ਸੰਤੋਸ਼ ਕੁਮਾਰੀ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਕੀਤੀ ਗਈ ਪਟੀਸ਼ਨ ਦਾਇਰ

0
161

ਮਹਿੰਦਰਪਾਲ ਬਿੱਟੂ ਦੇ ਕਤਲ ’ਚ ਪੁਲਿਸ ਦੀ ਭੂਮਿਕਾ ਸ਼ੱਕ ਦੇ ਘੇਰੇ ’ਚ, ਸੀਬੀਆਈ ਤੋਂ ਹੋਏ ਜਾਂਚ, ਹਾਈ ਕੋਰਟ ਵੱਲੋਂ ਨੋਟਿਸ ਜਾਰੀ

  • ਕਤਲ ਮਾਮਲੇ ਵਿੱਚ ਸਪੈਸ਼ਲ ਜਾਂਚ ਟੀਮ ਬਣਾਈ ਗਈ ਪਰ ਜਾਂਚ ਟੀਮ ਨੇ ਕਦੇ ਜਾਂਚ ਹੀ ਨਹੀਂ ਕੀਤੀ
  • ਬਿੱਟੂ ਕਤਲ ਮਾਮਲੇ ’ਚ ਐਸ.ਐਚ.ਓ. ਨੇ ਹੀ ਕੀਤੀ ਜਾਂਚ ਅਤੇ ਉਹਨੇ ਹੀ ਦਾਖਲ ਕੀਤਾ ਚਲਾਨ
  • ਸੀਬੀਆਈ ਹੀ ਮਾਮਲੇ ਤੋਂ ਚੁੱਕ ਸਕਦੀ ਐ ਪਰਦਾ, ਪੰਜਾਬ ਪੁਲਿਸ ’ਤੇ ਨਹੀਂ ਕੋਈ ਵਿਸ਼ਵਾਸ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਨਿਵਾਸੀ ਕੋਟਕਪੂਰਾ ਦੇ ਕਤਲ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਸਬੰਧੀ ਮਿ੍ਰਤਕ ਦੀ ਪਤਨੀ ਵੱਲੋਂ ਲਾਈ ਗਈ ਪਟੀਸ਼ਨ ਦੀ ਸੁਣਵਾਈ ਕਰਦਿਆਂ ਪੰਜਾਬ ਸਰਕਾਰ, ਸੀਬੀਆਈ ਤੇ ਪੁਲਿਸ ਅਧਿਕਾਰੀਆਂ ਸਮੇਤ 8 ਧਿਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਮਾਮਲੇ ਦੀ ਅਗਲੀ ਸੁਣਵਾਈ 2 ਦਸੰਬਰ ਨੂੰ ਹੋਵੇਗੀ।

ਪਟੀਸ਼ਨ ’ਚ ਮਹਿੰਦਰਪਾਲ ਬਿੱਟੂ ਦੀ ਧਰਮ ਪਤਨੀ ਸੰਤੋਸ਼ ਕੁਮਾਰੀ ਨੇ ਦੋੋਸ਼ ਲਾਇਆ ਹੈ ਕਿ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਪੂਰੀ ਤਰ੍ਹਾਂ ਹੀ ਸ਼ੱਕ ਦੇ ਦਾਇਰੇ ’ਚ ਹੈ, ਕਿਉਂਕਿ ਮਹਿੰਦਰਪਾਲ ਬਿੱਟੂ ਨੇ ਆਪਣੀ ਡਾਇਰੀ ਵਿੱਚ ਲਿਖਿਆ ਸੀ ਕਿ ਪੁਲਿਸ ਅਫਸਰਾਂ ਨੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਸੀ ਜਿਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੀ ਥਾਂ ’ਤੇ ਸੀਬੀਆਈ ਤੋਂ ਕਰਵਾਈ ਜਾਣੀ ਚਾਹੀਦੀ ਹੈ। ਪੰਜਾਬ ਪੁਲਿਸ ’ਤੇ ਕਿਸੇ ਵੀ ਤਰਾਂ ਦਾ ਹੁਣ ਵਿਸ਼ਵਾਸ ਨਹੀਂ ਰਿਹਾ ਹੈ, ਕਿਉਂਕਿ ਪਿਛਲੇ 2 ਸਾਲਾਂ ਦੌਰਾਨ ਪੰਜਾਬ ਪੁਲਿਸ ਦੀ ਸਪੈਸ਼ਲ ਜਾਂਚ ਟੀਮ ਨੇ ਕੁਝ ਵੱਡੀ ਕਾਰਵਾਈ ਕਰਨ ਦੀ ਥਾਂ ਜਾਂਚ ਤੱਕ ਹੀ ਨਹੀਂ ਕੀਤੀ ਹੈ।

ਸੰਬੰਧਿਤ ਥਾਣੇ ਦੇ ਐਸਐਚਓ ਨੇ ਹੀ ਮਾਮਲੇ ਦੀ ਤਫ਼ਤੀਸ਼ ਕਰਦੇ ਹੋਏ ਚਲਾਨ ਪੇਸ਼ ਕੀਤਾ ਹੈ। ਫਿਰ ਸਪੈਸ਼ਲ ਜਾਂਚ ਟੀਮ ਬਣਾਉਣ ਦਾ ਡਰਾਮਾ ਰਚਣ ਦੀ ਕੀ ਲੋੜ ਸੀ। ਜਿਹੜੇ ਪੁਲਿਸ ਅਧਿਕਾਰੀਆਂ ’ਤੇ ਮਹਿੰਦਰਪਾਲ ਬਿੱਟੂ ਨੇ ਆਪਣੀ ਡਾਇਰੀ ਵਿੱਚ ਉਂਗਲੀ ਚੁੱਕੀ ਸੀ ਉਨਾਂ ਪੁਲਿਸ ਅਧਿਕਾਰੀਆਂ ਦੀ ਕਤਲ ਮਾਮਲੇ ’ਚ ਭੂਮਿਕਾ ਬਾਰੇ ਜਾਂਚ ਹੀ ਨਹੀਂ ਕੀਤੀ ਗਈ ਹੈ। ਇਸ ਲਈ ਪੰਜਾਬ ਪੁਲਿਸ ‘ਤੇ ਵਿਸ਼ਵਾਸ ਨਹੀਂ ਹੈ ਕਿ ਉਹ ਇਸ ਕਤਲ ਮਾਮਲੇ ਵਿੱਚ ਅਸਲ ਸਾਜ਼ਿਸ਼ ਕਰਨ ਵਾਲਿਆਂ ਨੂੰ ਗਿ੍ਰਫ਼ਤਾਰ ਕਰ ਪਾਉਣਗੇ। ਇਸ ਲਈ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ।

ਮਹਿੰਦਰਪਾਲ ਬਿੱਟੂ ਦੀ ਧਰਮ-ਪਤਨੀ ਸੰਤੋਸ਼ ਕੁਮਾਰੀ ਦੇ ਇਨਾਂ ਗੰਭੀਰ ਦੋਸ਼ ਦੀ ਪਟੀਸ਼ਨ ’ਤੇ ਮੰਗਲਵਾਰ ਨੂੰ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਪੰਜਾਬ ਸਰਕਾਰ, ਪੰਜਾਬ ਪੁਲਿਸ ਮੁੱਖੀ (ਡੀਜੀਪੀ), ਡਿਪਟੀ ਕਮਿਸ਼ਨਰ ਫਰੀਦਕੋਟ, ਸੀਬੀਆਈ, ਐਸ.ਐਸ.ਪੀ. ਪਟਿਆਲਾ, ਐਸ.ਐਚ.ਓ. ਨਾਭਾ, ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀਂ ਸਪੈਸ਼ਲ ਜਾਂਚ ਟੀਮ ਮੁੱਖੀ ਏ.ਡੀ.ਜੀ.ਪੀ. ਈਸ਼ਵਰ ਸਿੰਘ, ਬੇਅਦਬੀ ਮਾਮਲੇ ਵਿੱਚ ਜਾਂਚ ਕਰ ਚੁੱਕੇ ਸਾਬਕਾ ਪੁਲਿਸ ਅਧਿਕਾਰੀ ਰਣਬੀਰ ਸਿੰਘ ਖਟੜਾ ਨੂੰ 2 ਦਸੰਬਰ ਲਈ ਨੋਟਿਸ ਜਾਰੀ ਕਰਦੇ ਹੋਏ ਆਪਣਾ ਜੁਆਬ ਦਾਖ਼ਲ ਕਰਨ ਲਈ ਕਿਹਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਜ ਮੋਹਨ ਸਿੰਘ ਦੀ ਕੋਰਟ ਵਿੱਚ ਸੁਣਵਾਈ ਦੌਰਾਨ ਸੀਨੀਅਰ ਐਡਵੋਕੇਟ ਬਲਤੇਜ ਸਿੰਘ ਸਿੱਧੂ ਅਤੇ ਵਕੀਲ ਆਰ.ਕੇ. ਹਾਂਡਾ ਵੱਲੋਂ ਕਿਹਾ ਗਿਆ ਕਿ ਮਹਿੰਦਰਪਾਲ ਬਿੱਟੂ ਦਾ ਕਤਲ ਕੀਤਾ ਨਹੀਂ ਗਿਆ ਹੈ, ਸਗੋਂ ਕਰਵਾਇਆ ਗਿਆ ਹੈ। ਇਸ ਮਾਮਲੇ ਵਿੱਚ ਸਿਰਫ਼ ਕਤਲ ਕਰਨ ਵਾਲੇ ਹੀ ਗਿ੍ਰਫ਼ਤਾਰ ਕੀਤੇ ਗਏ ਹਨ, ਜਦੋਂ ਕਿ ਇਸ ਮਾਮਲੇ ਦੇ ਮੁੱਖ ਸਾਜ਼ਿਸਕਰਤਾ ਅਜੇ ਵੀ ਆਜ਼ਾਦ ਹਨ ਪਰ ਪੰਜਾਬ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀਂ ਹੈ। ਇਸ ਲਈ ਮਾਮਲੇ ਦੀ ਜਾਂਚ ਸੀਬੀਆਈ ਤੋਂ ਹੀ ਕਰਵਾਈ ਜਾਵੇ।

ਹਾਈ ਕੋਰਟ ਵਿੱਚ ਸੁਣਵਾਈ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੀਨੀਅਰ ਐਡਵੋਕੇਟ ਬਲਤੇਜ ਸਿੱਧੂ ਨੇ ਦੱਸਿਆ ਕਿ ਹਾਈ ਕੋਰਟ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ, ਜਿਸ ਕਾਰਨ ਹੀ ਨੇੜੇ ਦੀ ਤਾਰੀਖ਼ ਦੇਣ ਦੇ ਨਾਲ ਹੀ ਸਾਰੀ ਪਾਰਟੀਆਂ ਨੂੰ 2 ਦਸੰਬਰ ਤੱਕ ਆਪਣਾ ਪੱਖ ਰੱਖਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਮਹਿੰਦਰਪਾਲ ਬਿੱਟੂ ਨਾਲ ਕਾਫ਼ੀ ਕੁਝ ਗਲਤ ਹੋ ਰਿਹਾ ਸੀ। ਜਿਸ ਕਾਰਨ ਬਿੱਟੂ ਨੇ ਆਪਣੇ ’ਤੇ ਢਾਹੇ ਗਏ ਹਰ ਤਸੀਹੇ ਨੂੰ ਇੱਕ ਡਾਇਰੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ। ਉਸ ਵੱਲੋਂ ਹਰ ਦਿਨ ਬਾਰੇ ਡੀਟੇਲ ਵਿੱਚ ਲਿਖਿਆ ਗਿਆ ਹੈ ਕਿ ਕਿਸ ਤਰੀਕੇ ਨਾਲ ਉਨ੍ਹਾਂ ਨੂੰ ਇਸ ਝੂਠੇ ਮਾਮਲੇ ਵਿੱਚ ਫਸਾਇਆ ਗਿਆ ਅਤੇ ਮਾਰ-ਕੁਟਾਈ ਕਰਦੇ ਹੋਏ ਇਹ ਝੂਠੇ ਬਿਆਨ ਵੀ ਦਰਜ਼ ਕਰਵਾਏ ਗਏ।

ਮਹਿੰਦਰਪਾਲ ਬਿੱਟੂ ਨੇ ਆਪਣੀ ਡਾਇਰੀ ਵਿੱਚ ਇਹ ਵੀ ਦੋਸ਼ ਲਾਏ ਹਨ ਕਿ ਪੁਲਿਸ ਹੀ ਉਨ੍ਹਾਂ ਨੂੰ ਮਰਵਾਉਣਾ ਚਾਹੁੰਦੀ ਸੀ, ਜਿਸ ਕਾਰਨ ਹੀ ਉਨ੍ਹਾਂ ਨੂੰ ਨਾਭਾ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਹਿਲਾਂ ਹੀ ਇਹ ਕਹਿ ਦਿੱਤਾ ਗਿਆ ਸੀ ਕਿ ਹੁਣ ਉਸ ਦਾ ਕਤਲ ਕਰਵਾਇਆ ਜਾਏਗਾ। ਮਹਿੰਦਰਪਾਲ ਬਿੱਟੂ ਵੱਲੋਂ ਆਪਣੇ ਨਾਲ ਹੋਣ ਵਾਲੀ ਇਸ ਘਟਨਾ ਦਾ ਜ਼ਿਕਰ ਪਹਿਲਾਂ ਹੀ ਆਪਣੀ ਡਾਇਰੀ ਵਿੱਚ ਕਰ ਦਿੱਤਾ ਗਿਆ ਸੀ। ਜਿਸ ਤੋਂ ਸਾਫ਼ ਹੈ ਕਿ ਪੰਜਾਬ ਪੁਲਿਸ ਹੀ ਉਨ੍ਹਾਂ ਦੇ ਕਤਲ ਦੀ ਸਾਜ਼ਿਸ਼ ਰਚ ਰਹੀ ਸੀ। ਇਸੇ ਸਾਜ਼ਿਸ਼ ਤਹਿਤ ਹੀ ਉਨ੍ਹਾਂ ਦਾ ਕਤਲ ਕੀਤਾ ਗਿਆ ਹੈ।

ਆਪਣੇ ਖ਼ਿਲਾਫ਼ ਕਿਵੇਂ ਜਾਂਚ ਕਰ ਰਹੇ ਸਨ : ਆਰ ਕੇ ਹਾਂਡਾ

ਪਟੀਸ਼ਨਰ ਦੇ ਹਾਈ ਕੋਰਟ ਦੇ ਸੀਨੀਅਰ ਵਕੀਲ ਆਰ ਕੇ ਹਾਂਡਾ ਨੇ ਦੱਸਿਆ ਕਿ ਪਟੀਸ਼ਨ ਵਿੱਚ ਇਹ ਕਿਹਾ ਗਿਆ ਹੈ ਕਿ ਮਹਿੰਦਰਪਾਲ ਬਿੱਟੂ ਨੂੰ ਕਤਲ ਕਰਵਾਉਣ ਦੀ ਸਾਜ਼ਿਸ਼ ਆਈ.ਜੀ. ਪੱਧਰ ਦੇ ਅਧਿਕਾਰੀ ਵਲੋਂ ਰਚੀ ਗਈ ਸੀ ਅਤੇ ਇਸ ਸਾਜ਼ਿਸ਼ ਵਿੱਚ ਹੋਰ ਵੀ ਪੁਲਿਸ ਅਧਿਕਾਰੀ ਸ਼ਾਮਲ ਸਨ। ਫਿਰ ਇਸ ਮਾਮਲੇ ਦੀ ਜਾਂਚ ਠੀਕ ਢੰਗ ਨਾਲ ਪੰਜਾਬ ਪੁਲਿਸ ਕਿਵੇਂ ਕਰ ਸਕਦੀ ਹੈ ? ਉਨਾਂ ਕਿਹਾ ਕਿ ਫਿਰ ਵੀ ਮਹਿੰਦਰਪਾਲ ਬਿੱਟੂ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਪੁਲਿਸ ‘ਤੇ ਵਿਸ਼ਵਾਸ ਕੀਤਾ ਕਿ ਸ਼ਾਇਦ ਪੰਜਾਬ ਪੁਲਿਸ ਉਨਾਂ ਨਾਲ ਇਨਸਾਫ਼ ਕਰੇਗੀ ਪਰ 2 ਸਾਲਾਂ ਦੌਰਾਨ ਕੁਝ ਵੀ ਨਹੀਂ ਹੋਇਆ ਹੈ ਅਤੇ ਹੁਣ ਪੰਜਾਬ ਪੁਲਿਸ ਤੋਂ ਬਿਲਕੁਲ ਹੀ ਵਿਸ਼ਵਾਸ ਉੱਠ ਚੁੱਕਿਆ ਹੈ। ਇਸ ਲਈ ਸੀਬੀਆਈ ਤੋਂ ਜਾਂਚ ਕਰਵਾਉਣ ਲਈ ਉਹ ਹਾਈ ਕੋਰਟ ਵਿੱਚ ਪੁੱਜੇ ਹਨ।

ਇਹਨਾਂ ਪੁਲਿਸ ਅਫਸਰਾਂ ਨੇ ਕੀਤਾ ਸੀ ਬਿੱਟੂ ’ਤੇ ਭਾਰੀ ਤਸ਼ੱਦਦ

ਡੀਆਈਜੀ ਰਣਬੀਰ ਖੱਟੜਾ, ਡੀਐਸਪੀ ਸੁਲੱਖਣ ਸਿੰਘ, ਇੰਸਪੈਕਟਰ ਦਲਬੀਰ ਸਿੰਘ, ਇੰਸਪੈਕਟਰ ਲਖਵੀਰ ਸਿੰਘ, ਏਐਸਆਈ ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਮਾਨ ਐਸਐਸਪੀ ਫਰੀਦਕੋਟ, ਸਤਿੰਦਰ ਸਿੰਘ ਐਸਐਸਪੀ ਖੰਨਾ, ਇੰਸਪੈਕਟਰ ਜਗਦੀਸ਼ ਲਾਲ, ਰਣਜੀਤ ਸਿੰਘ ਐਸਐਸਪੀ ਮੋਗਾ, ਐਸਪੀ ਰਜਿੰਦਰ ਸਿੰਘ ਸੋਹਲ, ਐਸਆਈ ਇਕਬਾਲ ਹੁਸੈਨ।

ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਤੇ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ।
ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਆਮ ਆਦਮੀ ਪਾਰਟੀ

ਕੀ ਹੈ ਮਾਮਲਾ

ਮਹਿੰਦਰ ਪਾਲ ਬਿੱਟੂ ਡੇਰਾ ਸੱਚਾ ਸੌਦਾ ਦਾ ਸ਼ਰਧਾਲੂ ਤੇ ਕੋਟਕਪੂਰਾ ਦਾ ਹਰਮਨ ਪਿਆਰਾ ਸਮਾਜ ਸੇਵੀ ਸੀ, ਜਿਸ ਦਾ 2019 ’ਚ ਨਾਭਾ ਜੇਲ੍ਹ ’ਚ ਕਤਲ ਕਰ ਦਿੱਤਾ ਗਿਆ ਕਤਲ ਤੋਂ ਪਹਿਲਾਂ ਉਸ ਵੱਲੋਂ ਜੇਲ੍ਹ ’ਚ ਇੱਕ ਡਾਇਰੀ ਲਿਖੀ ਗਈ ਸੀ ਜੋ ਬੀਤੇ ਦਿਨੀਂ ਪਰਿਵਾਰ ਨੇ ਮੀਡੀਆ ’ਚ ਨਸ਼ਰ ਕੀਤੀ ਸੀ। ਡਾਇਰੀ ’ਚ ਬਿੱਟੂ ਨੇ ਲਿਖਿਆ ਸੀ ਕਿਵੇਂ ਪੰਜਾਬ ਪੁਲਿਸ ਨੇ ਉਸ ’ਤੇ ਅੰਨੇ ਤਸ਼ੱਦਦ ਢਾਹ ਕੇ ਉਸ ਤੋਂ ਜਬਰੀ ਬੇਅਦਬੀ ਦਾ ਕਬੂਲਨਾਮਾ ਲਿਖਵਾਇਆ ਬਿੱਟੂ ਨੇ ਲਿਖਿਆ ਸੀ ਕਿ ਉਸ ਨੂੰ ਕਰੰਟ ਲਾਇਆ ਗਿਆ, ਡਾਗਾਂ ਮਾਰ-ਮਾਰ ਕੇ ਪੈਰਾਂ ਦੇ ਨਹੁੰ ਤੋੜ ਦਿੱਤੇ, ਸਿਰ ਨੂੰ ਚੱਪਲਾਂ ਨਾਲ ਕੁੱਟਿਆ ਗਿਆ ਗੁਪਤ ਅੰਗਾਂ ’ਚ ਪੈਟਰੋਲ ਪਾ ਕੇ ਤੜਫਾਇਆ ਗਿਆ।

ਬਿੱਟੂ ਨੇ ਇਹ ਵੀ ਲਿਖਿਆ ਕਿ ਉਸ ਨੇ ਵਾਰ-ਵਾਰ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਸ਼ਰਧਾ ਰੱਖਦਾ ਹੈ ਤੇ ਬੇਅਦਬੀ ਬਾਰੇ ਕਦੇ ਸੋਚ ਵੀ ਨਹੀਂ ਸਕਦਾ ਇਸ ਦੇ ਬਾਵਜ਼ੂਦ ਪੁਲਿਸ ਉਸ ਤੋਂ ਜਬਰੀ ਬਿਆਨ ਕਰਵਾਉਣ ’ਤੇ ਅੜੀ ਰਹੀ ਆਖਰ ਉਹ ਹਾਰ ਗਿਆ ਤੇ ਉਸ ਨੇ ਨਾ ਚਾਹੁੰਦੇ ਵੀ ਬੇਅਦਬੀ ਕਬਲੂਨਾਮਾ ਲਿਖ ਦਿੱਤਾ ਬਿੱਟੂ ਨੇ ਦੱਸਿਆ ਕਿ ਪੁਲਿਸ ਅਫਸਰ ਉਸ ਨੂੰ ਇਹ ਵੀ ਧਮਕੀ ਦਿੰਦੇ ਸਨ ਕਿ ਜੇਕਰ ਉਸ ਨੇ ਕਬੂਲਨਾਮਾ ਨਾ ਕੀਤਾ ਤਾ ਉਸ ਦਾ ਕਤਲ ਕਰਵਾ ਦੇਣਗੇ ਤੇ ਪਰਿਵਾਰ ਨੂੰ ਕੱਟੜਪੰਥੀਆਂ ਤੋਂ ਮਰਵਾ ਦੇਣਗੇ।

ਪੁਲਿਸ ਨੇ ਧਰਨੇ ਲਾਉਣ ਦਾ ਲਿਆ ਸੀ ਬਦਲਾ

ਜੇਲ੍ਹ ਅੰਦਰ ਪੁਲਿਸ ਅਧਿਕਾਰੀ ਮਰਹੂਮ ਮਹਿੰਦਰਪਾਲ ਬਿੱਟੂ ਨੂੰ ਕੁੱਟਣ ਸਮੇਂ ਕਹਿੰਦੇ ਸਨ ਕਿ ਇਹ ਉਹੀ ਬਿੱਟੂ ਹੈ ਜੋ ਸਾਡੇ ਖਿਲਾਫ ਧਰਨੇ ਲਾਉਂਦਾ ਸੀ ਬਿੱਟੂ ਦਾ ਕਹਿਣਾ ਸੀ ਕਿ ਪੁਲਿਸ ਅਫਸਰ ਉਸ ਨੂੰ ਵਾਰ-ਵਾਰ ਕਹਿੰਦੇ ਸਨ ਹੁਣ ਤੈਨੂੰ ਦੇਵਾਂਗੇ ਧਰਨੇ ਲਾਉਣ ਦਾ ਸਬਕ।

ਸੀਬੀਆਈ ਨੇ ਦਿੱਤੀ ਸੀ ਬਿੱਟੂ ਨੂੰ ਕਲੀਨ ਚਿੱਟ

ਰਣਬੀਰ ਸਿੰਘ ਖੱਟੜਾ ਦੀ ਸਿਟ ਨੇ ਮਹਿੰਦਰਪਾਲ ਬਿੱਟੂ ਨੂੰ ਕੁੱਟ-ਕੁੱਟ ਕੇ ਉਸ ਤੋਂ ਜਬਰੀ ਬੇਅਦਬੀ ਦਾ ਕਬੂਲਨਾਮਾ ਲਿਖਵਾ ਲਿਆ ਸੀ ਪਰ ਸੀਬੀਆਈ ਨੇ ਬਿੱਟੂ ਨੂੰ ਗਿ੍ਰਫ਼ਤਾਰ ਕਰਕੇ ਜਾਂਚ ਕੀਤੀ ਤੇ ਲਾਈ ਡੀਟੈਕਟਸ਼ਨ ਵਰਗੇ ਟੈਸਟ ਕਰਕੇ ਬਿੱਟੂ ਨੂੰ ਨਿਰਦੋਸ਼ ਕਰਾਰ ਦਿੱਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ