ਪੰਜਾਬ

ਮੌਤ ਨਾਲ ਲੁਕਣ-ਮਿਚੀ ਖੇਡਣ ਵਾਲਾ ਸੰਦੀਪ ਕਈ ਵਰਿਆ ਬਾਅਦ ਪੁੱਜਾ ਵਤਨ

Sandeep, Been, Hiding, After, Death, Came, Power, After, Several, Years

2007 ‘ਚ ਹੋਏ ਕਤਲ ਦੇ ਦੋਸ਼ ‘ਚ ਹੋਈ ਸੀ ਫ਼ਾਂਸੀ ਦੀ ਸਜ਼ਾ

ਮੌਤ ਦੇ ਪੰਜਿਆਂ ‘ਚੋਂ ਬਚੇ ਕੇ ਆਏ ਸੰਦੀਪ ਨੂੰ ਵੇਖ ਭੁੱਬੀਂ ਰੋਏ ਭੈਣ-ਭਰਾ

ਅੰਮਿ੍ਤਸਰ, ਰਾਜਨ ਮਾਨ/ਸੱਚ ਕਹੂੰ ਨਿਊਜ਼

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਉਦਯੋਗਪਤੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਖਾੜੀ ਦੇਸ਼ਾਂ ਦੀਆਂ ਜੇਲਾਂ ਅੰਦਰ ਕਾਲ ਕੋਠੜੀਆਂ ‘ਚ ਮੌਤ ਦੀ ਸਜ਼ਾ ਨਾਲ ਜੂਝਣ ਵਾਲੇ ਪੰਜਾਬੀ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਕੀਤੇ ਜਾ ਰਹੇ ਵਿਲੱਖਣ ਕਾਰਜਾਂ ਦੇ ਅਧਿਆਏ ਵਿੱਚ ਅੱਜ ਉਸ ਵੇਲੇ ਇੱਕ ਹੋਰ ਪੰਨਾ ਜੁੜ ਗਿਆ ਜਦ ਉਨਾਂ ਵੱਲੋਂ 9 ਸਾਲ ਲਗਾਤਾਰ ਕੀਤੀ ਸਿਰਤੋੜ ਮਿਹਨਤ ਦੀ ਬਦੌਲਤ ਇੱਕ ਹੋਰ ਜਿੰਦੜੀ ਆਪਣੇ ਮਾਪਿਆਂ ਤੱਕ ਪੁੱਜੀ।ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਉਸ ਵੇਲੇ ਉਥੇ ਮੌਜ਼ੂਦ ਹਰ ਇੱਕ ਦੀ ਅੱਖ ਨਮ ਹੋ ਗਈ ਜਦ ਕਈ ਵਰਿਆਂ ਬਾਅਦ ਮੌਤ ਦੀ ਸਜ਼ਾ ਤੋਂ ਬਚ ਕੇ ਵਤਨ ਪੁੱਜੇ ਸੰਦੀਪ ਸਿੰਘ ਦਾ ਸਵਾਗਤ ਉਸ ਦੇ ਪਰਿਵਾਰ ਵੱਲੋਂ ਹਵਾਈ ਅੱਡੇ ਦੀ ਦਹਿਲੀਜ਼ ਨੂੰ ਆਪਣੇ ਅੱਥਰੂਆਂ ਨਾਲ ਧੋ ਕੇ ਕੀਤਾ ।

ਹਵਾਈ ਅੱਡੇ ਤੇ ਸੰਦੀਪ ਸਿੰਘ ਪੁੱਤਰ ਸਵ.ਅਜੀਤ ਸਿੰਘ ਵਾਸੀ ਖਾਨਗੁਰਾ ਜਿਲਾ ਕਪੂਰਥਲਾ ਨੂੰ ਹਵਾਈ ਅੱਡੇ ਤੋਂ ਮਾਪਿਆਂ ਸਮੇਤ ਲੈਣ ਪੁੱਜੇ ਸਰਬੱਤ ਦਾ ਭਲਾ ਟਰੱਸਟ ਦੇ ਮਾਝਾ ਜੋਨ ਦੇ ਪ੍ਧਾਨ ਸੁਖਜਿੰਦਰ ਸਿੰਘ ਹੇਰ,ਮੀਤ ਪ੍ਧਾਨ ਮਨਪੀ੍ਤ ਸਿੰਘ ਸੰਧੂ ਨੇ ਪੈ੍ਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਦੀਪ ਸਿੰਘ ਮਈ 2006 ਵਿੱਚ ਮਜ਼ਦੂਰੀ ਕਰਨ ਦੁਬਈ ਗਿਆ ਸੀ ਪਰ ਅਚਾਨਕ 29 ਨਵੰਬਰ 2007 ਨੂੰ ਮਨਦੀਪ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਪਿੰਡ ਸਿੰਘਪੁਰਾ,ਜਿਲਾ ਹੁਸ਼ਿਆਰਪੁਰ ਦੇ ਦੁਬਈ ‘ਚ ਹੋਏ ਕਤਲ ਦਾ ਇਲਜ਼ਾਮ ਸੰਦੀਪ ਸਿਰ ਲੱਗ ਗਿਆ ।

ਉਨਾਂ ਦੱਸਿਆ ਕਿ ਜਦ ਇਸ ਕੇਸ ਲਈ  ਡਾ.ਓਬਰਾਏ ਨਾਲ ਸੰਦੀਪ ਦੇ ਪਰਿਵਾਰਕ ਮੈਂਬਰਾਂ ਨੇ ਸੰਪਰਕ ਕਰ ਕੇ ਆਪਣੇ ਪੁੱਤ ਦੇ ਬੇਗੁਨਾਹ ਹੋਣ ਦੀ ਗੁਹਾਰ ਲਾਈ ਤਾਂ 2010 ‘ਚ ਇਹ ਕੇਸ ਆਪਣੇ ਹੱਥ ‘ਚ ਲੈ ਕੇ ਇਸ ਦੀ ਪੂਰੀ ਘੋਖ ਕਰਨ ਉਪਰੰਤ ਸੰਦੀਪ ਦੀ ਜਾਨ ਬਚਾਉਣ ਲਈ ਡਾ.ਓਬਰਾਏ ਨੂੰ 9 ਸਾਲ ਦੀ ਲੰਮੀ ਕਾਨੂੰਨੀ ਲੜਾਈ ਲੜਨੀ ਪਈ ਕਿਉਂਕਿ ਪਹਿਲਾਂ ਤਾਂ ਲੰਮਾ ਸਮਾਂ ਮਿ੍ਤਕ ਮਨਦੀਪ ਸਿੰਘ ਦੇ ਵਾਰਸਾਂ ਦਾ ਥਹੁ ਪਤਾ ਨਹੀਂ ਲੱਗਾ, ਫ਼ਿਰ ਜਦ ਡਾ.ਓਬਰਾਏ ਨੇ ਵੱਖ-ਵੱਖ ਸੰਚਾਰ ਸਾਧਨਾਂ ਦੀ ਮਦਦ ਲੈਂਦੇ ਹੋਏ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਉਨਾਂ ਨੂੰ ਮਿਲੇ ਅਤੇ ਆਪਣੇ ਕੋਲੋਂ ਬਲੱਡ ਮਨੀ ਦੇ ਉਨਾਂ ਨੂੰ ਸੰਦੀਪ ਦੀ ਜਾਨ ਬਖਸ਼ਣ ਲਈ ਰਾਜ਼ੀ ਕਰਨ ‘ਚ ਸਫ਼ਲ ਹੋ ਗਏ।

 ਡਾ.ਓਬਰਾਏ ਸੰਦੀਪ ਸਮੇਤ ਹੁਣ ਤੱਕ 94 ਨੌਜਵਾਨਾਂ ਦੀਆਂ ਬਚਾ ਚੁੱਕੇ ਹਨ ਕੀਮਤੀ ਜਾਨਾਂ

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਨੂੰ ਹੇਠਲੀ ਅਦਾਲਤ ਨੇ ਫ਼ਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਤੇ ਡਾ.ਓਬਰਾਏ ਵੱਲੋਂ ਪੈਰਵਾਈ ਕਰਨ ਤੇ ਹਾਈ ਕੋਰਟ ਨੇ ਇਸ ਸਜ਼ਾ ਨੂੰ ਫ਼ਾਂਸੀ ਤੋਂ ਉਮਰ ਕੈਦ ‘ਚ ਤਬਦੀਲ ਕਰ ਦਿੱਤਾ ਪਰ ਬਦਕਿਸਮਤੀ ਨੇ ਫ਼ਿਰ ਵੀ ਸੰਦੀਪ ਦਾ ਖਹਿੜਾ ਨਾ ਛੱਡਿਆ ਤੇ ਓਥੋਂ ਦੀ ਸੁਪਰੀਮ ਕੋਰਟ ਨੇ ਫ਼ਾਂਸੀ ਦੀ ਸਜ਼ਾ ਨੂੰ ਮੁੜ ਬਹਾਲ ਕਰ ਦਿੱਤਾ ਸੀ।ਉਨਾਂ ਇਹ ਵੀ ਦੱਸਿਆ ਕਿ ਡਾ.ਓਬਰਾਏ ਬਲੱਡ ਮਨੀ ਦੇ ਕੇ ਹੁਣ ਤੱਕ ਸੰਦੀਪ ਸਮੇਤ 94 ਨੌਜਵਾਨਾਂ ਦੀਆਂ ਕੀਮਤੀ ਜਾਨਾਂ ਬਚਾ ਚੁੱਕੇ ਹਨ।

ਹਵਾਈ ਅੱਡੇ ਤੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦੁਬਈ ਤੋਂ ਵਤਨ ਪੁੱਜੇ ਸੰਦੀਪ ਨੇ ਆਪਣੀ ਹੱਡ ਬੀਤੀ ਸੁਣਾਉਂਦਿਆਂ ਭਾਵੁਕ ਹੋ ਕੇ ਦੱਸਿਆ ਕਿ ਜੇਕਰ ਡਾ.ਓਬਰਾਏ ਉਸ ਦੀ ਬਾਂਹ ਨਾ ਫ਼ੜਦੇ ਤਾਂ ਓਹ ਕਦੋਂ ਦਾ ਨਜ਼ਾਇਜ ਹੀ ਫ਼ਾਂਸੀ ਦੇ ਤਖਤੇ ਤੇ ਝੂਲ ਜਾਂਦਾ। ਉਸ ਨੇ ਕਿਹਾ ਓਹ ਕਈ ਜਨਮਾਂ ਤੱਕ  ਡਾ.ਓਬਰਾਏ ਵੱਲੋਂ ਉਸ ਉੱਪਰ ਕੀਤੇ ਅਹਿਸਾਨਾਂ ਦਾ ਕਰਜ਼ਾ ਨਹੀਂ ਮੋੜ ਸਕਦਾ । ਇਸ ਮੌਕੇ ਮੌਜ਼ੂਦ ਸੰਦੀਪ ਦੇ ਭਰਾ ਹਰਜਿੰਦਰ ਸਿੰਘ,ਜਸਬੀਰ ਸਿੰਘ ਤੇ ਭੈਣ ਹਰਜਿੰਦਰ ਕੌਰ,ਭਾਣਜਾ ਗੁਰਪਿੰਦਰ ਸਿੰਘ,ਦਲਵਿੰਦਰ ਸਿੰਘ,ਭਾਬੀ ਸੋਨੀਆ ਆਦਿ ਨੇ ਵੀ ਡਾ.ਐੱਸ.ਪੀ.ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਰੱਬ ਰੂਪੀ ਇਨਸਾਨ ਦੀ ਬਦੌਲਤ ਹੀ ਆਪਣੇ ਜਿਊਂਦੇ ਭਰਾ ਦਾ ਮੂੰਹ ਵੇਖ ਸਕੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

ਪ੍ਰਸਿੱਧ ਖਬਰਾਂ

To Top