ਸਰਪੰਚਣੀ

ਸਰਪੰਚਣੀ

”ਏਸ ਵਾਰ ਸਾਰੇ ਭਈਏ ਚਲੇ ਗਏ ਨੇ ਬਿਹਾਰ ਤੇ ਯੂਪੀ ਨੂੰ… ਸੋ ਏਸ ਕਰਕੇ ਝੋਨਾ ਸਾਡੇ ਪਿੰਡ ਦੇ ਮਜ਼ਦੂਰ (ਵਿਹੜੇ ਵਾਲੇ) ਹੀ ਲਾਉਣਗੇ… ਸੋ ਪਿੰਡ ਵਾਲਿਓ! ਤੁਸੀਂ ਹੀ ਦੱਸੋ ਕਿ ਝੋਨੇ ਦੀ ਲਵਾਈ ਦਾ ਕੀ ਰੇਟ ਬੰਨ੍ਹੀਏ?” ਮੱਘਰ ਸਿਉਂ ਪੰਚਾਇਤ ਮੈਂਬਰ ਨੇ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸੀ। ”ਚਾਰ ਹਜ਼ਾਰ ਤਾਂ ਬੰਨ੍ਹਲੋ! ਪਿਛਲੀ ਵਾਰੀ ਤਿੰਨ ਹਜ਼ਾਰ ‘ਚ ਗੱਲ ਮੁੱਕੀ ਸੀ।” ਸਭ ਤੋਂ ਪਹਿਲਾਂ ਭੋਲੇ ਨੇ ਆਖਿਆ ਸੀ। ”ਹਾਂ-ਹਾਂ ਠੀਕ ਐ ਬਈ ਠੀਕ ਆ…” ਫੇਰ ਹੋਰ ਲੋਕਾਂ ਨੇ ਵੀ ਹਾਮੀ ਭਰ ਦਿੱਤੀ।

”ਤੇ ਲਓ ਫਿਰ ਪੰਚਾਇਤੀ ਮਤਾ ਤਿਆਰ ਹੈ…ਪਿੰਡ ‘ਚ ਝੋਨਾ ਲਵਾਈ ਦਾ ਰੇਟ ਚਾਰ ਹਜ਼ਾਰ ਬੰਨ੍ਹ ਦਿੱਤਾ ਹੈ… ਕੱਲ੍ਹ ਨੂੰ ਕੋਈ ਬੰਦਾ ਏਸ ਰੇਟ ਤੋਂ ਵੱਧ ਮਜ਼ਦੂਰੀ ਨਹੀਂ ਮੰਗੇਗਾ…? ਏਸ ਤੋਂ ਘੱਟ ਰੇਟ ‘ਤੇ ਭਾਵੇਂ ਕੋਈ ਵੀ ਝੋਨਾ ਲਾਉਣਾ ਚਾਹੇ ਤਾਂ ਉਹ ਉਸਦੀ ਮਰਜ਼ੀ ਹੈ… ਇਹ ਗੱਲ ਅਸੀਂ ਤਾਂ ਆਖ ਰਹੇ ਆਂ ਮਖਾਂ! ਕਈਆਂ ਦਾ ਸਾਡੇ ਵਰਗਿਆਂ ਨਾਲ ਪੁਰਾਣਾ ਭਰੱਪਾ ਵੀ ਤਾਂ ਹੁੰਦੈ!” ਫਿਰ ਸਾਰੇ ਪੰਚਾਇਤ ਮੈਂਬਰਾਂ ਤੇ ਲੰਬੜਦਾਰ ਨੇ ਵੀ ਆਪਣੇ ਦਸਤਖ਼ਤ ਕਰ ਦਿੱਤੇ ਸਨ । ਪਰ ਪਿੰਡ ਦੀ ਸਰਪੰਚਣੀ ਉੱਥੇ ਮੌਜ਼ੂਦ ਨਹੀਂ ਸੀ। ਪਤਾ ਲੱਗਾ ਸੀ ਕਿ ਉਹ ਤਾਂ ਅਠਾਈ ਸੌ ਪ੍ਰਤੀ ਕਿੱਲੇ ਦੇ ਰੇਟ ‘ਤੇ ਮੱਘਰ ਸਿਉਂ ਦੇ ਖੇਤਾਂ ਵਿੱਚ ਸੁਵਖ਼ਤੇ ਹੀ ਝੋਨਾ ਲਾਉਣ ਵਾਸਤੇ ਜਾ ਚੁੱਕੀ ਸੀ।
ਹੀਰਾ ਸਿੰਘ ਤੂਤ,
ਫਿਰੋਜ਼ਪੁਰ ਮੋ. 98724-55994

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ