ਸੰਪਾਦਕੀ

ਪਰਛਾਵਾਂ ਸਿਆਸਤ ਦਾ

Shadow, Politics

ਜਿਸ ਤਰ੍ਹਾਂ ਦਾ ਸਿਆਸੀ ਢਾਂਚਾ ਹੁੰਦਾ ਹੈ ਲੋਕ ਵੀ ਉਹੋ-ਜਿਹੇ ਬਣ ਜਾਂਦੇ ਹਨ ਜਨਤਾ ਸਿਆਸੀ ਆਗੂਆਂ ਨਾਲ ਜਿਸ ਤਰ੍ਹਾਂ ਦਾ ਵਿਹਾਰ ਕਰਦੀ ਵੇਖਦੀ ਹੈ ਉਹੋ-ਜਿਹੇ ਗੁਣ-ਔਗੁਣ ਜਨਤਾ ‘ਚ ਆ ਜਾਂਦੇ ਹਨ ਚੋਣਾਂ ਵੇਲੇ ਸਿਆਸੀ ਪਾਰਟੀਆਂ ਦਾ ਸਾਰਾ ਜ਼ੋਰ ਚੋਣਾਂ ਜਿੱਤਣ ‘ਤੇ ਲੱਗ ਜਾਂਦਾ ਹੈ ਇਸ ਵਾਸਤੇ ਸਿਆਸੀ ਪਾਰਟੀਆਂ ਹਰ ਚੀਜ਼ ਦਾਅ ‘ਤੇ ਲਾ ਦਿੰਦੀਆਂ ਹਨ ਪੋਲਿੰਗ ਬੂਥਾਂ ‘ਤੇ ਕਬਜ਼ੇ, ਭੰਨ੍ਹਤੋੜ, ਸਾੜ-ਫੂਕ ਹੁੰਦੀ ਹੈ ਜਨਤਾ ਨੇ ਇਸ ਸਿਆਸੀ ਮਾਡਲ ਨੂੰ ਹੁਣ ਸਕੂਲਾਂ ‘ਤੇ ਹੀ ਅਪਣਾ ਲਿਆ ਬੀਤੇ ਦਿਨੀਂ ਪੰਜਾਬ ਦੇ ਕਸਬੇ ਖੇਮਕਰਨ ‘ਚ 12ਵੀਂ ਦੀ ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਇਕ ਪ੍ਰੀਖਿਆ ਕੇਂਦਰ ‘ਤੇ ਉਸੇ ਤਰ੍ਹਾਂ ਕਬਜ਼ਾ ਕਰ ਲਿਆ ਜਿਵੇਂ ਚੋਣਾਂ ਵੇਲੇ ਪੋਲਿਗ ਬੂਥਾਂ ‘ਤੇ ਕਬਜ਼ੇ ਕੀਤੇ ਜਾਂਦੇ ਹਨ

ਪ੍ਰੀਖਿਆ ਕੇਂਦਰਾਂ ਦੀ ਨਿਗਰਾਨੀ ਕਰਨ ਆਏ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਲੋਕਾਂ ਨੇ ਬੰਦੀ ਬਣਾ ਲਿਆ ਅਧਿਆਪਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਆਖ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਅਧਿਆਪਕਾਂ ਨੂੰ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਬਿਨਾਂ ਸ਼ੱਕ ਕਾਨੂੰਨ ਨੂੰ ਹੱਥ ‘ਚ ਲੈਣਾ ਨਿੰਦਾਜਨਕ ਤੇ ਅਪਰਾਧ ਹੈ ਪਰ ਇਸ ਗੱਲ ਵੱਲ ਗੌਰ ਕਰਨ ਦੀ ਜ਼ਰੂਰਤ ਹੈ ਕਿ ਆਖਰ ਲੋਕਾਂ ‘ਚ ਹਿੰਸਕ ਹੋਣ ਤੇ ਕਾਨੂੰਨ ਦੀ ਉਲੰਘਣਾ ਕਰਨ ਦੀ ਆਦਤ ਕਿਉਂ ਪੈ ਗਈ ਹੈ? ਪ੍ਰੀਖਿਆਵਾਂ ‘ਚ ਨਕਲ ਦਾ ਰੁਝਾਨ ਨਹੀਂ ਰੁਕ ਸਕਿਆ ਅਧਿਆਪਕ ਪਾਤਰਤਾ ਵਰਗੀਆਂ ਪ੍ਰੀਖਿਆਵਾਂ ‘ਚ ਪਰਚੇ ਲੀਕ ਹੋਣ ਦੀਆਂ ਘਟਨਾਵਾਂ ਵਧ ਰਹੀਆਂ ਹਨ

ਕਾਨੂੰਨ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਕਾਨੂੰਨ ਤੋਂ ਬਚ ਜਾਣਗੇ ਉਹ ਲੋਕ ਸਿਆਸੀ ਆਗੂਆਂ ਨੂੰ ਕਾਨੂੰਨ ਦੇ ਸ਼ਿਕੰਜੇ ‘ਚੋਂ ਬਚ ਨਿੱਕਲਦੇ ਵੇਖਦੇ ਹਨ ਇਸ ਮਾਹੌਲ ਦਾ ਅਸਰ ਬੱਚਿਆਂ ‘ਤੇ ਵੀ ਹੋ ਰਿਹਾ ਹੈ ਆਪਣੇ ਆਲੇ-ਦੁਆਲੇ ਸਮਾਜ ‘ਚ ਹਿੰਸਾ, ਗੈਰ-ਕਾਨੂੰਨੀ, ਚਰਿੱਤਰ ਹੀਣਤਾ ਜੋ ਵੀ ਉਹਨਾਂ ਨੂੰ ਨਜ਼ਰ ਆਉਂਦਾ ਹੈ ਉਹ ਉਹਨਾਂ ਦੇ ਚਰਿੱਤਰ ਦਾ ਹਿੱਸਾ ਬਣਦਾ ਜਾਂਦਾ ਹੈ ਸੁਧਾਰ ਲਈ ਸਭ ਤੋਂ ਜ਼ਰੂਰੀ ਹੈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਕਾਨੂੰਨ ਨੂੰ ਮੰਨਣ ਜਿਸ ਨਾਲ ਕਾਨੂੰਨ ਪ੍ਰਤੀ ਸਤਿਕਾਰ ਪੈਦਾ ਹੋਵੇ ਕਾਨੂੰਨ ਬਣਾਉਣ ਵਾਲੇ ਕਾਨੂੰਨ ਦੀ ਪਾਲਣਾ ਕਰਨ ‘ਚ ਅੱਗੇ ਆਉਣ

ਬੱਚਿਆਂ ਨੂੰ ਵਿਰਾਸਤ ‘ਚ ਠੱਗੀ, ਚਲਾਕੀ, ਮੱਕਾਰੀ, ਧੋਖਾਧੜੀ, ਹਿੰਸਾ ਵਰਗੇ ਔਗੁਣ ਮਿਲਣਗੇ ਤਾਂ ਇਹਨਾਂ ਔਗੁਣਾਂ ਦਾ ਉਹਨਾਂ ‘ਤੇ ਕੁਝ ਨਾ ਕੁਝ ਅਸਰ ਜ਼ਰੁਰ ਹੋਵੇਗਾ ਜਿਸ ਦੇਸ਼ ਦੇ ਸਿਆਸੀ ਆਗੂ ਆਦਰਸ਼ਾਂ ਨੂੰ ਬਰਕਰਾਰ ਰੱਖਣਗੇ ਉੱਥੋਂ ਦੇ ਬੱਚੇ ਹੀ ਨਹੀਂ ਆਮ ਜਨਤਾ ਵੀ ਨੇਕੀ ਦੇ ਰਾਹ ਚੱਲੇਗੀ ਨਹੀਂ ਤਾਂ ਪ੍ਰੀਖਿਆ ਕੇਂਦਰਾਂ ‘ਤੇ ਕਬਜ਼ੇ ਸ਼ੁਰੂ ਹੋ ਗਏ ਹਨ, ਵਿਦਿਆਰਥੀ ਪ੍ਰਿੰਸੀਪਲ ਨੂੰ ਗੋਲੀ ਮਾਰ ਦਿੰਦਾ ਹੈ ਇਹ ਸਭ ਕੁਝ ਬੱਚਿਆਂ ‘ਚ ਜਮਾਂਦਰੂ ਜਾਂ ਜਨਮਜਾਤ ਨਹੀਂ ਹੁੰਦਾ ਸਗੋਂ ਆਲੇ-ਦੁਆਲੇ ਦੀ ਦੇਣ ਹੈ ਸਿਆਸੀ ਆਗੂ ਕਾਨੂੰਨ ਤੇ ਵਿਵਸਥਾ ਨੂੰ ਕਾਇਮ ਰੱਖਣ ਦੀ ਜਿੰਮੇਵਾਰੀ ਚੁੱਕਦੇ ਹਨ ਤਾਂ ਪਹਿਲ ਸਿਆਸਤ ਤੇ ਪ੍ਰਸ਼ਾਸਨ ਤੋਂ ਹੋਣੀ ਚਾਹੀਦੀ ਹੈ ਸਿੱਖਿਆ ਵਰਗੇ ਪਵਿੱਤਰ ਕਾਰਜਾਂ ‘ਚ ਹਿੰਸਾ ਦਾ ਜ਼ਹਿਰ ਘੁਲਣਾ ਸਮਾਜ ਲਈ ਖ਼ਤਰਨਾਕ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top