ਆਪ ਨੂੰ ਝਟਕਾ, ਇੱਕੋ-ਇੱਕ ਲੋਕ ਸਭਾਂ ਸੀਟ ਗੁਆਈ

ਸਿਮਰਨਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੂੰ 5822 ਵੋਟਾਂ ਨਾਲ ਹਰਾਇਆ

ਸਾਰੇ ਗੇੜਾਂ ’ਚ ਹੋਇਆ ਬੇਹੱਦ ਸਖ਼ਤ ਤੇ ਰੁਮਾਂਚਕ ਮੁਕਾਬਲਾ

ਸੰਗਰੂਰ, (ਗੁਰਪ੍ਰੀਤ ਸਿੰਘ) | ਪੰਜਾਬ ’ਚ ਸੱਤਾਧਾਰੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ 5822 ਵੋਟਾਂ ਦੇ ਫਰਕ ਨਾਲ ਜਿੱਤ ਲਈ ਹੈ, ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ ਨੂੰ ਬੇਹੱਦ ਫਸਵੇਂ ਮੁਕਾਬਲੇ ਵਿੱਚ ਹਰਾਇਆ ਜਦੋਂ ਕਿ ਕਾਂਗਰਸ ਦੇ ਦਲਬੀਰ ਸਿੰਘ ਗੋਲਡੀ, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਬੀਬੀ ਕਮਲਦੀਪ ਕੌਰ ਰਾਜੋਆਣਾ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਸੰਗਰੂਰ ਆਮ ਆਦਮੀ ਪਾਰਟੀ ਦੀ ਇੱਕੋ-ਇੱਕ ਲੋਕ ਸਭਾ ਸੀਟ ਸੀ 2014 ਤੇ 2019 ਦੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਨੇ ਲਗਾਤਾਰ ਸੀਟ ਜਿੱਤੀ ਸੀ ਸੰਗਰੂਰ ਹਲਕੇ ਨੂੰ ਆਮ ਆਦਮੀ ਪਾਰਟੀ ਦਾ ਦਿਲ ਕਿਹਾ ਜਾਂਦਾ ਹੈ

ਹਾਸਲ ਜਾਣਕਾਰੀ ਮੁਤਾਬਕ ਅੱਜ ਧੂਰੀ, ਮਾਲੇਰਕੋਟਲਾ ਤੇ ਬਰਨਾਲਾ ’ਚ ਬਣਾਏ ਗਿਣਤੀ ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਆਰੰਭ ਹੋਈ ਸਵੇਰੇ ਸਾਢੇ ਅੱਠ ਵਜੇ ਪਹਿਲਾ ਰੁਝਾਨ ਆਇਆ ਤਾਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਆਪਣੇ ਨੇੜਲੇ ਵਿਰੋਧੀ ਗੁਰਮੇਲ ਸਿੰਘ ਘਰਾਚੋਂ ਤੋਂ ਤਕਰੀਬਨ ਇੱਕ ਹਜ਼ਾਰ ਵੋਟ ਅੱਗੇ ਲੰਘ ਗਏ

ਜਦੋਂ ਕਿ ਕਾਂਗਰਸ ਦੇ ਦਲਬੀਰ ਸਿੰਘ ਗੋਲਡੀ, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਕਮਲਦੀਪ ਕੌਰ ਰਾਜੋਆਣਾ ਵੋਟਾਂ ਦੇ ਮਾਮਲੇ ਵਿੱਚ ਇਨ੍ਹਾਂ ਦੋਵਾਂ ਦੇ ਨੇੜੇ ਤੇੜ ਵੀ ਨਹੀਂ ਆਏ ਸਿੱਧਮ ਸਿੱਧਾ ਮੁਕਾਬਲਾ ਮਾਨ ਤੇ ਗੁਰਮੇਲ ਸਿੰਘ ਵਿਚਾਲੇ ਵੇਖਣ ਨੂੰ ਮਿਲਿਆ ਸੰਗਰੂਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਏਨਾ ਦਿਲਚਸਪ ਤੇ ਨੇੜਲਾ ਮੁਕਾਬਲਾ ਕਦੇ ਵੀ ਵੇਖਣ ਨੂੰ ਨਹੀਂ ਮਿਲਿਆ ਤਕਰੀਬਨ 20 ਗੇੜਾਂ ਦੀ ਗਿਣਤੀ ਵਿੱਚ ਦੋਵਾਂ ਵਿਚਾਲੇ 5-7 ਹਜ਼ਾਰ ਤੋਂ ਜ਼ਿਆਦਾ ਫਰਕ ਨਹੀਂ ਪਿਆ, ਸਿਰਫ਼ ਦੋ ਵਾਰ ਮਾਨ ਘਰਾਚੋਂ ਤੋਂ ਪਿੱਛੇ ਰਹੇ ਬਾਕੀ ਗੇੜਾਂ ਵਿੱਚ ਮਾਨ ਦੀ ਲੀਡ ਕਦੇ ਵੀ ਨਹੀਂ ਟੁੱਟੀ ਬੇਸ਼ੱਕ ਉਨ੍ਹਾਂ ਦੀ ਲੀਡ ਛੋਟੀ ਰਹਿੰਦੀ ਸੀ ਪਰ ਉਹ ਹੌਲੀ ਆਪਣੀ ਪਕੜ ਮਜ਼ਬੂਤ ਕਰਦੇ ਦਿਖੇ

ਅੰਤਲੇ ਗੇੜ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਕਮਲਦੀਪ ਕੌਰ ਰਾਜੋਆਣਾ ਸਿਰਫ਼ 44428 ਵੋਟਾਂ ਤੇ ਹੀ ਸੀਮਤ ਹੋ ਗਏ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਚੌਥੇ ਸਥਾਨ ’ਤੇ ਆਏ ਉਨ੍ਹਾਂ ਨੂੰ 66298 ਵੋਟਾਂ ਮਿਲੀਆਂ ਕਾਂਗਰਸੀ ਉਮੀਦਵਾਰ ਦਲਬੀਰ ਸਿੰਘ ਗੋਲਡੀ ਨੂੰ 79, 668 ਵੋਟਾਂ ਮਿਲੀਆਂ ਪਰ ਇਹ ਤਿੰਨੇ ਆਪਣੀ ਜ਼ਮਾਨਤ ਵੀ ਬਚਾ ਨਹੀਂ ਸਕੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ 2 ਲੱਖ 47 ਹਜ਼ਾਰ 332 ਵੋਟਾਂ ਹਾਸਲ ਕੀਤੀਆਂ ਪਰ ਉਹ ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਸਿਮਰਨਜੀਤ ਸਿੰਘ ਮਾਨ ਨੂੰ ਹਰਾ ਨਹੀਂ ਸਕੇ¿; ਸਿਮਰਨਜੀਤ ਸਿੰਘ ਮਾਨ ਨੂੰ ਸਾਰੇ ਹਲਕਿਆਂ ਵਿੱਚੋਂ 253154 ਵੋਟਾਂ ਹਾਸਲ ਹੋਈਆਂ ਜਿਸ ਕਾਰਨ ਉਨ੍ਹਾਂ ਨੂੰ 5822 ਵੋਟਾਂ ਨਾਲ ਜੇਤੂ ਐਲਾਨ ਦਿੱਤਾ ਗਿਆ

ਮੈਨੂੰ ਕਮਜ਼ੋਰ ਸਮਝਦੇ ਸਨ ਪਰ ਮੈਂ ਸਾਰਿਆਂ ਨੂੰ ਪਟਕਣੀ ਦਿੱਤੀ : ਸਿਮਰਨਜੀਤ ਸਿੰਘ ਮਾਨ

ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਉਹ ਸ੍ਰੀ ਮਸਤੂਆਣਾ ਸਾਹਿਬ ਵਿਖੇ ਨਤਮਸਤਕ ਹੋਏ, ਇਸ ਉਪਰੰਤ ਮਾਨ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਸਿੰਘ ਜ਼ੋਰਾਵਲ ਵੱਲੋਂ ਜਿੱਤ ਦਾ ਸਰਟੀਫਿਕੇਟ ਦਿੱਤਾ ਗਿਆ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਸ਼ੁਰੂ ਵਿੱਚ ਕਮਜ਼ੋਰ ਸਮਝ ਕੇ ਸਾਰੇ ਟਿੱਚਰਾਂ ਕਰਦੇ ਹੁੰਦੇ ਸਨ ਕਿ ਇਹਨੇ ਤਾਂ ਹਾਰ ਜਾਣਾ ਹੈ ਪਰ ਲੋਕਾਂ ਦੇ ਸਹਿਯੋਗ ਨਾਲ ਮੈਂ ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀਆਂ, ਦਰਜ਼ਨਾਂ ਵਿਧਾਇਕਾਂ ਦੇ ਲਾਏ ਪੂਰੇ ਜ਼ੋਰ ਦੇ ਬਾਵਜ਼ੂਦ ਸੰਗਰੂਰ ਦੇ ਲੋਕਾਂ ਨੇ ਮੈਨੂੰ ਹੀ ਆਪਣਾ ਨੁਮਾਇੰਦਾ ਚੁਣਿਆ ਹੈ

ਅਸੀਂ ਆਪਣੀ ਹਾਰ ਕਬੂਲਦੇ ਹਾਂ : ਮਾਲਵਿੰਦਰ ਸਿੰਘ ਕੰਗ

ਚੋਣ ਨਤੀਜਿਆਂ ਦੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਚੋਣਾਂ ’ਚ ਕਿਸੇ ਇੱਕ ਪਾਰਟੀ ਨੇ ਜਿੱਤਣਾ ਹੁੰਦਾ ਹੈ, ਖ਼ੈਰ ਅਸੀਂ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੰਦੇ ਹਾਂ ਉਨ੍ਹਾਂ ਕਿਹਾ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਿਮਰਨਜੀਤ ਸਿੰਘ ਮਾਨ ਇੱਕ ਚੰਗੇ ਸੰਸਦ ਮੈਂਬਰ ਸਾਬਤ ਹੋਣਗੇ ਅਤੇ ਲੋਕ ਸਭਾ ਸੰਗਰੂਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ