ਵਾਪਸੀ ਟਿਕਟ

ਵਾਪਸੀ ਟਿਕਟ

ਕਰਮ ਸਿਹੁੰ ਦਾ ਬੇਟਾ ਵਿਦੇਸ਼ ਵਿੱਚ ਸੈੱਟ ਸੀ। ਪੀ.ਆਰ. ਹੋ ਕੇ ਵੈਨਕੂਵਰ ‘ਚ ਰਹਿੰਦਾ ਸੀ ਕਰਮ ਸਿਹੁੰ ਨੂੰ ਉਸ ਦੀ ਕੋਈ ਫਿਕਰ ਨਹੀਂ ਸੀ। ”ਡੈਡੀ ਜੀ ਤੁਸੀਂ ਆਹ ਖੇਤੀ ਦਾ ਖਹਿੜਾ ਛੱਡੋ ਹੁਣ। ਮੰਮੀ ਨੂੰ ਕਿਹੜਾ ਹੁਣ ਕੰਮ-ਕਾਰ ਕਰਨਾ ਸੌਖਾ ਐ। ਨਾਲੇ ਹੁਣ ਤੁਸੀਂ ਵੀ ਦੋਵੇਂ ਜਣੇ ਮੇਰੇ ਕੋਲ ਇੱਥੇ ਹੀ ਆ ਜਾਓ।” ਕਰਮ ਸਿਹੁੰ ਦੇ ਮੁੰਡੇ ਨੇ ਫੋਨ ਕੀਤਾ।

”ਲੋਕ ਪਤਾ ਨ੍ਹੀਂ ਕਿਵੇਂ ਕਹਿ ਦਿੰਦੇ ਆ ਕਿ ਵਿਦੇਸ਼ ਜਾ ਕੇ ਬੱਚੇ ਨਿਰਮੋਹੇ ਹੋ ਜਾਂਦੇ ਨੇ। ਆਪਣਿਆਂ ਨੂੰ ਭੁੱਲ ਜਾਂਦੇ ਨੇ, ਆਪਣੀ ਮਿੱਟੀ ਨੂੰ ਭੁੱਲ ਜਾਂਦੇ ਨੇ।” ਕਰਮ ਸਿਹੁੰ ਨੇ ਖੁਸ਼ ਹੁੰਦਿਆਂ ਪਤਨੀ ਨੂੰ ਮੁੰਡੇ ਦੇ ਫੋਨ ਬਾਰੇ ਦੱਸਿਆ। ਕਰਮ ਸਿਹੁੰ ਦੀ ਪਤਨੀ ਨੇ ਵੀ ਦੋਵੇਂ ਹੱਥ ਜੋੜ ਪਰਮਾਤਮਾ ਦਾ ਸ਼ੁਕਰਾਨਾ ਕੀਤਾ, ”ਹੇ ਵਾਹਿਗੁਰੂ! ਸਾਡੀ ਔਲਾਦ ਨੂੰ ਇਵੇਂ-ਜਿਵੇਂ ਆਪਣਿਆਂ ਨਾਲ ਅਤੇ ਆਪਣੀ ਜੰਮਣ ਭੋਇੰ ਨਾਲ ਜੋੜੀ ਰੱਖੀਂ!”

ਕਰਮ ਸਿਹੁੰ ਨੇ ਜਮੀਨ ਠੇਕੇ ‘ਤੇ ਚਾੜ੍ਹ ਕੇ ਅਤੇ ਘਰ ਦਾ ਜਿੰਮਾ ਗੁਆਂਢੀਆਂ ਨੂੰ ਦੇ ਪਤਨੀ ਸਮੇਤ ਕੈਨੇਡਾ ਦੀ ਧਰਤੀ ‘ਤੇ ਜਾ ਪੈਰ ਪਾਏ। ਸਾਰਾ ਪਰਿਵਾਰ ਮੁੜ ਤੋਂ ਇਕੱਠਾ ਹੋ ਗਿਆ। ਘਰ ‘ਚ ਰੌਣਕ ਹੀ ਰੌਣਕ ਸੀ। ਕਰਮ ਸਿਹੁੰ ਅੰਦਰੋਂ ਬਹੁਤ ਖੁਸ਼ ਸੀ। ਕੈਨੇਡਾ ਬੈਠਾ ਹੀ ਫੋਨ ‘ਤੇ ਜਮੀਨ ਦਾ ਠੇਕਾ ਤੈਅ ਕਰ ਲੈਂਦਾ ਅਤੇ ਖਾਤੇ ‘ਚ ਪੈਸੇ ਪਵਾ ਲੈਂਦਾ। ਮੁੰਡਾ ਹਰ ਸਰਦੀ ਦੀ ਰੁੱਤ ਦੌਰਾਨ ਆਨਲਾਈਨ ਟਿਕਟ ਬੁੱਕ ਕਰਵਾ ਦਿੰਦਾ ਅਤੇ ਕਰਮ ਸਿਹੁੰ ਪਤਨੀ ਸਮੇਤ ਪਿੰਡ ਆ ਕੇ ਖੇਤਾਂ ਅਤੇ ਘਰ ਦੀ ਸਾਰ ਲੈਣ ਦੇ ਨਾਲ-ਨਾਲ ਪਿੰਡ ਅਤੇ ਰਿਸ਼ੇਤਦਾਰਾਂ ਨੂੰ ਮਿਲ-ਗਿਲ ਕੇ ਗਰਮੀਆਂ ਦੀ ਰੁੱਤ ਸ਼ੁਰੂ ਹੁੰਦਿਆਂ ਹੀ ਵਾਪਸ ਕੈਨੇਡਾ ਚਲਾ ਜਾਂਦਾ।

”ਤੁਸੀ ਤਾਇਆ ਜੀ ਇਸ ਵਾਰੀ ਠੇਕੇ ਨੂੰ ਰਹਿਣ ਦਿਓ। ਤੁਸੀਂ ਆਪ ਲੈ ਲਵੋ ਜਾਂ ਕੋਈ ਹੋਰ ਗ੍ਰਾਹਕ ਲੱਭੋ ਬੈਅ ਦਾ ਈ ਸੌਦਾ ਕਰੋ ਜਮੀਨ ਦਾ।” ਪਿੰਡੋਂ ਠੇਕੇ ‘ਤੇ ਜਮੀਨ ਲੈਣ ਲਈ ਆਏ ਫੋਨ ਨੂੰ ਕਰਮ ਸਿਹੁੰ ਤੋਂ ਪਹਿਲਾਂ ਹੀ ਚੁੱਕਦਿਆਂ ਉਸਦੇ ਮੁੰਡੇ ਨੇ ਜ਼ਮੀਨ ਵੇਚਣ ਦੀ ਗੱਲ ਕਹਿ ਮਾਰੀ। ”ਇਹ ਤੂੰ ਕੀ ਕਹੀ ਜਾਨੈ? ਤੈਨੂੰ ਪਤੈ ਕਿਵੇਂ ਬਣੀ ਆ ਇਹ ਜਮੀਨ? ਦਾਦਿਆਂ ਪੜਦਾਦਿਆਂ ਦੀਆਂ ਉਮਰਾਂ ਲੰਘ ਗਈਆਂ ਇਸ ਨੂੰ ਬਣਾਉਂਦਿਆਂ। ਮੇਰੇ ਤੋਂ ਤਾਂ ਠੇਕੇ ਵਾਲੇ ਜਮੀਨ ‘ਚ ਫਿਰਦੇ ਨ੍ਹੀਂ ਝੱਲੇ ਜਾਂਦੇ ਤੂੰ ਵੇਚਣ ਦੀਆਂ ਗੱਲਾਂ ਕਰੀ ਜਾਨੈ …।”

ਭਾਵੁਕ ਅਤੇ ਗੁੱਸੇ ਹੋਇਆ ਕਰਮ ਸਿਹੁੰ ਪਤਾ ਨਹੀਂ ਕੀ ਕੁੱਝ ਬੋਲ ਗਿਆ। ”ਵੇ ਕੀ ਕਰੀ ਜਾਨੇ ਓ? ਨਾਲੇ ਸੁਣ ਭਾਈ ਕਾਕਾ ਪਿੰਡ ਵਾਲੀ ਜਮੀਨ-ਜਾਇਦਾਦ ਸਾਥੋਂ ਇਉਂ ਨ੍ਹੀਂ ਵੇਚੀ ਜਾਣੀ ਜਿਵੇਂ ਤੂੰ ਕਹਿਨੈ? ਅਸੀਂ ਤਾਂ ਢਿੱਡ ਬੰਨ੍ਹ ਕੇ ਜੋੜੇ ਆ ਚਾਰ ਸਿਆੜ।” ਕਰਮ ਸਿਹੁੰ ਦੀ ਪਤਨੀ ਨੇ ਵੀ ਕਰਮ ਸਿਹੁੰ ਦਾ ਸਾਥ ਦਿੱਤਾ।

” ਡੈਡੀ ਜੀ ਐਤਕੀਂ ਫਿਰ ਨਿਬੇੜ ਕੇ ਈ ਆਇਓ ਜਮੀਨ ਅਤੇ ਘਰ ਵਾਲਾ ਕੰਮ। ਨਿੱਤ-ਨਿੱਤ ਨ੍ਹੀਂ ਟਿਕਟਾਂ ‘ਤੇ ਪੈਸੇ ਗਾਲੇ ਜਾਂਦੇ। ਤੁਸੀਂ ਤਾਂ ਤੀਜੇ ਦਿਨ ਪਿੰਡ ਨੂੰ ਤਿਆਰ ਰਹਿਨੇ ਓ। ਏਨਾ ਤਾਂ ਠੇਕਾ ਨ੍ਹੀਂ ਆਉਂਦਾ ਜਿੰਨੇ ਪੈਸੇ ਥੋਡੀਆਂ ਟਿਕਟਾਂ ‘ਤੇ ਲੱਗ ਜਾਂਦੇ ਨੇ।” ਕੈਨੇਡਾ ਤੋਂ ਜਹਾਜ਼ ਚੜ੍ਹਾਉਂਦਿਆਂ ਕਰਮ ਸਿਹੁੰ ਨੂੰ ਮੁੰਡੇ ਨੇ ਆਖਰੀ ਵਾਰਨਿੰਗ ਜਿਹੀ ਦਿੱਤੀ। ਕਰਮ ਸਿਹੁੰ ਅਤੇ ਉਸਦੀ ਪਤਨੀ ਨੇ ਘੁੱਟ ਕੇ ਪੁੱਤ ਨੂੰ ਜੱਫੀ ਪਾਈ ਅਤੇ ਰੋਂਦਿਆਂ-ਰੋਂਦਿਆਂ ਜਹਾਜ਼ ਚੜ੍ਹ ਗਏ।

ਇਸ ਤੋਂ ਪਹਿਲਾਂ ਪਿੰਡ ਆਉਣ  ਲੱਗੇ ਕਰਮ ਸਿਹੁੰ ਅਤੇ ਉਸ ਦੀ ਪਤਨੀ ਕਦੇ ਵੀ ਰੋਏ ਨਹੀਂ ਸਨ। ਪਰ ਇਸ ਵਾਰੀ ਉਹਨਾਂ ਦੋਵਾਂ ਨੇ ਬੇਟੇ ਨੂੰ ਇਸ ਤਰ੍ਹਾਂ ਜੱਫੀ ‘ਚ ਲਿਆ ਜਿਵੇਂ ਬੱਸ ਇਹ ਉਹਨਾਂ ਦੀ ਆਪਣੇ ਪੁੱਤਰ ਨੂੰ ਆਖਰੀ ਜੱਫੀ ਹੋਵੇ। ਜਹਾਜ਼ ਨੇ ਨਿਰਧਾਰਿਤ ਸਮੇਂ ‘ਤੇ ਉਡਾਣ ਭਰ ਲਈ। ਕਰਮ ਸਿਹੁੰ ਨੇ ਮਨ ਹੀ ਮਨ ਕੈਨੇਡਾ ਦੀ ਧਰਤੀ ਨੂੰ ਆਖਰੀ ਸਲਾਮ ਕੀਤੀ। ਦੋਵੇਂ ਜਣੇ ਕਿੰਨੀ ਹੀ ਦੇਰ ਡੂੰਘੀਆਂ ਸੋਚਾਂ ਵਿੱਚ ਡੁੱਬੇ ਇੱਕ-ਦੂਜੇ ਨਾਲ ਬਿਲਕੁਲ ਵੀ ਨਾ ਬੋਲੇ।

”ਮੈਂ ਕਿਹਾ ਜੀ! ਉਹੀ ਗੱਲ ਹੋਗੀ ਜਿਹੜੀ ਲੋਕ ਕਹਿੰਦੇ ਸੀ। ਕਮਲੇ ਨੇ ਕਿਵੇਂ ਮੂੰਹ ਪਾੜ ਕੇ ਕਹਿ ਦਿੱਤਾ ਅਖੇ,  ਜਮੀਨ ਅਤੇ ਘਰ ਵੇਚ ਦਿਓ। ਬਈ ਐਂ ਅਸੀਂ ਕਿਵੇਂ ਵੇਚ ਦੇਈਏ!” ਪਤਨੀ ਨੇ ਕਰਮ ਸਿਹੁੰ ਨੂੰ ਡੂੰਘੀਆਂ ਸੋਚਾਂ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ”ਚੱਲ ਕੋਈ ਨਾ ਭਾਗਵਾਨੇ ਇਹ ਤਾਂ ਹੋਣੀ ਹੀ ਸੀ। ਰੱਬ ਦਾ ਸ਼ੁਕਰ ਕਰ ਆਪਣੇ ਨਾਲ ਕਈ ਵਰ੍ਹੇ ਠਹਿਰ ਕੇ ਹੋਈ ਆ।” ਸੰਖੇਪ ਜਿਹਾ ਜਵਾਬ ਦੇ ਕਰਮ ਸਿਹੁੰ ਫਿਰ ਡੂੰਘੀਆਂ ਸੋਚਾਂ ਵਿੱਚ ਡੁੱਬ ਗਿਆ।

”ਊਂ ਮੁੰਡਾ ਵੀ ਸਹੀਓ ਕਹਿੰਦਾ। ਹੁਣ ਉਹਦੇ ਕੋਲ ਕਿੱਥੇ ਆ ਸਮਾਂ ਇੱਧਰ ਆ ਕੇ ਜਮੀਨਾਂ ਠੇਕੇ ‘ਤੇ ਦੇਣ ਦਾ। ਨਾਲੇ ਜਮੀਨੇ ਦੇ ਠੇਕੇ ਜਿੰਨਾ ਤਾਂ ਉਹ ਇੱਕ ਮਹੀਨੇ ‘ਚ ਕਮਾ ਲੈਂਦੇ ਨੇ। ਪਰ ਉਸ ਕਮਲੇ ਨੂੰ ਕੌਣ ਸਮਝਾਵੇ ਵੀ ਇਹ ਮੁੱਦਾ ਪੈਸਿਆਂ ਦਾ ਨਹੀਂ ਇਹ ਤਾਂ ਭਾਵਨਾਵਾਂ ਦਾ ਐ। ਬਈ ਤੇਰੇ ਤੋਂ ਨਹੀਂ ਇੱਧਰ ਆਇਆ ਜਾਊ ਤੂੰ ਵੇਚ ਦੇਵੀਂ। ਪਰ ਸਾਨੂੰ ਤਾਂ ਹੱਥੀਂ ਵੇਚਣ ਨੂੰ ਨਾ ਕਹਿ।” ਸਰ ਖਾਣ ਨੂੰ ਕੀ ਲਵੋਗੇ? ਕਹਿ ਏਅਰ ਹੋਸਟੈਸ ਨੇ ਕਰਮ ਸਿਹੁੰ ਦੀਆਂ ਸੋਚਾਂ ਦੀ ਲੜੀ ਤੋੜ ਦਿੱਤੀ।

”ਨਹੀਂ ਬੀਬਾ ਕੁਛ ਨ੍ਹੀਂ ਲੈਣਾ।” ਕਰਮ ਸਿਹੁੰ ਦੀ ਤਾਂ ਜਿਵੇਂ ਸਾਰੀ ਹੀ ਭੁੱਖ ਮਰੀ ਪਈ ਸੀ। ”ਲੈ ਲੈਣਾ ਕਿਉਂ ਨ੍ਹੀਂ। ਹੁਣ ਭੁੱਖਾ ਤਾਂ ਨ੍ਹੀਂ ਰਹੇਂਗਾ। ਲੈ ਮੇਰੀ ਧੀ ਦੇ ਜਾ ਕੁਛ ਖਾਣ ਨੂੰ। ਜਵਾਕਾਂ ਕੋਲੋਂ ਆਇਆ ਨਾ ਤਾਂ ਕਰਕੇ ਓਦਰਿਆ ਜਿਹਾ ਪਿਆ।” ਕਰਮ ਸਿਹੁੰ ਦੀ ਪਤਨੀ ਨੇ ਏਅਰ ਹੋਸਟੈਸ ਤੋਂ ਖਾਣੇ ਦਾ ਪੈਕਟ ਫੜਦਿਆਂ ਗੱਲ ਟਾਲਣ ਦੀ ਕੋਸ਼ਿਸ਼ ਕੀਤੀ।

ਪਿੰਡ ਤੱਕ ਦੋਵੇਂ ਜੀ ਇੰਨਾ ਚੁੱਪ ਰਹੇ ਜਿੰਨਾ ਉਹ ਜਿੰਦਗੀ ‘ਚ ਕਦੇ ਵੀ ਨਹੀਂ ਰਹੇ ਹੋਣੇ। ਰਹਿਣ ਕਿਵੇਂ ਨਾ ਇਹੋ-ਜਿਹਾ ਫੈਸਲਾ ਵੀ ਤਾਂ ਉਹਨਾਂ ਦੇ ਕੰੰਨਾਂ ਨੇ ਜਿੰਦਗੀ ‘ਚ ਪਹਿਲੀ ਵਾਰ ਈ ਸੁਣਿਆ ਸੀ। ਨਹੀਂ ਤਾਂ ਸਾਰੀ ਉਮਰ ਉਹਨਾਂ ਨੇ ਚਾਰ ਸਿਆੜ ਖਰੀਦਣ ਦੀਆਂ ਸਕੀਮਾਂ ਈ ਬਣਾਈਆਂ ਸਨ। ਚਾਰ-ਚਾਰ ਸਿਆੜ ਜੋੜ ਕੇ ਵੀਹ ਕਿੱਲੇ ਪੈਲੀ ਬਣਾਉਣੀ ਸੌਖੀ ਨਹੀਂ। ਕਿੱਥੇ ਪੁੱਤ ਨੇ ਜਮੀਨ ਸੰਭਾਲਣੀ ਸੀ ਕਿੱਥੇ ਉਹੀ ਕਹਿੰਦਾ ਜਲਦੀ-ਜਲਦੀ ਵੇਚੋ।

ਪਿੰਡ ਪਹੁੰਚ ਕੇ ਕਰਮ ਸਿਹੁੰ ਸਭ ਤੋਂ ਪਹਿਲਾਂ ਖੇਤਾਂ ਵੱਲ ਗਿਆ ਅਤੇ ਉਸਨੇ ਦੂਰ ਤੱਕ ਨਜ਼ਰ ਮਾਰ ਕੇ ਸਾਰੀ ਜਮੀਨ ਨੂੰ ਇਉਂ ਨਿਹਾਰਿਆ, ਪਿਆਰਿਆ ਅਤੇ ਦੁਲਾਰਿਆ ਜਿਵੇਂ ਮਾਂ ਆਪਣੀ ਔਲ਼ਾਦ ਨੂੰ ਪਿਆਰਦੀ ਹੈ। ਕਰਮ ਸਿਹੁੰ ਜਮੀਨ ਨੂੰ ਕਲਾਵੇ ‘ਚ ਲੈ ਕੇ ਢੇਰ ਸਾਰਾ ਪਿਆਰ ਦੇਣਾ ਚਾਹੁੰਦਾ ਸੀ। ਨਾਲੇ ਵਿਸ਼ਵਾਸ ਦਿਵਾਉਣਾ ਚਾਹੁੰਦਾ ਸੀ ਉਹ ਤਾਂ ਨਿਆਣਾ ਹੈ ਉਹਦੀਆਂ ਗੱਲਾਂ ਦਾ ਬੁਰਾ ਨਾ ਮੰਨੀ। ਐਂ ਭਲਾ ਕਿਵੇਂ ਵੇਚ ਦੂੰ ਮੈਂ ਤੈਨੂੰ। ਤੇਰੇ  ‘ਚ ਤਾਂ ਮੇਰੀ ਜਿੰਦ ਜਾਨ ਆ। ਘਰ-ਬਾਰ ਸੰਵਾਰ ਕੇ ਦੋਵੇਂ ਜੀਆਂ ਨੇ ਪਿੰਡ ਰਹਿਣਾ ਸ਼ੁਰੂ ਕਰ ਦਿੱਤਾ।

”ਹਾਂ ਡੈਡੀ ਜੀ! ਫਿਰ ਕਿੰਨੀ ਤਾਰੀਕ ਦੀ ਕਰਵਾ ਦੇਵਾਂ ਤੁਹਾਡੀ ਵਾਪਸੀ ਟਿਕਟ? ਨਾਲੇ ਜਮੀਨ ਦਾ ਸੌਦਾ ਬਗੈਰਾ ਕਰ ਲਿਆ ਕਿ ਨਾ? ਹੁਣ ਘਰ ਦਾ ਵੀ ਨਾਲ ਈ ਨਬੇੜ ਦਿਓ। ਕਿਤੇ ਵਿੱਚ-ਵਿਚਾਲਾ ਕਰਕੇ ਨਾ ਆ ਜਾਇਓ” ਮੁੰਡੇ ਨੇ ਕਰਮ ਸਿਹੁੰ ਨੂੰ ਫੋਨ ਕਰਕੇ ਪੁੱਛਿਆ। ”ਨਾ ਪੁੱਤ ਸਾਡੀ ਟਿਕਟ ਨਾ ਕਰਵਾਈਂ ਹੁਣ। ਅਸੀਂ ਤਾਂ ਹੁਣ ਬਚਦੀ-ਖੁਚਦੀ ਜਿੰਦਗੀ ਇਹਨਾਂ ਜਮੀਨਾਂ ਦੇ ਅੰਗ-ਸੰਗ ਬਿਤਾਉਣੀ ਚਾਹੁੰਦੇ ਹਾਂ। ਸਾਡੇ ਮਰਿਆਂ ਤੋਂ ਬਾਅਦ ਤੂੰ ਆਪ ਈ ਕਰ ਜਾਈਂ ਜਮੀਨ ਅਤੇ ਘਰ ਦਾ ਸੌਦਾ। ਸਾਥੋਂ ਨ੍ਹੀਂ…” ਕਰਮ ਸਿਹੁੰ ਦਾ ਗੱਚ ਭਰ ਆਇਆ।ਫੋਨ ਰੱਖਦਿਆਂ ਕਰਮ ਸਿਹੁੰ ਨੇ ਪਤਨੀ ਦੇ ਮੋਢੇ ‘ਤੇ ਰੱਖਦਿਆਂ ਕਿਹਾ, ”ਲੈ ਕਮਲੀ! ਤੂੰ ਕਿਉਂ ਰੋਨੀ ਆਂ।ਹਾਲੇ ਤਾਂ ਮੈਂ ਹੈਗਾਂ….”
ਬਿੰਦਰ ਸਿੰਘ ਖੁੱਡੀ ਕਲਾਂ
ਸ਼ਕਤੀ ਨਗਰ, ਬਰਨਾਲਾ
ਮੋ. 98786-05965

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।