ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਦਾ ਸਵਾਲ

ਵੋਟਿੰਗ ਮਸ਼ੀਨਾਂ ਦੀ ਭਾਰਤ ‘ਚ ਪੂਰੀ ਤਰ੍ਹਾਂ ਸ਼ੁਰੂਆਤ 2004 ‘ਚ ਹੋਈ  ਭਾਵੇਂ ਕਿ ਇਸ ਤੋਂ ਪਹਿਲਾਂ ਵੀ ਕੁਝ ਖਾਸ ਖੇਤਰਾਂ ‘ਚ ਤਜ਼ਰਬੇ ਦੇ ਆਧਾਰ ‘ਤੇ ਇਹ ਸ਼ੁਰੂ ਹੋ ਚੁੱਕੀਆਂ ਸਨ ਇਹ ਵੋਟਿੰਗ ਪ੍ਰਣਾਲੀ ‘ਚ ਇੱਕ ਇਨਕਲਾਬੀ ਕਦਮ ਸੀ ਕਿਉਂਕਿ ਇਨ੍ਹਾਂ ਨਾਲ ਇੱਕ ਤਾਂ ਸਮੇਂ ਦੀ ਬੱਚਤ ਹੁੰਦੀ ਹੈ ਤੇ ਦੂਜਾ ਅਨਪੜ੍ਹ ਤੇ ਬਜ਼ੁਰਗ ਵੋਟਰਾਂ ਲਈ ਇਹ ਢੰਗ ਪੁਰਾਣੀ ਪ੍ਰਣਾਲੀ ਨਾਲੋਂ ਕਿਤੇ ਵੱਧ ਸੁਖਾਲ਼ਾ ਹੈ ਪੁਰਾਣੀ ਪ੍ਰਣਾਲੀ ‘ਚ ਇੱਕ ਬੈਲਟ ਪੇਪਰ ‘ਤੇ ਆਪਣੀ ਪਸੰਦ ਦਾ ਉਮੀਦਵਾਰ ਲੱਭ ਕੇ ਉਸਦੇ ਚੋਣ ਨਿਸ਼ਾਨ ‘ਤੇ ਮੋਹਰ ਲਾਉਣੀ ਪੈਂਦੀ ਸੀ
ਅਣਪੜ੍ਹ ਤੇ ਬਜ਼ੁਰਗ ਵੋਟਰਾਂ ਤੋਂ ਅਕਸਰ ਹੀ ਮੋਹਰ ਅੱਗੇ-ਪਿੱਛੇ ਹੋ ਜਾਂਦੀ ਸੀ ਜਿਸ ਨਾਲ ਕਈ ਵਾਰੀ ਵੋਟ ਕਿਸੇ ਹੋਰ ਉਮੀਦਵਾਰ ਨੂੰ ਭੁਗਤ ਜਾਂਦੀ ਸੀ ਦੋ ਚੋਣ ਨਿਸ਼ਾਨਾਂ ਦੇ ਵਿਚਕਾਰ ਮੋਹਰ ਲੱਗ ਜਾਣ ਕਾਰਨ ਬਹੁਤ ਸਾਰੀਆਂ ਵੋਟਾਂ ਰੱਦ ਹੋ ਜਾਂਦੀਆਂ ਸਨ ਗਿਣਤੀ ਕਰਨ ਵੇਲੇ ਇਹ ਬਹੁਤ ਵੱਡੀ ਮੁਸ਼ਕਲ ਹੁੰਦੀ ਸੀ ਕਿ ਕਿਹੜੀ ਮੋਹਰ ਨੂੰ ਕਿਹੜੇ ਉਮੀਦਵਾਰ ਵੱਲ ਸਮਝਿਆ ਜਾਵੇ ਤੇ ਕਿਹੜੀ ਨੂੰ ਬਿਲਕੁਲ ਵਿਚਕਾਰ ਮੰਨ ਕੇ ਵੋਟ ਨੂੰ ਰੱਦ ਮੰਨਿਆ ਜਾਵੇ ਪਰ ਵੋਟਿੰਗ ਮਸ਼ੀਨਾਂ ‘ਚ ਉਪਰੋਕਤ ਗਲਤੀਆਂ ਹੋਣ ਦੀ ਸੰਭਾਵਨਾ ਤਕਰੀਬਨ ਖਤਮ ਹੀ ਹੋ ਜਾਂਦੀ ਹੈ ਸਭ ਤੋਂ ਵੱਡਾ ਲਾਭ ਇਹ ਹੈ ਕਿ ਹੁਣ ਵੋਟਾਂ ਦੀ ਗਿਣਤੀ ਕਰਨੀ ਬਹੁਤ ਸੁਖਾਲਾ ਅਤੇ ਤੇਜ਼ ਗਤੀ ਵਾਲਾ ਕਾਰਜ ਬਣ ਗਿਆ ਹੈ
ਪਰ ਅੱਜ ਕੱਲ੍ਹ  ਜਦੋਂ ਹਰ ਤਰ੍ਹਾਂ ਦੇ ਇਲੈਕਟ੍ਰਾਨਿਕ ਯੰਤਰਾਂ ਦੀ ਹੈਕਿੰਗ ਵਧਦੀ ਜਾ ਰਹੀ ਹੈ ਤਾਂ ਵੋਟਿੰਗ ਮਸ਼ੀਨਾਂ ਦੀ ਸੁਰੱਖਿਅਤਾ ‘ਤੇ ਵੀ ਸਵਾਲ ਉੱਠਣੇ ਲਾਜ਼ਮੀ ਹਨ ਵੱਡੀਆਂ-ਵੱਡੀਆਂ ਸੰਸਥਾਵਾਂ ਦੇ ਕੰਪਿਊਟਰ ਤੇ ਸਾਈਟਾਂ ਹੈਕ ਕੀਤੀਆਂ ਜਾ ਰਹੀਆਂ ਹਨ ਅਮਰੀਕਾ ਵਰਗੇ ਦੇਸ਼ ਦੀ ਸਰਕਾਰ ਦਾ ਗੁਪਤ ਡਾਟਾ, ਵਿਕੀਲੀਕਸ ਵਰਗੀਆਂ ਸੰਸਥਾਵਾਂ ਰਾਹੀਂ ਲੀਕ ਹੋ ਰਿਹਾ ਹੈ, ਵੱਡੀਆਂ ਹਸਤੀਆਂ ਦੀ ਪਰਦੇ ਅੰਦਰਲੀ ਜ਼ਿੰਦਗੀ ਟੈਲੀਵਿਜ਼ਨ ਦੇ ਪਰਦੇ ‘ਤੇ ਵਿਖਾ ਕੇ ਉਨ੍ਹਾਂ ਦਾ ਜਲੂਸ ਕੱਢਿਆ ਜਾ ਰਿਹਾ ਹੈ ਤਾਂ ਫਿਰ ਕਿਸੇ ਵੀ ਇਲੈਕਟ੍ਰਾਨਿਕ ਯੰਤਰ ਦੀ ਭਰੋਸੇਯੋਗਤਾ ‘ਤੇ ਸਵਾਲ ਤਾਂ ਜਰੂਰ ਉੱਠਣਗੇ ਇਸ ਲਈ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਵੀ ਸ਼ੱਕ ਦੇ ਘੇਰੇ ‘ਚ ਹੈ ਖਾਸ ਕਰਕੇ ਭਾਰਤ ਵਰਗੇ ਦੇਸ਼ ‘ਚ ਵਿਰੋਧੀ ਪਾਰਟੀਆਂ ਨੂੰ ਮੌਜੂਦਾ ਸਰਕਾਰ ਤੇ ਅਫਸਰਸ਼ਾਹੀ ‘ਤੇ ਅਜਿਹੇ ਸ਼ੱਕ ਹੋ ਜਾਣੇ ਕੋਈ ਅਣਹੋਣੀ ਗੱਲ ਨਹੀਂ ਹੈ ਕਿਉਂਕਿ ਸਾਡੇ ਦੇਸ਼ ‘ਚ ਅਫਸਰਸ਼ਾਹੀ ਦਾ ਇੱਕ ਵੱਡਾ ਹਿੱਸਾ, ਚੜ੍ਹਦੇ ਸੂਰਜ ਨੂੰ ਸਲਾਮ ਕਰਨ ਵਾਲਾ ਹੀ ਹੁੰਦਾ ਹੈ ਕੁਝ ਸਰਕਾਰੀ ਅਫਸਰਾਂ ਦਾ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਕਦੋਂ ਸਰਕਾਰੀ ਨੌਕਰੀ ਛੱਡ ਕੇ ਅਗਲੇ ਦਿਨ ਹੀ ਕਿਸੇ ਸਿਆਸੀ ਪਾਰਟੀ ਦੇ ਉਮੀਦਵਾਰ ਵਜੋਂ ਕਾਗਜ਼ ਭਰ ਦੇਣ, ਫਿਰ ਕਿਵੇਂ ਮੰਨਿਆ ਜਾਵੇ ਕਿ ਅਜਿਹੇ ਅਫ਼ਸਰ  ਆਪਣੀ ਚਹੇਤੀ ਪਾਰਟੀ ਨੂੰ ਗੈਰ ਵਾਜਬ ਲਾਭ ਪਹੁੰਚਾਉਣ ਲਈ ਆਪਣੇ ਅਹੁਦੇ ਤੇ ਰਸੂਖ਼ ਦੀ ਵਰਤੋਂ ਨਾ ਕਰਨ
ਪਰ ਫਿਰ ਵੀ, ਸਾਨੂੰ ਵੋਟਿੰਗ ਮਸ਼ੀਨਾਂ ਦੇ ਤਕਨੀਕੀ ਪੱਖ ਤੇ ਵਰਤੋਂ ਦੇ ਢੰਗ ਬਾਰੇ ਚੰਗੀ ਤਰ੍ਹਾਂ ਜਾਣ ਲੈਣਾ ਜਰੂਰੀ ਹੈ ਸਿਰਫ ਸ਼ੱਕ ਦੇ ਅਧਾਰ ‘ਤੇ ਹੀ ਅਸੀਂ ਇੱਕ ਨਵੀਂ ਤਕਨੀਕ ਨੂੰ ਗਲਤ ਨਹੀਂ ਸਿੱਧ ਕਰ ਸਕਦੇ ਜੇਕਰ ਇਹ ਮਸ਼ੀਨਾਂ ਇੰਨੀਆਂ ਹੀ ਕਮਜ਼ੋਰ ਹੁੰਦੀਆਂ ਤਾਂ ਸੱਤਾ ਧਿਰ ਦੇ ਹੁੰਦਿਆਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨਾ ਆ ਸਕਦੀਆਂ ਅਜੇ ਤੱਕ ਸ਼ਾਇਦ ਹੀ ਕਿਤੇ ਕੋਈ ਅਜਿਹਾ ਮਾਮਲਾ ਸਾਹਮਣੇ ਆਇਆ ਹੋਵੇ ਕਿ ਇਨ੍ਹਾਂ ਮਸ਼ੀਨਾਂ ਨਾਲ ਰਿਮੋਟ ਜਾਂ ਰੇਡੀਉ ਤਰੰਗਾਂ ਰਾਹੀਂ ਕੋਈ ਛੇੜਛਾੜ ਹੋਈ ਹੋਵੇ ਕਿਸੇ ਹੋਰ ਤਕਨੀਕੀ ਯੰਤਰ ਨੂੰ ਇਨ੍ਹਾਂ ਨਾਲ ਜੋੜ ਕੇ ਤਾਂ ਸ਼ਾਇਦ ਅਜਿਹਾ ਸੰਭਵ ਹੋ ਸਕਦਾ ਹੋਵੇ ਪਰ ਮਸ਼ੀਨਾਂ ਦੇ ਨਿਰਮਾਤਾ ਇੰਜੀਨੀਅਰ ਕਹਿੰਦੇ ਹਨ ਕਿ ਅਜਿਹੀ ਸੂਰਤ ‘ਚ ਇਨ੍ਹਾਂ ਅੰਦਰਲਾ ਸਾਰਾ ਡਾਟਾ ਖਤਮ ਹੋ ਜਾਵੇਗਾ
ਵੋਟਿੰਗ ਮਸ਼ੀਨਾਂ ਦੀ ਵਰਤੋਂ ਨੂੰ ਨੇੜੇ ਤੋਂ ਵੇਖਣ ਨਾਲ ਪਤਾ ਲੱਗਦਾ ਹੈ ਕਿ ਇਨ੍ਹਾਂ ਨਾਲ ਛੇੜਛਾੜ ਕਰਨ ਲਈ ਇੱਕ ਬਹੁਤ ਵੱਡੀ ਟੀਮ ਦੀ ਜ਼ਰੂਰਤ ਹੋਵੇਗੀ ਮਿਸਾਲ ਵਜੋਂ ਜਦੋਂ ਵੀ ਕਿਤੇ ਚੋਣਾਂ ਹੋਣੀਆਂ ਹੁੰਦੀਆਂ ਹਨ ਤਾਂ ਉਸ ਇਲਾਕੇ ‘ਚ ਲਿਜਾਈਆਂ ਜਾਣ ਵਾਲੀਆਂ ਮਸ਼ੀਨਾਂ ਦੀ ਚੋਣ ਜਾਣ-ਬੁੱਝ ਕੇ ਬੇਤਰਤੀਬੇ ਢੰਗ ਨਾਲ ਕੀਤੀ ਜਾਂਦੀ ਹੈ ਕੰਪਿਊਟਰ ਪ੍ਰਣਾਲੀ ਨਾਲ ਬੇਤਰਤੀਬੇ ਲੜੀ ਨੰਬਰਾਂ ਵਾਲੀਆਂ ਮਸ਼ੀਨਾਂ ਦੀ ਚੋਣ ਕਰਕੇ ਜਾਰੀ ਕੀਤਾ ਜਾਂਦਾ ਹੈ, ਫਿਰ ਉਨ੍ਹਾਂ ਨੂੰ ਅੱਗੇ ਚੋਣ ਬੂਥਾਂ ‘ਤੇ ਲਿਜਾਣ ਵੇਲੇ ਵੀ ਇਸੇ ਤਰ੍ਹਾਂ ਹੀ ਚੋਣ ਹੁੰਦੀ ਹੈ ਤਾਂ ਕਿ ਕਿਸੇ ਨੂੰ ਵੀ ਪਤਾ ਨਾ ਹੋਵੇ ਕਿ ਕਿਹੜੀਆਂ ਮਸ਼ੀਨਾਂ ਕਿੱਥੇ ਜਾ ਰਹੀਆਂ ਹਨ ਇੰਜ ਹੀ, ਕਿਹੜੇ ਉਮੀਦਵਾਰ ਨੂੰ ਕਿਹੜੇ ਨੰਬਰ ਦਾ ਬਟਨ ਮਿਲੇਗਾ, ਇਹ ਵੀ ਚੋਣਾਂ ਵਾਲੇ ਦਿਨ ਦੇ ਕਾਫੀ ਨੇੜੇ ਆ ਕੇ ਹੀ ਪਤਾ ਲੱਗਦਾ ਹੈ ਬਟਨਾਂ ਦੀ ਚੋਣ ਲਈ ਤਿੰਨ ਗਰੁੱਪ ਬਣਾਏ ਜਾਂਦੇ ਹਨ ਰਾਸ਼ਟਰੀ ਤੇ ਖੇਤਰੀ ਪਾਰਟੀਆਂ, ਹੋਰ ਪਾਰਟੀਆਂ ਤੇ ਆਜ਼ਾਦ ਉਮੀਦਵਾਰ ਇਨ੍ਹਾਂ  ਗਰੁੱਪਾਂ ‘ਚ ਉਮੀਦਵਾਰਾਂ ਦੇ ਨਾਵਾਂ ਨੂੰ ਉਸ ਖੇਤਰ ਦੀ ਭਾਸ਼ਾ ਦੀ ਲਿਪੀ ਮੁਤਾਬਕ ਵਰਣਮਾਲਾ ਪ੍ਰਣਾਲੀ ਰਾਹੀਂ ਲੜੀਬੱਧ ਕੀਤਾ ਜਾਂਦਾ ਹੈ ਇਸ ਤਰ੍ਹਾਂ ਜਦੋਂ ਤੱਕ ਕਿਸੇ ਉਮੀਦਵਾਰ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਕਿਹੜੇ ਨੰਬਰ ਵਾਲਾ ਬਟਨ ਮਿਲਣਾ ਹੈ, ਉਦੋਂ ਤੱਕ ਸਾਰੀਆਂ ਮਸ਼ੀਨਾਂ ਸਖ਼ਤ ਸੁਰੱਖਿਆ ਦੇ ਘੇਰੇ ‘ਚ ਆ ਚੁੱਕੀਆਂ ਹੁੰਦੀਆਂ ਹਨ ਇਸ ਲਈ ਕਿਸੇ ਖਾਸ ਬਟਨ ਨਾਲ ਛੇੜਛਾੜ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ
ਚੋਣਾਂ ਵਾਲੇ ਦਿਨ ਸਾਰੀਆਂ ਮਸ਼ੀਨਾਂ ਚੋਣ ਏਜੰਟਾਂ ਨੂੰ ਚਲਾ ਕੇ ਵਿਖਾਈਆਂ ਜਾਂਦੀਆਂ ਹਨ ਤੇ ਉਨ੍ਹਾਂ ਦੇ ਅੰਦਰਲਾ ਸਾਰਾ ਡਾਟਾ ਸਾਫ਼ ਕਰਕੇ, ਨਕਲੀ ਵੋਟਾਂ ਪਵਾ ਕੇ, ਨਕਲੀ ਨਤੀਜਾ ਵਿਖਾ ਕੇ ਫਿਰ ਮਸ਼ੀਨਾਂ ਦੇ ਅੰਦਰਲਾ ਡਾਟਾ ਦੁਬਾਰਾ ਸਾਫ਼ ਕਰਕੇ, ਚੋਣ ਏਜੰਟਾਂ ਦੇ ਸਾਹਮਣੇ ਮਸ਼ੀਨਾਂ ਸੀਲ ਕੀਤੀਆਂ ਜਾਂਦੀਆਂ ਹਨ ਸੀਲਾਂ ਨਾਲ ਲੱਗੇ ਟੈਗਾਂ ‘ਤੇ ਚੋਣ ਏਜੰਟਾਂ ਦੇ ਦਸਤਖ਼ਤ ਕਰਵਾਏ ਜਾਂਦੇ ਹਨ ਵੋਟਾਂ ਪੈਣ ਦੌਰਾਨ ਕੁੱਲ ਵੋਟਾਂ ਦੀ ਗਿਣਤੀ ਰਜਿਸਟਰ 17-ਏ ਦੇ ਨਾਲ ਵਾਰੀ-ਵਾਰੀ ਮਿਲਾਈ ਜਾਂਦੀ ਹੈ ਤੇ ਚੋਣ ਏਜੰਟਾਂ ਨੂੰ ਚੈੱਕ ਕਰਵਾਈ ਜਾਂਦੀ ਹੈ ਇਸ ਨਾਲ ਕੁੱਲ ਵੋਟਾਂ ਦੀ ਗਿਣਤੀ ‘ਚ ਫ਼ਰਕ ਆ ਹੀ ਨਹੀਂ ਸਕਦਾ ਇਸ ਤੋਂ ਇਲਾਵਾ, ਮਸ਼ੀਨ ਦੀ ਸਪੀਡ ਮੁਤਾਬਕ, ਇੱਕ ਮਿੰਟ ‘ਚ ਵੱਧ ਤੋਂ ਵੱਧ ਪੰਜ ਵੋਟਾਂ ਹੀ ਪੈ ਸਕਦੀਆਂ ਹਨ ਇਸ ਲਈ ਚੋਣ ਬੂਥਾਂ ‘ਤੇ ਕਬਜ਼ਾ ਕਰਕੇ ਅੰਨ੍ਹੇਵਾਹ ਵੋਟਾਂ ਭੁਗਤਾਉਣ ਵਾਲਾ ਕੰਮ ਵੀ ਸੰਭਵ ਨਹੀਂ ਜੇਕਰ ਕਿਸੇ ਵੀ ਤਰ੍ਹਾਂ ਦੀ ਗੜਬੜ ਵਾਲਾ ਮਹੌਲ ਬਣਦਾ ਲੱਗੇ ਤਾਂ ਚੋਣ ਅਫਸਰ, ਕਲੋਜ਼ ਵਾਲਾ ਬਟਨ ਦਬਾ ਕੇ ਮਸ਼ੀਨ ਨੂੰ ਲੌਕ ਕਰ ਸਕਦਾ ਹੈ ਵੋਟਿੰਗ ਖਤਮ ਹੋਣ ਉਪਰੰਤ ਵੀ ਸਾਰੇ ਚੋਣ ਏਜੰਟਾਂ ਦੇ ਸਾਹਮਣੇ ਸਾਰੀਆਂ ਮਸ਼ੀਨਾਂ ਸੀਲ ਕੀਤੀਆਂ ਜਾਂਦੀਆਂ ਹਨ ਸਾਰੇ ਚੋਣ ਏਜੰਟਾਂ ਤੇ ਚੋਣ ਸਟਾਫ਼ ਦੇ ਸੀਲਾਂ ‘ਤੇ ਦਸਤਖ਼ਤ ਹੁੰਦੇ ਹਨ ਫਿਰ ਜਦੋਂ ਮਸ਼ੀਨਾਂ ਸਟਰਾਂਗ ਰੂਮਾਂ ‘ਚ ਰੱਖੀਆਂ ਜਾਂਦੀਆਂ ਹਨ ਤਾਂ ਉੱਥੇ ਤਿੰਨ ਸਟੇਜਾਂ ਦੀ ਸੁਰੱਖਿਆ ਹੁੰਦੀ ਹੈ ਬਾਹਰਲੇ ਰਾਜਾਂ ਦੇ ਨੀਮ ਫੌਜੀ ਦਲਾਂ ਦਾ ਸਖ਼ਤ ਪਹਿਰਾ ਹੁੰਦਾ ਹੈ ਤੇ ਦਫ਼ਾ 144 ਲੱਗੀ ਹੁੰਦੀ ਹੈ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਹੁੰਦੀ ਹੈ  ਫਿਰ ਜਦੋਂ ਵੋਟਾਂ ਦੀ ਗਿਣਤੀ ਦਾ ਦਿਨ ਆਉਂਦਾ ਹੈ ਤਾਂ ਪਹਿਲਾਂ ਸਾਰੇ ਉਮੀਦਵਾਰਾਂ ਤੇ ਏਜੰਟਾਂ ਨੂੰ ਸੀਲਾਂ ਤੇ ਚੋਣ ਏਜੰਟਾਂ ਦੇ ਦਸਤਖ਼ਤ ਚੈੱਕ ਕਰਵਾਏ ਜਾਂਦੇ ਹਨ ਉਨ੍ਹਾਂ  ਦੀ ਤਸੱਲੀ ਹੋਣ ‘ਤੇ ਹੀ ਮਸ਼ੀਨਾਂ ਖੋਲ੍ਹੀਆਂ ਜਾਂਦੀਆਂ ਹਨ ਤੇ ਗਿਣਤੀ ਸ਼ੁਰੂ ਕੀਤੀ ਜਾਂਦੀ ਹੈ
ਵੋਟਿੰਗ ਮਸ਼ੀਨਾਂ ਨਾਲ ਕੰਪਿਊਟਰ ਵਰਗਾ ਕੋਈ ਯੰਤਰ ਜੋੜ ਕੇ ਤਾਂ ਸ਼ਾਇਦ ਕੁਝ  ਛੇੜਛਾੜ ਕੀਤੀ ਜਾ ਸਕਦੀ ਹੋਵੇ ਪਰ ਇਹ ਕਿਸੇ ਵੀ ਹਾਲਤ ‘ਚ ਸੰਭਵ ਨਹੀਂ ਹੋ ਸਕਦਾ ਕਿਉਂਕਿ ਸੁਰੱਖਿਆ ਬਹੁਤ ਸਖ਼ਤ ਹੁੰਦੀ ਹੈ ਰਿਮੋਟ, ਬਲਿਊਟੂਥ ਜਾਂ ਰੇਡਿਓ ਤਰੰਗਾਂ ਆਦਿ ਰਾਹੀਂ ਛੇੜਛਾੜ ਕਰਨ ਬਾਰੇ ਸ਼ੱਕ ਤਾਂ ਜਰੂਰ ਹੋ ਸਕਦਾ ਹੈ ਪਰ ਅਜੇ ਤੱਕ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆ ਸਕਿਆ  ਉਂਜ ਵੀ ਅਜਿਹਾ ਕੁਝ ਵੋਟਿੰਗ ਹੋਣ ਦੇ ਦੌਰਾਨ ਹੀ ਸੰਭਵ ਹੋ ਸਕਦਾ ਹੈ ਪਰ ਉਸ ਸਮੇਂ ਮਸ਼ੀਨਾਂ ਦੇ ਨੇੜੇ ਸਿਰਫ਼ ਚੋਣ ਸਟਾਫ਼ ਜਾਂ ਚੋਣ ਏਜੰਟ ਹੀ ਰਹਿ ਸਕਦੇ ਹਨ ਚੋਣ ਸਟਾਫ਼ ‘ਚ ਸਰਕਾਰੀ ਮੁਲਾਜ਼ਮ  ਹੁੰਦੇ ਹਨ ਚੋਣ ਏਜੰਟਾਂ ‘ਚ ਆਮ ਸਥਾਨਕ ਲੋਕ ਹੁੰਦੇ ਹਨ ਜਿਨ੍ਹਾਂ ‘ਤੇ ਅਜਿਹਾ ਤਕਨੀਕੀ ਹੇਰਾਫੇਰੀ ਦਾ ਸ਼ੱਕ ਕਰਨਾ ਐਵੇਂ ਹਵਾ ‘ਚ  ਤੀਰ ਮਾਰਨ ਵਾਂਗ ਹੀ ਹੈ ਫਿਰ ਵੀ ਆਉਣ ਵਾਲੇ ਸਮੇਂ ‘ਚ ਚੋਣ ਬੂਥਾਂ ‘ਤੇ ਚੰਗੀ ਗੁਣਵੱਤਾ ਵਾਲੇ ਜੈਮਰ ਜਰੂਰ ਲਾ ਦੇਣੇ ਚਾਹੀਦੇ ਹਨ ਤਾਂ ਕਿ ਰੇਡਿਓ ਤਰੰਗਾਂ ਆਦਿ ਵਰਗੇ ਖਤਰਿਆਂ ਨਾਲ ਨਜਿੱਠਿਆ ਜਾ ਸਕੇ ਜੇਕਰ ਅੱਜ ਤੱਕ ਕੋਈ ਛੇੜਛਾੜ ਦੀ ਵੱਡੀ ਘਟਨਾ ਸਾਹਮਣੇ ਨਹੀਂ ਆਈ ਤਾਂ ਇਸਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਅਵੇਸਲੇ ਹੀ ਰਹੀਏ
ਜੀ. ਐੱਸ. ਗੁਰਦਿੱਤ
ਮੋ.94171-93193
ਚੱਕ ਬੁੱਧੋ ਕੇ (ਫਾਜ਼ਿਲਕਾ)