ਪਰਸ ਵਾਪਿਸ ਕਰਕੇ ਦਿਖਾਈ ਇਮਾਨਦਾਰੀ

ਪਰਸ ਵਾਪਿਸ ਕਰਕੇ ਦਿਖਾਈ ਇਮਾਨਦਾਰੀ

ਮੁਨੀਸ਼ ਕੁਮਾਰ ਆਸ਼ੂ, ਅੱਪਰਾ।  ਕਸਬਾ ਅੱਪਰਾ ਵਿਖੇ ਅੱਜ ਇੱਕ ਰਿਕਸ਼ਾ ਚਲਾਉਣ ਵਾਲੇ ਵਿਅਕਤੀ ਨੇ ਨੌਜਵਾਨ ਦਾ ਡਿੱਗਿਆ ਹੋਇਆ ਪਰਸ ਵਾਪਿਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਜ਼ਦੀਕੀ ਪਿੰਡ ਮੰਡੀ ਦੇ ਵਸਨੀਕ ਨੌਜਵਾਨ ਅਮਰਜੀਤ ਕੁਮਾਰ ਉਰਫ ਵਿੱਕੀ ਲੋਈ ਜੋ ਮੈਸਨ ਦੇ ਠੇਕੇਦਾਰ ਹਨ, ਨੇ ਦੱਸਿਆ ਕਿ ਬੀਤੇ ਦਿਨੀਂ ਅੱਪਰਾ ਵਿਖੇ ਉਹ ਤੇ ਉਸਦਾ ਦੋਸਤ ਸੰਜੀਵ ਕੁਮਾਰ ਗੱਡੀ ਵਿੱਚ ਜਰੂਰੀ ਕੰਮ ਜਾ ਰਹੇ ਸਨ ਕਿ ਅਚਾਨਕ ਉਸਦਾ ਗੱਡੀ ’ਚੋਂ ਉਤਰਨ ਸਮੇਂ ਪਰਸ ਡਿੱਗ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਉਸ ਪਰਸ ’ਚ ਉਸਦਾ ਡਰਾਈਵਿੰਗ ਲਾਇਸੰਸ, ਬੈਂਕ ਦੇ ਦੋ ਏ ਟੀ ਐੱਮ ਕਾਰਡ, ਜਰੂਰੀ ਕਾਗਜ਼ਾਤ ਤੇ ਦੋ ਹਜ਼ਾਰ ਦੇ ਕਰੀਬ ਪੈਸੇ ਵੀ ਸਨ। ਉਸ ਨੇ ਦੱਸਿਆ ਕਿ ਅੱਪਰਾ ਦੇ ਵਸਨੀਕ ਕਮਲਜੀਤ ਇੰਸਾਂ ਉਰਫ ਕਾਸ਼ੀ ਜੋ ਕਿ ਅੱਪਰਾ ਵਿਖੇ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ ਤੇ ਡੇਰਾ ਸੱਚਾ ਸੌਦਾ ਸਿਰਸਾ ਦਾ ਸ਼ਰਧਾਲੂ ਹੈ, ਨੇ ਉਸਦਾ ਡਿੱਗਿਆ ਹੋਇਆ ਪਰਸ ਉਸਨੂੰ ਵਾਪਿਸ ਕਰਕੇ ਇਮਾਨਦਾਰੀ ਦਿਖਾਈ ਹੈ। ਉਹ ਉਕਤ ਰਿਕਸ਼ਾ ਚਾਲਕ ਕਾਸ਼ੀ ਇੰਸਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ।

ਇਸ ਸੰਬੰਧੀ ਜਦੋਂ ਉਕਤ ਕਾਸ਼ੀ ਇੰਸਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਉਸਨੂੰ ਦੁਰਗਾ ਮਾਤਾ ਮੰਦਿਰ ਦੇ ਨੇੜਿਓਂ ਡਿੱਗਿਆ ਹੋਇਆ ਪਰਸ ਮਿਲਿਆ ਤਾਂ ਉਹ ਪਰਸ ਦੇ ਅਸਲੀ ਮਾਲਕ ਦੀ ਭਾਲ ਕਰਨ ਲਈ ਪਿੰਡ ਮੰਡੀ ਵੀ ਗਿਆ ਅਤੇ ਪਿੰਡ ਵਾਸੀਆਂ ਤੋਂ ਉਕਤ ਪਰਸ ਮਾਲਕ ਦਾ ਪਤਾ ਪੁੱਛਿਆ ਤਾਂ ਪਿੰਡ ਵਾਸੀਆਂ ਵੱਲੋਂ ਸਹੀ ਪਤਾ ਨਹੀਂ ਮਿਲਿਆ। ਉਸ ਨੇ ਅੱਗੇ ਦੱਸਿਆ ਕਿ ਜਦੋਂ ਉਸ ਨੇ ਬਾਰੂ ਆੜਤੀਆਂ ਦੇ ਦੁਕਾਨ ’ਤੇ ਉਕਤ ਪਰਸ ਮਾਲਕ ਦਾ ਡਰਾਈਵਿੰਗ ਲਾਇਸੰਸ ਦਿਖਾਇਆ ਤਾਂ ਉਨ੍ਹਾਂ ਨੂੰ ਮਾਲਕ ਦੀ ਸ਼ਨਾਖਤ ਹੋ ਗਈ ਤੇ ਦੁਕਾਨਦਾਰ ਨੇ ਪਰਸ ਮਾਲਕ ਨੂੰ ਫੋਨ ਕਰਕੇ ਆਪਣੀ ਦੁਕਾਨ ’ਤੇ ਬੁਲਾ ਲਿਆ ਤੇ ਪਰਸ ਅਸਲੀ ਮਾਲਿਕ ਦੇ ਹਵਾਲੇ ਕਰ ਦਿੱਤਾ।

ਉਕਤ ਕਾਸ਼ੀ ਨੇ ਅੱਗੇ ਦੱਸਿਆ ਕਿ ਉਹ ਡੇਰਾ ਸੱਚਾ ਸੌਦਾ ਸਿਰਸਾ ਨਾਲ ਕਰੀਬ 18-20 ਸਾਲਾਂ ਤੋਂ ਜੁੜਿਆ ਹੈ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ’ਤੇ ਚਲਦੇ ਹੋਏ ਪਹਿਲਾਂ ਵੀ ਇੱਕ ਪਰਸ ਤੇ ਇੱਕ ਮੋਬਾਇਲ ਫੋਨ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ। ਇਸ ਮੌਕੇ ਸੰਜੀਵ ਕੁਮਾਰ, ਸੁਰਜੀਤ ਕੁਮਾਰ ਉਰਫ ਬਾਰੂ ਆੜਤੀਆ, ਅਸ਼ੀਸ਼ ਬਸੰਦਰਾਏ, ਅਮਿਤ ਬਸੰਦਰਾਏ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।