ਛਾਂ

ਛਾਂ
ਮੈਂ ਨਿਮਾਣੀ ਜਿਹੀ ਛਾਂ ਵੇ ਅੜਿਆ,
ਮੇਰੀ ਪੱਕੀ ਠਹੁਰ ਨਾ ਥਾਂ ਵੇ ਅੜਿਆ
ਮੈਂ ਰੁੱਖਾਂ ਦਾ ਪਰਛਾਵਾਂ,
ਛਾਂ ਲੋਕਾਂ ਰੱਖਿਆ ਨਾਂ ਵੇ ਅੜਿਆ
ਸੂਰਜ ਦੀ ਧੁੱਪ ਸੋਕਣ ਪੱਤੇ,
ਰਹਿ ਕੇ ਵਿਚ ਰਜ਼ਾਅ ਵੇ ਅੜਿਆ
ਬੈਠ ਕੇ ਹੇਠ ਰੁੱਖਾਂ ਦੀ ਛਾਵੇਂ,
ਸੁੱਖ ਦੇ ਪਲ ਬਿਤਾ ਵੇ ਅੜਿਆ
ਸੂਰਜ ਅਸਤ ਪਸਤ ਪ੍ਰਵਾਹ ਨਾਲ,
ਮੇਰਾ ਵਹੇ ਵਹਾਅ ਵੇ ਅੜਿਆ
ਕੋਈ ਸੁਗੰਧ ਨਾ ਦੁਰਗੰਧ ਮੈਂ ਉਗਲਾਂ,
ਦੇਵਾਂ ਸੁੱਖਾਂ ਦਾ ਪੈਗਾਮ ਵੇ ਅੜਿਆ
ਰੁੱਖ ਹਰੇ-ਭਰੇ ਤਾਂ ਮੇਰੀ ਹੋਂਦ,
ਆਖਣ ਸੰਘਣੀ ਸੀਤਲ ਛਾਂ ਵੇ ਅੜਿਆ
ਲੋਕੋ ਮੈਂ ਆਪਣੀ ਕੀ ਦੱਸਾਂ ਪਛਾਣ,
ਮੇਰਾ ਰੰਗ ਕਾਲਾ ਜਿਉਂ ਕਾਂ ਵੇ ਅੜਿਆ
ਰੁੱਖ ‘ਤੇ ਜਦੋਂ ਕੁਹਾੜਾ ਫਿਰਦੈ,
ਮਿਟ ਜਾਂਦਾ ਮੇਰਾ ਨਾਂਅ ਵੇ ਅੜਿਆ
‘ਜੇਈ’ ਜੱਗ ‘ਤੇ ਵੱਧ ਘਣਛਾਵਾਂ ਬੂਟਾ,
ਮਾਂ ਦੀ ਸੀਤਲ ਛਾਂ ਵੇ ਅੜਿਆ
ਜਨਮਦਾਤੀ ਬਣ ਸੇਵਾ ਕਰਦੀ,
ਕਦਰ ਉਸਦੀ ਪਾ ਵੇ ਅੜਿਆ
ਮੈਂ ਰੁੱਖਾਂ ਦਾ ਪਰਛਾਵਾਂ,
ਛਾਂ ਲੋਕਾਂ ਰੱਖਿਆ ਨਾਂ ਵੇ ਅੜਿਆ
ਬਲਬੀਰ ਸਿੰਘ ਜੇਈ,
ਭਿੰਡਰ ਖੁਰਦ, ਮੋਗਾ
ਮੋ. 95926-86634
ਦੋ ਹੱਥ
ਇਹ ਦੋ ਹੱਥ
ਜੋ ਜਨਮ ਤੋਂ
ਸਾਡੇ ਨਾਲ ਹੀ ਨੇ
ਜੋ ਸਭ ਕੋਲ ਹੁੰਦੇ ਨੇ
ਕਈਆਂ ਕੋਲ ਨਹੀਂ ਵੀ ਹੁੰਦੇ
ਕੁਝ ਹੱਥ ਕਿਰਤੀਆਂ ਦੇ ਹਿੱਸੇ ਆਉਂਦੇ ਨੇ
ਕੁਝ ਹੱਥ ਝੋਲੀਆਂ ਭਰਦੇ ਨੇ
ਕੁਝ ਹੱਥ ਲੁਟੇਰੇ ਹੋ ਜਾਂਦੇ ਨੇ
ਕੁਝ ਹੱਥ ਹੱਥਾਂ ਨੂੰ ਖਾਂਦੇ ਨੇ
ਕੁਝ ਹੱਥ ਤੀਰ ਚਲਾਉਂਦੇ ਨੇ
ਕੁਝ ਹੱਥ ਵਾਰੋਂ ਬਚਾਉਂਦੇ ਨੇ
ਕੁਝ ਹੱਥ ਲੋਕਾਂ ਨੂੰ ਭਾਉਂਦੇ ਨੇ
ਕੁਝ ਹੱਥ ਭੀਖ ਵੀ ਮੰਗਾਉਂਦੇ ਨੇ
ਕੁਝ ਹੱਥ ਝੋਲੀਆਂ ਭਰਾਉਂਦੇ ਨੇ
ਕੁਝ ਸਿਰ ‘ਤੇ ਛਾਂਵਾਂ ਕਰਦੇ ਨੇ
ਕੁਝ ਸਿਰੋਂ ਛੱਤ ਉਡਾਉਂਦੇ ਨੇ
ਕੁਝ ਹੱਥ ਕੋਹੜੀ ਹੋ ਜਾਂਦੇ ਨੇ
ਜੋ ਕਿਸੇ ਮੂਹਰੇ ਅੱਡੇ ਜਾਂਦੇ ਨੇ
ਦੁੱਖ ਹੈ ਕਿ ਖਾਲੀ ਵਾਪਸ ਆਉਂਦੇ ਨੇ…
ਹੀਰਾ ਸਿੰਘ ਤੂਤ
ਮੋ. 98724-55994

ਛਾਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।