ਪਹਾੜੀ ਖੇਤਰਾਂ ’ਚ ਹੁੰਦੀ ਐ ਕੇਸਰ ਦੀ ਖੇਤੀ

ਜੁਲਾਈ–ਅਗਸਤ ਮਹੀਨੇ ਹੁੰਦੀ ਹੈ ਕਾਸ਼ਤ

ਸਾਡੇ ਦੇਸ਼ ਕੋਲ ਮੌਜੂਦਾ ਕੁਦਰਤੀ ਅਨਮੋਲ ਖਜ਼ਾਨਿਆਂ ਵਿੱਚੋਂ ਕੇਸਰ ਵੀ ਇੱਕ ਕੀਮਤੀ ਖਜ਼ਾਨਾ ਹੈ। ਕੇਸਰ ਨੂੰ ਕਈ ਪ੍ਰਕਾਰ ਦੀਆਂ ਦਵਾਈਆਂ, ਖੁਸ਼ਬੂਦਾਰ ਤੇਲ, ਕਰੀਮਾਂ ਜਾਂ ਹੋਰ ਉਤਪਾਦ ਬਣਾਉਣ ਲਈ ਵਰਤਿਆ ਜਾਂਦਾ ਹੈ। ਪੂਜਾ ਪਾਠ ਵਿੱਚ ਕੇਸਰ ਦੀ ਵਰਤੋਂ ਕਰਨ ਤੋਂ ਬਿਨਾਂ ਆਈਸ ਕਰੀਮ, ਖੀਰ, ਦੁੱਧ ਅਤੇ ਹੋਰ ਖਾਧ ਪਦਾਰਥਾਂ ਵਿੱਚ ਵੀ ਵਰਤਿਆ ਜਾ ਰਿਹਾ ਹੈ। ਕੇਸਰ ਦੀ ਖੇਤੀ ਵਿਸ਼ਵ ਭਰ ਦੇ ਕੁਝ ਹੀ ਦੇਸ਼ਾਂ ਅੰਦਰ ਹੁੰਦੀ ਹੈ ਜਿਸ ਨੂੰ ਕੁਦਰਤ ਦਾ ਅਨਮੋਲ ਖਜਾਨਾ ਮੰਨਿਆ ਜਾਂਦਾ ਹੈ। ਬੇਸ਼ੱਕ ਕੇਸਰ ਦੀ ਖੇਤੀ ਵਿੱਚ ਭਾਰਤ ਦਾ ਨਾਂਅ ਵੀ ਸ਼ਾਮਲ ਹੈ ਪਰ ਜੰਮੂ-ਕਸ਼ਮੀਰ ਵਿੱਚੋਂ ਇਸ ਫਸਲ ਹੇਠ ਰਕਬਾ ਤੇ ਝਾੜ ਹਰ ਸਾਲ ਘਟ ਰਿਹਾ ਹੈ। ਜਿਸ ਕਰਕੇ ਕੇਸਰ ਦੀ ਖੇਤੀ ਖਤਰੇ ’ਚ ਪੈ ਗਈ ਹੈ।

ਭਾਰਤੀ ਕੇਸਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਸਪੇਨ ਤੇ ਇਰਾਨ ’ਚ ਪੈਦਾ ਹੋਣ ਵਾਲੇ ਕੇਸਰ ਤੋਂ ਇਹ ਵਧੀਆ ਹੈ। ਜਿਸ ਕਰਕੇ ਭਾਰਤੀ ਕੇਸਰ ਦੀ ਕੀਮਤ ਇਰਾਨ ਜਾਂ ਸਪੇਨ ਦੇ ਕੇਸਰ ਤੋਂ 10 ਗੁਣਾ ਜ਼ਿਆਦਾ ਮਿਲਦੀ ਹੈ। ਭਾਰਤ ਵਿੱਚ ਸਿਰਫ਼ ਜੰਮੂ-ਕਸ਼ਮੀਰ ਹੀ ਕੇਸਰ ਦਾ ਉਤਪਾਦਨ ਕਰਦਾ ਹੈ। ਕਸ਼ਮੀਰ ਵਿੱਚ ਅੰਬਤੀਪੁਰਾ ਦੇ ਪੰਪੌਰ ਅਤੇ ਜੰਮੂ ਜੋਨ ਦੇ ਕਿਸ਼ਤਵਾੜ ਇਲਾਕੇ ਵਿੱਚ ਕੇਸਰ ਦੀ ਖੇਤੀ ਹੁੰਦੀ ਹੈ। ਪੰਪੌਰ ’ਚ ਲਗਭਗ 10 ਤੋਂ 15 ਕਿੱਲੋਮੀਟਰ ਦੇ ਇਲਾਕੇ ਵਿੱਚ ਕੇਸਰ ਬੀਜਿਆ ਜਾਂਦਾ ਹੈ ਜਦੋਂਕਿ ਕਿਸ਼ਤਵਾੜ ਦੇ ਕਈ ਪਿੰਡਾਂ ’ਚ 1000 ਕਨਾਲ ਜਮੀਨ ਵਿੱਚ ਕੇਸਰ ਦੀ ਖੇਤੀ ਹੁੰਦੀ ਹੈ ਪਰ ਗੁਣਾਂ ਦੇ ਮਾਮਲੇ ਵਿੱਚ ਕਿਸ਼ਤਵਾੜ ਦੇ ਕੇਸਰ ਨੂੰ ਕਸ਼ਮੀਰੀ ਕੇਸਰ ਤੋਂ ਵਧੀਆ ਮੰਨਿਆ ਜਾਂਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਕੇਸਰ ਦੀ ਖੇਤੀ ਕਰਨ ਲਈ ਖਾਸ ਤਰ੍ਹਾਂ ਦੀ ਜਮੀਨ ਦੀ ਜਰੂਰਤ ਹੁੰਦੀ ਹੈ। ਇਹੋ ਜਿਹੀ ਜਮੀਨ ਜਿੱਥੇ ਬਰਫ ਪੈਣ ਦੇ ਨਾਲ ਹੀ ਜਮੀਨ ਅੰਦਰ ਨਮੀ ਵੀ ਰਹਿੰਦੀ ਹੋਵੇ, ਕੇਸਰ ਦੀ ਬਿਜਾਈ ਲਈ ਬਿਹਤਰ ਮੰਨੀ ਜਾਂਦੀ ਹੈ। ਕੇਸਰ ਦੀ ਪੈਦਾਵਾਰ ਵਾਲੀ ਜਮੀਨ ਅੰਦਰ ਹੋਰ ਕਿਸੇ ਤਰ੍ਹਾਂ ਦੀ ਖੇਤੀ ਨਹੀਂ ਕੀਤੀ ਜਾ ਸਕਦੀ। ਕਿਉਕਿ ਕੇਸਰ ਦਾ ਬੀਜ ਹਮੇਸ਼ਾ ਹੀ ਜਮੀਨ ਅੰਦਰ ਰਹਿੰਦਾ ਹੈ। ਕੇਸਰ ਦਾ ਬੀਜ ਲਸਨ ਦੀ ਗੰਢੀ ਵਰਗਾ ਹੁੰਦਾ ਹੈ। ਇਸ ਨੂੰ ਬਜਾਰ ਵਿੱਚੋਂ ਖਰੀਦਣ ਦੀ ਜਰੂਰਤ ਨਹੀਂ ਪੈਂਦੀ। ਫਿਰ ਵੀ ਕਿਸਾਨਾਂ ਨੂੰ ਕੇਸਰ ਦੀ ਖੇਤੀ ਕਰਨ ਲਈ ਬਹੁਤ ਮਿਹਨਤ ਦੀ ਜਰੂਰਤ ਪੈਂਦੀ ਹੈ। ਜਮੀਨ ਵਿੱਚ ਮੌਜੂਦ ਬੀਜ ਨੂੰ ਮਿੱਟੀ ਵਿੱਚੋਂ ਕੱਢ ਕੇ ਦਵਾਈਆਂ ਤੇ ਖਾਦ ਲਾਉਣ ਤੋਂ ਬਾਅਦ ਬੀਜ ਦਿੱਤਾ ਜਾਂਦਾ ਹੈ। ਬਾਗਬਾਨੀ ਵਿਭਾਗ ਵੀ ਇਸ ਫਸਲ ਵਿੱਚ ਵਾਧਾ ਕਰਨ ਲਈ ਕਾਫੀ ਕੋਸ਼ਿਸ਼ਾਂ ਕਰ ਰਿਹਾ ਹੈ।

ਕੇਸਰ ਦੀ ਬਿਜਾਈ ਜੁਲਾਈ ਤੇ ਅਗਸਤ ਮਹੀਨੇ ਕੀਤੀ ਜਾਂਦੀ ਹੈ। ਕਸ਼ਮੀਰ ਅਤੇ ਕਿਸ਼ਤਵਾੜ ਵਿੱਚ ਕੇਸਰ ਦੀ ਬਿਜਾਈ ਦਾ ਵੱਖੋ-ਵੱਖਰਾ ਤਰੀਕਾ ਹੈ। ਕਸ਼ਮੀਰ ਵਿੱਚ ਕੇਸਰ ਦੀ ਬਿਜਾਈ ਆਲੂ ਵਾਂਗ ਲਾਈਨਾਂ ਵਿੱਚ ਕੀਤੀ ਜਾਂਦੀ ਹੈ। ਜਦੋਂਕਿ ਕਿਸ਼ਤਵਾੜ ਵਿੱਚ ਪਿਆਜ ਵਾਂਗ ਸਿੱਧਾ ਹੀ ਬੀਜਿਆ ਜਾਂਦਾ ਹੈ। ਇਸ ਫਸਲ ਦੀ ਪੈਦਾਵਾਰ ਪੂਰੀ ਤਰ੍ਹਾਂ ਬਰਸਾਤ ’ਤੇ ਨਿਰਭਰ ਕਰਦੀ ਹੈ। ਜਿੰਨੀ ਛੇਤੀ ਬਰਸਾਤ ਤੇ ਠੰਢ ਹੁੰਦੀ ਹੈ ਉਨਾਂ ਹੀ ਛੇਤੀ ਕੇਸਰ ਦਾ ਫੁੱਲ ਬਾਹਰ ਆਉਂਦਾ ਹੈ। ਆਮ ਤੌਰ ’ਤੇ ਕੇਸਰ ਦੇ ਫੁੱਲ ਅਕਤੂਬਰ-ਨਵੰਬਰ ਵਿੱਚ ਨਿੱਕਲਣੇ ਸ਼ੁਰੂੁ ਹੋ ਜਾਂਦੇ ਹਨ।

ਕੇਸਰ ਦਾ ਉਤਪਾਦਨ ਜਮੀਨ ਦੀ ਨਮੀ ’ਤੇ ਨਿਰਭਰ ਕਰਦਾ ਹੈ। ਕੇਸਰ ਦਾ ਫੁੱਲ ਨੀਲੇ ਰੰਗ ਦਾ ਹੁੰਦਾ ਹੈ। ਨੀਲੇ ਫੁੱਲ ਅੰਦਰ ਪਰਾਗ ਦੀਆਂ ਪੰਜ ਡੰਡੀਆਂ ਹੁੰਦੀਆਂ ਹਨ। ਜਿਨ੍ਹਾਂ ਵਿੱਚੋਂ ਤਿੰਨ ਕੇਸਰੀ ਰੰਗ ਤੇ ਵਿਚਕਾਰ ਵਾਲੀਆਂ ਦੋ ਪੀਲੇ ਰੰਗ ਦੀਆਂ ਹੁੰਦੀਆਂ ਹਨ। ਅਸਲ ਵਿੱਚ ਕੇਸਰ ਫੁੱਲ ਦੇ ਪਰਾਗ ਕਣ ਹੁੰਦੇ ਹਨ। ਕੇਸਰੀ ਰੰਗ ਦੀਆਂ ਡੰਡੀਆਂ ਨੂੰ ਹੀ ਕੇਸਰ ਕਿਹਾ ਜਾਂਦਾ ਹੈ। ਜਦੋਂਕਿ ਬਾਕੀ ਦੋ ਪੀਲੀਆਂ ਡੰਡੀਆਂ ਦਾ ਇਸਤੇਮਾਲ ਖੁਸ਼ਬੂ ਵਾਸਤੇ ਕੀਤਾ ਜਾਂਦਾ ਹੈ।

ਕੀਮਤ ਪੱਖੋਂ ਕੇਸਰੀ ਡੰਡੀਆਂ 120 ਰੁਪਏ ਤੋਲਾ ਅਤੇ ਪੀਲੀਆਂ ਡੰਡੀਆਂ ਦੀ ਕੀਮਤ 120 ਰੁਪਏ ਕਿੱਲੋ ਹੁੰਦੀ ਹੈ। ਇਸ ਕੀਮਤ ਤੋਂ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਆਪਸੀ ਗੁਣਾਂ ਦਾ ਕਿੰਨਾ ਫਰਕ ਹੋ ਸਕਦਾ ਹੈ। ਸਭ ਤੋਂ ਔਖਾ ਕੰਮ ਕੇਸਰ ਨੂੰ ਇਕੱਠਾ ਕਰਨ ਦਾ ਹੁੰਦਾ ਹੈ। ਕੇਸਰ ਦਾ ਫੁੱਲ ਰਾਤ ਨੂੰ ਨਿੱਕਲਦਾ ਹੈ। ਸੂਰਜ ਚੜ੍ਹਨ ਤੋਂ ਪਹਿਲਾਂ ਪਰਾਗ ਨੂੰ ਫੁੱਲਾਂ ਤੋਂ ਵੱਖਰਾ ਕਰਨਾ ਹੁੰਦਾ ਹੈ। ਸੂਰਜ ਨਿੱਕਲਣ ਤੋਂ ਬਾਅਦ ਫੁੱਲ ਬੰਦ ਹੋ ਜਾਂਦਾ ਹੈ ਅਤੇ ਕੀਮਤੀ ਕੇਸਰ ਫੁੱਲ ਦੇ ਅੰਦਰ ਹੀ ਰਹਿ ਜਾਂਦਾ ਹੈ। ਜਿਸ ਕਰਕੇ ਕਿਸਾਨਾਂ ਨੇ ਫੁੱਲਾਂ ਦੇ ਨਿੱਕਲਣ ਵੱਲ ਖਾਸ ਧਿਆਨ ਦੇਣਾ ਪੈਂਦਾ ਹੈ। ਕਸ਼ਮੀਰ ਵਿੱਚ ਫਸਲ ਦੇ ਉਤਪਾਦਨ ਵੇਲੇ ਬਰਫ ਪੈਣ ਦੇ ਬਾਵਜ਼ੂਦ ਵੀ ਕਿਸਾਨ ਖੇਤਾਂ ’ਚ ਕੰਮ ਕਰਦੇ ਰਹਿੰਦੇ ਹਨ।

ਸਰਦੀ ਦੀ ਰੁੱਤ ਵਿੱਚ ਬਰਫ ਅਤੇ ਬਸੰਤ ਰੁੱਤ ਵਿੱਚ ਹਲਕੀ ਬਰਸਾਤ ਕੇਸਰ ਦੇ ਪੌਦਿਆਂ ਅਤੇ ਗੱਠੀਆਂ ਦੇ ਵਿਕਾਸ ਲਈ ਕਾਫੀ ਵਧੀਆ ਹੈ। ਬਸੰਤ ਰੁੱਤ ਵਿੱਚ ਅਪਰੈਲ-ਮਈ ਤੋਂ ਬਾਅਦ ਇਹ ਪੌਦਾ ਨੀਂਦਰ ਅਵਸਥਾ ਵਿੱਚ ਚਲਿਆ ਜਾਂਦਾ ਹੈ। ਇਹ ਅਵਸਥਾ ਅਗਸਤ-ਸਤੰਬਰ ਤੱਕ ਰਹਿੰਦੀ ਹੈ। ਇਸ ਦੌਰਾਨ ਇਸ ਵਿੱਚ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਹਨ। ਜੋ ਅੱਧ ਨਵੰਬਰ ਤੱਕ ਚੱਲਦੇ ਹਨ। ਜੇਕਰ ਇਸ ਦੌਰਾਨ ਕੋਰਾ ਪੈ ਜਾਵੇ ਤਾਂ ਕੇਸਰ ਦੀ ਪੈਦਾਵਾਰ ਘਟ ਜਾਂਦੀ ਹੈ।

ਫਸਲੀ ਕਿਰਿਆਵਾਂ: ਕੇਸਰ ਦੀ ਖੇਤੀ ਲਈ ਰੇਤਲੀ ਦੋਮਟ ਮਿੱਟੀ ਤੇ ਚੀਕਣੀ ਮਿੱਟੀ ਸਭ ਤੋਂ ਵਧੀਆ ਰਹਿੰਦੀ ਹੈ। ਪਾਣੀ ਦਾ ਚੰਗਾ ਨਿਕਾਸ ਖੇਤੀ ਲਈ ਠੀਕ ਹੈ। ਖੇਤ ਤਿਆਰ ਕਰਦੇ ਸਮੇਂ ਗਲੀ-ਸੜੀ ਰੂੜੀ ਦੀ ਪੰਦਰਾਂ ਤੋਂ ਵੀਹ ਟਨ ਖਾਦ ਪ੍ਰਤੀ ਹੈਕਟੇਅਰ ਦੀ ਦਰ ਨਾਲ ਪਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ 90 ਕਿੱਲੋਗ੍ਰਾਮ ਨਾਈਟ੍ਰੋਜਨ, 60 ਕਿੱਲੋ ਫਾਸਫੋਰਸ ਅਤੇ 60 ਕਿੱਲੋ ਪ੍ਰਤੀ ਹੈਕਟੇਅਰ ਦੀ ਦਰ ਨਾਲ ਪਾਉਣੀ ਚਾਹੀਦੀ ਹੈ। ਨਾਈਟ੍ਰੋਜਨ ਦੀ ਬਾਕੀ ਮਾਤਰਾ ਨੂੰ ਬਰਾਬਰ ਤਿੰਨ ਭਾਗਾਂ ਵਿੱਚ ਵੰਡ ਕੇ 25 ਦਿਨਾਂ ਦੇ ਫਰਕ ਨਾਲ ਪਾਉ। ਗੰਢੀਆਂ ਨੂੰ 2510 ਮੀਟਰ ਦੀ ਦੂਰੀ ’ਤੇ ਲਾਉ। ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ ਇੱਕ ਪ੍ਰਤੀਸ਼ਤ ਬੈਵਾਸਟੀਆ ਦੇ ਘੋਲ ਵਿੱਚ 30 ਮਿੰਟ ਤੱਕ ਸੋਧੋ।

ਸਿੰਚਾਈ ਕਦੋਂ ਕਰੀਏ: ਕੇਸਰ ਦੀ ਚੰਗੀ ਉਪਜ ਪ੍ਰਾਪਤ ਕਰਨ ਲਈ ਅਗਸਤ ਅਤੇ ਸਤੰਬਰ ਵਿੱਚ ਪੰਦਰਾਂ ਦਿਨਾਂ ਦੇ ਫਾਸਲੇ ’ਤੇ ਦੋ-ਤਿੰਨ ਵਾਰ ਪਾਣੀ ਜਰੂਰੀ ਲਾਉਣਾ ਚਾਹੀਦਾ ਹੈ। ਫੁੱਲ ਖਿੜਨ ਤੋਂ ਬਾਅਦ ਪਾਣੀ ਦੀ ਕੋਈ ਜਰੂਰਤ ਨਹੀਂ ਹੁੰਦੀ। ਫੁੱਲਾਂ ਦੇ ਖਿੜਨ ਦਾ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਤੱਕ ਚੱਲਦਾ ਹੈ। ਇਸ ਦੇ ਫੁੱਲਾਂ ਨੂੰ ਆਮ ਤੌਰ ’ਤੇ ਸਵੇਰ ਦੇ ਸਮੇਂ ਤੋੜਿਆ ਜਾਂਦਾ ਹੈ। ਜਦੋਂ ਤਰੇਲ ਦੀਆਂ ਬੂੰਦਾਂ ਸੁੱਕਣੀਆਂ ਸ਼ੁਰੂ ਹੋ ਜਾਦੀਆਂ ਹਨ।

ਬ੍ਰਿਸ਼ਭਾਨ ਬੁਜਰਕ,
ਕਾਹਨਗੜ ਰੋਡ, ਪਾਤੜਾਂ, ਪਟਿਆਲਾ
ਮੋ. 98761-01698

ਫੁੱਲਾਂ ਦੀ ਕਾਸ਼ਤ

ਕਿਸਾਨ ਸ਼ਹਿਦ ਦੀਆਂ ਮੱਖੀਆਂ ਪਾਲਣ ਦੇ ਨਾਲ ਫੁੱਲਾਂ ਦੇ ਖੇਤੀ ਵੀ ਕਰ ਸਕਦੇ ਹਨ। ਜਿਸ ਵੇਲੇ ਪਹਾੜੀ ਖੇਤਰਾਂ ’ਚ ਫੁੱਲ ਨਹੀਂ ਹੁੰਦੇ। ਉਸ ਵੇਲੇ ਮੈਦਾਨੀ ਇਲਾਕਿਆਂ ’ਚ ਹੁੰਦੇ ਹਨ। ਰਾਜ ਸਰਕਾਰ ਦੀ ਸਬਸਿਡੀ ਸਕੀਮ ਤੋਂ ਬਗੈਰ ਪੋਲੀ ਹਾਊਸ ਲਾਉਣ ਅਤੇ ਵੱਖ-ਵੱਖ ਤਰ੍ਹਾਂ ਦੀ ਪਲਾਂਟੇਸ਼ਨ ਦੇ ਕਿੱਤੇ ’ਤੇ ਕਿਸਾਨ ਵੱਲੋਂ ਖਰਚਾ ਕਰਨਾ ਅਸੰਭਵ ਹੈ। ਕਿਸਾਨ ਜਰਬਰਾ ਫੁੱਲ, ਬੀਜ਼ ਰਹਿਤ ਖੀਰੇ ਦੀ ਆਧੁਨਿਕ ਖੇਤੀ, ਖਰਬੂਜ਼ਾ, ਹਰੀ ਮਿਰਚ, ਪਿਆਜ਼, ਸ਼ਿਮਲਾ ਮਿਰਚ ਬਗੈਰਾ ਦੀ ਕਾਸ਼ਤ ਕਰ ਸਕਦੇ ਹਨ।

ਜਿਸ ਨੂੰ ਡਰਿੱਪ ਸਿਸਟਮ ਨਾਲ ਪਾਣੀ ਪਹੁੰਚਾਇਆ ਜਾਂਦਾ ਹੈ ਇਸ ਤਰ੍ਹਾਂ ਕਰਨ ਨਾਲ 40 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ। ਪੋਲੀ ਹਾਊਸ ਅੰਦਰ 4 ਹਜ਼ਾਰ ਵਰਗ ਮੀਟਰ ’ਚ ਜਰਬਰਾ ਫੁੱਲ ਲਾਉਣ ਲਈ 33 ਲੱਖ 76 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ। ਜਿਸ ’ਤੇ ਸਰਕਾਰ ਵੱਲੋਂ 16.88 ਲੱਖ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਪਲਾਂਟ ਅੰਦਰ ਕਰੀਬ 26 ਹਜ਼ਾਰ ਬੂਟੇ ਲੱਗਦੇ ਹਨ। ਪ੍ਰਤੀ ਬੂਟਾ 35 ਰੁਪਏ ਦੇ ਹਿਸਾਬ ਨਾਲ ਮਿਲਦਾ ਹੈ ਤੇ ਹੋਰ ਦਵਾਈਆਂ, ਲੇਬਰ ਆਦਿ ’ਤੇ ਕੁੱਲ 24 ਲੱਖ 40 ਹਜ਼ਾਰ ਰੁਪਏ ਖਰਚਾ ਆਉਂਦਾ ਹੈ ਜਿਸ ’ਤੇ ਰਾਜ ਸਰਕਾਰ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਸਕੀਮ ਅਧੀਨ 12 ਲੱਖ 20 ਹਜਾਰ ਰੁਪਏ ਸਬਸਿਡੀ ਦਿੱਤੀ ਜਾਂਦੀ ਹੈ।

ਇੱਕ ਬੂਟੇ ਤੋਂ ਇੱਕ ਸਾਲ ਦੇ ਅੰਦਰ 30 ਤੋਂ 40 ਫੁੱਲ ਪ੍ਰਾਪਤ ਹੁੰਦੇ ਹਨ, ਜੋ ਕੁੱਲ ਬੂਟਿਆਂ ਤੋਂ 7 ਲੱਖ ਤੋਂ 9 ਲੱਖ ਹੋ ਸਕਦੇ ਹਨ। ਜਰਬਰਾ ਫੁੱਲ ਵਿਆਹ-ਸ਼ਾਦੀ ਸਮਾਗਮ ਲਈ ਵਰਤੋਂ ’ਚ ਆਉਂਦਾ ਹੈ। ਜਿਸ ਦੀ ਬਹੁਤ ਮੰਗ ਰਹਿੰਦੀ ਹੈ। ਇਸ ਫੁੱਲ ਦੀ ਸਟਿੱਕ 2 ਤੋਂ 8 ਰੁਪਏ ਤੱਕ ਮਾਰਕੀਟ ਵਿੱਚ ਪਹੁੰਚਦੀ ਹੈ। ਫੁੱਲ ਦੀ ਮੰਗ ਦੋ ਦਿਨ ਪਹਿਲਾਂ ਦੱਸਣ ਮੁਤਾਬਿਕ ਹੀ ਦੁਕਾਨਦਾਰ ਜਾਂ ਸਬੰਧਤ ਵਿਅਕਤੀ ਕੋਲ ਭੇਜੀ ਜਾਂਦੀ ਹੈ। ਫਾਰਮ ’ਤੇ ਲੱਗੀ ਕੀਮਤ 2 ਸਾਲ ਵਿੱਚ ਹੀ ਪੂਰੀ ਹੋ ਜਾਂਦੀ ਹੈ ਅਤੇ ਇੱਕ ਪੋਲੀ ਹਾਊਸ ’ਚ ਇੱਕ ਵਾਰ ਲਾਇਆ ਬੂਟਾ ਕਰੀਬ 4 ਚਾਲ ਫੁੱਲ ਦਿੰਦਾ ਹੈ। ਜਿਸ ਦਾ ਪੂਰੇ ਦੋ ਸਾਲ ਮੁਨਾਫ਼ਾ ਲਿਆ ਜਾ ਸਕਦਾ ਹੈ।

ਖੇਤੀ ਦੇ ਨਾਲ ਸ਼ਹਿਦ ਦੀ ਮੱਖੀ ਪਾਲਣਾ:

ਖੇਤੀ ਦੇ ਧੰਦੇ ਨਾਲ ਸ਼ਹਿਦ ਦੀ ਮੱਖੀ ਪਾਲਣਾ ਵੀ ਲਾਹੇਵੰਦ ਰਹਿੰਦਾ ਹੈ। ਖਾਸ ਕਰਕੇ ਪਹਾੜੀ ਇਲਾਕਿਆਂ ਵਿੱਚ ਕਈ ਤਰ੍ਹਾਂ ਦੀਆਂ ਜੜ੍ਹੀ-ਬੂਟੀਆਂ ਅਤੇ ਹੋਰ ਅਜਿਹੇ ਫੁੱਲ ਹੁੰਦੇ ਹਨ। ਜਿਹੜੇ ਮੈਦਾਨੀ ਇਲਾਕੇ ਵਿੱਚ ਨਹੀਂ ਹੁੰਦੇ। ਪੰਜਾਬ ਦੇ ਮੱਖੀ ਪਾਲਕ ਸ਼ਹਿਦ ਦੀ ਪੈਦਾਵਾਰ ਕਰਕੇ ਪੈਸਾ ਕਮਾਉਣ ਦੇ ਮਾਮਲੇ ਵਿੱਚ ਸਮੁੱਚੇ ਦੇਸ ਵਿੱਚੋਂ ਪਹਿਲੇ ਨੰਬਰ ’ਤੇ ਹਨ।

ਪੰਜਾਬ ਲਗਭਗ 45 ਦੇਸ਼ਾਂ ਨੂੰ ਸ਼ਹਿਦ ਸਪਲਾਈ ਕਰਨ ਵਾਲਾ ਦੇਸ਼ ਦਾ ਸਭ ਤੋਂ ਵੱਡਾ ਸੂਬਾ ਅਤੇ ਦੁਨੀਆ ਦਾ ਤੀਸਰੇ ਨੰਬਰ ਦਾ ਸ਼ਹਿਦ ਉਤਪਾਦਕ ਬਣ ਚੁੱਕਾ ਹੈ। ਮਧੂ ਮੱਖੀਆਂ ਪਾਲਣ ਦਾ ਕੰਮ ਕਾਫ਼ੀ ਲਾਹੇਵੰਦ ਹੋਣ ਕਰਕੇ ਕਿਸਾਨਾਂ ਨੂੰ ਖੇਤੀ ਦੇ ਮੁਕਾਬਲੇ ਮਧੂ ਮੱਖੀਆਂ ਦੇ ਕਿੱਤੇ ਨਾਲ ਘੱਟ ਮਿਹਨਤ ਬਦਲੇ ਕਾਫ਼ੀ ਲਾਭ ਹੁੰਦਾ ਹੈ। ਮਧੂ ਮੱਖੀ ਦੇ 50 ਬਕਸੇ ਖਰੀਦਣ ’ਤੇ ਤਕਰੀਬਨ 2 ਲੱਖ ਰੁਪਏ ਖਰਚਾ ਆਉਂਦਾ ਹੈ, ਜਿਸ ’ਤੇ ਬਾਗਬਾਨੀ ਵਿਭਾਗ ਵੱਲੋਂ 40 ਫ਼ੀਸਦੀ ਦੇ ਹਿਸਾਬ ਨਾਲ 80 ਹਜ਼ਾਰ ਰੁਪਏ ਸਬਸਿਡੀ ਵੱਜੋਂ ਮੁਹੱਈਆ ਕਰਵਾਏ ਜਾਂਦੇ ਹਨ।

ਕਿਸਾਨ ਇਨ੍ਹਾਂ ਮੱਖੀਆਂ ਦੇ ਬਕਸਿਆਂ ਨੂੰ ਫੁੱਲਾਂ ਦੇ ਸੀਜਨ ਦੇ ਹਿਸਾਬ ਨਾਲ ਰਾਜਸਥਾਨ, ਯੂ.ਪੀ., ਗੁਜਰਾਤ, ਹਿਮਾਚਲ ਪ੍ਰਦੇਸ਼ ਆਦਿ ਲੈ ਕੇ ਜਾਂਦੇ ਹਨ, ਜਿੱਥੇ ਮੱਖੀਆਂ ਚੰਗੀ ਕਿਸਮ ਦਾ ਸ਼ਹਿਦ ਇਕੱਠਾ ਕਰਦੀਆਂ ਹਨ ਤੇ ਇਸ ਸ਼ਹਿਦ ਦੀ ਵਿਦੇਸ਼ਾਂ ਵਿੱਚ ਭਾਰੀ ਮੰਗ ਹੈ। ਸਾਲ ਵਿੱਚ ਤਕਰੀਬਨ ਪੰਜ ਵਾਰ ਇੱਕ ਬਕਸੇ ਵਿੱਚੋਂ ਸ਼ਹਿਦ ਕੱਢਿਆ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।