ਰੁੱਤ ਦਲ ਬਦਲੂਆਂ ਦੀ ਆਈ

0
91

ਰੁੱਤ ਦਲ ਬਦਲੂਆਂ ਦੀ ਆਈ

ਪੰਜਾਬ ਵਿੱਚ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ 2022 ਦੀਆਂ ਤਿਆਰੀਆਂ ਲਈ ਰਾਜਨੀਤਿਕ ਪਾਰਟੀਆਂ ਨੇ ਆਪਣੇ-ਆਪਣੇ ਵਰਕਰਾਂ ਦੀਆਂ ਅਹੁਦੇਦਾਰੀਆਂ ਵਿੱਚ ਫੇਰ-ਬਦਲ ਕਰਨ ਅਤੇ ਨਵੇਂ ਵਰਕਰਾਂ ਨੂੰ ਸ਼ਹਿਰਾਂ ਤੇ ਪਿੰਡਾਂ ਵਿੱਚ ਪਾਰਟੀਆਂ ਦੇ ਤੌਰ ’ਤੇ ਨਵੇਂ ਅਹੁਦੇਦਾਰ ਬਣਾ ਕੇ ਸਰਗਰਮ ਕਰਨ ਦਾ ਸਿਲਸਿਲਾ ਜੋਰਾਂ ’ਤੇ ਚੱਲ ਪਿਆ ਹੈ ਤਾਂ ਕਿ ਆਉਣ ਵਾਲੀਆਂ ਚੋਣਾਂ ਲਈ ਵਰਕਰਾਂ ਵਿੱਚ ਉਤਸ਼ਾਹ ਭਰਿਆ ਜਾਵੇ।

ਇਸ ਤਰ੍ਹਾਂ ਹੀ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰੀਆਂ ਦੀਆਂ ਟਿਕਟਾਂ ਦੇ ਦਾਅਵੇਦਾਰਾਂ ਨੇ ਵੀ ਭੱਜ-ਨੱਠ ਸ਼ੁਰੂ ਕਰ ਦਿੱਤੀ ਹੈ। ਵਿਧਾਨ ਸਭਾ ਦੀਆਂ ਚੋਣਾਂ ਲੜਨ ਦੇ ਚਾਹਵਾਨ ਜਿਨ੍ਹਾਂ ਨੂੰ ਪਾਰਟੀਆਂ ਵਿੱਚ ਟਿਕਟ ਮਿਲਣ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ ਉਹ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਧੜਾਧੜ ਜਾ ਰਹੇ ਹਨ ਪਰ ਪਿੰਡਾਂ ਵਿੱਚ ਵੋਟਰਾਂ ਦਾ ਕਹਿਣਾ ਹੈ ਕਿ ਜੋ ਲੋਕ ਸੱਤਾ ਵਿੱਚ ਆਉਣ ਲਈ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਜਾ ਰਹੇ ਉਨ੍ਹਾਂ ਨੂੰ ਵੋਟ ਤਾਂ ਕੀ ਪਿੰਡਾਂ ਵਿੱਚ ਲੋਕ ਮੂੰਹ ਵੀ ਨਹੀਂ ਲਾਉਣਗੇ। ਇਹ ਉਹ ਫਸਲੀ ਬਟੇਰੇ ਹਨ ਜੋ ਹੁਣ ਤੱਕ ਜਿਸ ਪਾਰਟੀ ਨੂੰ ਨਿੰਦਦੇ ਆ ਰਹੇ ਸਨ ਪਰ ਹੁਣ ਆਪ ਹੀ ਉਸ ਪਾਰਟੀ ਵਿੱਚ ਸ਼ਾਮਲ ਹੋ ਕੇ ਐਮਐਲੇਏ ਦੀ ਟਿਕਟ ਦੇ ਦਾਅਵੇਦਾਰ ਬਣ ਜਾਂਦੇ ਹਨ। ਦਲਬਦਲੂ ਲੋਕ ਮੌਕਾਪ੍ਰਸਤ ਹੁੰਦੇ ਹਨ ਇਹ ਹਵਾ ਦੇ ਝੁਕਾਅ ਨਾਲ ਹੀ ਜਿਸ ਪਾਰਟੀ ਦੀ ਚੜ੍ਹਤ ਵਿਖਾਈ ਦਿੰਦੀ ਹੈ ਉਸ ਪਾਰਟੀ ਵਿੱਚ ਹੀ ਸ਼ਾਮਲ ਹੋ ਜਾਂਦੇ ਹਨ।

ਇਹੋ-ਜਿਹੇ ਆਗੂਆਂ ਨੂੰ ਹੁਣ ਪਿੰਡਾਂ ’ਚ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਸੱਤਾਧਾਰੀ ਪਾਰਟੀਆਂ ਦੇ ਆਗੂਆਂ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਲਈ ਵੀ ਜਵਾਬਦੇਹ ਹੋਣਾ ਪਵੇਗਾ। ਇਸ ਤੋਂ ਪਿੱਛੇ ਪੰਜਾਬ ’ਤੇ ਲਗਾਤਾਰ ਦਸ ਸਾਲ ਰਾਜ ਕਰਨ ਵਾਲੀ ਅਕਾਲੀ ਦਲ ਬਾਦਲ ਪਾਰਟੀ ਵੀ ਲੋਕਾਂ ਦੀ ਕਚਹਿਰੀ ਵਿੱਚ ਉੱਤਰਨ ਲਈ ਵਿੳਂੁਤਬੰਦੀ ਬਣਾਉਂਦੀ ਹੈ ਪਰ ਇਸ ਰਾਜਨੀਤਿਕ ਪਾਰਟੀ ’ਤੇ ਤਾਂ ਹੁਣ ਇਹ ਕਹਾਵਤ ਢੁੱਕਦੀ ਨਜ਼ਰ ਆ ਰਹੀ ਹੈ ਕਿ ‘ਸਰਦਾਰ ਜੀ ਰਾਈਫਲ ਦਾ ਮੂੰਹ ਪਰੇ ਨੂੰ ਰੱਖੋ! ਇਹ ਤਾਂ ਖਾਲੀ ਹੈ! ਸਰਦਾਰ ਜੀ ਜਦ ਮਾੜੇ ਦਿਨ ਹੋਣ ਤਾਂ ਇਹ ਖਾਲੀ ਵੀ ਚੱਲ ਜਾਂਦੀ ਹੈ’।

ਪੰਜਾਬ ਦੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਵਿੱਚ ਜੋ ਵਿਧਾਇਕ ਜਿੱਤੇ ਸਨ ਹੁਣ ਉਨ੍ਹਾਂ ਵਿੱਚੋਂ ਵੀ ਕੁਝ ਆਪਣੀ ਪਾਰਟੀ ਛੱਡ ਕੇ ਦੂਸਰੀਆਂ ਰਾਜਨੀਤਿਕ ਪਾਰਟੀ ਵਿੱਚ ਜਾ ਰਹੇ ਹਨ ਪਰ ਕੁਝ ਨਵੇਂ ਚਿਹਰੇ ਜੋ ਅਫਸਰਸ਼ਾਹੀ ਛੱਡ ਕੇ ਸ਼ਾਮਿਲ ਹੋ ਰਹੇ ਹਨ ਉਨ੍ਹਾਂ ਦੇ ਭਵਿੱਖ ਦਾ ਆਉਣ ਵਾਲੀਆਂ ਚੋਣਾਂ ਵਿੱਚ ਹੀ ਪਤਾ ਲੱਗੇਗਾ ਕਿ ਇਨ੍ਹਾਂ ਚਿਹਰਿਆਂ ਦਾ ਵੋਟਰਾਂ ’ਤੇ ਕੀ ਪ੍ਰਭਾਵ ਪੈਂਦਾ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਨੂੰ ਸਵਾਲਾਂ ਦੀਆਂ ਝੜੀਆਂ ਲਾ ਕੇ ਲੋਕ ਮੁੜ੍ਹਕੋ-ਮੁੜ੍ਹਕੀ ਕਰਨ ਲਈ ਤਿਆਰ-ਬਰ-ਤਿਆਰ ਹਨ। ਹੁਣ ਰਾਜਨੀਤਿਕ ਪਾਰਟੀਆਂ ਦਾ ਚੋਣਾਂ ਵਿੱਚ ਲਾਰਿਆਂ ਨਾਲ ਕੰਮ ਚੱਲਦਾ ਨਜ਼ਰ ਨਹੀਂ ਆ ਰਿਹਾ, ਜੋ ਕਿਹਾ ਉਹ ਕਰਕੇ ਵਿਖਾਉਣਾ ਪਵੇਗਾ ਤਾਂ ਹੀ ਅਗਲੀਆਂ ਚੋਣਾਂ ਵਿੱਚ ਲੋਕਾਂ ਦਾ ਸਾਹਮਣੇ ਖੜਿ੍ਹਆ ਜਾ ਸਕੇਗਾ।
ਪਿੰਡ ਨਥਾਣਾ, ਜਿਲਾ ਬਠਿੰਡਾ
ਮੋ. 94170-79435

ਗੁਰਜੀਵਨ ਸਿੰਘ ਸਿੱਧੂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ