ਯਾਦ ਰਹਿਣਗੀਆਂ ਪ੍ਰੋ. ਰਮਨ ਦੀਆਂ ਪਾਈਆਂ ਸਾਹਿਤ ‘ਚ ਅਮਿੱਟ ਪੈੜਾਂ

0

ਪ੍ਰੋ. ਰਮਨ ਨੂੰ ਯਾਦ ਕਰਦਿਆਂ

ਪ੍ਰੋ. ਰਾਕੇਸ਼ ਰਮਨ ਬੀਤੇ ਦਿਨੀਂ ਵਿਛੋੜਾ ਦੇ ਗਏ। ਜਿੱਥੇ ਉਹ ਪੰਜਾਬੀ ਦੇ ਵਿਦਵਾਨ ਸਾਹਿਤਕਾਰ ਸਨ, ਉੱਥੇ ਉਹ ਮੋਹ ਭਰੀ ਸ਼ਖਸੀਅਤ ਸਨ ਦੋਸਤੀ ਦੇ ਵਡੇ ਦਾਇਰੇ ਵਾਲੀ। ਓਹਨਾਂ ਦੇ ਤੁਰ ਜਾਣ ਨਾਲ ਮੈਨੂੰ ਨਿੱਜੀ ਤੌਰ ‘ਤੇ ਵੀ ਸੱਟ ਲੱਗੀ ਹੈ। ਮੇਰੀ ਹਰਬੰਸ ਸਿੰਘ ਢਿੱਲੋਂ ਬੁੱਟਰ ਰਾਹੀਂ ਓਹਨਾਂ ਨਾਲ ਦੋਸਤੀ ਬਣੀ। ਓਦੋਂ ਮੈਂ ਬਾਬੇ ਕੇ ਕਾਲਜ ਦੌਧਰ ਵਿਖੇ ਲੈਕਚਰਾਰ ਸੀ। ਓਹ ਢੁੱਡੀਕੇ ਕਾਲਜ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਮੁਖੀ ਸਨ। ਸਰਕਾਰੀ ਕਾਲਜ ਢੁੱਡੀਕੇ ਵਿਖੇ ਜੋ ਵੀ ਸਾਹਿਤਕ, ਸੱਭਿਆਚਾਰਕ, ਖੇਡ ਸਮਾਗਮ ਹੁੰਦੇ ਉੱਥੇ ਮੇਰੀ ਵੀ ਹਾਜ਼ਰੀ ਲਗਵਾਉਂਦੇ। ਪ੍ਰੋ. ਜਸਪਾਲ ਜੀਤ ਮਿੱਤਰ ਵ ਉੱਥੇ ਸਨ ਰਮਨ ਜੀ ਦੀ ਬਦਲੀ ਸਾਇੰਸ ਕਾਲਜ ਜਗਰਾਓਂ ਹੋਣ ਪਿੱਛੋਂ ਜਸਪਾਲ ਜੀਤ ਨਾਲ ਢੁੱਡੀਕੇ ਆਉਣੀ-ਜਾਣੀ ਬਰਕਰਾਰ ਰਹੀ।

ਹਰਬੰਸ ਸਿੰਘ ਢਿੱਲੋਂ ਹੁਣਾਂ ਦੇ ਪੰਪ ‘ਤੇ ਸਮਾਗਮ, ਸਾਹਿਤਕ ਮਿਲਣੀਆਂ ਹੋਣੀਆਂ ਜਸਵੰਤ ਜ਼ਫ਼ਰ, ਦਰਸ਼ਨ ਬੁੱਟਰ, ਤਰਲੋਚਨ ਝਾਂਡੇ ਤੇ ਹੋਰ ਦੂਰ-ਨੇੜ ਦੇ ਮਿੱਤਰ ਮਿਲਦੇ, ਓਥੇ ਵੀ ਵੱਡੇ ਲੇਖਕਾਂ ‘ਚ ਸਾਹਿਤਕ ਰੰਗ ਬੱਝਦਾ। ਉਹ ਹਮੇਸ਼ਾਂ ਮੈਨੂੰ ਡਾਕਟਰ ਸਾਬ੍ਹ ਆਖ ਕੇ ਬੁਲਾਉਂਦੇ, ਉਹ ਐਨੇ ਨਿਮਰ ਸਨ ਕਿ ਇੰਝ ਓਹਨਾਂ ਦਾ ਸ਼ਖਸੀਅਤ ਕੱਦ ਹੋਰ ਉੱਚਾ ਤੇ ਸਤਿਕਾਰਤ ਹੋ ਜਾਂਦਾ। ਪ੍ਰੋ. ਜੀ ਨਾਲ ਮੇਰਾ ਮੋਹ ਵਧਦਾ ਗਿਆ। ਉਹ ਕੁਝ ਵਰ੍ਹੇ ਪਹਿਲਾਂ ਵੀ ਲੁਧਿਆਣਾ ਮੈਡੀਸਿਟੀ ਦਾਖਲ ਹੋਏ ਮੈਂ ਵੀ ਹਾਲ-ਚਾਲ ਪੁੱਛਣ ਗਿਆ, ਖੁਸ਼ ਮਿਜ਼ਾਜ, ਹਿੰਮਤੀ ਤੇ ਬਹੁਤ ਹੀ ਚੜ੍ਹਦੀ ਕਲਾ ‘ਚ ਰਹਿਣ ਵਾਲੇ ਸਨ ਪ੍ਰੋਫੈਸਰ ਸਾਹਿਬ। ਆਪਣੀ ਹਿੰਮਤ, ਇੱਛਾ ਸ਼ਕਤੀ ਨਾਲ ਛੇਤੀ ਯੀ ਨੌਂ ਬਰ ਨੌਂ ਹੋ ਗਏ। ਮੇਰੀ ਲੜਕੀ ਸਾਇੰਸ ਕਾਲਜ ਬੀ ਐੱਸ ਸੀ ਕਰਨ ਲੱਗ ਪਈ ਇੰਝ ਜਗਰਾਓਂ ਕਾਲਜ ਵੀ ਮਿਲਣੀਆਂ ਹੁੰਦੀਆਂ ਰਹੀਆਂ। ਪ੍ਰੋ ਨਿਰਮਲ ਸਿੰਘ ਹੋਰ ਮਿੱਤਰ ਮਿਲ’ਗੇ।

ਪਿਛਲੇ ਸਾਲ ਰਮਨ ਜੀ ਦੀ ਪਤਨੀ ਦਾ ਦੇਹਾਂਤ ਹੋ ਗਿਆ। ਭੋਗ ਸਮੇਂ ਤੇ ਬਾਅਦ ‘ਚ ਵੀ ਮਿਲੇ , ਓਹਨਾਂ ਦੀ ਦਵਾਈ ਚੱਲਦੀ ਸੀ ਓਹ ਆਪਣੇ ਬੇਟੇ ਕੋਲ ਹੁਸ਼ਿਆਰਪੁਰ ਚਲੇ ਗਏ, ਓਹ ਉੱਥੇ ਪ੍ਰਫੈਸਰ ਹੈ। ਸਾਡਾ ਕਦੇ-ਕਦਾਈਂ ਮੈਸਿਜ ਹੁੰਦਾ, ਉਹ ਆਖਦੇ, ਪੰਜ ਕਵਿਤਾਵਾਂ ਭੇਜ ਹੁਣ ਵਾਸਤੇ।
ਸਰ ਮਿਲਜੋ!
ਹਾਂ ਢਿੱਲੋਂ ਸਾਬ੍ਹ ਦੇ ਮਿਲਣੀ ਰੱਖਦੇ ਆਂ, ਤੁਸੀ ਐੱਧਰੋਂ ਬੁਲਾ ਲਿਓ ਬਾਕੀ ਮੈਂ ਮਿੱਤਰ ਲੈ ਆਵਾਂਗਾ। ਇੱਕ ਵਾਰ ਪੱਤੋ ਕਾਲਜ ਆਏ, ਮੈਨੂੰ ਫੋਨ ਆ ਗਿਆ। ਢਿੱਲੋਂ ਸਾਬ੍ਹ ਬਾਹਰ ਸੀ, ਮੈਂ ਆਪਣੇ ਹੀਰੋ ਹਾਂਡੇ ‘ਤੇ ਨਿਹਾਲ ਸਿੰਘ ਵਾਲਾ ਤੋਂ ਲੋਪੋ ਤੱਕ ਟੈਂਪੂ ‘ਤੇ ਚੜ੍ਹਾ ਆਇਆ ਕਿ ਜਲਦੀ ਜਗਰਾਓਂ ਪਹੁੰਚ ਜੋ’ਗੇ ਅਗਲੀ ਸੀਟ ‘ਤੇ ਬੈਠ ਕੇ ਖੁਸ਼ ਹੋ ਗਏ, ਬੋਲੇ, ‘ਅੱਜ ਆਹ ਰੰਗ ਵੀ ਮਾਣਦੇ ਆਂ।’

ਪਰ ਹੁਣ ਕਵਿਤਾਵਾਂ, ਢਿੱਲੋਂ ਹੁਰਾਂ ਸੰਗ ਸਾਹਿਤਕ ਮਿਲਣੀ ਆਦਿ ਗੱਲਾਂ ਸਾਰੀਆਂ ਗੱਲਾਂ ਗੱਲਾਂ ਹੀ ਰਹਿ ਗਈਆਂ। ਓਹਨਾਂ ਦੀ ਮਿੱਠੀ ਬੋਲੀ ਤੇ ਬੋਲਣ ਦਾ ਅੰਦਾਜ਼ ਤੇ ਸੁੰਦਰ ਲਿਖਾਈ ਦਾ ਕੋਈ ਬਦਲ ਨਹੀਂ। ਸ਼ਖਸੀਅਤ ਪ੍ਰਗਟਾਓ ਸੀ। ਸੱਚ, ਜਦੋਂ ਵੀ ਢੁੱਡੀਕੇ ਗਿਆ ਬ੍ਰੈੱਡ ਪਕੌੜੇ ਤੇ ਚਾਹ ਬਿਨਾ ਨ੍ਹੀਂ ਮੁੜਨ ਦਿੱਤਾ। ਸਾਇੰਸ ਕਾਲਜ ‘ਚੋਂ ਵੀ ਨਹੀਂ। ਦੌਧਰ ਵੀ ਸਰਗਮ ਜਦੋਂ ਦਾਖਲ ਸੀ, ਆਪਣੇ ਪ੍ਰੋ. ਬੇਟੇ ਨਾਲ ਮਿਲ ਕੇ ਗਏ। ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ। ਇੱਕ ਵਾਰ ਮੈਂ ਢਿੱਲੋਂ ਸਾਹਿਬ, ਪ੍ਰੋ ਰਮਨ ਜੀ ਨਾਲ ਸੁਖਾਨੰਦ ਕਾਲਜ ਪੌਦੇ ਲਾਉਣ ਗਏ।

ਅਠਾਰਾਂ-ਵੀਹ ਕੁ ਸਾਲ ਪਹਿਲਾਂ ਪੌਦੇ ਲਗਾਉਣ ਦਾ ਐਨਾ ਰਿਵਾਜ਼ ਨਹੀਂ ਸੀ ਨਿਹਾਲ ਸਿੰਘ ਵਾਲਾ ਢਿੱਲੋਂ ਪੰਪ ‘ਤੇ ਵੀ ਪੌਦੇ ਲਾਉਂਦੇ ਰਹੇ। ਜੋ ਕਿ ਓਹਨਾਂ ਦੀਆਂ ਯਾਦਾਂ ਹਨ। ਓਹਨਾ ਦੀ ਬੇਟੀ ਵੀ ਪ੍ਰੋਫੈਸਰ ਹੈ। ਇੱਕ ਬੇਟੀ ਵਿਦੇਸ਼ ‘ਚ। ਓਹਨਾਂ ਦੇ ਲੇਖ ਪੰਜਾਬੀ ਦੇ ਨਾਮਵਰ ਅਖਬਾਰਾਂ ‘ਚ ਛਪਦੇ, ਕਾਵਿ ਲੋਕ ਤੇ ਹੋਰ ਥਾਈਂ ਸੰਪਾਦਨ ਕਾਰਜ ਵੀ ਕੀਤੇ। ਓਹਨਾਂ ਦਾ ਸਾਹਿਤਕ ਘੇਰਾ ਛੋਟੇ ਤੋਂ ਵਡੇ ਲੇਖਕ ਤੱਕ ਸੀ। ਤਿੱਖੀ ਤੇ ਹਿੰਮਤੀ ਪ੍ਰਤੀਕਰਮ ਚੋਟ ਓਹਨਾਂ ਦੀ ਕਾਵਿਕਤਾ ‘ਚ ਚਮਕਦੀ ਸੀ। ਰਮਨ ਜੀ ਬਾਰੇ ਵਿਦਵਤਾ ਭਰਪੂਰ ਗੱਲਾਂ ਹੋਰ ਵਿਦਵਾਨ ਕਰਨਗੇ।
ਓਹਨਾਂ ਦੀਆਂ ਯਾਦਾਂ ਮੁੜ-ਮੁੜ ਚੇਤੇ ਆਉਣਗੀਆਂ ਸਾਹਿਤ ‘ਚ ਓਹਨਾਂ ਦੀ ਦੇਣ ਵਾਰਤਕ, ਕਵਿਤਾ ਤੇ ਦੋਸਤੀਆਂ ਸਦਾ ਜੀਵਤ ਰੱਖਣਗੀਆਂ।

 

ਪ੍ਰੋ. ਰਮਨ ਨੂੰ?ਯਾਦ ਕਰਦਿਆਂ ਮੇਰੀ ਇੱਕ ਨਿੱਕੀ ਜਿਹੀ ਕੋਸ਼ਿਸ਼:-

 • ਸੱਜਣ ਮੈਂਡੇ ਰੰਗਲੇ
 • ਛੱਡ ਗਏ ਫ਼ਾਨੀ ਸੰਸਾਰ।
 • ਗੱਲ ਸੋਲ੍ਹਾਂ ਆਨੇ ਨਿੱਕਲੀ
 • ਉਹ ਸਨ ਸਭਨਾਂ ਦੇ ਯਾਰ।
 • ਹਰ ਬੰਦੇ ਨੂੰ ਮੇਰ ਸੀ
 • ਤੇਰਾ ਮੇਰੇ ਨਾਲ ਪਿਆਰ।
 • ਧਰੂ ਤਾਰਾ ਸਾਹਿਤ ਦਾ
 • ਮਾਂ-ਬੋਲੀ ਦਾ ਰਾਣੀ ਹਾਰ।
 • ਵਿਦਵਾਨ ਮਿੱਠ ਬੋਲੜਾ
 • ਪੱਤਝੜ ਵਿਚ ਰੁੱਤ ਬਹਾਰ।
 • ਸ਼ਬਦਾਂ ਦਾ ਜਾਦੂਗਰ ਸੀ
 • ਜੀਹਦਾ ਹਰ ਥਾਂ ਸਤਿਕਾਰ।
 • ਵਾਰਤਿਕ ਕਵਿਤਾ ਦਾ ਮੁਜੱਸਮਾ
 • ਰੌਂਤੇ ਚੰਨ ਗਿਆ ਗੋਡੀ ਮਾਰ।
 • ਸ਼ਬਦ ਜਿਉਂਦੇ ਰਹਿਣਗੇ
 • ਨਾ ਮੁਕਾ ਸਕਦੇ ਹਥਿਆਰ।
 • ਤੇਰਾ ਤੁਰ ਜਾਣਾ ਸੱਜਣਾਂ
 • ਯਾਦ ਆਊ ਵਾਰ ਵਾਰ।
 • ਸਦੀਵੀਂ ਵਿਰਾਸਤ ਬਣ ਗਏ

ਪੁਸਤਕਾਂ, ਮੈਗਜ਼ੀਨ ਅਖਬਾਰ।

ਰੌਂਤਾ, ਮੋਗਾ
ਰਾਜਵਿੰਦਰ ਰੌਂਤਾ
ਮੋ. 98764-86187

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ