ਸੱਚ ਕਹੂੰ ਨਿਊਜ਼ ਪਟਿਆਲਾ,
ਸਥਾਨਕ ਅਦਾਲਤ ‘ਚ ਚੱਲ ਰਹੇ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥਣ ਸਾਰੂ ਰਾਣਾ ਦੇ ਛੇੜਛਾੜ ਕੇਸ ਮਾਮਲੇ ਵਿੱਚ ਅੱਜ ਮਾਨਯੋਗ ਅਦਾਲਤ ਨੇ ਸਾਰੂ ਰਾਣਾ ਦੀ ਵੀਡੀਓ ਕਾਨਫਰੰਸਿੰਗ ਰਾਹੀ ਬਿਆਨ ਲੈਣ ਦੀ ਪਾਈ ਅਰਜ਼ੀ ਖਾਰਜ਼ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਾਰੂ ਰਾਣਾ ਦੇ ਵਕੀਲ ਸਤੀਸ਼ ਕਰਕਰਾ ਵੱਲੋਂ ਜੀਜੇਐਮ ਪੂਨਮ ਬਾਂਸਲ ਦੀ ਅਦਾਲਤ ਵਿੱਚ ਅਰਜ਼ੀ ਪਾਈ ਗਈ ਸੀ ਕਿ ਉਸਦੀ ਕਲਾਇਟ ਸਾਰੂ ਰਾਣਾ ਆਸਟਰੇਲੀਆ ਰਹਿ ਰਹੀ ਹੈ। ਇਸ ਲਈ ਉਸਦੇ ਬਿਆਨ ਵੀਡੀਓ ਕਾਨਫਰੰਸਿੰਗ ਰਾਹੀ ਲਏ ਜਾਣ, ਕਿਉਂਕਿ ਉਸਦਾ ਪਹੁੰਚਣਾ ਮੁਸ਼ਕਿਲ ਹੈ। ਇਸ ਸਬੰਧੀ ਅਦਾਲਤ ਨੇ ਫ਼ੈਸਲਾ ਸੁਣਾਉਦਿਆ ਸਾਰੂ ਰਾਣਾ ਦੀ ਅਰਜ਼ੀ ਖਾਰਜ਼ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਕੁਝ ਸਾਲ ਪਹਿਲਾਂ ਵਿਦਿਆਰਥਣ ਸਾਰੂ ਰਾਣਾ ਵੱਲੋਂ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵੀਸੀ ਡਾ. ਜਸਵੀਰ ਸਿੰਘ ਆਲੂਵਾਲੀਆ ਸਮੇਤ ਹੋਰਨਾਂ ‘ਤੇ ਛੇੜਛਾੜ ਦੇ ਕਥਿਤ ਦੋਸ਼ ਲਾਏ ਗਏ ਸਨ ਜਿਸ ਸਬੰਧੀ ਉਕਤ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ। ਪਹਿਲਾ ਤਾਂ ਭਾਵੇਂ ਸਾਰੂ ਰਾਣਾ ਇੱਥੇ ਸੀ ਪਰ ਉਹ ਕੁਝ ਸਮਾਂ ਪਹਿਲਾ ਆਸਟਰੇਲੀਆ ਚਲੀ ਗਈ ਸੀ।