ਸੜਕਾਂ ਕਿਨਾਰੇ ਖੁੱਲ੍ਹੀਆਂ ਕਿਸਾਨਾਂ ਦੀਆਂ ਹੱਟਾਂ ਬਣ ਰਹੀਆਂ ਨੇ ਆਮਦਨ ਦਾ ਵਧੀਆ ਸਾਧਨ

ਸੜਕਾਂ ਕਿਨਾਰੇ ਖੁੱਲ੍ਹੀਆਂ ਕਿਸਾਨਾਂ ਦੀਆਂ ਹੱਟਾਂ ਬਣ ਰਹੀਆਂ ਨੇ ਆਮਦਨ ਦਾ ਵਧੀਆ ਸਾਧਨ

ਕੋਰੋਨਾ ਕਹਿਰ ਤੋਂ ਬਾਅਦ ਚੱਲੇ ਮੰਦੀ ਦੇ ਦੌਰ ਕਾਰਨ ਪੰਜਾਬ ਦੇ ਕਿਸਾਨ ਖੁਦ ਸੜਕਾਂ ਕਿਨਾਰੇ ਹੱਟਾਂ ਖੋਲ੍ਹ ਕੇ ਸਬਜ਼ੀਆਂ, ਫਲ, ਜੂਸ ਆਦਿ ਵੇਚ ਰਹੇ ਹਨ। ਆਪਣੇ ਖੇਤਾਂ ਵਿੱਚੋਂ ਤਾਜੀਆਂ ਸਬਜੀਆਂ ਤੋੜ ਕੇ ਹੱਟ ਵਿੱਚ ਰੱਖ ਲੈਂਦੇ ਹਨ ਅਤੇ ਆਉਣ ਜਾਣ ਵਾਲੇ ਰਾਹਗੀਰ ਉਨ੍ਹਾਂ ਦੀਆਂ ਹੱਟੀਆਂ ਤੋਂ ਸਾਮਾਨ ਖਰੀਦ ਕੇ ਲੈ ਜਾਂਦੇ ਹਨ। ਕਈ ਕਿਸਾਨ ਸਿਰਫ ਸਰਦੀਆਂ ਦੇ ਮੌਸਮ ਵਿੱਚ ਗੁੜ, ਸ਼ੱਕਰ ਵੇਚਣ ਦੀਆਂ ਹੱਟੀਆਂ ਖੋਲ੍ਹਦੇ ਹਨ ਅਤੇ ਗ੍ਰਾਹਕਾਂ ਨੂੰ ਗੰਨੇ ਦਾ ਜੂਸ ਵੀ ਪਿਲਾਇਆ ਜਾਂਦਾ ਹੈ।

ਕਿਸਾਨ ਹੱਟਾਂ ਖੋਲ੍ਹਣ ਵਾਲੇ ਕਿਸਾਨਜਿਲ੍ਹਾ ਪਟਿਆਲਾ ਅਤੇ ਸੰਗਰੂਰ ਵਿੱਚ ਅਜਿਹੇ ਕੁਝ ਕਿਸਾਨਾਂ ਦੀਆਂ ਉਦਾਹਰਨਾਂ ਲਈਆਂ ਜਾ ਸਕਦੀਆਂ ਹਨ। ਜਿਹੜੇ ਸੜਕਾਂ ਕਿਨਾਰੇ ਬੈਠ ਕੇ ਆਪਣੀਆਂ ਹੱਟਾਂ ਚਲਾ ਰਹੇ ਹਨ।

ਦੂਸਰੇ ਪਾਸੇ ਕਿਸਾਨ ਆਪਣੇ ਪੱਧਰ ’ਤੇ ਹਲਦੀ ਦੀ ਪੈਕਿੰਗ ਕਰਕੇ ਵੱਡੇ ਪੱਧਰ ’ਤੇ ਮਾਰਕੀਟ ਵਿੱਚ ਸਪਲਾਈ ਕਰ ਰਹੇ ਹਨ ਅਤੇ ਕਈ ਕਿਸਾਨਾਂ ਨੇ ਸੋਇਆਬੀਨ ਦੇ ਪਦਾਰਥਾਂ ਨੂੰ ਤਿਆਰ ਕਰਕੇ ਸਿੱਧਾ ਹੀ ਗ੍ਰਾਹਕ ਨੂੰ ਦੇਣ ਲਈ ਆਪਣੀਆਂ ਹੱਟੀਆਂ ਖੋਲ੍ਹੀਆਂ ਹੋਈਆਂ ਹਨ। ਜਿਨ੍ਹਾਂ ਵਿੱਚ ਸੰਗਰੂਰ ਜਿਲੇ੍ਹ ਦੇ ਕਿਸਾਨ ਬਚਿੱਤਰ ਸਿੰਘ ਨੇ ਖੇਤੀਬਾੜੀ ਯੂਨੀਵਰਸਟਿੀ ਲੁਧਿਆਣਾ ਸਮੇਤ ਕਈ ਟੈਕਨੀਕਲ ਕਾਲਜਾਂ ਅਤੇ ਇੰਜੀਨੀਅਰ ਕਾਲਜਾਂ ਵਿੱਚ ਵੀ ਆਪਣੀਆਂ ਹੱਟੀਆਂ ਖੋਲ੍ਹੀਆਂ ਹੋਈਆਂ ਹਨ। ਪਟਿਆਲੇ ਸ਼ਹਿਰ ਦੇ ਖੇਤੀਬਾੜੀ ਵਿਭਾਗ ਵਿੱਚ ਵੀ ਇੱਕ ਕਿਸਾਨ ਨੇ ਆਪਣੀ ਹੱਟੀ ਖੋਲ੍ਹ ਕੇ ਸੋਇਆਬੀਨ ਦਾ ਪਨੀਰ ਤੇ ਹੋਰ ਵਸਤਾਂ ਵੇਚਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਕਈ ਕਿਸਾਨ ਸਿੱਧਾ ਸਬਜੀ ਮੰਡੀ ਵਿੱਚ ਆਪਣੀ ਪੈਦਾਵਾਰ ਲੈ ਕੇ ਜਾਣ ਦੀ ਬਜਾਏ ਸ਼ਹਿਰ ਦੀਆਂ ਖਾਸ ਥਾਵਾਂ ’ਤੇ ਖੜ ਕੇ ਸਬਜੀ ਬਗੈਰਾ ਗ੍ਰਾਹਕਾਂ ਨੂੰ ਵੇਚਦੇ ਹਨ।

ਪਿੰਡ ਦੁਤਾਲ ਦੇ ਮਹਿੰਦਰ ਸਿੰਘ, ਪਿੰਡ ਕੂਆ ਡੇਰੀ ਦੇ ਹਰਪਾਲ ਸਿੰਘ ਤੇ ਪਿੰਡ ਚੁਨਾਗਰਾ ਦੇ ਸਵਰਾਜ ਸਿੰਘ ਸਮੇਤ ਸੈਂਕੜੇ ਹੀ ਕਿਸਾਨ ਆਪਣੀਆਂ ਹੱਟੀਆਂ ਚਲਾ ਰਹੇ ਹਨ। ਜਿਹੜੇ ਵਿੱਚ-ਵਿਚਾਲੇ ਖੜ੍ਹ ਕੇ ਕਮਿਸ਼ਨ ਖਾਣ ਵਾਲੇ ਵਿਚੋਲਿਆਂ ਨੂੰ ਬਾਹਰ ਕੱਢ ਕੇ ਆਪਣੀ ਪੈਦਾਵਾਰ ਨੂੰ ਸਿੱਧਾ ਗ੍ਰਾਹਕ ਕੋਲ ਵੇਚ ਕੇ ਵੱਧ ਕਮਾਈ ਕਰ ਰਹੇ ਹਨ। ਕਈ ਕਿਸਾਨ ਹਰੇ ਛੋਲਿਆਂ ਨੂੰ ਸਿੱਧਾ ਹੀ ਕਿਸਾਨਾਂ ਨੂੰ ਵੇਚ ਕੇ ਵੱਧ ਕਮਾਈ ਕਰਦੇ ਹਨ। ਕੁਝ ਕਿਸਾਨ ਛੋਲੇ ਵੇਚਣ ਦੀ ਬਜਾਏ ਹਰੇ ਛੋਲਿਆਂ ਦੇ ਦਾਣੇ ਕੱਢ ਕੇ ਵੇਚਦੇ ਹਨ ਤਾਂ ਕਿ ਖਰੀਦ ਕਰਨ ਵਾਲੇ ਗ੍ਰਾਹਕ ਦਾ ਛੋਲਿਆਂ ਦੇ ਦਾਣੇ ਕੱਢਣ ’ਤੇ ਸਮਾਂ ਬਰਬਾਦ ਨਾ ਹੋਵੇ।

ਕਿਸਾਨ ਨੂੰ ਫੜ੍ਹਨਾ ਪਏਗਾ ਤੱਕੜੀ-ਵੱਟਾ:ਲੁਧਿਆਣੇ ਦੇ ਆਲੇ-ਦੁਆਲੇ ਬਹੁਤ ਸਾਰੀਆਂ ਕਿਸਾਨਾਂ ਦੀਆਂ ਆਪਣੀਆਂ ਦੁਕਾਨਾਂ ਚੱਲ ਰਹੀਆਂ ਹਨ। ਕਹਿਣ ਦਾ ਭਾਵ ਇਹ ਹੈ ਕਿ ਕਿਸਾਨ ਨੂੰ ਕਮਾਈ ਕਰਨ ਲਈ ਤੱਕੜੀ ਬੱਟਾ ਇੱਕ ਸਿਆਣੇ ਵਪਾਰੀ ਵਾਂਗ ਆਪਣੇ ਹੱਥ ਵਿੱਚ ਫੜਨਾ ਪਵੇਗਾ। ਕਿਸਾਨਾਂ ਦੀ ਕਮਾਯਾਬੀ ਦੀ ਇੱਕ ਹੋਰ ਉਦਾਹਰਨ ਵੇਖੋ, ਰਾਜ ਦੀਆਂ ਸਰਕਾਰਾਂ ਨੇ ਪੰਜ ਹਜਾਰ ਕਰੋੜ ਦੇ ਜਿਹੜੇ ਪ੍ਰਾਜੈਕਟਾਂ ਨੂੰ ਫੇਲ੍ਹ ਕਰਨ ਵਿੱਚ ਕੋਈ ਕਸਰ ਨਹੀਂ ਸੀ ਛੱਡੀ, ਉਸੇ ਮਾਡਲ ਨੂੰ ਦੁਆਬੇ ਦੇ ਕੁਝ ਉੱਦਮੀ ਕਿਸਾਨਾਂ ਨੇ ਆਪਣਾ ਕੇ ਡਾਵਾਂਡੋਲ ਹੋ ਰਹੀ ਕਿਸਾਨੀ ਦੀ ਆਰਥਿਕਤਾ ਨੂੰ ਹੁਲਾਰਾ ਦਿੱਤਾ ਹੈ।

ਕਿਸਾਨਾਂ ਦੀ ਇੱਕ ਜਥੇਬੰਦੀ ਨੇ ਪਹਿਲਕਦਮੀ ਕਰਦਿਆਂ ਹਲਦੀ, ਦਾਲਾਂ, ਸ਼ਹਿਦ, ਸੋਇਆਬੀਨ, ਕਿੰਨੂ ਦੀ ਪੈਦਾਵਾਰ ਸ਼ੁਰੂ ਕੀਤੀ ਹੈ। ਕਿਸਾਨਾਂ ਵੱਲੋਂ ਆਪ ਹੀ ਇਨ੍ਹਾਂ ਜਿਨਸਾਂ ਦੀ ਸਾਫ-ਸਫਾਈ ਕਰਨ ਤੋਂ ਬਾਅਦ ਉਸ ਦੀ ਆਪਣੇ-ਆਪ ਹੀ ਸੁਚੱਜੇ ਢੰਗ ਨਾਲ ਪੈਕਿੰਗ ਕਰਕੇ ਆਪਣੀਆਂ ਹੀ ਦੁਕਾਨਾਂ ’ਤੇ ਬਜਾਰ ਦੇ ਭਾਅ ਤੋਂ ਘੱਟ ਵੇਚ ਕੇ ਮੁਨਾਫਾ ਕਮਾਉਣ ਦਾ ਨਵਾਂ ਗੁਰ ਸਿੱਖਿਆ ਹੈ। ਕਿਸਾਨਾਂ ਵੱਲੋਂ ਖੋਲ੍ਹੀਆਂ ਗਈਆਂ ਇਹ ਹੱਟੀਆਂ ਮੋਟੀ ਕਮਾਈ ਕਰ ਰਹੀਆਂ ਹਨ। ਇੱਕ ਹੱਟੀ ਰੋਜਾਨਾ ਵੀਹ ਤੋਂ ਪੱਚੀ ਹਜਾਰ ਰੁਪਏ ਦੀ ਵਿਕਰੀ ਕਰ ਰਹੀ ਹੈ। ਇਨ੍ਹਾਂ ਚੀਜਾਂ ਦੀ ਗੁਣਵੱਤਾ ਨੂੰ ਵੇਖਦਿਆਂ ਮਾਰਕਫੈਡ ਨੇ ਵੀ ਇਨ੍ਹਾਂ ਕਿਸਾਨਾਂ ਤੋਂ ਸਾਮਾਨ ਖਰੀਦਣਾ ਸੁਰੂ ਕਰ ਦਿੱਤਾ ਹੈ। ਸੰਨ 2006 ਵਿੱਚ ਮੁਕੇਸ਼ ਅੰਬਾਨੀ ਦੀ ਰਿਲਾਇੰਸ ਕੰਪਨੀ ਤੇ ਸੂਬਾ ਸਰਕਾਰ ਵਿੱਚ ਇੱਕ ਸਮਝੌਤਾ ਹੋਇਆ ਸੀ।

ਇਸ ਸਮਝੌਤੇ ਤਹਿਤ ਰਿਲਾਇੰਸ ਨੇ ਪੰਜਾਬ ’ਚ ਪੰਜ ਹਜਾਰ ਕਰੋੜ ਦਾ ਪੂੰਜੀ ਨਿਵੇਸ਼ ਕਰਨਾ ਸੀ। ਪਹਿਲੇ ਪੜਾਅ ਵਿੱਚ ਪੰਜ ਸੌ ਕਰੋੜ ਰੁਪਏ ਲਾਏ ਜਾਣੇ ਸਨ। ਬਾਕੀ ਦੀ ਰਕਮ ਵੀ ਪੜਾਅਵਾਰ ਨਿਵੇਸ਼ ਕੀਤੀ ਜਾਣੀ ਸੀ। ਉਸ ਵੇਲੇ ਸਰਕਾਰ ਵੱਲੋਂ ਇਸ ਗੱਲ ਦਾ ਪ੍ਰਚਾਰ ਵੀ ਧੜੱਲੇ ਨਾਲ ਕੀਤਾ ਗਿਆ ਸੀ। ਸਾਲ 2007 ਵਿੱਚ ਹੋਏ ਸੱਤਾ ਦੇ ਪਰਿਵਰਤਨ ਕਾਰਨ ‘ਖੇਤ ਤੋਂ ਖਾਣੇ ਦੇ ਟੇਬਲ ਤੱਕ’ ਵਾਲਾ ਇਹ ਪ੍ਰੋਜੈਕਟ ਖਤਮ ਹੋ ਗਿਆ। 325 ਕਿਸਾਨਾਂ ਦੀ ਸੰਸਥਾ ਦੇ ਅਗਵਾਈ ਕਰਨ ਵਾਲੇ ਵਿਅਕਤੀਆਂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਨਾਲ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਜੋੜਿਆ ਗਿਆ ਸੀ।

ਸਰਕਾਰ ਨੇ ‘ਖੇਤਾਂ ਤੋਂ ਖਾਣੇ ਦੇ ਟੇਬਲ ਤੱਕ’ ਵਾਲੀ ਯੋਜਨਾ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਸ ਕਰਕੇ ਕਿਸਾਨਾਂ ਨੇ ਹੀ ਇਸ ਸਕੀਮ ਨੂੰ ਅਪਣਾ ਲਿਆ ਅਤੇ ਹੁਣ ਵਧੀਆ ਕਮਾਈ ਕਰ ਰਹੇ ਹਨ। ਸਾਂਝੇਦਾਰੀ ਸਫ਼ਲਤਾ ਦਾ ਮੁੱਢ:ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਘੁਗਿਆਲ ਵਿਖੇ ਫ਼ਾਰਮਰਜ਼ ਪ੍ਰੋਡਿਊਸ ਪ੍ਰਮੋਸ਼ਨ ਸੁਸਾਇਟੀ ਦੇ ੳੱਦਮ ਨਾਲ ਲਾਇਆ ਗਿਆ ਹਲਦੀ ਅਤੇ ਸ਼ਹਿਦ ਪ੍ਰੋਸੈਸਿੰਗ ਪਲਾਂਟ ਕਿਸਾਨਾਂ ਦੀ ਆਪਸੀ ਸਾਂਝੇਦਾਰੀ ਦੀ ਮਿਸਾਲ ਹੈ।

ਇਲਾਕੇ ਦੇ ਕਿਸਾਨਾਂ ਨੇ ਫਸਲੀ ਵਿਭਿੰਨਤਾ ਅਪਣਾਉਂਦੇ ਹੋਏ ਆਪ ਹੀ ਆਪਣੇ ਉਤਪਾਦਾਂ ਦਾ ਮੰਡੀਕਰਨ ਸ਼ੁਰੂ ਕਰਕੇ ਵੱਧ ਆਮਦਨ ਹੀ ਨਹੀਂ ਕਰ ਰਹੇ। ਸਗੋਂ ਇਲਾਕੇ ਦੇ ਕਈ ਨੌਜਵਾਨਾਂ ਨੂੰ ਰੁਜਗਾਰ ਵੀ ਦੇ ਰਹੇ ਹਨ। ਇਸ ਸੰਸਥਾ ਦਾ ਵਿਚਾਰ ਕਿਸਾਨਾਂ ਦੀਆਂ ਸਮੱਸਿਆਵਾਂ ਵਿੱਚੋਂ ਹੀ ਸਾਹਮਣੇ ਆਇਆ। ਕਈ ਕਿਸਾਨਾਂ ਨੇ ਸ਼ਹਿਦ ਦੀ ਮੱਖੀ ਪਾਲਣ ਦਾ ਧੰਦਾ ਸ਼ੁਰੂ ਕੀਤਾ ਸੀ ਪਰ ਵਧੀਆ ਕੁਆਲਟੀ ਹੋਣ ਦੇ ਬਾਵਜੂਦ ਵੀ ਪੂਰਾ ਮੁੱਲ ਨਹੀਂ ਸੀ ਮਿਲ ਰਿਹਾ। ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ 2001 ਵਿੱਚ ਸੰਸਥਾ ਦੀ ਸਥਾਪਨਾ ਕੀਤੀ।

ਇਸ ਸੰਸਥਾ ਦਾ ਮਕਸਦ ਕਿਸਾਨਾਂ ਨੂੰ ਜਥੇਬੰਦ ਕਰਕੇ ਵਧੀਆ ਉਤਪਾਦਨ, ਮਿਆਰੀ ਬੀਜ਼ ਦੇਣਾ, ਮਾਰਕੀਟ ਆਦਿ ਬਾਰੇ ਦੱਸਣਾ ਸੀ। ਕਿਸਾਨਾਂ ਨੇ ਸ਼ਹਿਦ ਦੇ ਨਾਲ ਹੀ ਹਲਦੀ ਦੀ ਪ੍ਰੋਸੈਸਿੰਗ ਵੀ ਸ਼ੁਰੂ ਕਰ ਦਿੱਤੀ। ਕੇਂਦਰ ਸਰਕਾਰ ਦੀ ਇੱਕ ਯੋਜਨਾ ਤਹਿਤ ਸੰਸਥਾ ਨੂੰ ਪਲਾਂਟ ਲਾਉਣ ਲਈ 76 ਲੱਖ ਰੁਪਏ ਦੀ ਗਰਾਂਟ ਮਿਲ ਗਈ। ਪਲਾਂਟ ਲਾਉਣ ਲਈ ਪੰਚਾਇਤ ਨੇ ਜਮੀਨ ਪਟੇ ’ਤੇ ਦੇ ਦਿੱਤੀ। ਸੰਸਥਾ ਨਾਲ ਜੁੜੇ ਕਿਸਾਨਾਂ ਦੀ ਗਿਣਤੀ 318 ਸੀ। ਇਸ ਪਲਾਂਟ ਵਿੱਚ ਹਲਦੀ ਅਤੇ ਸ਼ਹਿਦ ਤੋਂ ਬਿਨਾਂ ਬੇਸਣ, ਗੁੜ, ਸ਼ੱਕਰ, ਪਕੌੜੀਆਂ ਆਦਿ ਵੀ ਤਿਆਰ ਕੀਤੀਆਂ ਜਾਂਦੀਆਂ ਹਨ। ਦਾਲਾਂ, ਮੂੰਗਫਲੀਆਂ ਆਦਿ ਦਾ ਮੰਡੀਕਰਨ ਵੀ ਕੀਤਾ ਜਾਂਦਾ ਹੈ।

ਬ੍ਰਿਸ਼ਭਾਨ ਬੁਜਰਕ,

ਕਾਹਨਗੜ੍ਹ ਰੋਡ, ਪਾਤੜਾਂ, ਪਟਿਆਲਾ

ਮੋ. 98761-01698

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।