ਪੰਜਾਬ ‘ਚ ਕੋਰੋਨਾ ਨੂੰ ਰੋਕਣ ਦੀ ਜਿੰਮੇਵਾਰੀ ਹੁਣ ਕੇਂਦਰ ਸਿਰ, ਪੰਜਾਬ ‘ਚ ਕੇਂਦਰ ਨੇ ਭੇਜੀ ਆਪਣੀ ਟੀਮ

0
Corona India

ਪੰਜਾਬ ਵਿੱਚ ਲਗਾਤਾਰ ਵੱਧ ਰਹੀ ਮੌਤ ਦਰ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਭੇਜੀ ਐ ਟੀਮ

ਪੰਜਾਬ ਵਿੱਚ ਅਗਲੇ 10 ਦਿਨ ਤੱਕ ਰਹੇਗੀ ਮਾਹਿਰਾਂ ਦੀ ਟੀਮ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਲਗਾਤਾਰ ਵਧ ਰਹੇ ਕੋਰੋਨਾ ਦੇ ਕੇਸਾਂ ਅਤੇ ਵਧਦੀ ਮੌਤ ਦਰ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਸਰਕਾਰ ਨੇ ਸੂਬੇ ਵਿੱਚ ਆਪਣੇ ਮਾਹਿਰਾਂ ਦੀ ਟੀਮ ਟੀਮ ਭੇਜਣ ਦਾ ਫੈਸਲਾ ਕਰ ਲਿਆ ਹੈ। ਅਗਲੇ ਇੱਕ ਦੋ ਦਿਨਾਂ ਵਿੱਚ ਹੀ ਪੰਜਾਬ ਵਿੱਚ ਕੇਂਦਰੀ ਟੀਮ ਪੁੱਜ ਜਾਏਗੀ। ਜਿਹੜੀ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਨਾ ਸਿਰਫ਼ ਸਾਰੀ ਨਿਗਰਾਨੀ ਕਰੇਗੀ, ਸਗੋਂ ਆਪਣੀ ਸਲਾਹ ਦੇ ਕੇ ਕੋਰੋਨਾ ਨੂੰ ਰੋਕਣ ਲਈ ਨਵੇਂ ਫ਼ਾਰਮੂਲੇ ‘ਤੇ ਕੰਮ ਵੀ ਕੀਤਾ ਜਾਏਗਾ। ਕੇਂਦਰੀ ਟੀਮ ਪੰਜਾਬ ਵਿੱਚ ਸਿਹਤ ਸੇਵਾਵਾਂ, ਟੈਸਟਿੰਗ ਅਤੇ ਪ੍ਰਭਾਵੀ ਕਲੀਨੀਕਲ ਇੰਤਜ਼ਾਮ ਕਰਨ ‘ਤੇ ਆਪਣਾ ਜੋਰ ਦੇਵੇਗੀ ਤਾਂ ਕਿ ਜਲਦ ਹੀ ਸਾਰੇ ਕੋਰੋਨਾ ਮਰੀਜ਼ਾ ਤੱਕ ਪਹੁੰਚ ਕਰਕੇ ਇਸ ਨੂੰ ਰੋਕਣ ਵਿੱਚ ਕਾਮਯਾਬੀ ਹਾਸਲ ਕੀਤੀ ਜਾ ਸਕੇ।

ਪਿਛਲੇ ਮਹੀਨੇ ਅਗਸਤ ਦੇ ਆਖਰੀ 15 ਦਿਨਾਂ ਵਿੱਚ ਕੋਰੋਨਾ ਦੀ ਮਹਾਂਮਾਰੀ ਪੰਜਾਬ ਵਿੱਚ ਕਾਫ਼ੀ ਜਿਆਦਾ ਗੰਭੀਰ ਰੂਪ ਧਾਰ ਚੁੱਕੀ ਹੈ ਅਤੇ ਇਸੇ ਨਾਜ਼ੁਕ ਹਾਲਾਤਾਂ ਕਾਰਨ ਲਗਾਤਾਰ ਜਿਆਦਾ ਮੌਤਾਂ ਹੋਣ ਦੇ ਨਾਲ ਹੀ 1500 ਦੇ ਕਰੀਬ ਰੋਜ਼ਾਨਾ ਨਵੇਂ ਮਾਮਲੇ ਆ ਰਹੇ ਹਨ।
ਕੇਂਦਰ ਸਰਕਾਰ ਵਲੋਂ ਤੈਅ ਕੀਤੀ ਗਈ 2 ਮੈਂਬਰੀ ਟੀਮ ਵਿੱਚ ਪੀਜੀਆਈ ਕੰਮਿਊਨਿਟੀ ਮੈਡੀਸਨ ਦੇ ਮਾਹਰ ਜੇ.ਐਸ. ਠਾਕੁਰ ਅਤੇ ਐਨਸੀਡੀਸੀ ਦੇ ਐਪਾਡੋਮਾਲਾਜਿਸਟ ਡਾ. ਅਕੈਸ਼ ਕੁਮਾਰ ਸ਼ਾਮਲ ਹਨ।

Corona

ਇਹ ਟੀਮ ਚੰਡੀਗੜ ਬੈਠ ਕੇ ਪੰਜਾਬ ਭਰ ਦੀ ਆਪਣੀ ਨਿਗਰਾਨੀ ਕਰੇਗੀ ਅਤੇ ਲੋੜ ਪੈਣ ‘ਤੇ ਫੀਲਡ ਵਿੱਚ ਖ਼ੁਦ ਜਾ ਕੇ ਚੈੱਕ ਵੀ ਕਰੇਗੀ। ਇਹ ਟੀਮ ਪੰਜਾਬ ‘ਤੇ 10 ਦਿਨ ਨਜ਼ਰ ਰੱਖ ਕੇ ਉਨਾਂ ਜ਼ਿਲਿਆ ਅਤੇ ਇਲਾਕਿਆ ਵਿੱਚ ਜਿਆਦਾ ਧਿਆਨ ਦੇਵੇਗੀ, ਜਿਥੇ ਜਿਆਦਾ ਮਾਮਲੇ ਆ ਰਹੇ ਹਨ। ਪੰਜਾਬ ਵਿੱਚ ਇਸ ਸਮੇਂ 63 ਹਜ਼ਾਰ 474 ਕੇਸ ਹਨ, ਜਿਨਾਂ ਵਿੱਚੋਂ 1862 ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 16156 ਅਜੇ ਵੀ ਇਲਾਜ ਅਧੀਨ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.