ਬੁਰੀਆਂ ਆਦਤਾਂ ਨੂੰ ਜ਼ਿੰਦਗੀ ’ਚੋਂ ਬਾਹਰ ਦਾ ਰਸਤਾ ਦਿਖਾਓ

Bad Habits Sachkahoon

ਬੁਰੀਆਂ ਆਦਤਾਂ ਨੂੰ ਜ਼ਿੰਦਗੀ ’ਚੋਂ ਬਾਹਰ ਦਾ ਰਸਤਾ ਦਿਖਾਓ

ਸਿਆਣੇ ਕਹਿੰਦੇ ਹਨ ਕਿ ਹਰ ਵਿਅਕਤੀ ਆਪਣਾ ਸੂਰਜ ਲੈ ਕੇ ਜੰਮਦਾ ਹੈ ਅਤੇ ਸਾਰੀ ਉਮਰ ਉਸ ਨਾਲ ਨਿਭਦਾ ਹੈ। ਸੂਰਜ ਦੀ ਲੋਅ ਉਸ ਦੇ ਦਿਮਾਗ ਨੂੰ ਸਦਾ ਰੁਸ਼ਨਾਉਂਦੀ ਰਹਿੰਦੀ ਹੈ ਜਿਸ ਨਾਲ ਉਹ ਆਪਣੇ ਆਲੇ-ਦੁਆਲੇ, ਆਪਣੇ ਸਮਾਜ ਅਤੇ ਪਰਿਵਾਰ ਨੂੰ ਵੀ ਰੁਸ਼ਨਾਉਂਦਾ ਹੈ। ਇਹ ਵੀ ਸੱਚ ਹੈ ਕਿ ਬਚਪਨ ਵਿਚ ਬੱਚਾ ਅਣਘੜਿਆ ਹੀਰਾ ਹੁੰਦਾ ਹੈ ਅਤੇ ਉਸ ਦਾ ਦਿਮਾਗ ਕੋਰੀ ਸਲੇਟ ਵਰਗਾ। ਇਸ ਉੱਪਰ ਉਸ ਦੇ ਆਲੇ-ਦੁਆਲੇ ਤੇ ਪਰਿਵਾਰਕ ਮੈਂਬਰਾਂ ਦਾ ਆਪਸੀ ਵਿਹਾਰ ਪੱਕੀ ਛਾਪ ਛੱਡ ਦਿੰਦਾ ਹੈ। ਲਗਾਤਾਰ ਇੱਕ ਹੀ ਪ੍ਰਕਾਰ ਦੇ ਵਿਹਾਰ ਨਾਲ ਨਿਭਦੇ ਰਹਿਣ ਕਾਰਨ ਬੱਚੇ ਦੇ ਦਿਲ-ਦਿਮਾਗ ’ਤੇ ਡੂੰਘਾ ਅਸਰ ਹੁੰਦਾ ਹੈ ਤੇ ਹੌਲੀ-ਹੌਲੀ ਇਹੀ ਬੱਚੇ ਦੀ ਆਦਤ ਬਣ ਜਾਂਦੀ ਹੈ।

ਬਚਪਨ ਤੋਂ ਬਣ ਗਈਆਂ ਇਹੀ ਆਦਤਾਂ ਵਿਅਕਤੀ ਦੇ ਜੀਵਨ ਦਾ ਹਿੱਸਾ ਬਣ ਜਾਂਦੀਆਂ ਹਨ। ਕਿਉਂਕਿ ਆਦਤਾਂ ਲੋਹੇ ਦੇ ਸੰਗਲ ਵਾਂਗ ਹੁੰਦੀਆਂ ਹਨ ਇਸ ਲਈ ਇਨ੍ਹਾਂ ਨੂੰ ਬਦਲਣਾ ਔਖਾ ਹੋ ਜਾਂਦਾ ਹੈ। ਇਸ ਦੇ ਸਿੱਟੇ ਵਜੋਂ ਵਿਅਕਤੀ ਦੀ ਸ਼ਖਸੀਅਤ ਵੀ ਉਸੇ ਤਰ੍ਹਾਂ ਦੀ ਬਣ ਜਾਂਦੀ ਹੈ। ਹਰ ਮਨੁੱਖ ਵਿਚ ਚੰਗੀਆਂ-ਮਾੜੀਆਂ ਆਦਤਾਂ ਹੁੰਦੀਆਂ ਹਨ। ਚੰਗੀਆਂ ਆਦਤਾਂ ਜਿੱਥੇ ਵਿਅਕਤੀ ਦੀ ਸ਼ਖਸੀਅਤ ਨੂੰ ਨਿਖਾਰ ਦਿੰਦੀਆਂ ਹਨ, ਉੱਥੇ ਹੀ ਮਾੜੀਆਂ ਆਦਤਾਂ ਨਾਲ ਵਿਅਕਤੀ ਦੀ ਸ਼ਖਸੀਅਤ ਬੁਰੀ ਬਣ ਜਾਂਦੀ ਹੈ।

ਅਜੋਕੇ ਯੁੱਗ ਵਿਚ ਜਿੱਥੇ ਨਿੱਜ ਅਤੇ ਸਵਾਰਥ ਹਰ ਪਾਸੇ ਭਾਰੂ ਹੈ, ਲਾਲਚ ਅਤੇ ਲਾਲਸਾ ਦੀ ਹਨੇ੍ਹਰੀ ਹਰ ਪਾਸੇ ਛਾਈ ਹੋਈ ਹੈ, ਉੱਥੇ ਹੀ ਕਿਸੇ ਦੂਸਰੇ ਦੀ ਤਰੱਕੀ ਕਈ ਲੋਕਾਂ ਨੂੰ ਫੁੱਟੀ ਅੱਖ ਵੀ ਨਹੀਂ ਭਾਉਂਦੀ। ਅਜਿਹੇ ਲੋਕਾਂ ਦਾ ਧਿਆਨ ਆਪਣੇ ਵੱਲ ਘੱਟ ਅਤੇ ਦੂਸਰਿਆਂ ਵੱਲ ਜ਼ਿਆਦਾ ਹੁੰਦਾ ਹੈ। ਉਨ੍ਹਾਂ ਦੀ ਇਸ ਸੋਚ ਕਾਰਨ ਉਨ੍ਹਾਂ ਵਿਚ ਇੱਕ ਬਹੁਤ ਬੁਰੀ ਆਦਤ ਜਨਮ ਲੈਂਦੀ ਹੈ। ਉਹ ਹੈ ਕਨਸੋਆਂ ਲੈਣ ਦੀ ਆਦਤ ਅਰਥਾਤ ਦੂਸਰਿਆਂ ਦੀਆਂ ਬਿੜਕਾਂ ਲੈਣ ਦੀ ਆਦਤ। ਅੱਜ ਜਦੋਂ ਹਰ ਵਿਅਕਤੀ ਆਪਣੇ ਤੱਕ ਹੀ ਸੀਮਤ ਹੋ ਗਿਆ ਹੈ, ਉਹ ਨਾ ਤਾਂ ਕਿਸੇ ਨਾਲ ਆਪਣਾ ਦੁੱਖ ਸਾਂਝਾ ਕਰਦਾ ਹੈ ਅਤੇ ਨਾ ਹੀ ਆਪਣੀ ਖੁਸ਼ੀ।

ਕਨਸੋਆਂ ਲੈਣ ਦੀ ਬੁਰੀ ਆਦਤ ਵਾਲੇ ਲੋਕ ਉਨ੍ਹਾਂ ਦੇ ਘਰਾਂ ਦੀ ਖਬਰ-ਖਬਾਰ ਰੱਖਣ ਨੂੰ ਹੀ ਆਪਣੀ ਉਪਲੱਬਧੀ ਮੰਨ ਲੈਂਦੇ ਹਨ। ਸਿਆਣੇ ਕਹਿੰਦੇ ਹਨ ਕਿ ਇਹ ਕਨਸੋਆਂ ਲੈਣ ਦੀ ਆਦਤ ਵੀ ਦੋ-ਮੁਖੀ ਹੁੰਦੀ ਹੈ। ਇੱਕ ਉਹ ਲੋਕ ਜੋ ਦੂਸਰਿਆਂ ਕੋਲੋਂ ਉਹ ਭੇਦ ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਕਿਹੜੇ ਤਰੀਕਿਆਂ ਨਾਲ ਉਨ੍ਹਾਂ ਨੇ ਮੁਕਾਮ ਹਾਸਲ ਕੀਤੇ ਹਨ ਤੇ ਫਿਰ ਉਨ੍ਹਾਂ ਤੋਂ ਸੇਧ ਲੈ ਕੇ ਆਪ ਮਿਹਨਤ ਕਰਦੇ ਹੋਏ ਸਫਲਤਾਵਾਂ ਨੂੰ ਆਪਣੀ ਝੋਲੀ ਪਾਉਂਦੇ ਹਨ। ਇਹ ਆਦਤ ਬੁਰੀ ਨਹੀਂ ਹੁੰਦੀ ਕਿਉਂਕਿ ਇਹ ਕਿਸੇ ਦੂਸਰੇ ਨੂੰ ਦੁਖੀ ਨਹੀਂ ਕਰਦੀ ਅਤੇ ਨਾ ਹੀ ਵਿਅਕਤੀ ਦੇ ਵਿਚਾਰਾਂ ਨੂੰ ਪ੍ਰਦੂਸ਼ਿਤ ਕਰਦੀ ਹੈ।

ਦੂਸਰੇ ਅਜਿਹੇ ਲੋਕ ਹੁੰਦੇ ਹਨ ਜੋ ਦੂਸਰਿਆਂ ਦੇ ਘਰਾਂ ਦੀਆਂ ਗੱਲਾਂ ਜਾਣ ਕੇ ਫਿਰ ਉਨ੍ਹਾਂ ਨੂੰ ਬਦਨਾਮ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ। ਪਿੱਠ ਪਿੱਛੇ ਉਨ੍ਹਾਂ ਦੀ ਬੁਰਿਆਈ ਕਰਕੇ ਖੁਸ਼ ਹੁੰਦੇ ਹੋਏ ਆਪਣੀ ਪਿੱਠ ਥਾਪੜਦੇ ਹਨ। ਅਜਿਹੇ ਲੋਕ ਅੱਤ ਦੀ ਘਟੀਆ ਦਰਜਾਬੰਦੀ ਵਾਲੇ ਹੁੰਦੇ ਹਨ। ਅਜਿਹੇ ਲੋਕਾਂ ਦਾ ਦਿਲ ਸਦਾ ਵੈਰ ਜਾਂ ਨਫਰਤ ਦੀ ਅੱਗ ਵਿਚ ਸੜਦਾ ਹੈ। ਦੂਜਿਆਂ ਦੀ ਤਰੱਕੀ ਵੇਖ ਕੇ ਉਸ ਤੋਂ ਕੁਝ ਸੇਧ ਲੈਣ ਦੀ ਬਜਾਏ ਕੇਵਲ ਈਰਖਾ ਹੀ ਕਰਦੇ ਰਹਿੰਦੇ ਹਨ ਜਿਸ ਕਾਰਨ ਆਪਣੀਆਂ ਜ਼ਿੰਮੇਵਾਰੀਆਂ ਵੱਲ ਉਨ੍ਹਾਂ ਦਾ ਕਦੇ ਵੀ ਧਿਆਨ ਨਹੀਂ ਜਾਂਦਾ। ਅਜਿਹੇ ਲੋਕਾਂ ਨੂੰ ਰਾਤ ਵੇਲੇ ਨੀਂਦ ਵੀ ਨਹੀਂ ਆਉਂਦੀ ਕਿਉਂਕਿ ਹਰ ਸਮੇਂ ਲੋਕਾਂ ਦਾ ਬੁਰਾ ਕਰਨ ਦੀ ਸੋਚ ਹੀ ਉਨ੍ਹਾਂ ਦੇ ਦਿਮਾਗ ’ਤੇ ਭਾਰੂ ਰਹਿੰਦੀ ਹੈ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦੀ ਜ਼ਿੰਦਗੀ ਦਾ ਸੰਤੁਲਨ ਵਿਗੜ ਜਾਂਦਾ ਹੈ।

ਉਨ੍ਹਾਂ ਦੀ ਇਸੇ ਆਦਤ ਕਾਰਨ ਉਹ ਜੀਵਨ ਵਿਚ ਆਸ ਦੀ ਕਿਰਨ ਤੋਂ ਦੂਰ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਦਾ ਭੌਤਿਕ ਸੰਸਾਰ ਮਨੁੱਖੀ ਰਿਸ਼ਤਿਆਂ ਦੀਆਂ ਅਸਫਲਤਾਵਾਂ ਤੋਂ ਪੀੜਤ ਹੁੰਦਾ ਹੈ।ਅਜਿਹੇ ਲੋਕਾਂ ਦੀ ਇਹ ਬੁਰੀ ਆਦਤ ਉਨ੍ਹਾਂ ਨੂੰ ਅੰਦਰੋਂ-ਅੰਦਰ ਕਮਜ਼ੋਰ ਅਤੇ ਖੋਖਲਾ ਕਰਦੀ ਰਹਿੰਦੀ ਹੈ ਜਿਸ ਕਾਰਨ ਉਨ੍ਹਾਂ ਦਾ ਜੀਵਨ ਸੰਵੇਦਨਾ ਤੇ ਉਦਾਰਤਾ ਤੋਂ ਰਹਿਤ ਹੋ ਜਾਂਦਾ ਹੈ। ਜੀਵਨ ਅਸ਼ਾਂਤ ਬਣਿਆ ਰਹਿੰਦਾ ਹੈ ਅਤੇ ਉਹ ਆਪਣੀਆਂ ਹੀ ਬਣਾਈਆਂ ਮਾਨਸਿਕ ਜੰਜ਼ੀਰਾਂ ਵਿਚ ਜਕੜੇ ਹੋਏ ਪੂਰਾ ਜੀਵਨ ਗੁਜ਼ਾਰ ਦਿੰਦੇ ਹਨ ਅਤੇ ਖੂਬਸੂਰਤ ਜੀਵਨ ਦਾ ਮਜ਼ਾ ਉਨ੍ਹਾਂ ਲਈ ਕਿਰਕਿਰਾ ਬਣ ਜਾਂਦਾ ਹੈ। ਇੱਕ ਦਿਨ ਉਨ੍ਹਾਂ ਦੀ ਅਜਿਹੀ ਆਦਤ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਲਈ ਲਾਹਨਤ ਬਣ ਜਾਂਦੀ ਹੈ ਕਿਉਂਕਿ ਜਦੋਂ ਲੋਕਾਂ ਨੂੰ ਉਨ੍ਹਾਂ ਦੇ ਅਸਲੀ ਰੂਪ ਦਾ ਪਤਾ ਲੱਗ ਜਾਂਦਾ ਹੈ ਤਾਂ ਉਹ ਅਕਸਰ ਉਨ੍ਹਾਂ ਤੋਂ ਕਿਨਾਰਾ ਕਰ ਲੈਂਦੇ ਹਨ।

ਅਸਲ ਵਿਚ ਗਲਤ ਨੀਅਤ ਨਾਲ ਦੂਸਰਿਆਂ ਦੀਆਂ ਕਨਸੋਆਂ ਲੈਣ ਦੀ ਆਦਤ ਵਾਲੇ ਲੋਕਾਂ ਵਿਚ ਆਤਮ-ਵਿਸ਼ਵਾਸ ਦੀ ਕਮੀ ਹੁੰਦੀ ਹੈ ਅਤੇ ਉਹ ਜੀਵਨ ਦੇ ਹਰ ਖੇਤਰ ਵਿਚ ਹਾਰੇ ਹੋਏ ਹੁੰਦੇ ਹਨ ਜਿਸ ਕਾਰਨ ਉਨ੍ਹਾਂ ਦੇ ਵਿਚਾਰ ਵੀ ਮੁਰਦਾ ਬਣ ਜਾਂਦੇ ਹਨ ਤੇ ਜੀਵਨ ਕੁੜੱਤਣ ਦੇ ਪਲਾਂ ਨਾਲ ਭਰ ਜਾਂਦਾ ਹੈ। ਇਸ ਲਈ ਜਿੰਨੀ ਜਲਦੀ ਹੋਵੇ ਇਸ ਆਦਤ ਨੂੰ ਤਿਆਗਣਾ ਚਾਹੀਦਾ ਹੈ। ਜ਼ਰਾ ਸੋਚੋ ਕਿ ਦੂਸਰਿਆਂ ਦਾ ਬੁਰਾ ਕਰਕੇ ਅੱਜ ਤੱਕ ਕਿਹੜਾ ਵਿਅਕਤੀ ਸੁਖੀ ਹੋਇਆ ਹੈ! ਆਪਣੇ ਮਿੱਠ-ਬੋਲੜੇ ਵਿਵਹਾਰ ਨਾਲ ਦੂਸਰਿਆਂ ਦੇ ਘਰਾਂ ਦੀ ਕਨਸੋਆਂ ਲੈ ਕੇ ਲੋਕਾਂ ਸਾਹਮਣੇ ਉਨ੍ਹਾਂ ਨੂੰ ਭੰਡ ਕੇ ਖੁਸ਼ ਹੋਣਾ ਕਾਹਦੀ ਖੁਸ਼ੀ ਹੈ? ਇਸ ਤਰ੍ਹਾਂ ਪ੍ਰਾਪਤ ਖੁਸ਼ੀ ਤਾਂ ਕੇਵਲ ਕੁਝ ਪਲ ਦੀ ਹੀ ਹੁੰਦੀ ਹੈ ਪਰ ਸ਼ਖਸੀਅਤ ਸਾਰੀ ਉਮਰ ਲਈ ਸ਼ਰਮਸਾਰ ਬਣ ਜਾਂਦੀ ਹੈ।

ਇਸ ਲਈ ਦੋਸਤੋ, ਕਿਸੇ ਦਾ ਬੁਰਾ ਕਰਕੇ ਕਦੇ ਖੁਸ਼ ਨਾ ਹੋਇਆ ਕਰੋ ਕਿਉਂਕਿ ਉੱਪਰ ਵਾਲਾ ਜਦੋਂ ਹਿਸਾਬ ਕਰਦਾ ਹੈ ਤਾਂ ਉਹ ਸੰਭਲਣ ਤਾਂ ਕੀ ਰੋਣ ਲਾਇਕ ਵੀ ਨਹੀਂ ਛੱਡਦਾ। ਪਰਮਾਤਮਾ ਵੱਲੋਂ ਤੁਹਾਨੂੰ ਉਹ ਸਾਰੀਆਂ ਹੀ ਸ਼ਕਤੀਆਂ ਪ੍ਰਦਾਨ ਹੋਈਆਂ ਹਨ ਜਿਨ੍ਹਾਂ ਦੀ ਪੂਰੀ ਇਮਾਨਦਾਰੀ ਨਾਲ ਵਰਤੋਂ ਕਰਕੇ ਤੁਸੀਂ ਵੀ ਜੀਵਨ ਦੀਆਂ ਮਨਚਾਹੀਆਂ ਮੰਜ਼ਿਲਾਂ ਪ੍ਰਾਪਤ ਕਰ ਸਕਦੇ ਹੋ। ਆਪਣੀ ਸ਼ਖਸੀਅਤ ਨੂੰ ਨਿਖਾਰਨ ਤੇ ਸਮਾਜ ਵਿਚ ਹਰਮਨਪਿਆਰੇ ਬਣਨ ਲਈ ਇਸ ਬੁਰੀ ਆਦਤ ਨੂੰ ਬਦਲ ਲਓ ਤਾਂ ਜੋ ਤੁਹਾਡੇ ਚਿਹਰੇ ’ਤੇ ਚਮਕ ਸਦੀਵੀ ਬਣੀ ਰਹੇ।

ਕੈਲਾਸ਼ ਚੰਦਰ ਸ਼ਰਮਾ
ਰਣਜੀਤ ਐਵੀਨਿਊ, ਅੰਮ੍ਰਿਤਸਰ
ਮੋ. 98774-66607

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।