ਸਮਾਜਿਕ ਪਾੜੇ ਨੂੰ ਪੂਰਨ ਦੇ ਹਾਮੀ ਡਾ.ਅੰਬੇਡਕਰ ਨੂੰ ਯਾਦ ਕਰਦਿਆਂ…

ਸਮਾਜਿਕ ਪਾੜੇ ਨੂੰ ਪੂਰਨ ਦੇ ਹਾਮੀ ਡਾ.ਅੰਬੇਡਕਰ ਨੂੰ ਯਾਦ ਕਰਦਿਆਂ…

ਭਾਰਤੀ ਸੰਵਿਧਾਨ ਦਾ ਨਿਰਮਾਣ ਕਰਨ ਵਾਲੀਆਂ ਉੱਚ ਸ਼ਖ਼ਸੀਅਤਾਂ ਵਿਚੋਂ ਵਿਲੱਖਣ ਸ਼ਖ਼ਸੀਅਤ ਰੱਖਣ ਵਾਲੇ ਡਾ. ਭੀਮ ਰਾਓ ਅੰਬੇਡਕਰ ਨੇ ਆਪਣੀ ਸਾਰਾ ਜੀਵਨ ਪੂਰੀ ਇਮਾਨਦਾਰੀ ਨਾਲ ਸਖ਼ਤ ਤੇ ਅਣਥੱਕ ਮਿਹਨਤ ਕਰਦਿਆਂ ਦੇਸ਼ ਦੇ ਦੱਬੇ-ਕੁਚਲੇ ਖਾਸਕਰ ਆਰਥਿਕ ਤੌਰ ’ਤੇ ਕਮਜ਼ੋਰ ਦਲਿਤ ਭਾਈਚਾਰੇ ਦੇ ਲੋਕਾਂ ਲਈ ਸੰਘਰਸ਼ ਕਰਕੇ ਅਜਿਹੀ ਪ੍ਰਾਪਤੀ ਹਾਸਲ ਕੀਤੀ ਕਿ ਉਨ੍ਹਾਂ ਪੂਰੇ ਮਨੁੱਖਤਾਵਾਦੀ ਸਮਾਜ ਵਿਚ ਮਾਣ ਹਾਸਲ ਕੀਤਾ। ਨੀਵੀਂ ਜਾਤੀ ਨਾਲ ਸਬੰਧਤ ਹੋਣ ਦੇ ਬਾਵਜੂਦ ਉਨ੍ਹਾਂ ਕਈ ਸਮਾਜਿਕ ਤੇ ਆਰਥਿਕ ਕਠਿਆਈਆਂ ਦਾ ਸਾਹਮਣਾ ਕਰਦੇ ਹੋਏ ਉੱਚ ਸਿੱਖਿਆ ਪ੍ਰਾਪਤ ਕਰਕੇ ਇਤਿਹਾਸ ਸਿਰਜਿਆ, ਜਿਸ ਕਰਕੇ ਉਨ੍ਹਾਂ ਦੀ ਯਾਦ ਸਾਡੇ ਦਿਲਾਂ ਵਿਚ ਅੱਜ ਵੀ ਤਾਜ਼ਾ ਹੈ। ਇਸ ਲਈ ਅਸੀਂ ਹਰ ਸਾਲ ਉਨ੍ਹਾਂ ਨੂੰ ਸਰਧਾਂਜਲੀ ਭੇਂਟ ਕਰਕੇ ਯਾਦ ਕਰਦੇ ਹਾਂ।

ਉਨ੍ਹਾਂ ਦਾ ਜਨਮ 14 ਅਪਰੈਲ 1891 ਈ. ਵਿਚ ਬ੍ਰਿਟਿਸ਼ ਸ਼ਾਸਨ ਕਾਲ ਦੌਰਾਨ ਪਿਤਾ ਰਾਮਜੀ ਸਕਪਾਲ ਅਤੇ ਮਾਤਾ ਭੀਮਾ ਬਾਈ ਮੁਰਬੇਦਕਰ ਦੇ ਘਰ ਹੋਇਆ। ਉਹ ਮਰਾਠਾ ਸ਼ਹਿਰ ਅੰਬਾਵੜੇ, ਜਿਲ੍ਹਾ ਰਤਨਾਗਿਰੀ ਜੋ ਕਿ ਹੁਣ ਮਹਾਂਰਾਸ਼ਟਰ ਵਿਚ ਹੈ, ਦੇ ਰਹਿਣ ਵਾਲੇ ਸਨ। ਡਾ. ਭੀਮ ਰਾਓ ਅੰਬੇਡਕਰ ਨੇ ਜਦੋਂ ਸ਼ੁਰੂਆਤੀ ਸਿੱਖਿਆ ਪ੍ਰਾਪਤ ਕਰਨ ਲਈ ਇੱਕ ਸਰਕਾਰੀ ਸਕੂਲ ਵਿਚ ਦਾਖਲਾ ਲਿਆ ਤਾਂ ਉਨ੍ਹਾਂ ਦਾ ਨਾਂਅ ਭੀਮ ਰਾਓ ਅੰਬਾਵਾਡੇਕਰ ਲਿਖਿਆ ਗਿਆ। ਸਕੂਲ ਵਿਚ ਅੰਬੇਡਕਰ ਨਾਂਅ ਦੇ ਇੱਕ ਅਧਿਆਪਕ ਨੇ ਉਨ੍ਹਾਂ ਨੂੰ ਕਿਹਾ ਕਿ ਅੰਬਾਵਾਡੇਕਰ ਬੁਲਾਉਣ ਸਮੇਂ ਅਜ਼ੀਬ ਜਿਹਾ ਲੱਗਦਾ, ਇਸ ਕਰਕੇ ਤੂੰ ਅੰਬੇਡਕਰ ਲਿਖਿਆ ਕਰ। ਉਦੋਂ ਹੀ ਉਨ੍ਹਾਂ ਨੂੰ ਭੀਮ ਰਾਓ ਅੰਬੇਡਕਰ ਕਹਿ ਕੇ ਬੁਲਾਇਆ ਜਾਣ ਲੱਗਾ।

ਪੜ੍ਹਾਈ ਦੌਰਾਨ ਜਦੋਂ ਇੱਕ ਅਧਿਆਪਕ ਨੇ ਡਾ: ਅੰਬੇਦਕਰ ਤੋਂ ਇਹ ਪੁੱਛਿਆ ਕਿ ਤੁਸੀਂ ਪੜ੍ਹ ਕੇ ਕੀ ਬਣਨਾ ਚਾਹੁੰਦੇ ਹੋ? ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਹ ਇੱਕ ਵਕੀਲ ਬਣ ਕੇ ਦਲਿਤ ਭਾਈਚਾਰੇ ਦੇ ਬਣਦੇ ਕਾਨੂੰਨੀ ਹੱਕਾਂ ਲਈ ਕਾਨੂੰਨ ਬਣਾਉਣ ਦੀ ਵਕਾਲਤ ਕਰਨਗੇ ਅਤੇ ਊਚ-ਨੀਚ ਦੀ ਸਮਾਜਿਕ ਬਿਮਾਰੀ ਨੂੰ ਖਤਮ ਕਰਕੇ ਹੀ ਦਮ ਲੈਣਗੇ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਇਸੇ ਸੰਕਲਪ ਨੂੰ ਪੂਰਾ ਕਰਨ ਲਈ ਸਮਾਜਿਕ ਬੁਰਾਈਆਂ ਖਿਲਾਫ ਝੋਕ ਦਿੱਤਾ।

ਸੰਨ 1907 ਵਿਚ ਉਨ੍ਹਾਂ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ। ਇਸ ਤੋਂ ਬਾਅਦ ਸੰਨ 1908 ਵਿਚ ਉਨ੍ਹਾਂ ਦਾ ਵਿਆਹ ਰਮਾਬਾਈ ਨਾਲ ਹੋ ਗਿਆ। ਫਿਰ ਉਨ੍ਹਾਂ ਸੰਨ 1912 ਵਿਚ ਬੀ.ਏ. ਦੀ ਪ੍ਰੀਖਿਆ ਚੰਗੇ ਨੰਬਰਾਂ ਨਾਲ ਪਾਸ ਕੀਤੀ। ਉੱਚ ਸਿੱਖਿਆ ਲਈ ਉਨ੍ਹਾਂ ਵਿਦੇਸ਼ ਵਿਚ ਜਾ ਕੇ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਐਮ. ਏ. ਤੇ ਪੀ. ਐਚ. ਡੀ. ਦੀ ਡਿਗਰੀ ਹਾਸਲ ਕੀਤੀ। ਪਰ ਅਚਾਨਕ ਵਜੀਫਾ ਬੰਦ ਹੋਣ ’ਤੇ ਉਹ ਭਾਰਤ ਵਾਪਸ ਆਏ, ਤੇ ਬੜੌਦਾ ਦੀ ਅਛੂਤ ਯਾਨੀ ਦਲਿਤ ਫੌਜ ਵਿਚ ਸਕੱਤਰ ਦੇ ਅਹੁਦੇ ’ਤੇ ਕੰਮ ਕਰਨ ਲੱਗੇ। ਪਰ ਰਿਆਸਤ ਦੀ ਸੇਵਾ ਵਿਚ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਨਾਮੋਸ਼ੀਆਂ ਦਾ ਸਾਹਮਣਾ ਕਰਨਾ ਪਿਆ।

ਬਾਅਦ ਵਿਚ ਉਹ ਮੁੰਬਈ ਦੇ ਸਿਡਨੇਮ ਕਾਲਜ ਆਫ ਕਾਮਰਸ ਐਂਡ ਇਕਨੌਮਿਕਸ ਵਿਚ ਪ੍ਰੋਫੈਸਰ ਲੱਗ ਗਏ। ਸੰਨ 1920 ’ਚ ਕੋਲਹਾਪੁਰ ਦੇ ਮਹਾਰਾਜ ਪਾਸੋਂ ਵਜੀਫਾ ਹਾਸਲ ਕਰਕੇ ਆਪਣੀ ਅਧੂਰੀ ਪੜ੍ਹਾਈ ਪੂਰੀ ਕਰਨ ਲਈ ਲੰਦਨ ਚਲੇ ਗਏ। 1923 ਵਿਚ ਉਨ੍ਹਾਂ ਨੂੰ ਡਾਕਟਰ ਆਫ ਸਾਇੰਸ ਦੀ ਪਦਵੀ ਹਾਸਲ ਹੋਈ। ਲੰਦਨ ਵਿਚ ਬੈਰਿਸਟਰੀ ਹਾਸਲ ਕਰਕੇ ਉਹ ਭਾਰਤ ਵਾਪਸ ਪਰਤ ਆਏ। ਇਸ ਤੋਂ ਬਾਅਦ ਉਹ ਮੁੰਬਈ ਹਾਈਕੋਰਟ ’ਚ ਵਕਾਲਤ ਕਰਨ ਲੱਗੇ ਤੇ ਮੁੰਬਈ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਚੁਣੇ ਗਏ। ਡਾ. ਅੰਬੇਡਕਰ ਨੇ ਸਮਾਜ ਸੁਧਾਰ ਦੇ ਅਨੇਕਾਂ ਹੀ ਕੰਮ ਕੀਤੇ।

ਉਨ੍ਹਾਂ ਦੇ ਪ੍ਰੇਰਨਾ ਸਰੋਤ ਭਗਤ ਕਬੀਰ, ਮਹਾਤਮਾ ਫੂਲੇ ਅਤੇ ਮਹਾਤਮਾ ਬੁੱਧ ਸਨ। ਉਨ੍ਹਾਂ ਨੇ ਆਪਣੀ ਪ੍ਰਸਿੱਧ ਕਿਤਾਬ ‘ਸ਼ੂਦਰ ਕੌਣ ਸਨ’ ਮਹਾਤਮਾ ਫੂਲੇ ਨੂੰ ਭੇਂਟ ਕੀਤੀ। ਉਨ੍ਹਾਂ ਨੇ ਅਛੂਤਾਂ, ਗਰੀਬ ਕਿਸਾਨਾਂ, ਔਰਤਾਂ ਤੇ ਮਜ਼ਦੂਰਾਂ ਦੇ ਸਮਾਜਿਕ, ਰਾਜਨੀਤਕ ਤੇ ਆਰਥਿਕ ਮੁੱਦਿਆਂ ਨੂੰ ਚੁੱਕਿਆ। ਭਾਰਤੀ ਸਮਾਜ ਵਿਚ ਅਛੂਤਾਂ ਦੀ ਮਾੜੀ ਹਾਲਤ ਨੂੰ ਉਨ੍ਹਾਂ ਨੇ ਖੁਦ ਵੀ ਭੋਗਿਆ। ਇਸ ਲਈ ਉਨ੍ਹਾਂ ਨੇ ਧੱਕੇਸ਼ਾਹੀ ਅਤੇ ਸ਼ੋਸ਼ਣ ਖਿਲਾਫ ਕਈ ਅੰਦੋਲਨ ਕੀਤੇ। ਉਨ੍ਹਾਂ ਨੇ ਅਛੂਤਾਂ ਤੇ ਦਲਿਤਾਂ ਦੇ ਕਲਿਆਣ ਲਈ 1917 ਤੋਂ ਹੀ ਅੰਦੋਲਨ ਸ਼ੁਰੂ ਕਰ ਦਿੱਤੇ ਸਨ। ਪਰ ਸੰਨ 1927 ਤੋਂ ਉਨ੍ਹਾਂ ਦੇ ਅੰਦੋਲਨਾਂ ’ਤੇ ਮੌਕੇ ਦੇ ਹਾਕਮਾਂ ਨੇ ਸਿਆਸੀ ਤੌਰ ’ਤੇ ਦਬਦਬਾ ਬਣਾਉਣ ਸ਼ੁਰੂ ਕਰ ਦਿੱਤਾ ਸੀ।

ਉਨ੍ਹਾਂ ਦੇ ਮੁੱਖ ਅੰਦੋਲਨਾਂ ਵਿਚ ਮਹਾੜ ਅੰਦੋਲਨ (1929), ਮੰਦਿਰ ਪ੍ਰਵੇਸ਼ ਅੰਦੋਲਨ (1929-30), ਲੇਬਰ ਪਾਰਟੀ ਦੀ ਸਥਾਪਨਾ (1936), ਨਾਗਪੁਰ ਸੰਮੇਲਨ (1942), ਧਰਮ ਪਰਿਵਰਤਨ ਅੰਦੋਲਨ (1956) ਆਦਿ ਅਹਿਮ ਅੰਦੋਲਨ ਸਨ। ਉਨ੍ਹਾਂ ਨੇ ਮੂਕਨਾਇਕ ਤੇ ਜਨਤਾ ਨਾਮੀ ਅਖਬਾਰ ਵੀ ਕੱਢੇ। ਭੀਮ ਰਾਓ ਅੰਬੇਦਕਰ ਜਾਤ-ਪਾਤ ਦੀਆਂ ਜੰਜੀਰਾਂ ਤੋੜ ਕੇ ਇੱਕ ਸਮਾਨਤਾ ਵਾਲੇ ਸਮਾਜ ਦੀ ਸਿਰਜਣਾ ਚਾਹੁੰਦੇ ਸਨ। ਉਹ ਜਾਤੀ ਪ੍ਰਥਾ ਅਤੇ ਇਸ ਤੋਂ ਪੈਦਾ ਹੋਣ ਵਾਲੀ ਛੂਆਛਾਤ ਤੋਂ ਬਹੁਤ ਦੁਖੀ ਰਹਿੰਦੇ ਸਨ।

ਉਹ ਇਹ ਵੀ ਕਹਿੰਦੇ ਸਨ ਕਿ ਅੰਗਰੇਜਾਂ ਦੀ ਗੁਲਾਮੀ ਤੋਂ ਭਾਵੇਂ ਅਸੀਂ ਅਜਾਦ ਹੋ ਗਏ ਹਾਂ, ਪਰੰਤੂ ਅਸੀਂ ਸਮਾਜਿਕ ਤੌਰ ਤੇ ਜਾਤ-ਪਾਤ, ਊਚ-ਨੀਚ ਦੀ ਗੁਲਾਮੀ ਦੀਆਂ ਜੰਜੀਰਾਂ ਤੋਂ ਅਜੇ ਤੱਕ ਮੁਕਤ ਨਹੀਂ ਹਾਂ। ਉਨ੍ਹਾਂ ਦਾ ਮੰਨਣਾ ਸੀ ਕਿ ਕਿਸੇ ਵੀ ਵਿਅਕਤੀ ਨੂੰ ਆਪਣੀ ਸ਼ਖਸੀਅਤ ਦੇ ਵਿਕਾਸ ਲਈ ਆਪਣੀ ਸਮਰੱਥਾ ਦੇ ਮੁਤਾਬਕ ਰਸਤਾ ਚੁਣਨ ਦੀ ਅਜਾਦੀ ਹੋਣੀ ਚਾਹੀਦੀ ਹੈ। ਊਚ-ਨੀਚ ਇਸ ਵਿਚ ਅੜਿੱਕਾ ਨਹੀਂ ਬਣਨੀ ਚਾਹੀਦੀ। ਕਿਉਂਕਿ ਇਸ ਤਰ੍ਹਾਂ ਮਨੁੱਖ ਦੇ ਕੁਦਰਤੀ ਗੁਣਾਂ, ਸ਼ਕਤੀਆਂ ਤੇ ਭਾਵਨਾਵਾਂ ਦਾ ਘਾਣ ਹੁੰਦਾ ਹੈ। ਜਦੋਂ ਤੱਕ ਸਮਾਜ ਅੰਦਰੋਂ ਜਾਤ-ਪਾਤ ਦਾ ਭੇਦ-ਭਾਵ ਮਿਟ ਨਹੀਂ ਜਾਂਦਾ, ਉਦੋਂ ਤੱਕ ਅਸੀਂ ਮਾਨਸਿਕ, ਆਰਥਿਕ ਤੇ ਸਮਾਜਿਕ ਤੌਰ ’ਤੇ ਗੁਲਾਮ ਹੀ ਰਹਾਂਗੇ।

ਦੇਸ਼ ਅੰਦਰ ਔਰਤ ਦੇ ਹੱਕਾਂ ਦੀ ਗੱਲ ਕਰਦਿਆਂ ਉਨ੍ਹਾਂ ਆਖਿਆ ਸੀ ਕਿ ਔਰਤ ਚਾਹੇ ਕਿਸੇ ਵੀ ਜਾਤ ਜਾਂ ਵਰਗ ਦੀ ਹੋਵੇ, ਉਸ ਦਾ ਹਮੇਸ਼ਾ ਹੀ ਸ਼ੋਸ਼ਣ ਹੋਇਆ ਤੇ ਹੁੰਦਾ ਹੀ ਰਹਿੰਦਾ, ਜੋ ਅੱਜ ਤੱਕ ਰੁਕਦਾ ਨਜ਼ਰ ਨਹੀਂ ਆ ਰਿਹਾ। ਜਿਸ ਨੂੰ ਪ੍ਰਸ਼ਾਸਨਿਕ, ਰਾਜਨੀਤਕ ਤੇ ਸਮਾਜਿਕ ਜਿੰਮੇਵਾਰੀ ਸਮਝਦਿਆਂ ਸਖ਼ਤੀ ਨਾਲ ਰੋਕਣਾ ਚਾਹੀਦਾ ਹੈ ਡਾ. ਅੰਬੇਡਕਰ ਕਹਿੰਦੇ ਸਨ ਕਿ ਕੋਈ ਵੀ ਦੇਸ਼ ਉਦੋਂ ਤਰੱਕੀ ਕਰ ਸਕਦਾ ਹੈ, ਜਦੋਂ ਉੱਥੋਂ ਦੇ ਬੱਚਿਆਂ ਤੇ ਔਰਤਾਂ ਦੀ ਦਸ਼ਾ ਚੰਗੀ ਹੋਵੇ।

ਉਨ੍ਹਾਂ ਨੇ ਲੜਕਿਆਂ ਦੀ ਸਿੱਖਿਆ ਦੇ ਨਾਲ-ਨਾਲ ਲੜਕੀਆਂ ਦੀ ਸਿੱਖਿਆ ਵੱਲ ਵੀ ਲੋਕਾਂ ਦਾ ਧਿਆਨ ਦਿਵਾਇਆ। ਉਨ੍ਹਾਂ ਨੇ ਬਾਲ ਵਿਆਹ ਦਾ ਪ੍ਰਭਾਵੀ ਢੰਗ ਨਾਲ ਵਿਰੋਧ ਕੀਤਾ। ਇਸ ਦੇ ਨਾਲ ਹੀ ਹਿੰਦੂ ਕੋਡ ਬਿੱਲ (ਜਿਸ ਵਿਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਦਿੱਤੇ ਗਏ ਸਨ) ਨੂੰ ਪਾਸ ਕਰਵਾਉਣ ਲਈ ਮੰਤਰੀ ਮੰਡਲ ਤੋਂ ਅਸਤੀਫਾ ਤੱਕ ਦੇ ਦਿੱਤਾ ਸੀ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਸੰਵਿਧਾਨ ਵਿਚ ਬਰਾਬਰਤਾ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਮੰਨਿਆ ਗਿਆ।

ਡਾ. ਅੰਬੇਡਕਰ ਲਈ ਆਪਣਾ ਦੇਸ਼ ਸਭ ਤੋਂ ਅਹਿਮ ਸੀ। ਸਭ ਤੋਂ ਪਹਿਲਾਂ ਉਹ ਆਪਣੇ-ਆਪ ਨੂੰ ਭਾਰਤਵਾਸੀ ਮੰਨਦੇ ਸਨ। ਉਨ੍ਹਾਂ ਕਈ ਮੌਕਿਆਂ ’ਤੇ ਆਖਿਆ ਸੀ ਕਿ ਇੱਕ ਚੰਗਾ ਸਮਾਜ ਅਜਾਦੀ, ਸਮਾਨਤਾ ਤੇ ਭਾਈਚਾਰੇ ’ਤੇ ਅਧਾਰਿਤ ਹੁੰਦਾ ਹੈ। ਇਨ੍ਹਾਂ ਤਿੰਨੇ ਤੱਤਾਂ ਨੂੰ ਇੱਕ-ਦੂਜੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਕਿਉਂਕਿ ਇਹ ਤਿੰਨੇ ਤੱਤ ਮਿਲ ਕੇ ਹੀ ਸਮਾਜ ਵਿਚ ਇੱਕਜੁਟਤਾ ਪੈਦਾ ਕਰਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਮਨ ਵਿਚ ਇੱਕਜੁਟਤਾ ਵਸਾਉਣ ਵਾਲਾ ਕੋਈ ਤੱਤ ਹੈ ਤਾਂ ਉਹ ਸਿਰਫ ਤੇ ਸਿਰਫ ਆਪਸੀ ਭਾਈਚਾਰਾ ਹੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਅਜਿਹਾ ਰਸਤਾ ਅਪਣਾਉਣਾ ਚਾਹੀਦੈ, ਜੋ ਸਾਨੂੰ ਵੱਖਵਾਦ ਦੇ ਰਾਹ ਤੋਂ ਮੋੜ ਕੇ ਇੱਕਜੁਟਤਾ ਤੇ ਭਾਈਚਾਰਕ ਸਾਂਝ ਵਧਾਉਣ ਵੱਲ ਲੈ ਕੇ ਜਾਵੇ।

15 ਅਗਸਤ 1947 ਨੂੰ ਜਦੋਂ ਦੇਸ ਅਜ਼ਾਦ ਹੋਇਆ ਤਾਂ ਇਨ੍ਹਾਂ ਨੇ ਸਰਕਾਰ ਵਿਚ ਕਾਨੂੰਨ ਮੰਤਰੀ ਦਾ ਅਹੁਦਾ ਸੰਭਾਲਿਆ। ਇਸੇ ਤਰ੍ਹਾਂ 29 ਅਗਸਤ ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਨੂੰ ਸੰਵਿਧਾਨਕ ਡਰਾਫਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਭਾਰਤੀ ਸੰਵਿਧਾਨ ਦਾ ਨਿਰਮਾਣ ਵੀ ਬਾਬਾ ਸਾਹਿਬ ਨੇ ਕੀਤਾ। ਫਿਰ 26 ਨਵੰਬਰ 1949 ਨੂੰ ਇਸ ਸੰਵਿਧਾਨ ਨੂੰ ਵਿਧਾਨ ਸਭਾ ਵੱਲੋਂ ਅਪਣਾ ਲਿਆ ਗਿਆ। ਜਦ ਕਿ 26 ਜਨਵਰੀ 1950 ਨੂੰ ਇਹ ਸੰਵਿਧਾਨ ਲਾਗੂ ਹੋ ਗਿਆ।

ਡਾ. ਅੰਬੇਡਕਰ ਡਾਇਬਟੀਜ਼ ਦੇ ਰੋਗ ਤੋਂ ਪੀੜਤ ਸਨ। ਫਿਰ 6 ਦਸੰਬਰ 1956 ਨੂੰ ਆਪਣੇ ਦਿੱਲੀ ਵਾਲੇ ਨਿਵਾਸ ਅਸਥਾਨ ’ਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਬੇਸ਼ੱਕ ਉਹ ਸਰੀਰਕ ਤੌਰ ’ਤੇ ਸਾਡੇ ਵਿਚ ਨਹੀਂ ਹਨ, ਪਰੰਤੂ ਉਨ੍ਹਾਂ ਨੇ ਇੱਕ ਗਰੀਬ ਘਰ ਜਨਮ ਲੈਣ ਦੇ ਬਾਵਜੂਦ ਆਰਥਿਕ ਸੰਕਟ ਤੋਂ ਇਲਾਵਾ ਸਮਾਜ ਅੰਦਰ ਹੋਰ ਵੀ ਅਨੇਕਾਂ ਕਠਿਨਾਈਆਂ ਦਾ ਸਾਹਮਣਾ ਕਰਕੇ ਸਾਰੇ ਸੰਸਾਰ ਵਿਚ ਜੋ ਪ੍ਰਸਿੱਧੀ ਹਾਸਲ ਕੀਤੀ, ਉਸ ਨੁੰ ਭੁਲਾਇਆ ਨਹੀਂ ਜਾ ਸਕਦਾ। ਅੱਜ ਦੇਸ਼ ਅੰਦਰ ਚੱਲ ਰਹੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਉਨ੍ਹਾਂ ਦੀ ਯਾਦ ਨੂੰ ਤਾਜਾ ਕਰਦੀਆਂ ਹਨ।
ਪ੍ਰਤੀਨਿਧ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ,
ਮੋ. 98726-00923
ਮੇਵਾ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ