ਦੁਕਾਨ ਨੂੰ ਲੱਗੀ ਅੱਗ, ਛੇ ਲੱਖ ਦਾ ਨੁਕਸਾਨ

0

ਦੁਕਾਨ ਦੀ ਛੱਤ ਡਿੱਗੀ, ਕਰਿਆਨੇ ਅਤੇ ਆਟਾ ਚੱਕੀ ‘ਚ ਰੱਖੀ ਕਣਕ ਸੜ ਕੇ ਸੁਆਹ

ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਬੀਤੀ ਰਾਤ ਗੋਨਿਆਣਾ ਰੋਡ ‘ਤੇ ਸਥਿੱਤ ਪ੍ਰਵੀਨ ਕਰਿਆਨਾ ਸਟੋਰ ਅਤੇ ਆਟਾ ਚੱਕੀ ‘ਚ ਰਾਤ ਲਗਭਗ ਸਾਢੇ 9 ਵਜੇ ਸ਼ੱਕੀ ਤਰੀਕੇ ਨਾਲ ਅੱਗ ਲੱਗ ਜਾਣ ਕਾਰਨ ਲਗਭਗ 6 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਬੀਤੀ ਰਾਤ ਲਗਭਗ 9.30 ਵਜੇ ਤੇਜ਼ ਬਾਰਿਸ਼ ਹੋਣ ਕਾਰਨ ਲਾਇਟ ਨਹੀਂ ਸੀ। ਇਸ ਦੌਰਾਨ ਗੋਨਿਆਣਾ ਰੋਡ ਸਥਿੱਤ ਪ੍ਰਵੀਨ ਕਰਿਆਨਾ ਸਟੋਰ ਅਤੇ ਆਟਾ ਚੱਕੀ ‘ਚ ਅੱਗ ਲੱਗ ਗਈ। ਅੱਗ ਦੀ ਸੂਚਨਾ ਦੁਕਾਨ ਦੇ ਗੁਆਂਢੀਆਂ ਵੱਲੋਂ ਦੁਕਾਨਦਾਰ ਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਤੁਰੰਤ ਹੀ ਦੁਕਾਨ ਵਾਲੇ ਅਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈ। ਪਹਿਲਾਂ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਅੱਗ ‘ਤੇ ਕਾਬੂ ਪਾਉਣ ਦਾ ਪੂਰਾ ਯਤਨ ਕੀਤਾ ਗਿਆ। ਪਰ ਅੱਗ ਬਹੁਤ ਜ਼ਿਆਦਾ ਤੇਜ਼ ਹੋਣ ਕਾਰਨ ਸਭ ਦੀਆਂ ਕੋਸ਼ਿਸਾਂ ਨਾਕਾਮ ਹੋ ਗਈਆਂ। ਅੱਗ ‘ਤੇ ਫਾਇਰ ਬ੍ਰਿਗੇਡ ਵਾਲਿਆਂ ਨੇ ਲਗਭਗ ਡੇਢ ਘੰਟੇ ਦੀ ਸਖ਼ਤ ਮਿਹਨਤ ਦੇ ਬਾਅਦ ਕਾਬੂ ਪਾਇਆ।

ਅੱਗ ਦੇ ਕਾਰਨ ਦੁਕਾਨ ‘ਚ ਰੱਖੇ ਦੋ ਫਰਿੱਜ਼, ਇੱਕ ਟੀ.ਵੀ. ਅਤੇ ਕਰਆਿਨੇ ਦਾ ਪੂਰਾ ਸਮਾਨ ਸੜ ਕੇ ਰਾਖ ਹੋ ਗਿਆ। ਕਰਿਆਨੇ ਦੀ ਦੁਕਾਨ ਦੇ ਅੰਦਰ ਹੀ ਨਾਲ ਵਿੱਚ ਇੱਕ ਆਟਾ ਚੱਕੀ ਵੀ ਦੁਕਾਨਦਾਰ ਵੱਲੋਂ ਲਗਾਈ ਹੋਈ ਸੀ। ਜਿਥੇ ਲੋਕਾਂ ਦੀ ਪਿਸਣ ਵਾਲੀ ਕਣਕ ਅਤੇ ਆਟਾ ਰੱਖਿਆ ਹੋਇਆ ਸੀ ਜੋ ਕਿ ਸੜ ਕੇ ਸੁਆਹ ਹੋ ਗਿਆ। ਦੁਕਾਨਦਾਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਸ ਦੀ ਦੁਕਾਨ ਅਤੇ ਆਟਾ ਚੱਕੀ ਸੜ ਕੇ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ।

ਦੁਕਾਨਦਾਰ ਨੇ ਦੱਸਿਆ ਕਿ ਅੱਗ ਲੱਗਣ ਨਾਲ ਉਸ ਦਾ ਲਗਭਗ ਛੇ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਅੱਗ ਦੇ ਕਾਰਨ ਦੁਕਾਨ ਦੀ ਛੱਤ ਡਿੱਗ ਗਈ ਅਤੇ ਦੀਵਾਰਾਂ ‘ਚ ਦਰਾੜਾਂ ਆ ਗਈਆਂ ਹਨ। ਉਹਨਾਂ ਨੇ ਦੱਸਿਆ ਕਿ ਇੱਕ ਤਾਂ ਪਹਿਲਾ ਕੋਰੋਨਾ ਕਰਕੇ ਦੁਕਾਨ ‘ਤੇ ਕੰਮ ਘੱਟ ਸੀ ਉਪਰੋਂ ਇਸ ਅੱਗ ਨਾਲ ਉਸ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ।

ਅੱਗ ਲੱਗਣ ਦਾ ਕਾਰਨ ਸ਼ੱਕੀ

ਅੱਗ ਲੱਗਣ ਦੇ ਕਾਰਨ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ ਕਿਉਂਕਿ ਬੀਤੀ ਰਾਤ ਤੇਜ਼ ਬਾਰਿਸ਼ ਹੋਣ ਕਾਰਨ ਬਿਜਲੀ ਨਹੀਂ ਸੀ। ਜਿਸ ਕਾਰਨ ਅੱਗ ਨਹੀਂ ਲੱਗ ਸਕਦੀ। ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਰਿਸ਼ ਅਤੇ ਬਿਜਲੀ ਦੀਆਂ ਤੇਜ਼ ਅਵਾਜ਼ਾਂ ਆ ਰਹੀਆਂ ਸਨ ਹੋ ਸਕਦਾ ਹੈ ਕਿ ਦੁਕਾਨ ‘ਤੇ ਬਿਜਲੀ ਡਿੱਗੀ ਹੋਵੇ। ਜਿਸ ਕਾਰਨ ਅੱਗ ਲੱਗ ਸਕਦੀ ਹੈ। ਪਰ ਗੁਆਂਢੀਆਂ ਦਾ ਕਹਿਣਾ ਹੈ ਕਿ ਅੱਗ ਬਿਜਲੀ ਡਿੱਗਣ ਨਾਲ ਨਹੀਂ ਲੱਗੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.