ਦੇਸ਼

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਝਟਕਾ

Shake the efforts of Kartarpur corridor

ਅਮਰਿੰਦਰ ਨੇ ਕਿਹਾ, ਲਾਂਘਾ ਖੋਲ੍ਹਣ ਪਿੱਛੇ ਆਈਐੱਸਆਈ ਦੀ ਸਾਜਿਸ਼

 ਚੰਡੀਗੜ੍ਹ| ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਪਾਕਿਸਤਾਨ ਫੌਜ ਦੇ ਜਨਰਲ ਜਾਵੇਦ ਬਾਜਵਾ ਵੱਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਸਬੰਧੀ ਨਵਜੋਤ ਸਿੰਘ ਸਿੱਧੂ ਕੋਲ ਪ੍ਰਗਟਾਏ ਵਿਚਾਰਾਂ ਸਬੰਧੀ ਤੱਥਾਂ ਦੇ ਸੰਦਰਭ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਪਾਕਿਸਤਾਨੀ ਫੌਜ ਵੱਲੋਂ ਘੜੀ ਗਈ ਇੱਕ ਬਹੁਤ ਵੱਡੀ ਸਾਜਿਸ਼ ਦੱਸਿਆ ਹੈ।
ਅੱਜ ਇੱਕ ਟੀਵੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਖੋਲ੍ਹਣਾ ਸੱਪਸ਼ਟ ਤੌਰ ‘ਤੇ ਆਈ.ਐੱਸ.ਆਈ ਦੀ ਯੋਜਨਾ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਪਾਕਿਸਤਾਨ ਫੌਜ ਨੇ ਭਾਰਤ ਵਿਰੁੱਧ ਇੱਕ ਬਹੁਤ ਵੱਡੀ ਸਾਜਿਸ਼ ਘੜੀ ਹੈ। ਪਾਕਿਸਤਾਨ ਵੱਲੋਂ ਪੰਜਾਬ ਵਿੱਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੇ ਜਾਣ ਨੂੰ ਪ੍ਰਵਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਇਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਦੇ ਮੁੱਦੇ ਨੂੰ ਗੈਰ ਜ਼ਰੂਰੀ ਤਰੀਕੇ ਨਾਲ ਉਭਾਰਿਆ ਜਾ ਰਿਹਾ ਹੈ ਅਤੇ ਜਿਹੜੇ ਇਸ ਨੂੰ ਉਭਾਰ ਰਹੇ ਹਨ ਉਹ ਸਪੱਸ਼ਟ ਤੌਰ ‘ਤੇ ਆਈ. ਐਸ. ਆਈ. ਦੀ ਯੋਜਨਾ ਨੂੰ ਦੇਖਣ ਤੋਂ ਅਸਮਰੱਥ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੰਤਰੀ ਨੂੰ ਪਾਕਿਸਤਾਨ ਪ੍ਰਧਾਨ ਮੰਤਰੀ ਦਾ ਹੱਥ ਠੋਕਾ ਦੱਸਣ ਲਈ ਅਕਾਲੀਆਂ ਦੀ ਤਿੱਖੀ ਆਲੋਚਨਾ ਕੀਤੀ ਹੈ।
ਮੁੱਖ ਮੰਤਰੀ ਦੇ ਸਿੱਧੂ ਨਾਲ ਸਬੰਧਾਂ ਦੇ ਮੁੱਦੇ ਉੱਤੇ ਗੈਰ ਜ਼ਰੂਰੀ ਵਿਵਾਦ ਖੜਾ ਕਰਨ ਲਈ ਅਕਾਲੀਆਂ ਅਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਆਪਣੀ ਪਿੱਠ ਠੋਕਣ ਦੀ ਜੰਗ ਤੋਂ ਇਲਾਵਾ ਹੋਰ ਕੁੱਝ ਵੀ ਨਹੀ ਹੈ। ਉਨਾਂ ਕਿਹਾ ਕਿ ਸਰਹੱਦੀ ਸੂਬੇ ਵਿੱਚ ਅਸਥਿਰਤਾ ਪੈਦਾ ਕਰਨਾ ਪਾਕਿਸਤਾਨ ਦਾ ਉਦੇਸ਼ ਹੈ ਅਤੇ ਇਸ ਦੇ ਵਾਸਤੇ ਪੰਜਾਬ ਵਿੱਚ ਅੱਤਵਾਦੀ ਸਰਗਰਮੀਆਂ ਦੇ ਰਾਹੀਂ ਪਾਕਿਸਤਾਨ ਜਾਣਬੁਝ ਕੇ ਲਗਾਤਾਰ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਅਕਾਲੀ-ਭਾਜਪਾ ਇਸ ਅਹਿਮ ਮੁੱਦੇ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਸਿੱਧੂ ਦਾ ਮੁੱਦਾ ਉਭਾਰ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਟਵਾਰੇ ਦੇ ਸਮੇਂ ਤੋਂ ਹੀ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲਣ ਦੀ ਮੰਗ ਲੰਬਿਤ ਪਈ ਹੋਈ ਹੈ। ਸ੍ਰੀ ਨਨਕਾਣਾ ਸਾਹਿਬ, ਸ੍ਰੀ ਪੰਜਾ ਸਾਹਿਬ, ਡੇਰਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਵਰਗੇ ਬਹੁਤ ਸਾਰੇ ਸਿੱਖਾਂ ਦੇ ਧਾਰਮਿਕ ਸਥਾਨ ਬਟਵਾਰੇ ਕਾਰਨ ਪਾਕਿਸਤਾਨ ਵਿੱਚ ਰਹਿ ਗਏ। ਇਥੋਂ ਤੱਕ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਡਾ. ਮਨਮੋਹਨ ਸਿੰਘ ਨੇ ਵੀ ਕਰਤਾਰਪੁਰ ਲਾਂਘੇ ਨੂੰ ਖੋਲਣ ਦਾ ਮੁੱਦਾ ਪਾਕਿਸਤਾਨ ਕੋਲ ਉਠਾਇਆ ਸੀ। ਉਨਾਂ ਨੇ ਖੁਦ ਪਾਕਿਸਤਾਨ ਪੰਜਾਬ ਦੇ ਹਮਰੁਤਬਾ ਪਰਵੇਜ ਇਲਾਹੀ ਅਤੇ ਰਾਸ਼ਟਰਪਤੀ ਪਰਵੇਜ ਮੁਸ਼ਰਫ ਕੋਲ ਇਹ ਮੁੱਦਾ ਆਪਣੇ ਪਿਛਲੇ ਕਾਲ ਦੌਰਾਨ ਮੁੱਖ ਮੰਤਰੀ ਵੱਜੋਂ ਉਠਾਇਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਬਿਨਾਸ਼ੱਕ ਇਮਰਾਨ ਖਾਨ ਭਾਰਤ ਨਾਲ ਸ਼ਾਂਤੀ ਅਤੇ ਸਦਭਾਵਨਾ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਇਸ ਦੇ ਨਾਲ ਹੀ ਉਸ ਨੂੰ ਪਾਕਿਸਤਾਨ ਫੌਜ ਦੇ ਮੁੱਖੀ ‘ਤੇ ਇਹ ਜ਼ੋਰ ਵੀ ਪਾਉਣਾ ਚਾਹੀਦਾ ਹੈ ਕਿ ਸਰਹੱਦ ਉੱਤੇ ਸਾਡੇ ਫੌਜੀਆਂ ਦੀਆਂ ਹੱਤਿਆਵਾਂ ਨੂੰ ਤੁਰੰਤ ਰੋਕੇ ਜਾਣਾ ਯਕੀਨੀ ਬਣਾਇਆ ਜਾਵੇ। ਪਾਕਿਸਤਾਨ ਦਾ ਇਤਿਹਾਸ ਇਹ ਦੱਸਦਾ ਹੈ ਕਿ ਜੇ ਕਿਸੇ ਪ੍ਰਧਾਨ ਮੰਤਰੀ ਸੱਤਾ ਵਿੱਚ ਰਹਿਣਾ ਤਾਂ ਉਸ ਨੂੰ ਫੌਜ ਦੀ ਲਾਈਨ ‘ਤੇ ਤੁਰਨਾ ਪੈਂਦਾ ਹੈ। ਮੁੱਖ ਮੰਤਰੀ ਨੇ ਇਸ ਸਬੰਧ ਵਿੱਚ ਨਵਾਜ ਸ਼ਰੀਫ ਵੱਲੋਂ ਦੁਬਈ ਵਿਖੇ ਪਾਕਿਸਤਾਨੀ ਫੌਜ ਦੇ ਨਾਲ ਕੀਤੇ ਸਮਝੋਤੇ ਦੀ ਵੀ ਮਿਸਾਲ ਦਿੱਤੀ ਜਿਸਦੇ ਨਤੀਜੇ ਵੱਜੋਂ ਉਹ ਲਗਾਤਾਰ ਪ੍ਰਧਾਨ ਮੰਤਰੀ ਰਹੇ।
ਨੀਂਹ ਪੱਥਰ ਰੱਖਣ ਲਈ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਜਾਣ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਸਿੱਧੂ ਨੂੰ ਦੱਸਿਆ ਸੀ ਕਿ ਉਨਾਂ ਨੇ ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਵੱਲੋਂ ਆਏ ਸੱਦੇ ਨੂੰ ਲਿਖਤੀ ਤੌਰ ‘ਤੇ ਰੱਦ ਕਰ ਦਿੱਤਾ ਹੈ ਅਤੇ ਉਸ ਦੀ ਕਾਪੀ ਸੋਸ਼ਲ ਮੀਡੀਆ ‘ਤੇ ਸਾਂਝੀ ਵੀ ਕੀਤੀ ਸੀ। ਪਾਕਿਸਤਾਨ ਨਾ ਜਾਣ ਦੀ ਸਲਾਹ ਦਿੱਤੇ ਜਾਣ ਦੇ ਬਾਵਜੂਦ ਸਿੱਧੂ ਇਮਰਾਨ ਖਾਨ ਨਾਲ ਆਪਣੀ ਦੋਸਤੀ ਕਾਰਨ ਉੱਥੇ ਗਏ। ਮੁੱਖ ਮੰਤਰੀ ਨੇ ਕਿਹਾ ਕਿ ਇਹ ਤਰਕਸੰਗਤ ਨਹੀਂ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੇ ਵੀ ਉਥੇ ਬਹੁਤ ਸਾਰੇ ਦੋਸਤ ਹਨ ਜਿਨਾਂ ਵਿੱਚ ਪਾਕਿਸਤਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਵੇਜ ਇਲਾਹੀ ਸ਼ਾਮਲ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਪਿਛਲੇ ਕਾਰਜਕਾਲ ਦੌਰਾਨ ਲਗਾਤਾਰ ਮਿਲਦੇ ਰਹੇ ਹਾਂ। ਇਲਾਹੀ ਉਨਾਂ ਨੂੰ ਮਿਲਣ ਲਈ ਪਟਿਆਲਾ ਵਿਖੇ ਵੀ ਆਏ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ  ਇੱਕ ‘ਪੰਸਦੀਦਾ’ ਵਿਅਕਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਅਤੇ ਸਿੱਧੂ ਵਿਚਕਾਰ ਕਦੀ ਵੀ ਟਕਰਾਅ ਪੈਦਾ ਨਹੀ ਹੋਇਆ ਜਿਸ ਤਰਾਂ ਕਿ ਮੀਡੀਆ ਵਿੱਚ ਦੱਸਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰ ਚਲਾਉਂਦੇ ਸਮੇਂ ਉਨਾਂ ਦੀ ਸਿੱਧੂ ਨਾਲ ਕਿਸੇ ਵੀ ਤਰਾਂ ਦੀ ਕੋਈ ਸੱਮਸਿਆ ਨਹੀਂ ਆਈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਹਮੇਸ਼ਾਂ ਸਿੱਧ ਪੱਧਰੇ ਤਰੀਕੇ ਨਾਲ ਗੱਲ ਕਰਦੇ ਹਨ ਅਤੇ ਉਨਾਂ ਦੀ ਇੱਕੋ-ਇਕ ਸੱਮਸਿਆ ਇਹ ਹੈ ਕਿ ਉਹ ਕਈ ਵਾਰੀ ਸੋਚਣ ਤੋਂ ਪਹਿਲਾਂ ਹੀ ਬੋਲ ਜਾਂਦੇ ਹਨ।
ਰਾਹੁਲ ਗਾਂਧੀ ਦੇ ਆਪਣੇ ਕੈਪਟਨ ਹੋਣ ਦੇ ਸਿੱਧੂ ਦੀ ਟਿਪਣੀ ਸਬੰਧੀ ਪੁਛੇ ਗਏ ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੋਈ ਵੀ ਮੁੱਦਾ ਨਹੀ ਹੈ। ਸਿੱਧੂ ਨੇ ਹਮੇਸ਼ਾਂ ਉਨਾਂ (ਕੈਪਟਨ) ਨੂੰ ਆਪਣੇ ਪਿਤਾ ਸਮਾਨ ਸਮਝਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top