ਸੁਣਨ ਵਿੱਚ ਆਇਆ ਸੀ ਕਿ ਦੋ ਸੋਨੇ ਦੀਆਂ ਇੱਟਾਂ ਉਸਨੇ ਆਪਣੇ ਪੁੱਤਾਂ ਨੂੰ ਵੀ ਵੰਡ ਦਿੱਤੀਆਂ ਸਨ। ਬੱਸ ਤਦ ਤੋਂ ਹੀ ਉਹਨਾਂ ਗਹਿਣਿਆਂ ਨਾਲ ਉਹਨਾਂ ਕਤਲ ਹੋਏ ਬੇਦੋਸ਼ਿਆਂ ਦੀਆਂ ਚੀਕਾਂ ਤੇ ਬਦਦੁਆਵਾਂ ਵੀ ਸ਼ਾਇਦ ਬਾਹਰ ਨਿੱਕਲ ਆਈਆਂ ਸਨ। ਕਿਉਂਕਿ ਵਿਆਹ ਦੇ ਹਫਤੇ ਬਾਅਦ ਹੀ ਉਸਦੀ ਵੱਡੀ ਕੁੜੀ ਸੱਪ ਦੇ ਲੜਨ ਕਰਕੇ ਮਰ ਗਈ ਸੀ ਤੇ ਮਗਰੋਂ ਸਾਲ ਬਾਅਦ ਹੀ ਛੋਟੀ ਕੁੜੀ ਜਣੇਪੇ ਵੇਲੇ ਮਰ ਗਈ ਸੀ। ਬਚਿੱਤਰ ਦੇ ਬਾਪ ਨੂੰ ਅਧਰੰਗ ਹੋ ਗਿਆ ਸੀ ਉਹ ਮੰਜੇ ’ਤੇ ਪੈ ਗਿਆ ਸੀ।

ਬਚਿੱਤਰ ਦੇ ਤਿੰਨੋਂ ਹੀ ਮੁੰਡੇ ਬੜੇ ਕੰਮ ਵਾਲੇ ਸਨ ਪਰ ਪਤਾ ਨਹੀਂ ਕਿਵੇਂ ਅਚਾਨਕ ਸਾਰਿਆਂ ਦੇ ਹੀ ਲੱਛਣ ਮਾੜੇ ਹੋ ਗਏ ਤਿੰਨੇ ਹੀ ਨਸ਼ੇ ਅਤੇ ਅਵਾਰਾਗਰਦੀ ਕਰਨ ਲੱਗ ਪਏ ਸਨ। ਮਗਰੋਂ ਬਿਲਕੁਲ ਛੋਟੇ ਸੁੱਖੇ ਨੂੰ ਬਚਿੱਤਰ ਨੇ ਪੜ੍ਹਾ-ਲਿਖਾ ਕੇ ਵਲੈਤ ਭੇਜ ਦਿੱਤਾ, ਵਿਚਕਾਰਲਾ ਮੁੰਡਾ ਨਿੰਮਾ ਲੀਡਰੀ ਵਿੱਚ ਪੈਰ ਧਰਨ ਲੱਗ ਪਿਆ ਤੇ ਵੱਡਾ ਖੇਤੀਬਾੜੀ ਦਾ ਕੰਮ ਵੇਖਣ ਲੱਗਾ, ਜਦੋਂ ਵੱਡੇ ਮੁੰਡੇ ਪੰਮੇ ਦਾ ਵਿਆਹ ਕੀਤਾ ਤਾਂ ਘਰੇ ਤਿੰਨ ਦਿਨ ਅਖਾੜਾ ਲੱਗਾ ਰਿਹਾ ਸੀ।

ਮੁੰਡਿਆਂ ਦੇ ਵਧ ਰਹੇ ਖਰਚਿਆਂ ਨੇ ਵਧ-ਫੁੱਲ ਰਹੀ ਜ਼ਮੀਨ ਨੂੰ ਵਾਢਾ ਲਾ ਲਿਆ ਸੀ ਵਲੈਤ ਵਾਲਾ ਹਰੇਕ ਮਹੀਨੇ ਪੈਸੇ ਮੰਗਵਾਉਂਦਾ ਰਹਿੰਦਾ ਸੀ, ਕਾਰਨ ਇਹ ਸੀ ਕਿ ਉਹ ਉੁਥੇ ਜਾ ਕੇ ਗਲਤ ਲੋਕਾਂ ਵਿੱਚ ਫਸ ਗਿਆ ਸੀ ਜੋ ਪੂਰੀ ਤਰ੍ਹਾਂ ਨਸ਼ੇੜੀ ਬਣ ਗਿਆ ਸੀ ਤੇ ਨਸ਼ੇ ਦੀ ਤਸਕਰੀ ਵੀ ਕਰਨ ਲੱਗਾ ਸੀ। ਫਿਰ ਕਰੀਬ ਦੋ ਕੁ ਸਾਲਾਂ ਬਾਅਦ ਹੀ ਉਹ ਉੱਥੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ।

ਵਿਚਕਾਰਲੇ ਮੁੰਡੇ ਜੀਤ ਦੇ ਰਾਜਨੀਤੀ ਦਾ ਕੀੜਾ ਬੜਾ ਸਵਾਰ ਸੀ ਲੋਕਾਂ ਦੀ ਚੱਕ ਵਿੱਚ ਆ ਕੇ ਉਹ ਦੋ ਵਾਰ ਸਰਪੰਚੀ ਲਈ ਵੀ ਉੱਠਿਆ ਸੀ ਪਰ ਹਾਰ ਗਿਆ ਸੀ। ਉਸਨੂੰ ਕਿਸੇ ਕੰਮ-ਧੰਦੇ ਲਾਉਣ ਲਈ ਬਚਿੱਤਰ ਨੇ ਉਸਦਾ ਵਿਆਹ ਇੱਕ ਤਕੜੇ ਖਾਨਦਾਨ ਵਿੱਚ ਕਰ ਦਿੱਤਾ ਸੀ। ਪਰ ਉਸਦੀ ਘਰਵਾਲੀ ਬੜੇ ਚੱਕਵੇਂ ਅਤੇ ਅੜ੍ਹਬ ਸੁਭਾਅ ਵਾਲੀ ਸੀ ਘਰੇ ਕਲੇਸ਼ ਰਹਿਣ ਲੱਗ ਪਿਆ, ਨਿੰਮਾ ਆਪਣੀ ਘਰਵਾਲੀ ਦੇ ਕਹਿਣੇ ਤੋਂ ਬਾਹਰ ਨਹੀਂ ਸੀ। ਘਰਵਾਲੀ ਦੇ ਕਹਿਣ ’ਤੇ ਹੀ ਉਸਨੇ ਵਿਆਹ ਦੇ ਸਾਲ ਮਗਰੋਂ ਹੀ ਆਪਣਾ ਹਿੱਸਾ ਵੰਡ ਲਿਆ ਤੇ ਪਿੰਡੋਂ ਸਾਰਾ ਕੁਝ ਵੇਚ ਕੇ ਸ਼ਹਿਰ ਜਾ ਰਹਿਣ ਲੱਗ ਪਿਆ ਸੀ।

ਇੱਧਰ ਬਚਿੱਤਰ ਦੇ ਵੱਡੇ ਮੁੰਡੇ ਪੰਮੇ ਦੇ ਵਿਆਹ ਨੂੰ ਲਗਭਗ ਸੱਤ-ਅੱਠ ਸਾਲ ਹੋ ਗਏ ਸਨ ਪਰ ਘਰੇ ਕਿਸੇ ਬੱਚੇ ਦੀ ਕਿਲਕਾਰੀ ਨਹੀਂ ਸੁਣਾਈ ਦਿੱਤੀ ਸੀ ਘਰੇ ਕਲੇਸ਼ ਰਹਿਣ ਲੱਗਾ, ਗੱਲ ਹੁੰਦੀ-ਹੁੰਦੀ ਤਲਾਕ ’ਤੇ ਜਾ ਪਹੁੰਚੀ ਅਤੇ ਅਖੀਰ ਵੱਡੀ ਨੂੰਹ ਨੂੰ ਜਾਇਦਾਦ ਵਿੱਚੋਂ ਉਸਦਾ ਹਿੱਸਾ ਦੇ ਕੇ ਉਸ ਤੋਂ ਤਲਾਕ ਲੈ ਲਿਆ ਗਿਆ ਅਤੇ ਪੰਮੇ ਦਾ ਦੂਜਾ ਵਿਆਹ ਕਰ ਦਿੱਤਾ ਗਿਆ ।

ਪਰ ਹੋਣੀ ਨੂੰ ਸ਼ਾਇਦ ਕੁਝ ਹੋਰ ਹੀ ਮਨਜੂਰ ਸੀ, ਵਿਆਹ ਦੇ ਮਹੀਨੇ ਬਾਅਦ ਭਾਦੋਂ ਦੇ ਮਹੀਨੇ ਪੰਮੇ ਨੂੰ ਅਚਾਨਕ ਬੜਾ ਤੇਜ਼ ਬੁਖਾਰ ਹੋ ਗਿਆ ਅਤੇ ਪੰਮਾਂ ਮੰਜੇ ’ਤੇ ਪੈ ਗਿਆ, ਗਰਮੀ ਤੇ ਬੁਖਾਰ ਕਰਕੇ ਉਸਨੂੰ ਦਿਮਾਗੀ ਦੌਰੇ ਪੈਣ ਲੱਗੇ, ਕਰੀਬ ਛੇ ਮਹੀਨੇ ਉਹ ਮੰਜੇ ’ਤੇ ਪਿਆ ਰਿਹਾ ਸ਼ਹਿਰ ਦੇ ਚੰਗੇ ਤੋਂ ਚੰਗੇ ਡਾਕਟਰਾਂ ਤੋਂ ਉਸਦਾ ਇਲਾਜ ਕਰਵਾਇਆ ਗਿਆ, ਪਰ ਅਖੀਰ ਪੰਮੇ ਦਾ ਬਿਮਾਰੀ ਤੋਂ ਮਰ ਕੇ ਹੀ ਖਹਿੜਾ ਛੁੱਟਿਆ। ਪੰਮੇ ਦੇ ਭੋਗ ਵਾਲੇ ਦਿਨ ਪੰਚਾਇਤਾਂ ਦੀ ਹਾਜ਼ਰੀ ਵਿੱਚ ਪੰਮੇ ਦੇ ਸਹੁਰੇ ਆਪਣੀ ਧੀ ਨੂੰ ਲੈ ਗਏ, ਕੁਝ ਸਾਲ ਪਹਿਲਾਂ ਹਰਿਆ-ਭਰਿਆ ਘਰ ਇੱਕਦਮ ਖਾਲੀ ਹੋ ਗਿਆ ਜਮੀਨ-ਜਾਇਦਾਦ ਲਗਪਗ ਸਾਰੀ ਹੀ ਵਿਕ ਗਈ ਸੀ।

ਮੁੰਡਿਆਂ ਦੇ ਚਲੇ ਜਾਣ ਦੇ ਕਰੀਬ ਸਾਲ ਮਗਰੋਂ ਦੀ ਉਹਨਾਂ ਦੇ ਦੁੱਖ ਕਰਕੇ ਬਚਿੱਤਰ ਦੀ ਪਤਨੀ ਵੀ ਚੱਲ ਵੱਸੀ ਹੁਣ ਬਚਿੱਤਰ ਪਿੰਡ ਵਿੱਚ ਇਕੱਲਾ ਹੀ ਰਹਿ ਗਿਆ ਸੀ। ਪਹਿਲਾਂ-ਪਹਿਲਾਂ ਲੋਕ ਲਾਜ ਦੇ ਡਰੋਂ ਨਿੰਮਾ ਉਸਨੂੰ ਸ਼ਹਿਰ ਲੈ ਗਿਆ ਸੀ ਪਰ ਨੂੰਹ ਦੇ ਅੜ੍ਹਬ ਸੁਭਾਅ ਤੇ ਕਲੇਸ਼ ਕਰਕੇ ਛੇ ਮਹੀਨਿਆਂ ਮਗਰੋਂ ਹੀ ਉਹ ਵਾਪਸ ਪਿੰਡ ਆ ਗਿਆ ਸੀ ਰਾਤਾਂ ਨੂੰ ਉਸਨੂੰ ਹਵੇਲੀ ਵਿੱਚ ਬੱਚਿਆਂ, ਬਜੁਰਗਾਂ ਤੇ ਔਰਤਾਂ ਦੀਆਂ ਚੀਕਾਂ ਸੁਣਾਈ ਦਿੰਦੀਆਂ ਅਤੇ ਰਾਤ ਨੂੰ ਕਦੇ-ਕਦੇ ਉਸਨੂੰ ਦਰਦ ਉੱਠ ਖੜ੍ਹਦਾ ਅਤੇ ਅਜਿਹਾ ਦਰਦ ਹੁੰਦਾ ਕਿ ਉਹ ਸਾਰੀ ਰਾਤ ਚੀਕਾਂ ਮਾਰਦਾ ਰਹਿੰਦਾ ਉਸਨੂੰ ਇੰਝ ਪ੍ਰਤੀਤ ਹੁੰਦਾ ਜਿਵੇਂ ਉਸਦੀ ਹਿੱਕ ਨੂੰ ਕੋਈ ਛਿੱਲ ਰਿਹਾ ਹੋਵੇ ਜਾਂ ਉਸਨੂੰ ਕੋਈ ਵੱਢ ਰਿਹਾ ਹੋਵੇ

ਕਹਿੰਦੇ ਨੇ ਕਿ ਜਦੋਂ ਇਨਸਾਨ ਨੂੰ ਆਪਣਾ ਆਖਰੀ ਸਮਾਂ ਨਜ਼ਦੀਕ ਜਾਪਦਾ ਹੋਵੇ ਤਾਂ ਉਸਨੂੰ ਜਿੰਦਗੀ ਵਿੱਚ ਕੀਤੇ ਸਾਰੇ ਚੰਗੇ-ਮਾੜੇ ਕੰਮਾਂ ਦਾ ਚੇਤਾ ਆਉਣ ਲੱਗ ਪੈਂਦਾ ਹੈ ਅਤੇ ਇੱਕ ਫਿਲਮ ਵਾਂਗ ਉਹ ਸਾਰੇ ਸੀਨ ਦੁਬਾਰਾ ਫਿਰ ਉਸਦੀਆਂ ਅੱਖਾਂ ਸਾਹਮਣੇ ਘੁੰਮਣ ਲੱਗਦੇ ਹਨ। ਇਹੋ ਬਚਿੱਤਰ ਨਾਲ ਹੋਇਆ ਸੀ, ਬੀਤੇ ਵੇਲਿਆਂ ਵਿੱਚ ਕੀਤੇ ਕਤਲ, ਲੁੱਟ-ਮਾਰ ਤੇ ਠੱਗੀਆਂ ਉਸ ਦੀਆਂ ਅੱਖਾਂ ਅੱਗੇ ਆਉਣ ਲੱਗੀਆਂ ਰਾਤਾਂ ਨੂੰ ਦਿਸਦੇ ਰਫਿਊਜੀ ਅਤੇ ਦਰਦਾਂ ਦੇ ਪੈਂਦੇ ਦੌਰਿਆਂ ਨੇ ਉਸਨੂੰ ਪਾਗਲ ਕਰ ਦਿੱਤਾ

ਹੁਣ ਉਹ ਸਾਰਾ ਦਿਨ ਗਲੀਆਂ ਵਿੱਚ ਫਿਰਦਾ ਰਹਿੰਦਾ ਤੇ ਲੋਕਾਂ ਨੂੰ ਆਪਣੇ ਕੀਤੇ ਪਾਪਾਂ ਬਾਰੇ ਦੱਸਦਾ ਰਹਿੰਦਾ ਅਤੇ ਇੱਕ ਦਿਨ ਅਜਿਹਾ ਆਇਆ ਕਿ ਸਮੇਂ ਨੇ ਫਿਰ ਆਪਣਾ ਚੱਕਰ ਘੁੰਮਾ ਦਿੱਤਾ, ਵੀਹ ਸਾਲ ਪਹਿਲਾਂ ਜਿਸ ਬਚਿੱਤਰ ਸਿੰਹੁ ਦੀ ਪਿੰਡ ਵਿੱਚ ਤੂਤੀ ਬੋਲਦੀ ਸੀ ਅਤੇ ਜਿਸ ਕੋਲ ਕਦੇ ਨਾ ਮੁੱਕਣ ਵਾਲੀ ਜਾਇਦਾਦ ਤੇ ਭਰਿਆ-ਪੂਰਾ ਘਰ-ਪਰਿਵਾਰ ਸੀ ਹੁਣ ਉਹੀ ਬਚਿੱਤਰ ਦਹਾਕਿਆਂ ਪਹਿਲਾਂ ਦੇ ਰਫਿਊਜੀਆਂ ਵਾਂਗ ਬੇਘਰ, ਪਰਿਵਾਰ ਹੀਣ, ਭੁੱਖਾ-ਪਿਆਸਾ ਅਤੇ ਲਾਚਾਰ ਹੋ ਗਿਆ ਸੀ। ਉਸਦੀ ਹਾਲਤ ਗਲੀ ਦੇ ਉਸ ਅਵਾਰਾ ਕੁੱਤੇ ਵਰਗੀ ਹੋ ਗਈ ਸੀ ਜੋ ਬੱਸ ਲੋਕਾਂ ਦੇ ਰਹਿਮ ਅਤੇ ਮਿਲਦੀ ਰੁੱਖੀ-ਮਿੱਸੀ ਰੋਟੀ ਕਰਕੇ ਪਲਦਾ ਹੈ

ਖੰਡਰ ਬਣ ਚੁੱਕੀ ਹਵੇਲੀ ਵਿੱਚ ਇੱਕ ਨੁੱਕਰੇ ਪਏ-ਪਏ ਉਸਦੇ ਭੁੱਖੇ ਪਿਆਸੇ ਤੇ ਬਿਮਾਰ ਸਰੀਰ ਵਿੱਚ ਕੀੜੇ ਪੈ ਗਏ ਸਨ ਪਤਾ ਨਹੀਂ ਉਹ ਕਮਜ਼ੋਰ ਹੀ ਇੰਨਾ ਹੋ ਗਿਆ ਸੀ ਕਿ ਉਸ ਤੋਂ ਮੱਦਦ ਲਈ ਆਵਾਜ਼ ਹੀ ਨਹੀਂ ਨਿੱਕਲੀ ਸੀ ਜਾਂ ਫਿਰ ਉਹਨਾਂ ਰਫਿਊਜੀਆਂ ਵਾਂਗ ਉਸਦੀ ਮੱਦਦ ਕਰਨ ਵਾਲਾ ਹੀ ਕੋਈ ਨਹੀਂ ਸੀ।

ਕਈ ਦਿਨਾਂ ਬਾਅਦ ਜਦੋਂ ਹਵੇਲੀ ਵਿੱਚੋਂ ਬਦਬੂ ਆਉਣ ਲੱਗੀ ਤਾਂ ਕਿਤੇ ਜਾ ਕੇ ਲੋਕਾਂ ਨੇ ਵੇਖਿਆ, ਜਿੱਥੇ ਉਸਦੀ ਗਲੀ-ਸੜੀ ਲਾਸ਼ ਪਈ ਹੋਈ ਸੀ। ਕੋਈ ਪਰਿਵਾਰਕ ਮੈਂਬਰ ਨਾ ਹੋਣ ਕਰਕੇ ਪੰਚਾਇਤ ਦੀ ਹਾਜ਼ਰੀ ਵਿੱਚ ਕਲੱਬ ਵਾਲਿਆਂ ਨੇ ਹੀ ਉਸਦਾ ਸਸਕਾਰ ਕਰ ਦਿੱਤਾ ਸੀ। ਬਚਿੱਤਰ ਦੀ ਜ਼ਿੰਦਗੀ, ਉਸਦੇ ਕਰਮਾਂ ਅਤੇ ਉਸਦੇ ਅੰਤ ਨੂੰ ਵੇਖ ਕੇ ਸਾਰੇ ਹੀ ਪਿੰਡ ਵਾਲੇ ਸੋਚਣ ਲਈ ਮਜਬੂਰ ਹੋ ਗਏ ਸਨ, ਉੱਧਰ ਹਵੇਲੀ ਵੀ ਲਗਭਗ ਹੁਣ ਸ਼ਾਂਤ ਰਹਿਣ ਲੱਗ ਪਈ ਸੀ ਕਿਉਂਕਿ ਬਚਿੱਤਰ ਦੇ ਬਲਦੇ ਸਿਵੇ ਵਿੱਚ ਹੀ ਸ਼ਾਇਦ ਰਫਿਊਜੀਆਂ ਦੀਆਂ ਚੀਕਾਂ ਵੀ ਭਸਮ ਹੋ ਗਈਆਂ ਸਨ।
ਸੁਖਵਿੰਦਰ ਚਹਿਲ,
ਸੰਗਤ ਕਲਾਂ (ਬਠਿੰਡਾ)
ਮੋ. 85590-86235

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ