ਅਕਾਲੀ ਦਲ ਨੂੰ ਧੱਕਾ, ਦਹਾਕਿਆਂ ਤੋਂ ਜੁੜੇ ਕੋਹਲੀ ਪਰਿਵਾਰ ਵੱਲੋਂ ਅਕਾਲੀ ਦਲ ਨੂੰ ਅਲਵਿਦਾ

Shock to Akali Dal Sachkahoon

ਸੁਰਜੀਤ ਸਿੰਘ ਕੋਹਲੀ ਅਤੇ ਇਨ੍ਹਾਂ ਦੇ ਪਿਤਾ ਸਰਦਾਰਾ ਸਿੰਘ ਕੋਹਲੀ ਰਹਿ ਚੁੱਕੇ ਨੇ ਮੰਤਰੀ

ਸੁਰਜੀਤ ਕੋਹਲੀ ਦੇ ਪੁੱਤਰ ਅਜੀਤਪਾਲ ਕੋਹਲੀ ਆਪ ਵਿੱਚ ਹੋਏ ਸ਼ਾਮਲ, ਪਟਿਆਲਾ ਤੋਂ ਰਹਿ ਚੁੱਕੇ ਨੇ ਮੇਅਰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਪਟਿਆਲਾ ਸ਼ਹਿਰ ਤੋਂ ਵੱਡਾ ਝੱਟਕਾ ਲੱਗਿਆ ਹੈ। ਅਕਾਲੀ ਦਲ ਨਾਲ ਦਹਾਕਿਆਂ ਤੋਂ ਜੁੜੇ ਕੋਹਲੀ ਪਰਿਵਾਰ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਹੈ। ਇੱਥੋਂ ਤੱਕ ਕਿ ਕੋਹਲੀ ਪਰਿਵਾਰ ਦੇ ਫਰਜੰਦ ਤੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਅਤੇ ਉਨ੍ਹਾਂ ਵੱਲੋਂ ਪਟਿਆਲਾ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜਨ ਦੀ ਚਰਚਾ ਹੈ।

ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਵੱਲੋਂ ਅੱਜ ਸਾਰੇ ਅਹੁਦਿਆ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜੇ ਆਪਣੇ ਅਸਤੀਫ਼ੇ ਵਿੱਚ ਕਿਹਾ ਗਿਆ ਹੈ ਕਿ ਅਕਾਲੀ ਦਲ ਵੱਲੋਂ ਆਪਣੇ ਮੁੱਢਲੇ ਸਿਧਾਤਾਂ ਤੋਂ ਪਿੱਠ ਕਰਨ, ਟਕਸਾਲੀ ਅਕਾਲੀ ਪਰਿਵਾਰਾਂ ਨੂੰ ਅਣਗੋਲਿਆ ਕਰਨ, ਅਕਾਲੀ ਦਲ ਵੱਲੋਂ ਲੋਕ ਪੱਖੀ ਕਾਰਜਾਂ ਅਤੇ ਨੀਤੀਆਂ ਵਿਰੁੱਧ ਚੱਲਣ, ਪੰਜਾਬ ਅਤੇ ਪਟਿਆਲਾ ਦੇ ਬਹੁਪੱਖੀ ਵਿਕਾਸ ਦੇ ਮੁੱਦਆ ਨੂੰ ਤਿਲਾਂਜਲੀ ਦੇਣ ਕਾਰਨ ਸ੍ਰੋਮਣੀ ਅਕਾਲੀ ਦਲ ਤੋਂ ਆਪਣੇ ਸਾਥੀਆਂ ਸਮੇਤ ਅਸਤੀਫ਼ਾ ਦਿੰਦਾ ਹਾਂ। ਦੱਸਣਯੋਗ ਹੈ ਕਿ ਸੁਰਜੀਤ ਸਿੰਘ ਕੋਹਲੀ ਸਾਲ 1997 ਵਿੱਚ ਵਿਧਾਨ ਸਭਾ ਚੋਣਾਂ ਜਿੱਤੇ ਸਨ ਅਤੇ ਇਨ੍ਹਾਂ ਵੱਲੋਂ ਕਾਂਗਰਸੀ ਆਗੂ ਬ੍ਰਹਮ ਮਹਿੰਦਰਾ ਨੂੰ ਹਰਾਇਆ ਗਿਆ ਸੀ।

ਅਕਾਲੀ ਦਲ ਵੱਲੋਂ ਇਨ੍ਹਾਂ ਨੂੰ ਰਾਜ ਮੰਤਰੀ ਬਣਾਇਆ ਗਿਆ ਸੀ। ਇਸ ਤੋਂ ਪਹਿਲਾ ਸੁਰਜੀਤ ਸਿੰਘ ਕੋਹਲੀ ਦੇ ਪਿਤਾ ਸਰਦਾਰਾ ਸਿੰਘ ਕੋਹਲੀ 1977 ਵਿੱਚ ਅਕਾਲੀ ਦਲ ਦੀ ਤਰਫੋਂ ਵਿਧਾਨ ਸਭਾ ਚੋਣਾ ਜਿੱਤੇ ਸਨ ਅਤੇ ਉਹ ਵੀ ਮੰਤਰੀ ਬਣੇ ਸਨ। ਸੁਰਜੀਤ ਸਿੰਘ ਕੋਹਲੀ ਦੇ ਪੁੱਤਰ ਅਜੀਤਪਾਲ ਸਿੰਘ ਕੋਹਲੀ ਸਾਲ 2012 ਵਿੱਚ ਪਟਿਆਲਾ ਦੇ ਪਹਿਲੇ ਅਕਾਲੀ ਮੇਅਰ ਵੀ ਰਹਿ ਚੁੱਕੇ ਹਨ। ਪਿਛਲੇ ਕੁਝ ਸਮੇਂ ਤੋਂ ਉਹ ਅਕਾਲੀ ਦਲ ਤੋਂ ਨਰਾਜ਼ ਚੱਲ ਰਹੇ ਸਨ। ਅੱਜ ਸੁਰਜੀਤ ਸਿੰਘ ਕੋਹਲੀ ਵੱਲੋਂ ਅਕਾਲੀ ਦਲ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਅਜੀਤਪਾਲ ਸਿੰਘ ਕੋਹਲੀ ਕੁਝ ਸਮੇਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਚਰਚਾ ਹੈ ਕਿ ਅਜੀਤਪਾਲ ਸਿੰਘ ਕੋਹਲੀ ਪਟਿਆਲਾ ਸ਼ਹਿਰੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇੇ। ਸ਼ਹਿਰ ਅੰਦਰ ਪਿਛਲੇ ਦਿਨਾਂ ਤੋਂ ਅਜੀਤਪਾਲ ਕੋਹਲੀ ਦੇ ਆਪ ਵਿੱਚ ਸ਼ਾਮਲ ਹੋਣ ਦੀ ਚਰਚਾ ਛਿੜੀ ਹੋਈ ਸੀ।

ਅਜੀਤਪਾਲ ਕੋਹਲੀ ਪਟਿਆਲਾ ਤੋਂ ਵੀ ਅਕਾਲੀ ਦਲ ਦੀ ਟਿਕਟ ਚਾਹੁੰਦੇ ਸਨ ਪਰ ਅਕਾਲੀ ਦਲ ਵੱਲੋਂ ਇੱਥੋਂ ਹਿੰਦੂ ਚਿਹਰੇ ਹਰਪਾਲ ਜੁਨੇਜਾ ਤੇ ਦਾਅ ਖੇਡਿਆ ਗਿਆ ਹੈ। ਪਿਛਲੇ ਦਿਨੀ ਸੁੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਫੇਰੀ ਦੌਰਾਨ ਸਪੱਸਟ ਕਹਿ ਦਿੱਤਾ ਗਿਆ ਸੀ ਕਿ ਜੇਕਰ ਸ਼ਹਿਰੀ ਅਕਾਲੀ ਆਗੁੂਆਂ ਵੱਲੋਂ ਅਕਾਲੀ ਉਮੀਦਵਾਰ ਦੀ ਮੁਖਾਲਫ਼ਤ ਦੀ ਰਿਪੋਰਟ ਸਾਹਮਣੇ ਆਈ ਤਾ ਉਸ ਖਿਲਾਫ਼ ਕਾਰਵਾਈ ਹੋਵੇਗੀ। ਇਸ ਤੋਂ ਬਾਅਦ ਕੋਹਲੀ ਪਰਿਵਾਰ ਹੋਰ ਵੀ ਅੰਦਰੋਂ ਅੰਦਰੀ ਭਖ ਰਿਹਾ ਸੀ। ਦੱਸਣਯੋਗ ਹੈ ਕਿ ਕੋਹਲੀ ਪਰਿਵਾਰ 1947 ਮੌਕੇ ਪਕਿਸਤਾਨ ਤੋਂ ਪਟਿਆਲਾ ਆ ਕੇ ਵਸਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ