ਗਰੀਬ ਘਰ ‘ਚ ਜਨਮੀ ਅਮੀਰ ਅਵਾਜ਼ : ਜਸ਼ਨ ਮਹਿਲਾਂ

0

ਗਰੀਬ ਘਰ ‘ਚ ਜਨਮੀ ਅਮੀਰ ਅਵਾਜ਼ : ਜਸ਼ਨ ਮਹਿਲਾਂ

ਪੰਜਾਬੀਆਂ ਦੀ ਹਰਮਨ-ਪਿਆਰੀ ਖੇਡ ਘੇਰੇ ਵਾਲੀ ਕਬੱਡੀ ਕਿਸੇ ਲਈ ਮਸ਼ਹੂਰੀ, ਕਿਸੇ ਲਈ ਸ਼ੌਂਕ, ਕਿਸੇ ਲਈ ਦਾਨ ਅਤੇ ਕਿਸੇ ਲਈ ਰੁਜ਼ਗਾਰ ਬਣੀ ਹੋਈ ਹੈ ਇਸੇ ਤਰ੍ਹਾਂ ਇੱਕ ਗਰੀਬ ਘਰ ਵਿੱਚ ਪੈਦਾ ਹੋਇਆ ਕੁਮੈਂਟੇਟਰ ਜਸ਼ਨ ਕਬੱਡੀ ਦੀਆਂ ਮੈਦਾਨਾਂ ਵਿੱਚ ਗੂੰਜਦੀ ਅਮੀਰ ਅਵਾਜ਼ ਦਾ ਮਾਲਕ ਬਣ ਚੁੱਕਾ ਹੈ।

ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਸੁਨਾਮ ਨਾਲ ਸਬੰਧਤ ਪਿੰਡ ਮਹਿਲਾਂ ਚੌਂਕ ਦੇ ਸ੍ਰ. ਸੁਰਜੀਤ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਬੇਸ ਕੌਰ ਦੀ ਕੁੱਖੋਂ 12 ਮਈ 1990 ਨੂੰ ਜਨਮਿਆ ਰਾਮ ਸਿੰਘ ਅੱਜ-ਕੱਲ੍ਹ ਖੇਡ ਮੇਲਿਆਂ ਵਿੱਚ ਜਸ਼ਨ ਮਹਿਲਾਂ ਦੇ ਨਾਮ ਨਾਲ ਪ੍ਰਸਿੱਧੀ ਖੱਟ ਚੁੱਕਿਆ ਹੈ । ਭੈਣ ਲਖਬੀਰ ਕੌਰ ਦਾ ਲਾਡਲਾ ਵੀਰ ਰਾਮ ਸਿੰਘ (ਜਸ਼ਨ) ਬਚਪਨ ਤੋਂ ਹੀ ਸਕੂਲ ਦੇ ਸਮਾਗਮਾਂ ਵਿੱਚ ਗੀਤ ਗਾਉਣ ਤੋਂ ਇਲਾਵਾ ਮਾਂ ਖੇਡ ਕਬੱਡੀ ਖੇਡਣ ਦਾ ਵੀ ਸ਼ੌਂਕ ਰੱਖਦਾ ਸੀ।

ਉਹ ਗੁਆਂਢੀ ਪਿੰਡਾਂ ਵਿੱਚ ਕਰਵਾਏ ਜਾਂਦੇ ਖੇਡ ਮੇਲਿਆਂ ਨੂੰ ਬੜੀ ਰੀਝ ਨਾਲ ਵੇਖਣ ਲਈ ਜਾਂਦਾ। ਕਦੇ ਕਦੇ ਉਸਦਾ ਮਨ ਵੀ ਕਬੱਡੀ ਖੇਡਣ ਨੂੰ ਲੋਚਦਾ ਪਰ ਘਰ ਵਿੱਚ ਅੱਤ ਦੀ ਗਰੀਬੀ ਹੋਣ ਕਾਰਨ ਕਬੱਡੀ ਖੇਡਣਾ ਤਾਂ ਕੀ ਉਹ ਵਿੱਦਿਆ ਵੀ ਸਿਰਫ ਸੱਤਵੀਂ ਜਮਾਤ ਤੱਕ ਹੀ ਹਾਸਲ ਕਰ ਸਕਿਆ ਹੈ ।

ਨਾਜ਼ੁਕ ਹਾਲਾਤਾਂ ਦਾ ਸਤਾਇਆ ਰਾਮ ਸਿੰਘ (ਜਸ਼ਨ) ਅੱਠਵੀਂ ਕਲਾਸ ਦੀ ਪੜ੍ਹਾਈ ਵਿਚਾਲੇ ਹੀ ਛੱਡ ਕੇ ਆਪਣੇ ਨੇੜਲੇ ਸ਼ਹਿਰ ਸੁਨਾਮ (ਊਧਮ ਸਿੰਘ ਵਾਲਾ) ਵਿਖੇ ਟਰੱਕ ਰਿਪੇਅਰ ਕਰਨ ਦਾ ਕੰਮ ਸਿੱਖਣ ਲੱਗ ਗਿਆ। ਦੋ ਕੁ ਸਾਲਾਂ ਤੋਂ ਬਾਅਦ ਉਸ ਦਾ ਟਰੱਕਾਂ ਵਾਲੇ ਕੰਮ ਵਿੱਚ ਮਨ ਲੱਗਣੋਂ ਹਟ ਗਿਆ ਅਤੇ ਫਿਰ ਉਹ  ਇਲੈਕਟ੍ਰੋਨਿਕ ਦਾ ਕੰਮ ਕਰਨ ਲੱਗਾ, ਜਿਸ ਨਾਲ ਉਸ ਦਾ ਘਰ ਦਾ ਆਰਥਿਕ ਤਾਣਾ-ਬਾਣਾ ਵੀ ਸੁਲਝਣ ਲੱਗ ਗਿਆ ਸੀ। ਸੰਨ 2010 ਵਿੱਚ ਜਸ਼ਨ ਨੂੰ ਫੋਨ ਰਾਹੀਂ ਖਬਰ ਮਿਲੀ ਕਿ ਉਸਦੇ ਸਿਰ ਦਾ ਸਾਇਆ ਅਤੇ ਦੁੱਖ-ਸੁੱਖ ਦਾ ਸਾਂਝੀ ਪਿਤਾ ਸ੍ਰ. ਸੁਰਜੀਤ ਸਿੰਘ ਇੱਕ ਸੜਕ ਹਾਦਸੇ ਦੌਰਾਨ ਸਦਾ ਲਈ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ।

ਇਸ ਮੰਦਭਾਗੀ ਘਟਨਾ ਨੇ ਜਸ਼ਨ ਨੂੰ ਅੰਦਰੋਂ-ਬਾਹਰੋਂ ਪੂਰੀ ਤਰ੍ਹਾਂ ਤੋੜ ਦਿੱਤਾ ਅਤੇ ਉਹ ਸਰਸਾ ਤੋਂ ਵੀ ਬਿਜਲੀ ਦਾ ਕੰਮ ਛੱਡ ਕੇ ਵਾਪਸ ਆਪਣੇ ਪਿੰਡ ਆ ਗਿਆ । ਘਰ ਵਿੱਚ ਕਮਾਈ ਦਾ ਕੋਈ ਹੋਰ ਸਾਧਨ ਨਹੀਂ ਸੀ ਇਸ ਲਈ ਜਸ਼ਨ ਵਿਆਹ-ਸ਼ਾਦੀਆਂ ਵਿੱਚ ਵੇਟਰ ਦਾ ਕੰਮ ਕਰਨ ਲੱਗ ਪਿਆ ਅਤੇ ਜਦੋਂ ਵਿਆਹਾਂ ਦਾ ਸੀਜ਼ਨ ਖਤਮ ਹੋ ਜਾਂਦਾ ਤਾਂ ਉਹ ਚਿਣਾਈ ਵਾਲੇ ਮਿਸਤਰੀ ਨਾਲ ਦਿਹਾੜੀ ‘ਤੇ ਚਲਾ ਜਾਂਦਾ ।

ਅਗਲੇ ਸਾਲ 2011 ਵਿੱਚ ਉਸਦੇ ਪਿੰਡ ਮਹਿਲਾਂ ਚੌਂਕ ਵਿਖੇ ਕਬੱਡੀ ਦਾ ਟੂਰਨਾਮੈਂਟ ਖੇਡਿਆ ਜਾ ਰਿਹਾ ਸੀ ਅਤੇ ਕਬੱਡੀ ਬੁਲਾਰਿਆਂ ਦੇ ਸਮੇਂ ਸਿਰ ਨਾ ਪਹੁੰਚਣ ਕਰਕੇ ਉਸ ਖੇਡ ਮੇਲੇ ਦੇ ਪ੍ਰਬੰਧਕਾਂ ਨੇ ਟੀਮਾਂ ਨੂੰ ਸੱਦਾ ਦੇਣ ਲਈ ਜਸ਼ਨ ਨੂੰ ਮਾਈਕ ਫੜਾ ਦਿੱਤਾ । ਆਪਣੇ ਮਨ ਅੰਦਰ ਇੱਕ ਕਬੱਡੀ ਖਿਡਾਰੀ ਬਣਨ ਦੀਆਂ ਸੱਧਰਾਂ ਪਾਲਣ ਵਾਲਾ ਜਸ਼ਨ ਘਰ ਦੇ ਮਾੜੇ ਹਾਲਾਤਾਂ ਕਾਰਨ ਭਾਵੇਂ ਆਪਣੇ ਸੁਫਨਿਆਂ ਦਾ ਗਲਾ ਘੁੱਟਦਾ ਆ ਰਿਹਾ ਸੀ ਪਰ ਉਸਨੂੰ ਮਾਈਕ ਰਾਹੀਂ ਕਬੱਡੀ ਪਾਉਣ ਲਈ ਮਿਲੇ ਉਸ ਸੁਨਹਿਰੀ ਸਮੇਂ ਨੇ ਕਬੱਡੀ ਜਗਤ ਨਾਲ ਜੁੜਨ ਲਈ ਇੱਕ ਵਧੀਆ ਮੌਕਾ ਪ੍ਰਦਾਨ ਕੀਤਾ ।

ਜਸ਼ਨ ਨੇ ਉਸ ਟੂਰਨਾਮੈਂਟ ‘ਤੇ ਆਪਣੀ ਡਿਊਟੀ ਬਾਖੂਬੀ ਨਿਭਾਈ ਅਤੇ ਉਸਦੀ ਜ਼ੁਬਾਨ ਵਿੱਚੋਂ ਨਿੱਕਲੇ ਹਰ ਇੱਕ ਲਫ਼ਜ਼ ਦੀ ਕਬੱਡੀ ਪ੍ਰੇਮੀਆਂ ਨੇ ਖੂਬ ਸ਼ਲਾਘਾ ਕੀਤੀ। ਪਿੰਡ ਵਿੱਚ ਮਿਲੀ ਹੱਲਾਸ਼ੇਰੀ ਤੋਂ ਬਾਅਦ ਜਸ਼ਨ ਨੇ ਆਪਣੇ ਗੁਆਂਢੀ ਪਿੰਡ ਖਡਿਆਲ ਦੇ ਪ੍ਰਸਿੱਧ ਕੁਮੈਂਟੇਟਰ ਸੱਤਪਾਲ ਮਾਹੀ ਨਾਲ ਨੇੜੇ-ਤੇੜੇ ਦੇ ਖੇਡ ਮੇਲਿਆਂ ‘ਤੇ ਜਾਣਾ ਸ਼ੁਰੂ ਕਰ ਦਿੱਤਾ।

ਹੌਲੀ ਹੌਲੀ ਤਜ਼ਰਬਾ ਵਧਦਾ ਗਿਆ ਅਤੇ ਜਸ਼ਨ ਦੀ ਕੁਮੈਂਟਰੀ ਦਾ ਦਾਇਰਾ ਵੀ ਵਿਸ਼ਾਲ ਹੋ ਗਿਆ। ਸੰਨ 2015 ਦੇ ਗਿਆਰਵੇਂ ਮਹੀਨੇ ਦੀ ਅਠਾਰਾਂ ਤਰੀਕ ਨੂੰ ਜਸ਼ਨ ਪਿੰਡ ਖਡਿਆਲੀ ਦੀ ਬੀਬੀ ਕੁਲਬੀਰ ਕੌਰ ਨਾਲ ਵਿਆਹ ਦੇ ਸ਼ੁਭ ਬੰਧਨ ਵਿੱਚ ਬੱਝ ਗਿਆ । ਅਗਲੇ ਸਾਲ 2016 ਦੀ 08 ਸਤੰਬਰ ਨੂੰ ਇਸ ਖੂਬਸੂਰਤ ਜੋੜੀ ਨੂੰ ਪ੍ਰਮਾਤਮਾ ਨੇ ਇੱਕ ਬੇਟੀ ਦੀ ਦਾਤ ਬਖਸ਼ੀ, ਜਿਸ ਦਾ ਨਾਂਅ ਮਹਿਕਪ੍ਰੀਤ ਇੰਸਾਂ ਰੱਖਿਆ ਗਿਆ । ਪਿਛਲੇ ਪੰਜ ਵਰ੍ਹਿਆਂ ਤੋਂ ਹਰੇਕ ਸਾਲ ਮਾਲਵਾ, ਮਾਝਾ ਅਤੇ ਦੁਆਬੇ ਦੇ 100 ਤੋਂ ਵੱਧ ਖੇਡ ਮੇਲਿਆਂ ਦਾ ਸ਼ਿੰਗਾਰ ਬਣਨਾ ਜਸ਼ਨ ਦੀ ਮਕਬੂਲੀਅਤ ਦਾ ਸਭ ਤੋਂ ਵੱਡਾ ਸਬੂਤ ਹੈ ।

ਜਸ਼ਨ ਭਾਵੇਂ ਪੜ੍ਹਿਆ ਲਿਖਿਆ ਘੱਟ ਹੈ ਪਰ ਉਸਦੇ ਜਾਣਕਾਰੀ ਭਰਪੂਰ ਬੋਲ ਸੁਣ ਕੇ ਹਰ ਕੋਈ ਅੰਦਾਜ਼ਾ ਲਾਉਂਦਾ ਹੈ ਕਿ ਇਹ ਕਿਸੇ ਚੰਗੇ ਪੜ੍ਹੇ-ਲਿਖੇ ਅਤੇ ਪਰਪੱਕ ਕੁਮੈਂਟੇਟਰ ਦੀ ਕੁਮੈਂਟਰੀ ਚੱਲ ਰਹੀ ਹੈ । ਕਬੱਡੀ ਦੇ ਪ੍ਰਸਿੱਧ ਖਿਡਾਰੀ ਸੰਦੀਪ ਲੱਲੀਆਂ, ਮਰਹੂਮ ਬਿੱਟੂ ਦੁਗਾਲ, ਸੁੱਖੀ ਲੱਖਣ ਕੇ ਪੱਡਾ, ਅਮਰਜੀਤ ਡਮਰੂ ਅਤੇ ਜੀਤਾ ਠੇਕੇਦਾਰ ਦੀ ਕਬੱਡੀ ਦਾ ਦੀਵਾਨਾ ਜਸ਼ਨ ਸਾਲ 2018 ਵਿੱਚ ਅਜ਼ਾਦ ਕਲੱਬ ਦੇ ਸੱਦੇ ‘ਤੇ ਮਲੇਸ਼ੀਆ ਦੀਆਂ ਘਾਹਦਾਰ ਮੈਦਾਨਾਂ ‘ਤੇ ਵੀ ਆਪਣੇ ਰੌਚਕਤਾ ਭਰੇ ਬੋਲਾਂ ਦਾ ਜਾਦੂ ਬਿਖੇਰ ਚੁੱਕਿਆ ਹੈ ।

ਇਸੇ ਸਾਲ ਹੀ ਪਿੰਡ ਫੱਗੂਵਾਲਾ ਦੇ ਟੂਰਨਾਮੈਂਟ ‘ਤੇ ਮੋਟਰਸਾਈਕਲ ਦਾ ਸਨਮਾਨ ਪ੍ਰਾਪਤ ਕਰਨ ਵਾਲਾ ਇਹ ਨੌਜਵਾਨ ਅਨੇਕਾਂ ਖੇਡ ਮੇਲਿਆਂ ‘ਚ ਸੋਨੇ ਦੀਆਂ ਮੁੰਦੀਆਂ ਅਤੇ ਨਗਦ ਰਾਸ਼ੀ ਨਾਲ ਸਨਮਾਨਿਆ ਗਿਆ ਹੈ । ਹਰੇਕ ਸ਼ਖਸ ਦਾ ਦਿਲੋਂ ਸਤਿਕਾਰ ਕਰਨ ਵਾਲਾ ਕਬੱਡੀ ਦਾ ਪ੍ਰਸਿੱਧ ਬੁਲਾਰਾ ਜਸ਼ਨ ਅੱਜ-ਕੱਲ੍ਹ ਆਪਣੀ ਮਾਤਾ ਸ੍ਰੀਮਤੀ ਬੇਸ ਕੌਰ, ਪਤਨੀ ਕੁਲਬੀਰ ਕੌਰ, ਬੇਟੀ ਮਹਿਕਪ੍ਰੀਤ ਇੰਸਾਂ, ਭਰਾ ਗੁਰਸੇਵਕ ਸਿੰਘ ਅਤੇ ਭਾਬੀ ਸੋਨਾ ਕੌਰ ਸਮੇਤ ਆਪਣੀ ਜਨਮ ਭੂਮੀ ਪਿੰਡ ਮਹਿਲਾਂ ਚੌਂਕ ਵਿਖੇ ਰਹਿ ਰਿਹਾ ਹੈ ।

ਵਰਤਮਾਨ ਸਮੇਂ ਵਿੱਚ ਫੈਲ ਰਹੀ ਕਰੋਨਾ ਦੀ ਮਹਾਂਮਾਰੀ ਕਾਰਨ ਦੁਨੀਆਂ ਭਰ ਵਿੱਚ ਕਾਰੋਬਾਰ ਠੱਪ ਹੋ ਗਏ ਹਨ । ਇਸੇ ਤਹਿਤ ਪੰਜਾਬ-ਹਰਿਆਣੇ ਵਿੱਚ ਰੋਜ਼ਾਨਾ ਹੋਣ ਵਾਲੇ ਖੇਡ ਮੇਲੇ ਵੀ ਇਸ ਭਿਆਨਕ ਬਿਮਾਰੀ ਦੀ ਭੇਂਟ ਚੜ੍ਹ ਗਏ ਜਿਸ ਕਾਰਨ ਕਬੱਡੀ ਨਾਲ ਜੁੜੇ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਨੂੰ ਵੀ ਪੁੱਠੀ ਕੈਂਚੀ ਵੱਜ ਚੁੱਕੀ ਹੈ ।

ਪਰ ਨੇਕ ਮਨਸੂਬਿਆਂ ਵਾਲਾ ਜਸ਼ਨ ਹਮੇਸ਼ਾ ਹੀ ਜ਼ਿੰਦਗੀ ਵਿੱਚ ਆਈਆਂ ਆਫ਼ਤਾਂ ਨਾਲ ਡਟ ਕੇ ਮੁਕਾਬਲਾ ਕਰਦਾ ਰਿਹਾ ਹੈ । ਜਿਸ ਨੇ ਘਰ ਦੇ ਆਰਥਿਕ ਹਾਲਾਤਾਂ ਨੂੰ ਠੀਕ ਰੱਖਣ ਲਈ ਕੁਲਚੇ ਅਤੇ ਗੋਲ ਗੱਪਿਆਂ ਦੀ ਰੇਹੜੀ ਲਗਾ ਲਈ ਹੈ । ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਜਸ਼ਨ ਆਪਣੀ ਜ਼ਿੰਦਗੀ ਦੇ ਹਰ ਮਿਸ਼ਨ ਵਿੱਚ ਫਤਿਹ ਨਸੀਬ ਕਰੇ ਅਤੇ ਇਸਦੀ ਬੁਲੰਦ ਅਵਾਜ਼ ਲੰਮਾ ਸਮਾਂ ਖੇਡ ਮੈਦਾਨਾਂ ਵਿੱਚ ਮਾਂ ਖੇਡ ਕਬੱਡੀ ਦੇ ਸੋਹਲੇ ਗਾਉਂਦੀ ਰਹੇ । ਆਮੀਨ!
ਪ੍ਰੋਫੈਸਰ ਗੁਰਸੇਵ ਸਿੰਘ ‘ਸੇਵਕ ਸ਼ੇਰਗੜ’
(ਸਰਕਾਰੀ ਮਹਿੰਦਰਾ ਕਾਲਜ ਪਟਿਆਲਾ)
+919464225126

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ