ਜ਼ੁਲਮ ਖਿਲਾਫ਼ ਨਿੱਕੀਆਂ ਜਿੰਦਾਂ ਦੀ ਵੰਡੀ ਕੁਰਬਾਨੀ

0

ਜ਼ੁਲਮ ਖਿਲਾਫ਼ ਨਿੱਕੀਆਂ ਜਿੰਦਾਂ ਦੀ ਵੰਡੀ ਕੁਰਬਾਨੀ

ਪੰਜਾਬ ਦੇ ਇਤਿਹਾਸ ’ਚ 8 ਪੋਹ ਤੋਂ 15 ਪੋਹ ਤੱਕ ਦੇ ਦਿਨ ਵਿਸ਼ੇਸ਼ ਸਥਾਨ ਰੱਖਦੇ ਹਨ। ਇਨ੍ਹਾਂ ਦਿਨਾਂ ਵਿਚ ਸ੍ਰੀ ਅਨੰਦਪੁਰ ਸਾਹਿਬ, ਚਮਕੌਰ ਦੀ ਗੜੀ ਅਤੇ ਸਰਹਿੰਦ ’ਚ ਜਬਰ ਤੇ ਜ਼ੁਲਮ ਵਿਰੁੱਧ ਮਹਾਨ ਸ਼ਹਾਦਤਾਂ ਹੋਈਆਂ। ਸ੍ਰੀ ਅਨੰਦਪੁਰ ਸਾਹਿਬ ਦੇ 8 ਮਹੀਨਿਆਂ ਦੇ ਜ਼ਬਦਸਤ ਘੇਰੇ, ਅਨੰਦਗੜ੍ਹ ਦੇ ਕਿਲ੍ਹੇ ਨੂੰ ਛੱਡਣ, ਸਰਸਾ ਦੇ ਭਿਆਨਕ ਯੁੱਧ, ਪਰਿਵਾਰ ਵਿਛੋੜਾ, ਚਮਕੌਰ ਦੀ ਗੜੀ ਤੇ ਸਰਹਿੰਦ ਦੀਆਂ ਦੀਵਾਰਾਂ ’ਚ ਸਾਹਿਬਜ਼ਾਦਿਆਂ ਨੂੰ ਜਿਉਂਦੇ ਚਿਣੇ ਜਾਣ ਤੇ ਮਾਤਾ ਗੁਜਰੀ ਜੀ ਦੀ ਠੰਢੇ ਬੁਰਜ ਦੀ ਦਾਸਤਾਨ ਨੂੰ ਯਾਦ ਕਰ ਕੇ ਮੁਗਲ ਸ਼ਾਸਕਾਂ ਦੇ ਅੱਤਿਆਚਾਰ ਦੀ ਤਸਵੀਰ ਨਜ਼ਰ ਆਉਂਦੀ ਹੈ।

ਸ੍ਰੀ ਅਨੰਦਪੁਰ ਸਾਹਿਬ ਨੂੰ ਲਾਹੌਰ ਦੇ ਸੂਬੇਦਾਰ, ਸਰਹਿੰਦ ਦੇ ਸੂਬੇਦਾਰ ਤੇ ਪਹਾੜੀ ਰਾਜਿਆਂ ਨੇ ਘੇਰਾ ਪਾ ਲਿਆ। ਅੱਠ ਮਹੀਨਿਆਂ ਤੱਕ ਰਹੇ ਇਸ ਘੇਰੇ ਕਾਰਨ ਅਨੰਦਗੜ੍ਹ ਦੇ ਕਿਲੇ੍ਹ ’ਚ ਅੰਨ-ਪਾਣੀ ਆਉਣਾ ਬੰਦ ਹੋ ਗਿਆ ਇਸ ਦੇ ਬਾਵਜੂਦ ਸਿੱਖ ਫੌਜਾਂ ਨੇ ਸਬਰ ਸਿਦਕ ਤੋਂ ਕੰਮ ਲਿਆ ਅਤੇ ਕਿਲ੍ਹੇ ’ਤੇ ਦੁਸ਼ਮਣਾਂ ਨੂੰ ਕਾਬਜ਼ ਨਹੀਂ ਹੋਣ ਦਿੱਤਾ। ਜਦੋਂ ਦੁਸ਼ਮਣ ਦਲਾਂ ਨੇ ਦੇਖਿਆ ਕਿ ਇਸ ਤਰਾਂ ਉਹ ਅਨੰਦਗੜ੍ਹ ਦੇ ਕਿਲ੍ਹੇ ’ਤੇ ਕਾਬਜ਼ ਨਹੀਂ ਹੋ ਸਕਦੇ ਤਾਂ ਉਨ੍ਹਾਂ ਚਾਲ ਚੱਲਦਿਆਂ ਕਸਮਾਂ ਖਾ ਕੇ ਕਿਹਾ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਆਪਣੀ ਫੌਜ ਸਮੇਤ ਕਿਲ੍ਹਾ ਖਾਲੀ ਕਰ ਦੇਣ ਤਾਂ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਦੇ ਦਿੱਤਾ ਜਾਵੇਗਾ।

ਕਿਲ੍ਹਾ ਖਾਲੀ ਕਰਨ ਦੀ ਦੇਰ ਸੀ ਕਿ ਦੁਸ਼ਮਣਾਂ ਨੇ ਸਿੱਖ ਫੌਜਾਂ ’ਤੇ ਹਮਲਾ ਬੋਲ ਦਿੱਤਾ। ਪੋਹ ਦੇ ਮਹੀਨੇ ਬਾਰਿਸ਼ ਸਮੇਂ ਸ਼ੂਕਦੀ ਸਰਸਾ ਨਦੀ ਦੇ ਕੰਢੇ ਭਿਆਨਕ ਯੁੱਧ ਹੋਇਆ, ਜਿੱਥੇ ਭਾਈ ਬਚਿੱਤਰ ਸਿੰਘ ਅਤੇ ਕੁਝ ਹੋਰ ਸਿੱਖ ਸ਼ਹੀਦ ਹੋ ਗਏ। ਸਰਸਾ ਨਦੀ ਦੇ ਕਿਨਾਰੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ। ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ। ਗੁਰੂ ਗੋਬਿੰਦ ਸਿੰਘ ਜੀ, ਦੋਵੇਂ ਵੱਡੇ ਸਾਹਿਬਜ਼ਾਦੇ ਤੇ ਕੁਝ ਸਿਪਾਹੀ ਚਮਕੌਰ ਦੀ ਕੱਚੀ ਗੜੀ ’ਚ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਨੂੰ, ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਜ਼ੋਰਾਵਾਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ, ਗੰਗੂ ਰਸੋਈਏ ਨਾਲ ਇੱਕ ਪਾਸੇ ਚੱਲ ਪਏ। ਚਮਕੌਰ ਦੀ ਕੱਚੀ ਗੜੀ ਵਿਚ ਵੱਡੇ ਸਾਹਿਬਜ਼ਾਦਿਆਂ, ਤਿੰਨ ਪਿਆਰਿਆਂ ਤੇ ਚਾਲੀ ਸਿੱਖਾਂ ਨੇ ਦਸ ਲੱਖ ਫ਼ੌਜ ਦਾ ਮੁਕਾਬਲਾ ਕਰਦਿਆਂ ਸ਼ਹਾਦਤ ਪਾਈ।

ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਫੜਾਉਣ ਦੀ ਮੁਖਬਰੀ ਗੰਗੂ ਰਸੋਈਏ ਨੇ ਵੀ ਧਨ ਦੇ ਲਾਲਚ ’ਚ ਆ ਕੇ ਕੀਤੀ ਸੀ। ਗੰਗੂ ਰਸੋਈਏ ਦੀ ਨਿਮਰਤਾ ਤੇ ਬੇਨਤੀ ’ਤੇ ਦੋਵੇਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਉਨ੍ਹਾਂ ਦੇ ਘਰ ਜਾਣ ਲਈ ਮੰਨ ਗਏ। ਧਨ- ਦੌਲਤ ਦੇਖ ਕੇ ਗੰਗੂ ਬੇਈਮਾਨ ਹੋ ਗਿਆ ਤੇ ਪ੍ਰਸ਼ਾਦੇ ’ਚ ਜ਼ਹਿਰ ਮਿਲਾ ਕੇ ਖਵਾਉਣ ਲਈ ਆਪਣੀ ਮਾਤਾ ਨੂੰ ਕਿਹਾ ਪਰ ਰਹਿਮ ਦਿਲ ਮਾਤਾ ਸੋਹਬੀ ਦੇ ਨਾ ਮੰਨਣ ਕਾਰਨ ਗੰਗੂ ਰਸੋਈਏ ਦੀ ਇਹ ਸਕੀਮ ਫ਼ੇਲ੍ਹ ਹੋ ਗਈ।

ਗੰਗੂ ਨੇ ਮਾਤਾ ਗੁਜਰੀ ਜੀ ਦੇ ਧਨ ’ਤੇ ਕਬਜ਼ਾ ਕਰਨ ਲਈ ਧਨ ਦੀ ਥੈਲੀ ਚੁੱਕ ਕੇ ਚੋਰ–ਚੋਰ ਦਾ ਰੌਲਾ ਪਾ ਦਿੱਤਾ, ਜਿਸ ’ਤੇ ਮਾਤਾ ਗੁਜਰੀ ਜੀ ਨੇ ਗੰਗੂ ਨੂੰ ਕਿਹਾ, ‘‘ਜੇ ਤੈਨੂੰ ਧਨ ਦੀ ਲੋੜ ਸੀ, ਤਾਂ ਮੇਰੇ ਕੋਲੋਂ ਮੰਗ ਕੇ ਲੈ ਲੈਂਦਾ।’’ ਇਹ ਸੁਣ ਕੇ ਗੰਗੂ ਲੋਹਾ-ਲਾਖਾ ਹੋ ਗਿਆ ਤੇ ਕਮਰੇ ਨੂੰ ਬਾਹਰ ਤੋਂ ਜਿੰਦਾ ਲਾ ਕੇ ਮੋਰਿੰਡੇ ਦੇ ਕੋਤਵਾਲ ਨੂੰ ਇਤਲਾਹ ਕਰ ਦਿੱਤੀ। ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਮੋਰਿੰਡੇ ਦੀ ਹਵਾਲਾਤ ’ਚ ਰੱਖਿਆ ਗਿਆ।

ਅਗਲੀ ਸਵੇਰ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਲਿਜਾਇਆ ਗਿਆ। ਸੂਬਾ ਸਰਹਿੰਦ ਵਜ਼ੀਰ ਖਾਂ ਨੇ ਮਾਤਾ ਗੁਜਰੀ ਜੀ ਅਤੇ ਦੋਵਾਂ ਸਾਹਿਬਜ਼ਾਦਿਆਂ ਨੂੰ ਬੰਦੀ ਬਣਾ ਕੇ ਠੰਢੇ ਬੁਰਜ ਵਿੱਚ ਕੈਦ ਕਰ ਦਿੱਤਾ। ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਪਰ ਸਾਹਿਬਜ਼ਾਦੇ ਆਪਣੇ ਸਿਦਕ ’ਤੇ ਅਟੱਲ ਰਹੇ। ਮਾਤਾ ਗੁਜਰੀ ਜੀ ਸਾਰੀ ਰਾਤ ਸਾਹਿਬਜ਼ਾਦਿਆਂ ਨੂੰ ਸ਼ਹੀਦਾਂ ਦੀਆਂ ਸਾਖੀਆਂ ਸੁਣਾ-ਸੁਣਾ ਕੇ ਉਨ੍ਹਾਂ ਦੇ ਇਰਾਦੇ ਮਜ਼ਬੂਤ ਕਰਦੇ ਰਹੇ। ਦੂਜੇ ਦਿਨ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ।

ਸੂਬਾ ਸਰਹਿੰਦ ਨੇ ਉਨ੍ਹਾਂ ਨੂੰ ਡਰਾਉਣ ਲਈ ਕਿਹਾ, ‘‘ਅਸੀਂ ਤੁਹਾਡੇ ਦੋਵੇਂ ਵੱਡੇ ਭਰਾਵਾਂ ਤੇ ਪਿਤਾ ਨੂੰ ਚਮਕੌਰ ਦੀ ਜੰਗ ਵਿੱਚ ਮਾਰ ਦਿੱਤਾ ਹੈ। ਤੁਹਾਡੀ ਭਲਾਈ ਇਸੇ ਵਿੱਚ ਹੈ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ।’’ ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ, ‘‘ਸਾਨੂੰ ਦੁਨੀਆ ਦਾ ਕੋਈ ਵੀ ਲਾਲਚ ਜਾਂ ਛਲ-ਕਪਟ ਸਿੱਖੀ ਸਿਦਕ ਤੋਂ ਨਹੀਂ ਡੁਲਾ ਸਕਦਾ।’’ ਦੋ ਦਿਨਾਂ ਦੀ ਲਗਾਤਾਰ ਪੇਸ਼ੀ ਤੋਂ ਬਾਅਦ ਤੀਜੇ ਦਿਨ ਦੀ ਪੇਸ਼ੀ ’ਤੇ ਸੂਬਾ ਸਰਹਿੰਦ ਦੇ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈਣ ਆਏ।

ਵਜ਼ੀਰ ਖਾਂ ਦੀ ਕਚਹਿਰੀ ਵਿੱਚ ਭੇਜਣ ਸਮੇਂ ਮਾਤਾ ਗੁਜਰੀ ਜੀ ਨੂੰ ਪਤਾ ਸੀ ਕਿ ਮੇਰੇ ਲਾਲਾਂ ਨੇ ਅੱਜ ਵਾਪਸ ਨਹੀਂ ਆਉਣਾ ਸਗੋਂ ਵਿਰਸੇ, ਵਿਰਾਸਤ ਨੂੰ ਜ਼ਿੰਦਾ ਰੱਖਣ, ਧਰਮ ਦੀਆਂ ਨੀਹਾਂ ਨੂੰ ਮਜਬੂਤ ਕਰਨ ਲਈ ਸ਼ਹੀਦ ਹੋ ਜਾਣਾ ਹੈ। ਕਚਹਿਰੀ ’ਚ ਲਾਲਚ, ਡਰ ਤੇ ਡਰਾਵੇ ਮਗਰੋਂ ਸੂਬਾ ਸਰਹਿੰਦ ਨੇ ਵੇਖਿਆ ਕਿ ਬੱਚੇ ਸਿਦਕ ’ਤੇ ਅਟੱਲ ਹਨ। ਇਸੇ ਦੌਰਾਨ ਹੀ ਸੁੱਚਾਨੰਦ ਨੇ ਖੁਸ਼ਾਮਦ ਕਰਦਿਆਂ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਕੰਨ੍ਹ ਭਰ ਦਿੱਤੇ।

ਸੂਬਾ ਸਰਹਿੰਦ ਤੇ ਕਾਜ਼ੀ ਨੇ ਫਤਵਾ ਸੁਣਾ ਕੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੂੰ ਦੀਵਾਰ ਵਿੱਚ ਚਿਣ ਕੇ ਕਤਲ ਕਰਨ ਦਾ ਹੁਕਮ ਦੇ ਦਿੱਤਾ। ਹੁਕਮ ਮੁਤਾਬਕ ਰਾਜ ਮਿਸਤਰੀਆਂ ਨੇ ਸਾਹਿਬਜ਼ਾਦਿਆਂ ਨੂੰ ਖੜੇ੍ਹ ਕਰਕੇ ਆਲੇ-ਦੁਆਲੇ ਕੰਧ ਉਸਾਰਨੀ ਸ਼ੁਰੂ ਕਰ ਦਿੱਤੀ। ਜਦੋਂ ਕੰਧ ਛਾਤੀਆਂ ਤੱਕ ਪਹੁੰਚੀ ਤਾਂ ਛਾਤੀਆਂ ਘੁੱਟੀਆਂ ਜਾਣ ਨਾਲ ਦੋਵੇਂ ਸਾਹਿਬਜ਼ਾਦੇ ਬੇਹੋਸ਼ ਹੋ ਗਏ। ਕਾਜ਼ੀ ਦੇ ਇਸ਼ਾਰੇ ’ਤੇ ਦੋ ਜੱਲਾਦਾਂ ਨੇ ਤਲਵਾਰ ਨਾਲ ਦੋਵੇਂ ਸਾਹਿਬਜ਼ਾਦਿਆਂ ਦੇ ਸੀਸ ਧੜਾਂ ਨਾਲੋਂ ਵੱਖ ਕਰ ਦਿੱਤੇ। ਇਸੇ ਦਿਨ ਹੀ ਮਾਤਾ ਗੁਜਰੀ ਜੀ ਵੀ ਸ਼ਹੀਦੀ ਪਾ ਗਏ ਸਨ। ਸਰਹਿੰਦ ਦਾ ਸ਼ਹੀਦੀ ਸਾਕਾ ਵਾਪਰਨ ’ਤੇ ਪੂਰੇ ਜੱਗ ’ਚ ਹਾਹਾਕਾਰ ਮੱਚ ਗਈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਜ਼ੁਲਮ ਦੀ ਇੰਤਹਾ ਸੀ, ਗੁਰੂ ਸਾਹਿਬ ਦੀ ਇਸ ਸਾਰੇ ਜ਼ੁਲਮ ਭਰੇ ਵਰਤਾਰੇ ਵਿਰੁੱਧ ਨਿੱਡਰਤਾ, ਅਡੋਲਤਾ, ਰੋਸ ਅਤੇ ਜ਼ੁਲਮ ਦੇ ਖ਼ਾਤਮੇ ਲਈ ਤਿਆਰ ਹੋਣ ਦਾ ਸੰਦੇਸ਼ ‘ਜ਼ਫ਼ਰਨਾਮੇ’ ਵਿੱਚੋਂ ਸਾਫ਼ ਦਿਖਾਈ ਦਿੰਦਾ ਹੈ।

ਸਰਹਿੰਦ ਦੇ ਇਸ ਦਰਦਮਈ ਸਾਕੇ ’ਤੇ ਨਵਾਬ ਮਾਲੇਰਕੋਟਲਾ, ਮੋਤੀ ਮਹਿਰੇ ਤੇ ਦੀਵਾਨ ਟੋਡਰਮੱਲ ਨੇ ਹਾਅ ਦਾ ਨਾਅਰਾ ਮਾਰਿਆ। ਇਹ ਕੱਟੜਤਾ ਤੇ ਜ਼ੁਲਮ ਖਿਲਾਫ਼ ਨਿੱਕੀਆਂ ਜ਼ਿੰਦਾਂ ਦੀ ਵੱਡੀ ਕੁਰਬਾਨੀ ਹੈ। ਦੋਵਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿਚ ਇਸ ਵਾਰ 25, 26 ਅਤੇ 27 ਦਸੰਬਰ ਨੂੰ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਜੋੜ ਮੇਲਾ ਹੋ ਰਿਹਾ ਹੈ, ਜਿੱਥੇ ਵੱਡੀ ਗਿਣਤੀ ਲੋਕ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।
ਪੱਤਰਕਾਰ ਅਮਲੋਹ,
ਫ਼ਤਹਿਗੜ੍ਹ ਸਾਹਿਬ
ਮੋ. 98141-30263
ਅਨਿਲ ਲੁਟਾਵਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.