ਸਾਧ ਸੰਗਤ ਵੱਲੋਂ ਭੁੱਖੇ ਲੋਕਾਂ ਨੂੰ ਲੰਗਰ ਛਕਾਉਣਾ ਜਾਰੀ

0
101

ਸਮਾਜਿਕ ਦੂਰੀ ਦਾ ਰੱਖਿਆ ਜਾ ਰਿਹਾ ਖਾਸ ਧਿਆਨ

ਲੁਧਿਆਣਾ, (ਰਘਬੀਰ ਸਿੰਘ)। ਕਰਫਿਊ ਕਾਰਨ ਕੰਮ ਧੰਦਿਆਂ ਤੋਂ ਵਿਹਲੇ ਹੋ ਕੇ ਘਰਾਂ ਵਿੱਚ ਭੁੱਖ ਨਾਲ ਜੂਝ ਰਹੇ ਲੋਕਾਂ ਨੂੰ ਡੇਰਾ ਸ਼ਰਧਾਲੂਆਂ ਵੱਲੋਂ ਲਗਾਤਾਰ ਲੰਗਰ ਛਕਾਉਣਾ ਜਾਰੀ ਹੈ। ਅੱਜ ਡੇਰਾ ਸ਼ਰਧਾਲੂ ਮੁੜ ਤੋਂ ਮਰਾਠਾ ਨਗਰ ਵਿਖੇ ਲੰਗਰ ਛਕਾਉਣ ਪਹੁੰਚੇ। ਸ਼ੁਰੂ ਤੋਂ ਹੀ ਬਣਾਏ ਸਿਸਟਮ ਮੁਤਾਬਕ ਲੋਕ ਸਮਾਜਿਕ ਦੂਰੀ ਬਣਾ ਕੇ ਲੰਗਰ ਛਕਣ ਆਏ। ਲੰਗਰ ਛਕਣ ਦੌਰਾਨ ਲਾਈਨਾਂ ਵਿੱਚ ਬੈਠੇ ਲੋਕਾਂ ਨੇ ਸਮਾਜਿਕ ਦੂਰੀ ਬਣਾਈ ਰੱਖੀ। ਮਰਾਠਾ ਨਗਰ ਦੇ ਇਹ ਲੋਕ ਦਫਤਰਾਂ ਅਤੇ ਫੈਕਟਰੀਆਂ ਵਿੱਚੋਂ ਕੂੜਾ ਚੁੱਕਣ ਦਾ ਕੰਮ ਕਰਦੇ ਹਨ। ਕਰਫਿਊ ਲੱਗਣ ਨਾਲ ਫੈਕਟਰੀਆਂ ਅਤੇ ਦਫਤਰ ਬੰਦ ਹੋ ਗਏ ਤੇ ਇਹ ਲੋਕ ਵਿਹਲੇ ਹੋ ਗਏ ਅਤੇ ਇਹਨਾਂ ਸਾਹਮਣੇ ਰੋਟੀ ਦਾ ਸੰਕਟ ਪੈਦਾ ਹੋ ਗਿਆ। ਇਸੇ ਸੰਕਟ ਨੂੰ ਦੂਰ ਕਰਨ ਲਈ ਡੇਰਾ ਸ਼ਰਧਾਲੂ ਅੱਗੇ ਆਏ।

ਮਰਾਠਾ ਨਗਰ ਵਿਖੇ ਡੇਰਾ ਸ਼ਰਧਾਲੂਆਂ ਨੇ ਤਕਰੀਬਨ 800-900 ਲੋਕਾਂ ਨੂੰ ਲੰਗਰ ਛਕਾਇਆ।  ਇਸ ਤੋਂ ਬਾਦ ਡੇਰਾ ਸ਼ਰਧਾਲੂ ਸ਼ਿਮਲਾਪੁਰੀ ਵਿਖੇ ਉਨ੍ਹਾਂ ਵਿਹੜਿਆਂ ਵਿੱਚ ਲੰਗਰ ਦੇਣ ਪੁੱਜੇ ਜਿੱਥੇ ਦੂਜੇ ਸੂਬਿਆਂ ਤੋਂ ਪੰਜਾਬ ਦੀਆਂ ਫੈਕਟਰੀਆਂ ਅੰਦਰ ਕੰਮ ਕਰਨ ਲਈ ਆਏ ਮਜ਼ਦੂਰਾਂ ਦੇ ਪਰਿਵਾਰ ਰਹਿੰਦੇ ਹਨ। ਇਸ ਮੌਕੇ 45 ਮੈਂਬਰ ਜਸਵੀਰ ਇੰਸਾਂ, ਸੰਦੀਪ ਇੰਸਾਂ ਸਮੇਤ 25 ਮੈਂਬਰ ਪੂਰਨ ਚੰਦ ਇੰਸਾਂ, 15 ਮੈਂਬਰ ਕੁਲਦੀਪ ਇੰਸਾਂ, 25 ਮੈਂਬਰ ਕੈਪਟਨ ਹਰਮੇਸ਼ ਇੰਸਾਂ, 15 ਮੈਂਬਰ ਰੌਕੀ ਇੰਸਾਂ, ਸੁਜਾਨ ਸਿਰਨ ਇੰਸਾਂ, ਅਨੂੰ ਇੰਸਾਂ, ਜੋਤੀ ਇੰਸਾਂ, ਬਲਜੀਤ ਇੰਸਾਂ, ਸੱਤਿਆ ਦੇਵ ਇੰਸਾਂ, ਸੱਤਪਾਲ ਇੰਸਾਂ, ਗੁਰਪ੍ਰੀਤ ਇੰਸਾਂ, ਅਮਰਜੀਤ ਇੰਸਾਂ, ਕਰਨ ਇੰਸਾਂ, ਭੰਗੀਦਾਸ ਤਰਨ ਇੰਸਾਂ, ਅਮਰਜੀਤ ਸਿੰਘ ਢਿੱਲੋਂ ਇੰਸਾਂ, ਅਵਤਾਰ ਇੰਸਾਂ, ਜੋਰਾ ਸਿੰਘ ਇੰਸਾਂ, ਅਵਤਾਰ ਸਿੰਘ ਇੰਸਾਂ ਮਾਨਸਾ ਅਤੇ ਵਿੱਕੀ ਇੰਸਾਂ ਲੰਗਰ ਛਕਾਉਣ ਦੀ ਸੇਵਾ ਕਰ ਰਹੇ ਸਨ।

ਇਨਸਾਨੀਅਤ ਦੀ ਕਰ ਰਹੇ ਸੱਚੀ ਸੇਵਾ

ਪਹਿਲੇ ਦਿਨ ਤੋਂ ਡੇਰਾ ਸ਼ਰਧਾਲੂਆਂ ਨੂੰ ਕਰਫਿਊ ਦੌਰਾਨ ਸੇਵਾ ਕਰਨ ਦੀ ਅਪੀਲ ਕਰ ਰਹੇ ਨਗਰ ਨਿਗਮ ਲੁਧਿਆਣਾ ਦੇ ਅਡੀਸ਼ਨਲ ਕਮਿਸ਼ਨਰ ਰਿਸ਼ੀਪਾਲ ਨੇ ਡੇਰਾ ਸ਼ਰਧਾਲੂਆਂ ਦੇ ਇਸ ਕਾਰਜ ਦੇ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀ ਸੰਕਟ ਦੀ ਘੜੀ ਵਿੱਚ ਲੋੜਵੰਦ ਵਿਅਕਤੀਆਂ ਨੂੰ ਆਪਣੇ ਪੱਲਿਓਂ ਲੰਗਰ ਛਕਾ ਕੇ ਡੇਰਾ ਸ਼ਰਧਾਲੂ ਇਨਸਾਨੀਅਤ ਦੀ ਸੱਚੀ ਸੇਵਾ ਕਰ ਰਹੇ ਹਨ। ਸੇਵਾ ਦਾ ਇਹ ਜ਼ਜਬਾ ਬੇਮਿਸਾਲ ਹੈ।

ਡੇਰਾ ਸ਼ਰਧਾਲੂਆਂ ਦਾ ਦੇਣ ਨਹੀਂ ਦੇ ਸਕਦੇ

ਇਸ ਮੌਕੇ ਮਰਾਠਾ ਨਗਰ ਦੇ ਪ੍ਰਧਾਨ ਵਾਮਲੇ, ਕਈਵਰ ਕਾਮਲੇ, ਬਿਰਜੂ ਛਿੰਦੇ, ਵਿਨੇਸ਼ ਸਹਿਗਲ, ਵਾਮਨ ਨੇ ਕਿਹਾ ਕਿ ਉਹ ਡੇਰਾ ਸ਼ਰਧਾਲੂਆਂ ਦਾ ਦੇਣ ਨਹੀਂ ਦੇ ਸਕਦੇ। ਡੇਰਾ ਸ਼ਰਧਾਲੂ ਪਿਛਲੇ 5 ਦਿਨ ਤੋਂ ਇੱਥੋਂ ਦੇ 800-900 ਲੋਕਾਂ ਨੂੰ ਲਗਾਤਾਰ ਦੋ ਸਮੇਂ ਲੰਗਰ ਛਕਾਉਣ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕ ਫੈਕਟਰੀਆਂ ਅਤੇ ਦਫਤਰਾਂ ਵਿੱਚੋਂ ਕੂੜਾ ਚੁੱਕਣ ਦਾ ਕੰਮ ਕਰਦੇ ਹਨ ਪ੍ਰੰਤੂ ਕਰਫਿਊ ਕਾਰਨ ਫੈਕਟਰੀਆਂ ਅਤੇ ਦਫਤਰ ਬੰਦ ਹੋਣ ਨਾਲ ਉਨ੍ਹਾਂ ਸਾਹਮਣੇ ਰੋਜੀ ਰੋਟੀ ਦਾ ਸੰਕਟ ਪੈਦਾ ਹੋ ਗਿਆ ਹੈ। ਪ੍ਰੰਤੂ ਡੇਰਾ ਸ਼ਰਧਾਲੂਆਂ ਨੇ ਉਨ੍ਹਾਂ ਦੇ ਇਸ ਸੰਕਟ ਨੂੰ ਦੂਰ ਕਰ ਦਿੱਤਾ ਹੈ। ਉਹ ਡੇਰਾ ਸ਼ਰਧਾਲੂਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।