ਸੱਚੇ ਰੂਹਾਨੀ ਰਹਿਬਰ ਸ਼ਾਹ ਮਸਤਾਨਾ ਜੀ ਮਹਾਰਾਜ

0
112

ਸੱਚੇ ਰੂਹਾਨੀ ਰਹਿਬਰ ਸ਼ਾਹ ਮਸਤਾਨਾ ਜੀ ਮਹਾਰਾਜ

ਸੰਤਾਂ ਦਾ ਪੂਰਾ ਜੀਵਨ ਇਨਸਾਨ ਨੂੰ ਪਰਮਾਤਮਾ ਨਾਲ ਜੋੜਨ ਲਈ ਸਮਰਪਿਤ ਹੁੰਦਾ ਹੈ ਸੱਚੇ ਸੰਤ ਇਨਸਾਨ ਨੂੰ ਸਮਾਜਿਕ ਤੇ ਆਤਮਿਕ ਸੁਖ ਪ੍ਰਦਾਨ ਕਰਨ ਦੇ ਨਾਲ-ਨਾਲ ਮੋਕਸ਼ ਮੁਕਤੀ ਦੇ ਕਾਬਲ ਬਣਾਉਂਦੇ ਹਨ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਮਾਨਵਤਾ ’ਤੇ ਕੀਤੇ ਗਏ ਪਰਉਪਕਾਰਾਂ ਦਾ ਵਰਣਨ ਕਰਨ ਲਈ ਹਰ ਸ਼ਬਦ ਛੋਟਾ ਪੈ ਜਾਂਦਾ ਹੈ।

ਪਰਮ ਪੂਜਨੀਕ ਬੇਪਰਵਾਹ ਸਾੲੀਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪਿੰਡ ਕੋਟੜਾ ਤਹਿਸੀਲ ਗੰਧੇਅ ਰਿਆਸਤ ਕੁਲੈਤ (ਬਲੋਚਿਸਤਾਨ) ’ਚ ਅਵਤਾਰ ਧਾਰਨ ਕੀਤਾ ਆਪ ਜੀ ਦੇ ਪੂਜਨੀਕ ਪਿਤਾ ਜੀ ਦਾ ਸ਼ੁਭ ਨਾਮ ਸ੍ਰੀ ਪਿੱਲਾ ਮੱਲ ਜੀ ਅਤੇ ਪੂਜਨੀਕ ਮਾਤਾ ਜੀ ਦਾ ਸ਼ੁਭ ਨਾਮ ਤੁਲਸਾਂ ਬਾਈ ਜੀ ਸੀ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਦੇ ਘਰ ਕੇਵਲ ਚਾਰ ਲੜਕੀਆਂ ਹੀ ਸਨ, ਪੁੱਤਰ ਰਤਨ ਪ੍ਰਾਪਤੀ ਲਈ ਉਨ੍ਹਾਂ ਦੇ ਦਿਲ ’ਚ ਭਾਰੀ ਤੜਫ਼ ਸੀ। ਉਨ੍ਹਾਂ ਨੇ ਅਨੇਕਾਂ ਫ਼ਕੀਰਾਂ ਸਾਹਮਣੇ ਪੁੱਤਰ ਦੀ ਪ੍ਰਬਲ ਇੱਛਾ ਪ੍ਰਗਟ ਕੀਤੀ ਇੱਕ ਵਾਰ ਪੂਜਨੀਕ ਮਾਤਾ ਜੀ ਪਰਮ ਪਿਤਾ ਪਰਮਾਤਮਾ ਦੇ ਇੱਕ ਸੱਚੇ ਫਕੀਰ ਨੂੰ ਮਿਲੇ ਪੂਜਨੀਕ ਮਾਤਾ ਜੀ ਨੇ ਉਸ ਫਕੀਰ ਤੋਂ ‘ਪੁੱਤਰ’ ਦੀ ਦਾਤ ਦੀ ਮੰਗ ਕੀਤੀ ਈਸ਼ਵਰ ਦੀ ਬੰਦਗੀ ਕਰਨ ਵਾਲੇ ਉਸ ਮਹਾਤਮਾ ਨੇ ਕਿਹਾ, ‘‘ਪੁੱਤਰ ਤਾਂ ਤੁਹਾਡੇ ਘਰ ਜਨਮ ਲੈ ਲਵੇਗਾ ਪਰ ਉਹ ਤੁਹਾਡੇ ਕੰਮ ਨਹੀਂ ਆਵੇਗਾ, ਜੇਕਰ ਇਹ ਸ਼ਰਤ ਮਨਜੂਰ ਹੈ ਤਾਂ ਦੇਖ ਲਵੋ’’। ਪੂਜਨੀਕ ਮਾਤਾ ਜੀ ਨੇ ਕਿਹਾ ਕਿ ਸਾਨੂੰ ਇਹ ਮਨਜ਼ੂਰ ਹੈ। ਆਖਰ ਪੂਜਨੀਕ ਮਾਤਾ ਜੀ ਅਤੇ ਪੂਜਨੀਕ ਪਿਤਾ ਜੀ ਦੁਆਰਾ ਸਾਧੂ-ਸੰਤਾਂ ਦੀ ਕੀਤੀ ਸੇਵਾ ਤੇ ਦੁਆ ਰੰਗ ਲਿਆਈ ਅਤੇ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੀ ਪਵਿੱਤਰ ਕੁੱਖੋਂ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਮਤ ਬਿਕਰਮੀ 1948 ( ਸੰਨ 1891) ’ਚ ਕੱਤਕ ਦੀ ਪੁੰਨਿਆ ਨੂੰ ਅਵਤਾਰ ਧਾਰਨ ਕੀਤਾ ਅਸਲ ’ਚ ਅਜਿਹੀਆਂ ਮਹਾਨ ਤੇ ਪਵਿੱਤਰ ਹਸਤੀਆਂ ਜੀਵਾਂ ਦੇ ਉੱਧਾਰ ਲਈ ਪਰਮ ਪਿਤਾ ਪਰਮਾਤਮਾ ਦੇ ਹੁਕਮ ਅਨੁਸਾਰ ਸਮੇਂ-ਸਮੇਂ ’ਤੇ ਧਰਤੀ ’ਤੇ ਆਇਆ ਕਰਦੀਆਂ ਹਨ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਪੂਜਨੀਕ ਸਾੲੀਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਬਚਪਨ ਦਾ ਨਾਂਅ ਸ੍ਰੀ ਖੇਮਾ ਮੱਲ ਜੀ ਸੀ।

(ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਆਪਣੀ ਸ਼ਰਨ ’ਚ ਆਉਣ ਤੋਂ ਬਾਅਦ ਆਪ ਜੀ ਦਾ ਨਾਂਅ ਬਦਲ ਕੇ ‘ਸ਼ਾਹ ਮਸਤਾਨਾ ਜੀ ਮਹਾਰਾਜ’ ਰੱਖ ਦਿੱਤਾ) ਆਪ ਜੀ ਦੇ ਪੂਜਨੀਕ ਪਿਤਾ ਜੀ ਪਿੰਡ ’ਚ ਹੀ ਹਲਵਾਈ ਦੀ ਦੁਕਾਨ ਕਰਿਆ ਕਰਦੇ ਸਨ ਜਿਸ ਸਮੇੇਂ ਪੂਜਨੀਕ ਪਿਤਾ ਜੀ ਦੁਕਾਨ ’ਤੇ ਨਾ ਹੁੰਦੇ , ਤਾਂ ਆਪ ਜੀ ਦੁਕਾਨ ’ਤੇ ਰੱਖੀ ਮਠਿਆਈ ਸਾਧੂ-ਫਕੀਰਾਂ ਨੂੰ ਵੰਡ ਦਿਆ ਕਰਦੇ ਆਪ ਜੀ ਨੂੰ ਬਚਪਨ ਤੋਂ ਹੀ ਮਾਲਕ ਦੀ ਭਗਤੀ ਬਹੁਤ ਸ਼ੌਂਕ ਸੀ।
ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਤਾਂ ਸੱਚ ਭਾਵ ਪਰਮਾਤਮਾ ਦੀ ਤਲਾਸ਼ ’ਚ ਲੱਗ ਗਏ ਆਪ ਜੀ ਨੇ ਕਈ ਸਾਧੂਆਂ ਨਾਲ ਮੁਲਾਕਾਤ ਕੀਤੀ, ਪਰੰਤੂ ਕਿਤੋਂ ਵੀ ਆਪ ਜੀ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਸਹੀ ਮਾਰਗ ਨਾ ਮਿਲਿਆ ਆਖਰ ਆਪ ਜੀ ਡੇਰਾ ਬਿਆਸ ਆ ਗਏ ਅਤੇ ਪੂਜਨੀਕ ਹਜੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਦੀ ਪ੍ਰਾਪਤੀ ਕੀਤੀ। ਪੂਜਨੀਕ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਆਪ ਜੀ ਦੀ ਮਾਲਕ ਪ੍ਰਤੀ ਸੱਚੀ ਤੜਫ਼ ਅਤੇ ਗੁਰੂ ਪ੍ਰਤੀ ਸੱਚੇ ਪਿਆਰ ਨੂੰ ਦੇਖ ਕੇ ਆਪ ਜੀ ਨੂੰ ਬੇਸ਼ੁਮਾਰ ਬਖਸ਼ਿਸ਼ਾਂ ਕੀਤੀਆਂ ਰੂਹਾਨੀਅਤ ਦੇ ਪ੍ਰਚਾਰ ਲਈ ਆਪ ਜੀ ਦੀ ਡਿਊਟੀ ਪਹਿਲਾਂ ਬਲੋਚਿਸਤਾਨ ਅਤੇ ਬਾਅਦ ’ਚ ਪੱਛਮੀ ਪੰਜਾਬ ਦੇ ਗੋਜਰਾ, ਮਿੰਟਗੁਮਰੀ, ਮੁਲਤਾਨ ਤੇ ਸਿੰਧ ਪ੍ਰਾਂਤ ’ਚ ਲਗਾ ਦਿੱਤੀ ਗਈ।

ਆਪ ਜੀ ਬਲੋਚਿਸਤਾਨੀ ਬੋਲੀ ’ਚ ਸਤਿਸੰਗ ਕਰਿਆ ਕਰਦੇ ਸਨ, ਭਾਵੇਂ ਸਾਧ-ਸੰਗਤ ਨੂੰ ਉਹ ਬੋਲੀ ਸਮਝ ਨਾ ਆਉਂਦੀ ਪਰ ਉਹ ਸਿੱਧਾ ਰੂਹ ’ਤੇ ਅਸਰ ਕਰਦੀ ਸੀ ਪੂਜਨੀਕ ਬੇਪਰਵਾਹ ਸਾੲੀਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਬਚਨਾਂ ਦੀ ਪਾਲਣਾ ਕਰਦਿਆਂ ਬਲੋਚਿਸਤਾਨ ਸਿੰਧ ਅਤੇ ਪੰਜਾਬ ਆਦਿ ਪ੍ਰਾਤਾਂ ਦੇ ਅਨੇਕਾਂ ਸ਼ਹਿਰਾਂ ਅੰਦਰ ਵੀ ਆਪਣੇ ਸਤਿਗੁਰੂ ਦੀ ਅਪਾਰ ਮਹਿਮਾ ਕੀਤੀ ਅਤੇ ਉੱਥੋਂ ਅਨੇਕ ਜੀਵਾਂ ਨੂੰ ਆਪਣੇ ਨਾਲ ਲਿਆ ਕੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਦਿਵਾਇਆ ਆਖਰ ’ਚ ਆਪ ਜੀ ਆਪਣਾ ਪੂਰਾ ਘਰ-ਬਾਰ ਤਿਆਗ ਕੇ ਬਿਆਸ ਆ ਗਏ। ਇੱਥੋਂ ਪੂਜਨੀਕ ਸਾਵਣ ਸਿੰਘ ਜੀ ਮਹਾਰਾਜ ਨੇ ਆਪਣੀ ਪੂਰੀ ਰੂਹਾਨੀ ਤਾਕਤ ਦੇ ਕੇ ਅਤੇ ਆਪਣੀਆਂ ਸਭ ਇਲਾਹੀ ਬਖਸ਼ਿਸ਼ਾਂ ਨਾਲ ਨਿਵਾਜ ਕੇ ਸਰਸਾ ਭੇਜਿਆ ਤੇ ਫਰਮਾਇਆ, ‘‘ਜਾ ਮਸਤਾਨਾ! ਤੈਨੂੂੰ ਬਾਗੜ ਦਾ ਬਾਦਸ਼ਾਹ ਬਣਾਇਆ ਜਾਓ! ਸਰਸਾ ’ਚ ਕੁਟੀਆ (ਡੇਰਾ) ਬਣਾਓ ਅਤੇ ਸਤਿਸੰਗ ਲਗਾ ਕੇ ਦੁਨੀਆਂ ਨੂੰ ਮਾਲਕ ਦਾ ਨਾਮ ਜਪਾਓ, ਅਸੀਂ ਹਰ ਸਮੇਂ ਤੁਹਾਡੇ ਨਾਲ ਹਾਂ ਜੋ ਵੀ ਤੁਹਾਥੋਂ ਨਾਮ ਸ਼ਬਦ ਲਵੇਗਾ, ਉਸਦਾ ਇੱਕ ਪੈਰ ਇੱਥੇ ਅਤੇ ਦੂਜਾ ਪੈਰ ਸੱਚਖੰਡ ’ਚ ਹੋਵੇਗਾ’’ ਇਸ ’ਤੇ ਆਪ ਜੀ ਨੇ ਆਪਣੇ ਮੁਰਸ਼ਿਦੇ ਕਾਮਿਲ ਤੋਂ ‘ਧੰਨ ਧੰਨ ਸਤਿਗੁਰੁੂ ਤੇਰਾ ਹੀ ਆਸਰਾ’ ਦਾ ਨਾਅਰਾ ਮਨਜ਼ੂਰ ਕਰਵਾਇਆ ਤੇ ਹੋਰ ਅਨੇਕਾਂ ਬਖਸ਼ਿਸ਼ਾਂ ਹਾਸਲ ਕੀਤੀਆਂ।

ਪਹਿਲਾਂ ਕੁਝ ਸਮਾਂ ਆਪ ਜੀ ਸਰਸਾ ਸ਼ਹਿਰ ’ਚ ਹੀ ਰਹੇ, ਫਿਰ ਆਪ ਜੀ ਨੇ ਆਪਣੇ ਮੁਰਸ਼ਿਦੇ ਕਾਮਿਲ ਦੇ ਪਵਿੱਤਰ ਹੁਕਮਾਂ ਅਨੁਸਾਰ 29 ਅਪਰੈਲ 1948 ਨੂੰ ਸਰਸਾ ਸ਼ਹਿਰ ਦੇ ਬਾਹਰ ਸਰਵ ਧਰਮ ਸੰਗਮ ‘ਡੇਰਾ ਸੱਚਾ ਸੌਦਾ’ ਦੀ ਸਥਾਪਨਾ ਕੀਤੀ ਆਪ ਜੀ ਨੇ ਲਗਭਗ 12 ਸਾਲਾਂ ਤੱਕ ਖੂਬ ਸੋਨਾ, ਚਾਂਦੀ, ਨੋਟ, ਕੱਪੜੇ ਕੰਬਲ ਆਦਿ ਵੰਡ ਕੇ ਹਜ਼ਾਰਾਂ ਜੀਵਾਂ ਨੂੰ ਬਿਨਾਂ ਕਿਸੇ ਪਖੰਡ, ਦਾਨ ਚੜ੍ਹਾਵੇ ਆਦਿ ਮਾਲਕ ਦਾ ਨਾਮ ਜਪਾਇਆ ਅੰਦਰ ਵਾਲੇ ਜਿੰਦਾ ਰਾਮ, ਓਮ, ਹਰੀ, ਅੱਲ੍ਹਾ, ਰਾਮ, ਵਾਹਿਗੁਰੂ, ਖੁਦਾ ਰੱਬ ਦਾ ਸੱਚਾ ਨਾਮ ਪ੍ਰਦਾਨ ਕਰਕੇ ਉਹਨਾਂ ਨੂੰ ਜਨਮ ਮਰਨ ਦੇ ਚੱਕਰ ਤੋਂ ਮੁਕਤ ਕਰਾਇਆ।

ਆਪ ਜੀ ਨੇ ਧਰਮ, ਜਾਤੀ, ਅਮੀਰ-ਗਰੀਬ ਦੇ ਭੇਦ-ਭਾਵ ਨੂੰ ਮਿਟਾ ਕੇ ਸਭ ਨੂੰ ਇੱਕ ਜਗ੍ਹਾ ਬਿਠਾਇਆ ਈਰਖਾ, ਨਫ਼ਰਤ ਨੂੰ ਦੂੁਰ ਕਰਕੇ ਸਭ ਨੂੰ ਪ੍ਰੇ੍ਰਮ ਦਾ ਪਾਠ ਪੜ੍ਹਾਇਆ ਆਪ ਜੀ ਨੇ ਸਭ ਨੂੰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਦਾ ਸੌਖਾ ਤੇ ਅਸਾਨ ਤਰੀਕਾ ਦੱਸਿਆ ਆਪ ਜੀ ਨੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ’ਚ ਅਨੇਕਾਂ ਆਸ਼ਰਮ ਬਣਾਏ। ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣਾ ਚੋਲਾ ਬਦਲਣ ਤੋਂ ਦੋ ਢਾਈ ਸਾਲ ਪਹਿਲਾਂ ਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਬਹੁਤ ਹੀ ਕਠਿਨ ਪ੍ਰੀਖਿਆ ਤੋਂ ਬਾਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ ਕੀਤੀ ਆਪ ਜੀ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਬਹੁਤ ਕਠਿਨ ਪ੍ਰੀਖਿਆ ਲਈ ਅਤੇ ਆਪਣੀ ਦਇਆ ਮਿਹਰ ਰਹਿਮਤ ਨਾਲ ਭਰਪੂਰ ਕਰ ਕੇ 28 ਫਰਵਰੀ 1960 ਨੂੰ ਨੋਟਾਂ ਦਾ ਹਾਰ ਪਹਿਨਾ ਕੇ ਅਤੇ ਜੀਪ ’ਚ ਸਵਾਰ ਕਰ ਕੇ ਸਰਸਾ ਸ਼ਹਿਰ ’ਚ ਘੁਮਾਇਆ ਆਪ ਜੀ ਨੇ ਬਚਨ ਫਰਮਾਏ ਕਿ ਸ. ਸਤਿਨਾਮ ਸਿੰਘ ਜੀ ਨੂੰ ਅੱਜ ਆਤਮਾ ਤੋਂ ਪਰਮਾਤਮਾ ਕਰ ਦਿੱਤਾ ਹੈ ਅਤੇ ਅਨਾਮੀ ਗੁਫਾ ਵਿੱਚ ਫਰਮਾਇਆ ਕਿ ਦੁਨੀਆ ਦੀ ਕੋਈ ਵੀ ਤਾਕਤ ਇਨ੍ਹਾਂ ਨੂੰ ਹਿਲਾ ਨਹੀਂ ਸਕੇਗੀ ਇਸ ਤਰ੍ਹਾਂ ਸਾਧ-ਸੰਗਤ ਦੀ ਸੇਵਾ ਅਤੇ ਡੇਰਾ ਸੱਚਾ ਸੌਦਾ ਦਰਬਾਰ ਦੀ ਪੂਰੀ ਜਿੰਮੇਵਾਰੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਸੌਂਪ ਕੇ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ 18 ਅਪਰੈਲ 1960 ਨੂੰ ਅਨਾਮੀ ਦੇਸ਼ ਜਾ ਸਮਾਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.