ਸਾਕਾ ਸਾਰਾਗੜੀ: ਬਹਾਦਰੀ ਦੀ ਅਦੁੱਤੀ ਮਿਸਾਲ

0

ਸਾਕਾ ਸਾਰਾਗੜੀ: ਬਹਾਦਰੀ ਦੀ ਅਦੁੱਤੀ ਮਿਸਾਲ

12 ਸਤੰਬਰ, 1897 ਸਾਰਾਗੜੀ ਦਾ ਸਾਕਾ ਬਲੀਦਾਨ ਦੀ ਇੱਕ ਅਜਿਹੀ ਅਦੁੱਤੀ ਕਹਾਣੀ ਹੈ ਜਿਸ ਦੀ ਮਿਸਾਲ ਦੁਨੀਆਂ ਭਰ ਵਿੱਚ ਨਹੀਂ ਮਿਲਦੀ। ਇਹ ਸਾਕਾ ਸਿੱਖ ਰੈਜਮੈਂਟ ਦੇ ਉਨ੍ਹਾਂ 21 ਸੂਰਬੀਰ ਬਹਾਦਰ ਸੈਨਿਕਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ 12 ਸਤੰਬਰ 1897 ਨੂੰ ਸਾਰਾਗੜੀ ਕਿਲ੍ਹੇ ਦੀ ਰੱਖਿਆ ਕਰਦਿਆਂ, 10,000 ਪਠਾਣਾਂ ਵੱਲੋਂ ਕੀਤੇ ਹਮਲੇ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਜਾਮ ਪੀਤਾ। ਇਸ ਤਰ੍ਹਾਂ ਉਨ੍ਹਾਂ ਭਾਰਤ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਲਿਖਿਆ, ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਪ੍ਰੇਰਨਾ ਸਰੋਤ ਹੈ।
ਉੱਤਰੀ-ਪੱਛਮੀ ਸਰਹੱਦੀ ਸੂਬੇ (ਜਿਹੜਾ ਕਿ ਹੁਣ ਪਾਕਿਸਤਾਨ ‘ਚ ਹੈ) ਵਿੱਚ 1897 ਵਿੱਚ ਜਿਹੜੀ ਬਗਾਵਤ ਉੱਭਰ ਰਹੀ ਸੀ, ਉਸਦੀ ਅਗਵਾਈ ਮੁੱਲਾ ਕਰ ਰਹੇ ਸਨ। ਇਨ੍ਹਾਂ ਪਠਾਣਾਂ ਨੇ ਹਰ ਥਾਂ ਫੌਜੀਆਂ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ।

36ਵੀਂ ਸਿੱਖ ਬਟਾਲੀਅਨ (ਅੱਜ ਕੱਲ੍ਹ 4/11 ਸਿੱਖ ਰੈਜਮੈਂਟ) ਜਿਹੜੀ ਕਿ ਜਲੰਧਰ ਵਿਖੇ 1897 ਵਿੱਚ ਕਰਨਲ ਕੁੱਕ ਦੀ ਕਮਾਂਡ ਹੇਠ ਅਜੇ ਸਿਰਫ ਦਸ ਦਿਨ ਪਹਿਲਾਂ ਹੀ ਬਣੀ ਸੀ, ਨੂੰ ਹੁਕਮ ਦਿੱਤਾ ਗਿਆ ਕਿ ਉਹ ਕਿਲ੍ਹਾ ਲੋਕਹਾਰਟ ਪਹੁੰਚ ਜਾਏ। ਇਹ ਕਿਲ੍ਹਾ ਸਰਹੱਦੀ ਇਲਾਕੇ ਦੇ ਪਹਾੜੀ ਖੇਤਰ ‘ਚ ਸਥਿਤ ਸੀ। ਸਾਰਾਗੜੀ ਤੇ ਗੁਲਸਤਾਨ ਇਸ ਕਿਲ੍ਹੇ ਦੀਆਂ ਮਸ਼ਹੂਰ ਚੌਂਕੀਆਂ ਸਨ। ਸਾਰਾਗੜੀ ਇੱਕ ਵੱਖਰੀ ਕਿਸਮ ਦੀ ਚੌਂਕੀ ਸੀ, ਇਸ ਚੌਂਕੀ ਦੀ ਕਮਾਂਡ ਹੌਲਦਾਰ ਈਸ਼ਰ ਸਿੰਘ, ਜਿਸ ਦੇ ਨਾਲ ਨਾਇਕ ਲਾਭ ਸਿੰਘ, ਲਾਂਸ ਨਾਇਕ ਚੰਦ ਸਿੰਘ ਤੇ 18 ਹੋਰ ਸਿਪਾਹੀ ਕਰ ਰਹੇ ਸਨ।

12 ਸਤੰਬਰ 1897 ਨੂੰ ਹਜ਼ਾਰਾਂ ਅਫਰੀਦੀਆਂ ਤੇ ਅਰਾਕਜ਼ਾਈ ਪਠਾਣਾਂ ਨੇ ਇਸ ਚੌਂਕੀ ‘ਤੇ ਹਮਲਾ ਕਰ ਦਿੱਤਾ ਤੇ ਦੋਵੇਂ ਚੌਂਕੀਆਂ ਘੇਰ ਲਈਆਂ। ਲੈਫਟੀਨੈਂਟ ਕਰਨਲ ਹਾਫਟਨ, ਜੋ ਕਿਲ੍ਹਾ ਲੋਕਹਾਰਟ ਦਾ ਕਮਾਂਡਿੰਗ ਅਫਸਰ ਸੀ, ਉਸ ਨੇ ਸਾਰਾਗੜੀ ਨਾਲ ਸੰਪਰਕ ਪੈਦਾ ਕੀਤਾ, ਜਿੱਥੇ ਕਿ ਹਿਲੋਗ੍ਰਾਫ ਰਾਹੀਂ ਸੰਦੇਸ਼ ਪ੍ਰਾਪਤ ਹੋ ਰਹੇ ਸਨ। ਇਸ ਚੌਂਕੀ ਵਿੱਚ 4 ਕੰਪਨੀਆਂ ਮੌਜੂਦ ਸਨ। ਸੰਨ 1897 ਦੀ 3 ਸਤੰਬਰ ਤੇ 9 ਸਤੰਬਰ ਨੂੰ ਕਬਾਇਲੀਆਂ ਨੇ ਗੁਲਸਤਾਨ ਚੌਂਕੀ ‘ਤੇ ਹਮਲਾ ਕਰ ਦਿੱਤਾ।

ਇਨ੍ਹਾਂ ਦੋਨਾਂ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ, ਜਿਸ ਵਿੱਚ ਦੁਸ਼ਮਣ ਦਾ ਭਾਰੀ ਨੁਕਸਾਨ ਹੋਇਆ। ਇਸ ਹਾਰ ਦੀ ਪੀੜ ਮਹਿਸੂਸ ਕਰਦੇ ਹੋਏ 12 ਸਤੰਬਰ 1897 ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਪਠਾਣਾਂ ਨੇ ਸਾਰਾਗੜੀ ਚੌਂਕੀ ‘ਤੇ ਭਾਰੀ ਹਮਲਾ ਕਰ ਦਿੱਤਾ। ਇਸ ਛੋਟੀ ਜਿਹੀ ਚੌਂਕੀ ਦੇ ਅੰਦਰ ਬਹਾਦਰ ਸਿੱਖ ਫੌਜੀਆਂ ਨੇ ਹਮਲਾਵਰਾਂ ਦੇ ਕਈ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਤੇ 6 ਘੰਟਿਆਂ ਦੀ ਲੜਾਈ ਵਿੱਚ ਦੋ ਸੌ ਤੋਂ ਵੀ ਵੱਧ ਪਠਾਣ ਮਾਰੇ ਗਏ। ਸਿਪਾਹੀ ਗੁਰਮੁੱਖ ਸਿੰਘ ਨੇ ਕਰਨਲ ਹਾਫਟਨ ਨੂੰ ਹਿਲੋਗ੍ਰਾਫ ਰਾਹੀਂ ਸੰਦੇਸ਼ ਭੇਜਿਆ ਕਿ ਸਾਰਾਗੜੀ ਦੀ ਚੌਂਕੀ ‘ਤੇ ਦੁਸ਼ਮਣ ਨੇ ਭਾਰੀ ਗਿਣਤੀ ਵਿੱਚ ਹਮਲਾ ਕਰ ਦਿੱਤਾ ਹੈ। ਕਮਾਂਡਰ ਦੇ ਹੁਕਮ ਨਾਲ ਇਨ੍ਹਾਂ ਸਿਪਾਹੀਆਂ ਨੇ ਜਵਾਬ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਤਕਰੀਬਨ ਅੱਧਾ ਘੰਟਾ ਗੋਲੀ ਚੱਲਦੀ ਰਹੀ ਤਾਂ ਨਾਇਕ ਲਾਭ ਸਿੰਘ, ਭਗਵਾਨ ਸਿੰਘ ਤੇ ਸਿਪਾਹੀ ਜੀਵਨ ਸਿੰਘ ਨੇ ਚੌਂਕੀ ਤੋਂ ਬਾਹਰ ਆ ਕੇ ਪਠਾਣਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਰਾਗੜੀ ਚੌਂਕੀ ਦੇ ਅੰਦਰ ਫੌਜੀਆਂ ਨੇ ਹੋਰ ਸੈਨਿਕ ਹਥਿਆਰ ਤੇ ਗੋਲਾ-ਬਾਰੂਦ ਮੰਗਿਆ, ਪਰ ਚੌਂਕੀ ਦੇ ਅੰਦਰ ਕਿਸੇ ਤਰ੍ਹਾਂ ਦੀ ਮੱਦਦ ਪਹੁੰਚਾਉਣੀ ਮੁਸ਼ਕਲ ਸੀ ਅਜੇ ਉਨ੍ਹਾਂ ਨੇ ਦੁਸ਼ਮਣ ਦੇ ਕੁੱਝ ਹੀ ਬੰਦੇ ਮਾਰੇ ਸਨ ਕਿ ਭਗਵਾਨ ਸਿੰਘ ਸ਼ਹੀਦ ਹੋ ਗਿਆ ਤੇ ਲਾਭ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਲਾਭ ਸਿੰਘ ਨੇ ਜ਼ਖ਼ਮੀ ਹਾਲਤ ਵਿੱਚ ਉਦੋਂ ਤੱਕ ਗੋਲੀ ਚਲਾਉਣੀ ਜਾਰੀ ਰੱਖੀ ਜਦੋਂ ਤੱਕ ਕਿ ਉਹ ਧਰਤੀ ‘ਤੇ ਨਹੀਂ ਡਿੱਗ ਪਿਆ।

ਇਸ ਹਾਲਤ ਵਿੱਚ ਵੀਰ ਸੈਨਿਕ ਇੱਕ ਤੋਂ ਬਾਅਦ ਇੱਕ ਸ਼ਹੀਦ ਹੁੰਦੇ ਗਏ ਅਤੇ ਜਦ ਗੋਲਾ-ਬਾਰੂਦ ਖ਼ਤਮ ਹੋ ਗਿਆ ਤਾਂ ਉਨ੍ਹਾਂ ਨੇ ਤਲਵਾਰਾਂ ਅਤੇ ਸੰਗੀਨਾਂ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ। ਬਹਾਦਰ ਸਿੱਖ ਫੌਜੀਆਂ ਦੀ ਸ਼ਾਨਦਰ ਨਿਸ਼ਾਨੇਬਾਜ਼ੀ ਅਤੇ ਉਨ੍ਹਾਂ ਦੀ ਬਹਾਦਰੀ ਦੇ ਸਦਕੇ ਦੁਸ਼ਮਣ ਇਸ ਚੌਂਕੀ ਦੇ ਨੇੜੇ ਨਾ ਫੜਕ ਸਕਿਆ। ਇਸ ਲਈ ਦੁਸ਼ਮਣ ਨੇ ਆਖਰੀ ਹਥਿਆਰ ਵੱਜੋਂ ਸਾਰਾਗੜੀ ਚੌਂਕੀ ਦੇ ਆਲੇ-ਦੁਆਲੇ ਸੁੱਕੀਆਂ ਝਾੜੀਆਂ ਵਿੱਚ ਅੱਗ ਲਾ ਦਿੱਤੀ ਅਤੇ ਚੌਂਕੀ ਦੀ ਇੱਕ ਕੰਧ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।

ਜਦੋਂ ਇਹ ਸਿਪਾਹੀ ਇੱਕ-ਇੱਕ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਠਾਣਾਂ ਨੂੰ ਮਾਰ ਕੇ ਸ਼ਹੀਦੀ ਪਾ ਗਏ ਤਾਂ ਗੁਰਮੁੱਖ ਸਿੰਘ ਹੀਲੋਗ੍ਰਾਫਰ, ਜੋ ਕਿ ਖ਼ਬਰ ਦੇਣ ਦਾ ਇੱਕੋ-ਇੱਕ ਵਸੀਲਾ ਸੀ, ਨੇ ਕਿਲੇ ਦੇ ਕਮਾਂਡਰ ਨੂੰ ਕਿਲ੍ਹੇ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਤੱਕ 2 ਫੌਜੀਆਂ ਤੋਂ ਬਿਨਾਂ ਬਾਕੀ ਸਾਰੇ ਸ਼ਹੀਦ ਹੋ ਚੁੱਕੇ ਸਨ। ਕੁੱਝ ਸਮੇਂ ਬਾਅਦ ਇਨ੍ਹਾਂ ਫੌਜੀਆਂ ਦਾ ਕਮਾਂਡਰ ਹੌਲਦਾਰ ਈਸ਼ਰ ਸਿੰਘ ਇਕੱਲਾ ਹੀ ਰਹਿ ਗਿਆ ਅਤੇ ਉਸ ਦੇ ਆਲੇ-ਦੁਆਲੇ 20 ਸਾਥੀਆਂ ਦੀਆਂ ਲਾਸ਼ਾਂ ਪਈਆਂ ਸਨ। ਆਪਣੀ ਰਾਈਫਲ ਚੁੱਕ ਕੇ ਉਹ ਸਾਰਾਗੜ੍ਹੀ ਚੋਟੀ ਦੇ ਉਸ ਦਰਵਾਜ਼ੇ ਕੋਲ ਜਾ ਬੈਠਾ ਜਿੱਥੋਂ ਦੁਸ਼ਮਣ ਚੌਂਕੀ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।

ਬਹੁਤ ਹੌਲੀ ਨਾਲ ਜਿਵੇਂ ਕਿ ਉਹ ਫਾਇਰੰਗ ਰੇਂਜ਼ ਉੱਪਰ ਬੈਠਾ ਹੋਵੇ ਆਪਣੀ ਰਾਈਫਲ ਨੂੰ ਨੇੜੇ ਕੀਤਾ ਅਤੇ ਕਈ ਪਠਾਣਾਂ ਨੂੰ ਮੌਤ ਦੇ ਘਾਟ ਉਤਾਰਦਾ ਹੋਇਆ ਸ਼ਹੀਦੀ ਪਾ ਗਿਆ। ਉਸ ਨੇ ਆਪਣੀ ਛਾਤੀ ਵਿੱਚ ਗੋਲੀ ਮਾਰ ਕੇ ਸ਼ਹਾਦਤ ਪ੍ਰਾਪਤ ਕੀਤੀ। ਇਸ ਉਪਰੰਤ ਸਾਰੇ ਵਾਤਾਵਰਨ ‘ਚ ਖਾਮੋਸ਼ੀ ਦਿਖਾਈ ਦੇਣ ਲੱਗੀ ਅਤੇ ਇਹ ਚੁੱਪ ਦਾ ਵਾਤਾਵਰਨ ਉਸ ਸਮੇਂ ਸਮਾਪਤ ਹੋਇਆ ਜਦੋਂ ਦੁਸ਼ਮਣ ਨੇ ਇਹ ਦੇਖਿਆ ਕਿ ਹੁਣ ਉਸਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ। ਪਠਾਣਾਂ ਨੇ ਮਰਿਆਂ ਪਿਆਂ ਜਵਾਨਾਂ ਤੋਂ ਬਦਲਾ ਲਿਆ। ਬੰਦੂਕਾਂ ਆਦਿ ਚੁੱਕਣ ਤੋਂ ਬਾਅਦ ਚੌਂਕੀ ਨੂੰ ਅੱਗ ਲਾ ਦਿੱਤੀ। ਇਸ ਤਰ੍ਹਾਂ ਇਨ੍ਹਾਂ ਬਹਾਦਰ ਸਿੰਘਾਂ ਨੇ ਇੱਕ-ਇੱਕ ਕਰਕੇ ਬੜੀ ਸੂਰਬੀਰਤਾ ਨਾਲ ਸ਼ਹਾਦਤ ਪ੍ਰਾਪਤ ਕੀਤੀ।

ਇਨ੍ਹਾਂ ਸੂਰਬੀਰ ਬਹਾਦਰਾਂ ਦੇ ਇਸ ਕਾਰਨਾਮੇ ਨੂੰ ਸਭ ਤੋਂ ਪਹਿਲਾਂ ਜਨਤਾ ਸਾਹਮਣੇ ਪੇਸ਼ ਕਰਨ ਦਾ ਸਿਹਰਾ ਅਲਾਹਾਬਾਦ ਦੇ ਉਸ ਸਮੇਂ ਦੇ ਦੈਨਿਕ ਅੰਗਰੇਜ਼ੀ ਅਖਬਾਰ ‘ਪਾਇਨੀਅਰ’ ਦੇ ਸਿਰ ਹੈ ਜਿਸ ਦੇ ਸੰਪਾਦਕ ਨੇ ਇਸ ਸਾਕੇ ਦੇ ਸਬੰਧ ਵਿੱਚ ਕਈ ਲੇਖ ਲਿਖੇ। ਇਨ੍ਹਾਂ ਲੇਖਾਂ ਦਾ ਨਤੀਜਾ ਇਹ ਹੋਇਆ ਕਿ ਬਰਤਾਨੀਆ ਵਿੱਚ ਇੱਕ ਐਜੀਟੇਸ਼ਨ ਸ਼ੁਰੂ ਹੋਈ ਤੇ ਹਰ ਪਾਸਿਓਂ ਇਹ ਮੰਗ ਉੱਠੀ ਕਿ ਇਨ੍ਹਾਂ ਸਿੰਘਾਂ ਨੇ ਜੋ ਸੂਰਬੀਰਤਾ ਦਿਖਾਈ ਹੈ ਉਸ ਵੱਲ ਧਿਆਨ ਦੇਣ ਦੀ ਲੋੜ ਹੈ। ਅਖਬਾਰਾਂ ਨੇ ਇਹ ਮੰਗ ਕੀਤੀ ਕਿ ਇਨ੍ਹਾਂ ਜਵਾਨਾਂ ਦੀ ਯਾਦ ਵਿੱਚ ਇੱਕ ਯਾਦਗਾਰ ਬਣਾਈ ਜਾਵੇ ਤਾਂ ਕਿ ਇਹ ਕੁਰਬਾਨੀ ਨਾ ਕਿ ਸਿੱਖ ਫੌਜ ਲਈ ਬਲਿਕ ਸਮੁੱਚੇ ਭਾਰਤ ਲਈ ਮਾਣ ਦੀ ਗੱਲ ਬਣ ਸਕੇ।

ਅਖ਼ਬਾਰ ਵਿਚ ਛਪੇ ਲੇਖਾਂ ਦੇ ਪ੍ਰਤੀਕਰਮ ਦੇ ਸਿੱਟੇ ਵੱਜੋਂ ਇਹ ਫੈਸਲਾ ਕੀਤਾ ਗਿਆ ਕਿ ਵਜ਼ੀਰਸਤਾਨ, ਜਿੱਥੇ ਇਨ੍ਹਾਂ ਜਵਾਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਕੇਸਰੀ ਬਾਗ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਖੇ ਇਨ੍ਹਾਂ 21 ਸਿੰਘ ਫੌਜੀਆਂ ਦੀ ਯਾਦਗਾਰ ਵਿੱਚ ਸਾਰਾਗੜੀ ਮੈਮੋਰੀਅਲ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਜਾਣ। ਇਨ੍ਹਾਂ 21 ਸ਼ਹੀਦਾਂ ਵਿੱਚੋਂ ਜ਼ਿਆਦਾ ਸ਼ਹੀਦਾਂ ਦਾ ਸਬੰਧ ਫਿਰੋਜ਼ਪੁਰ ਤੇ ਅੰਮ੍ਰਿਤਸਰ ਨਾਲ ਸੀ। ਇਤਿਹਾਸਕ ਸਾਰਾਗੜੀ ਗੁਰਦੁਆਰਾ ਫਿਰੋਜ਼ਪੁਰ ‘ਤੇ 27 ਹਜ਼ਾਰ ਇੱਕ ਸੌ 18 ਰੁਪਏ ਖਰਚ ਆਏ ਸਨ ਜੋ ਜਨਤਾ ਰਾਹੀਂ ਇਕਠੇ ਕੀਤੇ ਗਏ ਸਨ। ਇਹ ਗੁਰਦੁਆਰਾ ਸਾਹਿਬ 1902 ਵਿਚ ਬਣਾਇਆ ਗਿਆ ਅਤੇ ਇਸ ਦਾ ਉਦਘਾਟਨ 18 ਜਨਵਰੀ, 1904 ਨੂੰ ਪੰਜਾਬ ਦੇ ਉੁਸ ਸਮੇਂ ਦੇ ਲੈਫਟੀਨੈਂਟ ਗਵਰਨਰ ਸਰ ਚਾਰਲਸ ਮੌਂਟਗੁਮਰੀ ਰੀਵਾਜ ਨੇ ਕੀਤਾ ਸੀ।

ਇਸ ਉਪਰੰਤ ਇੰਡੀਅਨ ਹੀਰੋਜ਼ ਫੰਡ ਖੋਲ੍ਹਿਆ ਗਿਆ ਜਿਸ ਵਿੱਚ ਇਗਲੈਂਡ ਦੀ ਮਹਾਰਾਣੀ ਤੇ ਹੋਰਨਾਂ ਨੇ ਭਾਰਤ ਵਿੱਚ ਅਤੇ ਇੰਗਲੈਂਡ ਵਿੱਚ ਦਿਲ ਖੋਲ੍ਹ ਕੇ ਚੰਦਾ ਦਿੱਤਾ। ਇਨ੍ਹਾਂ 21 ਜਵਾਨਾਂ ਵਿਚ ਹਰ ਇੱਕ ਨੂੰ ਇੰਡੀਅਨ ਆਰਡਰ ਆਫ ਮੈਰਿਟ, ਜਿਹੜਾ ਕਿ ਉਸ ਸਮੇਂ ਉੱਚ ਸਰਵੋਤਮ ਜੰਗੀ ਇਨਾਮ ਸੀ, ਨਾਲ ਸਨਮਾਨਿਆ ਗਿਆ ਤੇ ਇਨ੍ਹਾਂ ਦੀਆਂ ਵਿਧਵਾਵਾਂ ਨੂੰ ਉਸ ਸਮੇਂ ਮੁਤਾਬਿਕ ਪੈਨਸ਼ਨ ਅਤੇ 500 ਰੁਪਏ ਨਕਦ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਆਸ਼ਰਿਤਾਂ ਨੂੰ 50-50 ਏਕੜ (ਦੋ-ਦੋ ਮੁਰੱਬੇ) ਜ਼ਮੀਨ ਦਿੱਤੀ ਗਈ ਸੀ। ਇਸ ਯੁੱਧ ਦਾ ਸ਼ੁਮਾਰ ਦੁਨੀਆਂ ਦੇ 10 ਬਿਹਤਰੀਨ ਯੁੱਧਾਂ ਵਿਚ ਕੀਤਾ ਜਾਂਦਾ ਹੈ। ਸਿੱਖ ਫੌਜੀਆਂ ਦੀ ਲਾਸਾਨੀ ਕੁਰਬਾਨੀ ਦਾ ਇਤਿਹਾਸ ਅੱਜ ਵੀ ਇਗਲੈਂਡ ਤੇ ਫਰਾਂਸ ਸਮੇਤ ਕਈ ਦੇਸ਼ਾਂ ਦੇ ਸਕੂਲਾਂ ਵਿਚ ਪੜ੍ਹਾਇਆ ਜਾਂਦਾ ਹੈ।

ਸਾਰਾਗੜੀ ਦੀ ਲੜਾਈ ਵਿਚ ਸ਼ਹੀਦ ਹੋਣ ਵਾਲੇ ਬਹਾਦਰ ਜਵਾਨਾਂ ਦੇ ਨਾਂਅ

  • ਹੌਲਦਾਰ ਈਸ਼ਰ ਸਿੰਘ,
  • ਨਾਇਕ ਲਾਭ ਸਿੰਘ,
  • ਲਾਂਸ ਨਾਇਕ ਚੰਦਾ ਸਿੰਘ,
  • ਸਿਪਾਹੀ ਸੁੱਧ ਸਿੰਘ,
  • ਸਾਹਿਬ ਸਿੰਘ,
  • ਉੱਤਮ ਸਿੰਘ,
  • ਨਰੈਣ ਸਿੰਘ,
  • ਗੁਰਮੁੱਖ ਸਿੰਘ,
  • ਜੀਵਨ ਸਿੰਘ,
  • ਰਾਮ ਸਿੰਘ,
  • ਹੀਰਾ ਸਿੰਘ,
  • ਦਇਆ ਸਿੰਘ,
  • ਭੋਲਾ ਸਿੰਘ,
  • ਜੀਵਨ ਸਿੰਘ,
  • ਗੁਰਮੁੱਖ ਸਿੰਘ,
  • ਭਗਵਾਨ ਸਿੰਘ,
  • ਰਾਮ ਸਿੰਘ,
  • ਬੂਟਾ ਸਿੰਘ,
  • ਜੀਵਨ ਸਿੰਘ,
  • ਅਨੰਦ ਸਿੰਘ
  • ਭਗਵਾਨ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.