ਕਮਰਾ ਨੰਬਰ 216

0

ਉਸ ਦੀਆਂ ਅੱਖਾਂ ਦੀਆਂ ਘਰਾਲਾਂ ਦੱਸਦੀਆਂ ਸਨ ਕਿ ਅੱਜ ਉਸ ਨੂੰ ਪਹਿਲੀ ਵਾਰ ਆਪਣੀਆਂ ਗਲਤੀਆਂ ਦਾ ਗਹਿਰਾ ਪਛਤਾਵਾ ਹੋ ਰਿਹਾ ਸੀ ਉਹ ਮਨ ਹੀ ਮਨ ਇਹ ਸੋਚ ਰਿਹਾ ਸੀ ਹੁਣ ਉਸ ਨੂੰ ਆਪਣੀ ਪਤਨੀ ਨਾਲ ਕੀਤੀਆਂ ਵਧੀਕੀਆਂ ਇੱਕ-ਇੱਕ ਕਰਕੇ ਯਾਦ ਆ ਰਹੀਆਂ ਸਨ ।

ਅੱਜ ਉਹ ਆਪਣੀ ਨੀਮ ਪਾਗਲ ਹੋਈ ਪਤਨੀ ਦੇ ਅੱਗੇ-ਅੱਗੇ ਦੋਸ਼ੀਆਂ ਵਾਂਗ ਤੁਰਿਆ ਜਾ ਰਿਹਾ ਸੀ ਤੇ ਉਸਦੀ ਪਤਨੀ ਉਸ ਦੇ ਪਿੱਛੇ-ਪਿੱਛੇ ਪਤਾ ਨਹੀਂ ਕੀ ਬੁੜਬੁੜਾਉਂਦੀ ਜਾ ਰਹੀ ਸੀ। ਦਰਅਸਲ ਅੱਜ ਉਹ ਆਪਣੀ ਪਤਨੀ ਨੂੰ ਇਲਾਜ ਲਈ ਇਸ ਵੱਡੇ ਹਸਪਤਾਲ ਦੇ ਮਨੋਰੋਗ ਕੇਂਦਰ ਵਿੱਚ ਲੈ ਕੇ ਆਇਆ ਸੀ  ਹਸਪਤਾਲ ਦੀਆਂ ਪੌੜੀਆਂ ਚੜ੍ਹ ਕੇ ਜਦੋਂ ਉਹ ਦੂਜੀ ਮੰਜ਼ਿਲ ‘ਤੇ ਪਹੁੰਚਿਆ ਤਾਂ ਉਸ ਦਾ ਸਾਹ ਦਮੇ ਦੇ ਮਰੀਜ਼ ਵਾਂਗ ਉੱਖੜਿਆ ਹੋਇਆ ਸੀ ਪਰ ਫਿਰ ਵੀ ਉਸ ਦੇ ਦਿਲ ਨੂੰ ਅੰਦਰੋਂ ਇਹ ਧਰਵਾਸ ਤੇ ਤਸੱਲੀ ਸੀ, ਕਿ ਜਿਵੇਂ ਉਹ ਜ਼ਿੰਦਗੀ ਦੇ ਆਖਰੀ ਪੜਾਅ ਦੇ ਬਾਕੀ ਬਚਦੇ ਸਮੇਂ ਦਾ ਸੁਖ ਭੋਗਣ ਲਈ ਕਿਸੇ ਦਰਗਾਹੀ ਮੰਜਿਲ ‘ਤੇ ਪਹੁੰਚ ਗਿਆ ਹੋਵੇ ਪਰ ਇਸ ਦਰਗਾਹੀ ਮੰਜਿਲ ਦਾ ਖਿਆਲ ਵੀ ਤਾਂ ਉਸ ਦੇ ਆਪਣੇ ਹੀ ਮਨ ਦਾ ਸਿਰਜਿਆ ਹੋਇਆ ਇੱਕ ਭਰਮ ਸੀ। ਜਦੋਂ ਉਸ ਦਾ ਇਹ ਭਰਮ ਤਰੇੜ ਖਾਧੀ ਕੰਧ ਵਾਂਗ ਡਿਗੂੰ-ਡਿਗੂੰ ਕਰਨ ਲੱਗਾ ਤਾਂ ਉਸ ਦੇ ਮੱਥੇ ਉੱਤੇ ਪਸੀਨੇ ਦੀਆਂ ਤਰੇਲੀਆਂ ਆ ਗਈਆਂ ਫਿਰ ਜਦੋਂ ਉਸ ਨੇ ਆਪਣੇ ਤਰੇਲੀਆਂ ਭਰੇ ਮੱਥੇ ‘ਤੇ ਆਪਣਾ ਸੱਜਾ ਹੱਥ  ਫੇਰਿਆ ਤਾਂ ਪਸੀਨੇ ਦੀਆਂ ਬੂੰਦਾਂ ਨਾਲ ਗਿੱਲਾ ਹੋਇਆ ਉਸ ਦਾ ਹੱਥ ਮੱਥੇ ਉੱਤੋਂ ਦੀ ਹੁੰਦਾ ਹੋਇਆ ਉਸ ਦੀ ਦਾੜ੍ਹੀ ਦੇ ਵਾਲਾਂ ਨਾਲ ਵੀ ਖਹਿ ਗਿਆ ।

ਉਸ ਦੀ ਚਿੱਟੀ ਹੋਈ ਦਾੜ੍ਹੀ ਦਾ ਇੱਕ ਵਾਲ ਟੁੱਟ ਕੇ ਉਸਦੇ ਗਿੱਲੇ ਹੱਥ ਨਾਲ ਹੀ ਚਿੰਬੜ ਗਿਆ ਜਦੋਂ ਖੱਬੇ ਹੱਥ ਨਾਲ ਉਸ ਨੇ ਸੱਜੇ ਹੱਥ ‘ਤੇ ਚਿੰਬੜੇ ਦਾੜ੍ਹੀ ਦੇ ਇਸ ਚਿੱਟੇ ਵਾਲ ਨੂੰ ਲਾਹੁਣ ਦਾ ਯਤਨ ਕੀਤਾ ਤਾਂ ਉਸ ਦੀ ਰੂਹ ਧੁਰ ਅੰਦਰ ਤੱਕ ਕੰਬ ਗਈ ਕਿਉਂਕਿ ਕਾਲਿਆਂ ਤੋਂ ਚਿੱਟੇ ਹੋਏ ਵਾਲ ਉਸਦੀ ਜ਼ਿੰਦਗੀ ਦੇ ਸਫਰ ਦਾ ਤੈਅ ਕੀਤਾ ਫਾਸਲਾ ਦੱਸ ਰਹੇ ਸਨ ਜਦੋਂ ਉਸ ਨੇ ਆਪਣੇ ਹੱਥ ਨਾਲ ਚਿੰਬੜੇ ਇਸ ਚਿੱਟੇ ਵਾਲ ਨੂੰ ਗਹੁ ਨਾਲ ਦੇਖਿਆ ਤਾਂ ਉਸ ਨੂੰ ਇੱਕਦਮ ਇਹ ਖਿਆਲ ਆਇਆ ਕਿ ਉਸ ਦੀ ਜ਼ਿੰਦਗੀ ਲੰਮਾ ਪੈਂਡਾ ਤਾਂ ਔਝੜ ਰਾਹਾਂ ‘ਤੇ ਫਿਰਦਿਆਂ ਹੀ ਗੁਜ਼ਰ ਗਿਆ ਹੈ ਇਸ ਤਰ੍ਹਾਂ ਔਝੜ ਰਾਹਾਂ ‘ਤੇ ਬੀਤ ਚੁੱਕੀ ਜ਼ਿੰਦਗੀ ਦੇ ਖਿਆਲਾਂ ਵਿੱਚ ਗੁਆਚਿਆ ਆਖਿਰ ਉਹ ਵੀ ਉਸੇ ਭੀੜ ਵਿੱਚ ਸ਼ਾਮਲ ਹੋ ਗਿਆ, ਜੋ ਦੁੱਖਾਂ ਦੀ ਝੰਬੀ ਹੋਈ ਹਸਪਤਾਲ ਦੀ ਓ. ਪੀ. ਡੀ. ਦੇ ਅੱਗੇ ਆਪਣੀ ਵਾਰੀ ਦੀ ਉਡੀਕ ਵਿੱਚ ਲੰਮੀਆਂ ਕਤਾਰਾਂ ਬੰਨ੍ਹੀ ਖੜ੍ਹੀ ਸੀ ਫਿਰ ਪਤਾ ਨਹੀਂ ਅਚਾਨਕ ਉਸ ਭੀੜ ਵਿੱਚੋਂ ਕੀ ਸ਼ੋਰ-ਸ਼ਰਾਬਾ ਜਿਹਾ ਉੱਠਿਆ ਕਿ ਇੱਕ ਔਰਤ ਦੀਆਂ ਉੱਚੀਆਂ-ਉੱਚੀਆਂ ਚੀਕਾਂ ਭਰੀਆਂ ਅਵਾਜ਼ਾਂ ਆਉਣ ਲੱਗ ਪਈਆਂ  ਇਸ ਤਰ੍ਹਾਂ ਦੀਆਂ ਭਿਆਨਕ ਅਵਾਜ਼ਾਂ ਸੁਣ ਕੇ ਮੇਰਾ ਧਿਆਨ ਇੱਕਦਮ ਉਸ ਪਾਸੇ ਮੁੜ ਗਿਆ ਜਿੱਧਰੋਂ ਇਹ ਅਵਾਜ਼ਾਂ ਆ ਰਹੀਆਂ ਸਨ ਮੈਂ ਆਪਣੀ ਸੀਟ ਤੋਂ ਖੜ੍ਹੇ ਹੋ ਕੇ ਉਸ ਬੰਨੇ ਵੇਖਣ ਦਾ ਯਤਨ ਕਰ ਰਿਹਾ ਸੀ।

ਜਿੱਧਰ ਇਹ ਸ਼ੋਰ-ਸ਼ਰਾਬਾ ਮੱਚਿਆ ਹੋਇਆ ਸੀ ਪਰ ਭਿਅੰਕਰ ਆਵਾਜ਼ਾਂ ਦਾ ਸ਼ੋਰ ਹੋਰ ਵੀ ਉੱਚਾ ਹੁੰਦਾ ਜਾ ਰਿਹਾ ਸੀ ਜਦੋਂ ਮੈਂ ਕੋਲ ਜਾ ਕੇ ਦੇਖਿਆ ਤਾਂ ਓਹੀ ਅਧਖੜ ਆਦਮੀ ਜੋ ਆਪਣੀ ਪਤਨੀ ਨਾਲ ਮੇਰੇ ਕੋਲ ਦੀ ਲੰਘਿਆ ਸੀ ਉਹ ਨੀਵੀਂ ਪਾਈ ਉਸ ਭੀੜ ਵਿੱਚ ਖੜ੍ਹਾ ਸੀ ਤੇ ਸਾਹਮਣਿਓਂ ਉਸਦੀ ਪਤਨੀ ਉਸ ਨੂੰ ਗੰਦੀਆਂ-ਮੰਦੀਆਂ ਗਾਲ੍ਹਾਂ ਦਿੰਦੀ ਹੋਈ ਆਪਣੇ ਦੋਵੇਂ ਹੱਥ ਫੈਲਾ ਕੇ ਉਸ ਨੂੰ ਘੇਰੀਂ ਖੜ੍ਹੀ ਸੀ ਉਸ ਔਰਤ ਦਾ ਚਿਹਰਾ ਤਪੇ ਤੰਦੂਰ ਵਾਂਗ ਲਾਲ ਸੁਰਖ ਹੋ ਚੁੱਕਿਆ ਸੀ ਉਸ ਦੇ ਸਿਰ ਦੇ ਵਾਲਾਂ ਦੀਆਂ ਜਟਾਂ ਬਣੀਆਂ ਲਟੂਰੀਆਂ ਨੇ ਉਸ ਦੀਆਂ ਅੱਖਾਂ ਨੂੰ ਢੱਕਿਆ ਹੋਇਆ  ਪਰ ਉਸ ਦੇ ਸਿਰ ਦੇ ਜਟਾਂ ਬਣੇ ਵਾਲਾਂ ਵਿੱਚੋਂ ਉਸ ਦੀਆਂ ਅੱਖਾਂ ਇਸ ਤਰ੍ਹਾਂ ਚਮਕ ਰਹੀਆਂ ਸਨ ਜਿਵੇਂ ਹਨ੍ਹੇਰੀ ਗੁਫਾ ਵਿੱਚ ਰੌਸ਼ਨੀ ਦੀ ਕਿਰਨ ਪੈਣ ‘ਤੇ ਕਿਸੇ ਭੁੱਖੀ ਬਘਿਆੜੀ ਦੀਆਂ ਅੱਖਾਂ ਚਮਕ ਰਹੀਆਂ ਹੋਣ ਉਸ ਦੇ ਕਮਜੋਰ ਹੋ ਚੁੱਕੇ ਸਰੀਰ ਵਿੱਚੋਂ ਬਘਿਆੜੀ ਦੀ ਦਹਾੜ ਵਰਗੀ ਪਰਬਤਾਂ ਨੂੰ ਚੀਰ ਕੇ ਰੱਖ ਦੇਣ ਵਾਲੀ ਅਵਾਜ਼ ਆ ਰਹੀ ਸੀ।

ਉਹ ਆਪਣੇ ਪਤੀ ਵੱਲ ਹੱਥ ਕਰ-ਕਰ ਕੇ ਉੱਚੀ-ਉੱਚੀ ਕੁਰਲਾ ਰਹੀ ਸੀ ਤੇ ਕਹਿ ਰਹੀ ਸੀ ਕਿ ਮੈਂ ਹੁਣ ਕੈਦੀ ਨਹੀਂ, ਜੋ ਤੇਰੇ ਘਰ ਦੀਆਂ ਸੁੰਞੀਆਂ ਕੰਧਾਂ ਨਾਲ ਗੱਲਾਂ ਕਰਾਂਗੀ, ਬੰਦਿਆ! ਮੇਰੇ ‘ਤੇ ਕੀਤੇ ਜ਼ੁਲਮਾਂ ਦੇ ਹਿਸਾਬ ਦਾ ਨਬੇੜਾ ਕਰਲੈ, ਵੇ ਤੈਂ ਕਦੀ ਮੇਰੀ ਸਾਰ ਨਾ ਲਈ, ਮੇਰੀ ਸੱਖਣੀ ਕੁੱਖ ਦੇ ਦੋਖੀਆ, ਪਤਾ ਨਹੀਂ ਮੈਂ ਕਿੱਡੇ-ਕਿੱਡੇ ਦੁੱਖਾਂ ਦੇ ਪਰਬਤਾਂ ਥੱਲੇ ਰਾਤਾਂ ਗੁਜ਼ਾਰਦੀ ਰਹੀ ਪਰ ਤੂੰ… ਇੰਨਾ ਬੋਲਦਿਆਂ ਅੱਧ-ਪਚੱਧੇ ਬੋਲ ਉਸ ਦੇ ਸੰਘ ਵਿੱਚ ਹੀ ਰਹਿ ਗਏ ਸਨ ਪਰ ਹੁਣ ਉਸ ਦੇ ਇਸ ਪਾਗਲਪਣ ਦੇ ਦੋਖੀ ਦੀਆਂ ਪਰਤਾਂ ਭੀੜ ਸਾਹਮਣੇ ਖੁੱਲ੍ਹ ਰਹੀਆਂ ਸਨ ਉਸ ਦਾ ਪਤੀ ਦੋਸ਼ੀਆਂ ਵਾਂਗ ਨੀਵੀਂ ਪਾਈ ਫਰਸ਼ ਵੱਲ ਇਸ ਤਰ੍ਹਾਂ ਵੇਖ ਰਿਹਾ ਸੀ ਜਿਵੇਂ ਉਹ ਫਰਸ਼ ਵਿੱਚ ਕੋਈ ਅਜਿਹੀ ਵਿਰਲ ਭਾਲ ਰਿਹਾ ਹੋਵੇ, ਜਿਸ ਵਿੱਚ ਉਹ ਸਾਰੇ ਲੋਕਾਂ ਦੇ ਸਾਹਮਣੇ ਸਾਬਤ-ਸਬੂਤਾ ਹੀ ਗਰਕ ਹੋ ਜਾਵੇ ਉਸ ਦੀਆਂ ਅੱਖਾਂ ਦੀਆਂ ਘਰਾਲਾਂ ਦੱਸਦੀਆਂ ਸਨ ਕਿ ਅੱਜ ਉਸ ਨੂੰ ਪਹਿਲੀ ਵਾਰ ਆਪਣੀਆਂ ਗਲਤੀਆਂ ਦਾ ਗਹਿਰਾ ਪਛਤਾਵਾ ਹੋ ਰਿਹਾ ਸੀ ਉਹ ਮਨ ਹੀ ਮਨ ਇਹ ਸੋਚ ਰਿਹਾ ਸੀ।

ਜਿਵੇਂ ਥੋਹਰਾਂ ਦੇ ਲਾਲ ਸੂਹੇ ਫੁੱਲਾਂ ਨੂੰ ਚੁੰਮਦਿਆਂ ਉਸ ਦਾ ਚਿਹਰਾ ਲਹੂ-ਲੁਹਾਣ ਹੋ ਗਿਆ ਹੋਵੇ ਹੁਣ ਉਸ ਨੂੰ ਆਪਣੀ ਪਤਨੀ ਨਾਲ ਕੀਤੀਆਂ ਵਧੀਕੀਆਂ ਇੱਕ-ਇੱਕ ਕਰਕੇ ਯਾਦ ਆ ਰਹੀਆਂ ਸਨ ਸਭ ਤੋਂ ਵੱਡਾ ਪਛਤਾਵਾ ਉਸ ਨੂੰ ਇਹ ਹੋ ਰਿਹਾ ਸੀ ਕਿ ਕਿਸ ਤਰ੍ਹਾਂ ਬਿਗਾਨੀਆਂ ਖੁਰਲੀਆਂ ‘ਚ ਮੂੰਹ ਮਾਰਦਿਆਂ ਉਸ ਦਾ ਮੋਹ ਆਪਣੇ ਘਰ ਦੀਆਂ ਕੰਧਾਂ ਨਾਲੋਂ ਭੰਗ ਹੋ ਚੁੱਕਿਆ ਸੀ ਉਸ ਨੂੰ ਸਿਆਣੇ ਲੋਕਾਂ ਦੀਆਂ ਕਹੀਆਂ ਗੱਲਾਂ ਯਾਦ ਆਉਂਦੀਆਂ ਕਿ ਆਖਿਰ ਕਿੰਨਾਂ ਕੁ ਚਿਰ ਬਿਗਾਨੇ ਪਰਾਂ ਦੇ ਸਹਾਰੇ ਖੁੱਲ੍ਹੇ ਅਸਮਾਨਾਂ ਵਿੱਚ ਉੱਡਿਆ ਜਾ ਸਕਦਾ ਹੈ? ਆਖਿਰ ਜ਼ਿੰਦਗੀ ਦੇ ਪਰਬਤਾਂ ਦੀ ਚੋਟੀ ਦਾ ਆਨੰਦ ਮਾਨਣ ਲਈ ਆਪਣੇ ਪਰਾਂ ਨਾਲ ਉਡਾਰੀਆਂ ਲਾਉਣੀਆਂ ਪੈਂਦੀਆਂ ਨੇ ਪਰ ਅਫਸੋਸ! ਕਿ ਉਸ ਨੂੰ ਕਦੇ ਆਪਣੇ ਪਰਾਂ ਦਾ ਹੇਜ ਹੀ ਨਾ ਜਾਗਿਆ ਹੁਣ ਤਾਂ ਉਸ ਦੀ ਹਾਲਤ ਉਸ ਪੰਛੀ ਵਰਗੀ ਹੋ ਚੁੱਕੀ ਜਿਸ ਦੇ ਪਰਾਂ ਨੂੰ ਕਿਸੇ ਨਿਸ਼ਾਨਚੀ ਨੇ ਗੁਲੇਲਾ ਮਾਰ ਕੇ ਤੋੜ ਦਿੱਤਾ ਹੋਵੇ ਉਸ ਦੇ ਮਨ ਦੀ ਹਾਲਤ ਵੀ ਉਸ ਬੁੱਢੇ ਰੁੱਖ ਵਰਗੀ ਹੋ ਚੁੱਕੀ ਸੀ।

ਜਿਸ ਦੀਆਂ ਜੜ੍ਹਾਂ ਧਰਤੀ ਵਿੱਚ ਲੱਗੀਆਂ ਹੋਣ ‘ਤੇ ਵੀ ਉਸ ਦੀਆਂ ਟਾਹਣੀਆਂ ‘ਤੇ ਉਦਾਸੀ ਛਾਈ ਰਹਿੰਦੀ ਹੈ ਅੱਜ ਉਸ ਨੂੰ ਗੁਰੂਘਰ ਦੇ ਕੀਰਤਨੀਏ ਦਾ ਉਹ ਸ਼ਬਦ ਯਾਦ ਆ ਰਿਹਾ ਸੀ  ਜਿਸ ਨੂੰ ਅਨੇਕਾਂ ਵਾਰ ਆਪਣੇ ਕੰਨੀ ਸੁਣਿਆ ਸੀ ਕਿ, ਕਿੱਥੋਂ ਭਾਲਦੈ ਬਿਜ਼ੋਰ ਦੀਆਂ ਦਾਖਾਂ ਕਿੱਕਰਾਂ ਦੇ ਬੀਜ਼ ਬੀਜ਼ ਕੇ ਪਰ ਹੁਣ ਚਿੰਤਾ ਕਰਿਆਂ ਕੀ ਬਣਦਾ ਸੀ ਕਿਉਂਕਿ ਹੁਣ ਕਿੱਕਰਾਂ ਦੇ ਬੀਜ਼ ਕੇਵਲ ਕਿੱਕਰਾਂ ਹੀ ਨਹੀਂ ਸਗੋਂ ਕੰਡਿਆਲੀਆਂ ਸੂਲਾਂ ਬਣ ਚੁੱਕੇ ਸਨ ਜਿੰਨ੍ਹਾ ‘ਤੇ ਪੈਰ ਧਰਕੇ ਤੁਰਨਾ ਉਸ ਦੇ ਵੱਸ ਵਿੱਚ ਨਹੀਂ ਸੀ ਕਿੰਨਾ ਚਿਰ ਉਹ ਅਵਾਕ ਹੀ ਖੜ੍ਹਾ ਰਿਹਾ, ਉਸ ਦੇ ਸ਼ਬਦ ਨਿਰਜਿੰਦ ਹੋ ਚੁੱਕੇ ਸਨ ਹੁਣ ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ, ਜਿਵੇਂ ਉਹ ਆਪਣੇ ਗੁਨਾਹਾਂ ਦੀ ਪੰਡ ਚੁੱਕੀ ਹਸਪਤਾਲ ਦੇ ਇਸ ਕਮਰਾ ਨੰਬਰ ਦੋ ਸੌ ਸੌਲਾਂ ਦੇ ਕਟਹਿਰੇ ਵਿੱਚ ਖੜ੍ਹਾ ਹੋਵੇ।

ਸੁਖਵੀਰ ਘੁਮਾਣ, ਦਿੜ੍ਹਬਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।