ਸੌਰਭ ਨੇ ਵਧਾਇਆ ਭਾਰਤ ਦਾ ਗੌਰਵ

0
316

ਏਸ਼ੀਆਡ ਤੀਸਰਾ ਦਿਨ: ਭਾਰਤ ਨੇ ਜਿੱਤੇ ਪੰਜ ਤਗਮੇ

ਏਸ਼ੀਆਈ ਰਿਕਾਰਡ ਬਣਾ ਕੇ ਜਿੱਤਿਆ ਸੋਨ

ਜਕਾਰਤਾ, 21 ਅਗਸਤ

ਨੌਜਵਾਨ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ 18ਵੀਆਂ ਏਸ਼ੀਆਈ ਖੇਡਾਂ ‘ਚ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ਮੁਕਾਬਲੇ ‘ਚ ਦੇਸ਼ ਲਈ ਸੋਨ ਤਗਮਾ ਹਾਸਲ ਕੀਤਾ ਜਦੋਂਕਿ ਇਸ ਮੁਕਾਬਲੇ ‘ਚ ਅਭਿਸ਼ੇਕ ਵਰਮਾ ਨੇ ਵੀ ਪੋਡੀਅਮ ‘ਤੇ ਜਗ੍ਹਾ ਬਣਾਉਂਦੇ ਹੋਏ ਕਾਂਸੀ ਤਗਮਾ ਜਿੱਤਿਆ
16 ਸਾਲ ਦੇ ਨੌਜਵਾਨ ਨਿਸ਼ਾਨੇਬਾਜ਼ ਨੇ ਜੇਐਸਸੀ ਸ਼ੂਟਿੰਗ ਰੇਂਜ਼ ‘ਚ ਹੋਏ ਫਾਈਨਲ ‘ਚ ਏਸ਼ੀਆਈ ਖੇਡਾਂ ਦਾ ਰਿਕਾਰਡ ਬਣਾਉਂਦੇ ਹੋਏ 240.7 ਅੰਕਾਂ ਨਾਲ ਅੱਵਲ ਸਥਾਨ ਹਾਸਲ ਕੀਤਾ ਅਤੇ ਸੋਨਾ ਜਿੱਤਿਆ ਭਾਰਤ ਲਈ ਇਸ ਮੁਕਾਬਲੇ ‘ਚ ਦੂਸਰਾ ਤਗਮਾ ਅਭਿਸ਼ੇਕ ਨੇ ਜਿੱਤਿਆ 29 ਸਾਲ ਦੇ ਨਿਸ਼ਾਨੇਬਾਜ਼ ਨੇ 219.3 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕਰਕੇ ਕਾਂਸੀ ਤਗਮਾ ਜਿੱਤਿਆ ਇਸ ਵਰਗ ਦਾ ਚਾਂਦੀ ਤਗਮਾ ਜਾਪਾਨ ਦੇ ਤੋਮੋਯੂਕੀ ਤਾਤਸੁਦਾ ਨੇ 239.7 ਅੰਕਾਂ ਨਾਲ ਦੂਸਰੇ ਸਥਾਨ ‘ਤੇ ਰਹਿ ਕੇ ਹਾਸਲ ਕੀਤਾ

 
ਫਾਈਨਲ ‘ਚ ਸੌਰਭ ਕਾਫ਼ੀ ਸਮੇਂ ਤੱਕ ਵਾਧੇ ਨਾਲ ਦੂਸਰੇ ਸਥਾਨ ‘ਤੇ ਬਣੇ ਰਹੇ ਪਰ ਜਿਵੇਂ ਹੀ ਮਾਤਸੁਦਾ ਨੇ 8.9 ਦਾ ਸ਼ਾੱਟ ਲਾਇਆ ਸੌਰਭ ਨੂੰ ਮਜ਼ਬੂਤ ਵਾਧਾ ਮਿਲ ਗਿਆ ਅਤੇ ਉਸਦੇ ਆਖ਼ਰੀ ਪਲਾਂ ‘ਚ 10.2 ਦੇ ਸ਼ਾੱਟ ਦੇ ਨਾਲ ਉਹ ਸਿਖ਼ਰ ‘ਤੇ ਆ ਗਿਆ ਇਸ ਤੋਂ ਪਹਿਲਾਂ ਕੁਆਲੀਫਿਕੇਸ਼ਨ ਗੇੜ ‘ਚ ਵੀ ਸੌਰਭ ਨੇ ਲਾਜਵਾਬ ਪ੍ਰਦਰਸ਼ਨ ਕੀਤਾ ਸੀ ਅਤੇ ਉਹ 586 ਦੇ ਸਭ ਤੋਂਜ਼ਿਆਦਾ ਦੇ ਸਕੋਰ ਨਾਲ ਅੱਵਲ ਰਿਹਾ ਸੀ ਜਦੋਂਕਿ ਅਭਿਸ਼ੇਕ ਨੇ 580 ਅੰਕਾਂ ਨਾਲ ਛੇਵੇਂ ਸਥਾਨ ‘ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ ਇਸ ਤਰ੍ਹਾਂ ਇਸ ਈਵੇਂਟ ‘ਚ ਨਿੱਤਰੇ ਦੋਵੇਂ ਭਾਰਤੀਆਂ ਨੇ ਭਾਰਤ ਲਈ ਪਦਕ ਜਿੱਤੇ

 

ਸੀਨੀਅਰ ਪੱਧਰ ‘ਤੇ ਦੋਵਾਂ ਦਾ ਪਹਿਲਾ ਤਗਮਾ

ਮੇਰਠ ਦੇ ਸੌਰਭ ਨੇ ਇਸ ਦੇ ਨਾਲ 18ਵੀਆਂ ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਨਿਸ਼ਾਨੇਬਾਜ਼ੀ ‘ਚ ਪਹਿਲਾ ਸੋਨ ਤਗਮਾ ਦਿਵਾਇਆ ਜਦੋਂਕਿ ਏਸ਼ੀਆਈ ਖੇਡਾਂ ਦੇ ਇਤਿਹਾਸ ‘ਚ ਇਹ ਭਾਰਤ ਦਾ ਕੁੱਲ ਅੱਠਵਾਂ ਨਿਸ਼ਾਨੇਬਾਜ਼ੀ ਸੋਨ ਤਗਮਾ ਹੈ ਉੱਥੇ ਸੀਨੀਅਰ ਪੱਧਰ ‘ਤੇ ਨੌਜਵਾਨ ਨਿਸ਼ਾਨੇਬਾਜ਼ ਦਾ ਇਹ ਪਹਿਲਾ ਤਗਮਾ ਹੈ ਉਹ ਇਸ ਤੋਂ ਪਹਿਲਾਂ ਸਾਲ 2017 ਦੇ ਏਸ਼ੀਅਨ ਚੈਂਪੀਅਨਸ਼ਿਪ ‘ਚ 10 ਮੀਟਰ ਏਅਰ ਪਿਸਟਲ ਵਰਗ ‘ਚ ਚੌਥੇ ਸਥਾਨ ‘ਤੇ ਰਿਹਾ ਸੀ ਪੇਸ਼ੇ ਦੇ ਵਕੀਲ ਅਭਿਸ਼ੇਕ ਲਈ ਵੀ ਇਹ ਕਿਸੇ ਵੱਡੇ ਅੰੰਤਰਰਾਸ਼ਟਰੀ ਪੱਧਰ ‘ਤੇ ਸ਼ੁਰੂਆਤ ਹੈ, ਜਿਸ ਨੇ ਪਹਿਲਾਂ ਕਦੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ‘ਚ ਵੀ ਹਿੱਸਾ ਨਹੀਂ ਲਿਆ

 

 

ਭਾਰਤ ਨੂੰ ਪਹਿਲੀ ਵਾਰ ਇਸ ਈਵੇਂਟ ‘ਚ ਸੋਨ ਤਗਮਾ

 

ਭਾਰਤ ਲਈ ਇਹ ਤਗਮਾ ਇਸ ਲਈ ਵੀ ਅਹਿਮ ਹੈ ਕਿਉਂਕਿ ਇਸ ਵਰਗ ‘ਚ ਹੁਣ ਤੱਕ ਸਿਰਫ਼ 2010 ‘ਚ ਗਵਾਂਗਝੂ ਖੇਡਾਂ ‘ਚ ਹੀ ਭਾਰਤ ਦੇ ਵਿਜੇ ਕੁਮਾਰ ਨੇ ਕਾਂਸੀ ਤਗਮਾ ਜਿੱਤਿਆ ਸੀ ਸੌਰਭ ਅਤੇ ਅਭਿਸ਼ੇਕ ਨੇ ਰਾਸ਼ਟਰੀ ਚੋਣ ਟਰਾਇਲ ‘ਚ ਤਜ਼ਰਬੇਕਾਰ ਜੀਤੂ ਰਾਏ ਅਤੇ ਓਮ ਮਿਥਰਵਾਲ ਨੂੰ ਮਾਤ ਦਿੰਦੇ ਹੋਏ ਖੇਡਾਂ ਲਈ ਭਾਰਤੀ ਦਲ ‘ਚ ਜਗ੍ਹਾ ਬਣਾਈ ਸੀ ਏਸ਼ੀਆਈ ਖੇਡਾਂ ‘ਚ ਸਾਲ 1974 ਦੀਆਂ ਤਹਿਰਾਨ ਖੇਡਾਂ ‘ਚ ਨਿਸ਼ਾਨੇਬਾਜ਼ੀ ਦੀ ਇਸ ਈਵੇਂਟ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਖੇਡਾਂ ਦੇ ਆਖ਼ਰੀ 11 ਸੰਸਕਰਨਾਂ ‘ਚ ਚੀਨ ਨੇ ਇਸ ਵਿੱਚ ਸਭ ਤੋਂ ਜ਼ਿਆਦਾ ਸੱਤ ਤਗਮੇ ਜਿੱਤੇ ਹਨ ਜਦੋਂਕਿ ਕੋਰੀਆ ਨੇ ਦੋ ਅਤੇ ਜਾਪਾਨ ਅਤੇ ਉੱਤਰੀ ਕੋਰੀਆ ਦੇ ਕੋਲ ਇੱਕ-ਇੱਕ ਤਗਮਾ ਹੈ ਪਰ ਇਸ ਸੂਚੀ ‘ਚ ਹੁਣ ਭਾਰਤ ਦਾ ਨਾਂਅ ਵੀ ਜੁੜ ਗਿਆ ਹੈ

ਕੁਆਲੀਫਿਕੇਸ਼ਨ ‘ਚ ਚੈਂਪੀਅਨ ਨੂੰ ਪਿੱਛੇ ਛੱਡਿਆ

ਕੁਆਲੀਫਿਕੇਸ਼ਨ ‘ਚ ਸੌਰਭ ਨੇ 40 ਤਜ਼ਰਬੇਕਾਰ ਨਿਸ਼ਾਨੇਬਾਜ਼ਾਂ ਦੀ ਫੀਲਡ ‘ਚ ਗੇਮਜ਼ ਰਿਕਾਰਡ ਬਣਾਉਂਦੇ ਹੋਏ ਪਹਿਲਾ ਸਥਾਨ ਬਣਾਇਆ ਅਤੇ ਉਹ ਸਾਬਕਾ ਓਲੰਪਿਕ ਚੈਂਪੀਅਨ ਕੋਰੀਆ ਦੇ ਜਿਨ ਜੋਂਗੋਹ ਤੋਂ ਦੋ ਅੰਕ ਅੱਗੇ ਰਹੇ ਸੌਰਭ ਨੇ ਇਸ ਤੋਂ ਪਹਿਲਾਂ ਇਸ ਵਰਗ ‘ਚ ਜਰਮਨੀ ‘ਚ ਆਈਐਸਐਸਐਫ ਜੂਨੀਅਰ ਵਿਸ਼ਵ ਕੱਪ ‘ਚ 243.7 ਅੰਕਾਂ ਨਾਲ ਵਿਸ਼ਵ ਰਿਕਾਰਡ ਬਣਾਉਂਦੇ ਹੋਏ ਸੋਨ ਤਗਮਾ ਜਿੱਤਿਆ ਸੀ

 

ਸੌਰਭ ਨੂੰ ਮਿਲਣਗੇ 50 ਲੱਖ ਅਤੇ ਨੌਕਰੀ

ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਅਦਿਤਿਆਨਾਥ ਨੇ ਸੋਨ ਤਗਮਾ ਜਿੱਤਣ ਵਾਲੇ ਸੌਰਭ ਚੌਧਰੀ ਲਈ 50 ਲੱਖ ਰੁਪਏ ਨਗਦ ਇਨਾਮ ਦਾ ਐਲਾਨ ਕੀਤਾ ਮੁੱਖਮਤਰੀ ਨੇ ਸੌਰਭ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਰਾਜ ਸਰਕਾਰ ਸੌਰਭ ਨੂੰ 50 ਲੱਖ ਰੁਪਏ ਦੇ ਨਗਦ ਇਨਾਮ ਦੇ ਨਾਲ ਰਾਜ ਪੱਧਰ ਦੇ ਅਹੁਦੇ ਦੀ ਨੌਕਰੀ ਦਾ ਵਾਅਦਾ ਕਰਦੀ ਹੈ

ਨਹੀਂ ਸਮਝ ਆਉਂਦੀ ਸੀ ਕੋਚ ਦੀ ਭਾਸ਼ਾ

ਮੇਰਠ ਜਕਾਰਤਾ ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਸੋਨ ਤਗਮੇ ਨਾਲ ਮਾਣ ਦਿਵਾਉਣ ਵਾਲੇ ਬਾਗਪਤ ਦੇ ਖਪਰਾਨਾ ‘ਚ 9ਵੀਂ ਦੀ ਪੜ੍ਹਾਈ ਪੂਰੀ ਕਰ ਚੁੱਕੇ ਮੇਰਠ ਦੇ ਕਲੀਨਾ ਪਿੰਡ ਦੇ ਸੌਰਭ ਚੌਧਰੀ ਨੂੰ ਇੰਡੀਆ ਕੈਂਪ ‘ਚ ਆਪਣੀ ਸਿਖ਼ਲਾਈ ਦੌਰਾਨ ਅੰਗਰੇਜ਼ ਕੋਚ ਦੀ ਭਾਸ਼ਾ ਨਹੀਂ ਸਮਝ ਆਉਂਦੀ ਸੀ ਸਟਾਰ ਸ਼ੂਟਰ ਜੀਤੂ ਰਾਏ ਦੇ ਸਥਾਨ ‘ਤੇ ਜਕਾਰਤਾ ਏਸ਼ੀਆਈ ਖੇਡ ਦਲ ‘ਚ ਸ਼ਾਮਲ ਸੌਰਭ ਦਾ ਧਿਆਨ ਸਿਰਫ਼ ਅੰਗਜੇਜ਼ ਕੋਚ ਦੇ ਹਾਵ-ਭਾਵ ‘ਤੇ ਰਹਿੰਦਾ ਸੀ ਇਕਾਗਰ ਹੋ ਕੇ ਸਮਝਣ ਵਾਲੇ ਸੌਰਭ ਨੇ ਆਪਣੀ ਇਕਾਗਰਤਾ ਦੇ ਦਮ ‘ਤੇ ਸਾਬਤ ਕਰ ਦਿੱਤਾ ਕਿ ਹੁਨਰ ਕਿਸੇ ਭਾਸ਼ਾ ਦਾ ਮੋਹਤਾਜ਼ ਨਹੀਂ ਹੁੰਦਾ ਅਰਜੁਨ ਵਾਂਗ ਨਿਸ਼ਾਨੇ ‘ਤੇ ਨਜ਼ਰ ਰੱਖਣ ਵਾਲੇ ਸੌਰਭ ਨੇ ਕੋਚ ਦੇ ਭਾਵਾਂ ਨੂੰ ਸਮਝਦੇ ਹੋਏ ਦਿੱਲੀ ਦੀ ਕਰਣੀ ਸਿੰਘ ਸ਼ੂਟਿੰਗ ਰੇਂਜ਼ ‘ਚ ਨਿਸ਼ਾਨੇਬਾਜ਼ੀ ਦੀ ਧਾਰ ਤਿੱਖੀ ਕੀਤੀ ਹਾਲਾਂਕਿ ਦੂਸਰੇ ਕੋਚ ਭਾਰਤ ਦੇ ਸ਼ੂਟਰ ਰਹੇ ਜਸਪਾਲ ਰਾਣਾ ਨੇ ਵੀ ਉਸਦੀ ਮੱਦਦ ਕੀਤੀ ਖੇਡ ਪੰਡਿਤਾਂ ਦੀ ਮੰਨੀਏ ਤਾਂ ਅਜਿਹੀ ਇਗਾਗਰਤਾ ਦਾ ਸ਼ੂਟਰ ਦੇਸ਼ ਭਰ ‘ਚ ਨਹੀਂ ਹੈ

 
ਅਪਰੈਲ 2015 ਤੋਂ ਬਿਨੌਲੀ ਸ਼ੂਟਿੰਗ ਰੇਂਜ਼ ਤੋਂ ਸ਼ੂਟਿੰਗ ਕਰਨ ਵਾਲੇ ਸੌਰਭ ਦੇ ਕਿਸਾਨ ਪਰਿਵਾਰ ਲਈ ਇਸ ਮਹਿੰਗੀ ਖੇਡ ਦਾ ਖ਼ਰਚ ਚੁੱਕਣਾ ਮੁਸ਼ਕਲ ਸੀ ਪਰ ਸੌਰਭ ਦੀ ਲਗਨ ਦੇਖ ਕੇ ਉਹਨਾਂ ਪੰਜ ਮਹੀਨੇ ਬਾਅਦ ਪਿਸਟਲ ਖ਼ਰੀਦ ਦਿੱਤੀ ਸੌਰਭ ਦਾ ਪੜ੍ਹਾਈ ‘ਚ ਭਾਵੇਂ ਦਿਲ ਨਹੀਂ ਲੱਗਾ, ਪਰ ਤਗਮੇ ਲਈ ਦਿਲ ਲਾਉਣ ‘ਚ ਨਹੀਂ ਖੁੰਝੇ ਸੌਰਭ ਦੇ ਭਰਾ ਨਿਤਿਨ ਨੇ ਦੱਸਿਆ ਕਿ ਸੌਰਭ ਸਿਰਫ਼ ਖੇਡ ਲਈ ਹੀ ਬਣਿਆ ਹੈ ਉਹ ਅੱਠ-ਅੱਠ ਘੰਟੇ ਇਕਾਗਰਤਾ ਨਾਲ ਅਭਿਆਸ ਕਰਦਾ ਹੈ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।