ਸਿੱਧੂ ਨੂੰ ਕੋਈ ਪ੍ਰਾਬਲਮ ਹੈ ਤਾਂ ਕਰਨ ਹਾਈਕਮਾਨ ਨਾਲ ਗੱਲ

Sidhu, Problem, High Command

ਪਰਨੀਤ ਕੌਰ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ‘ਤੇ ਸਾਧਿਆ ਹਮਲਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪਰਨੀਤ ਕੌਰ ਨੇ ਵੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ‘ਤੇ ਹਮਲਾ ਕਰਦਿਆਂ ਆਖਿਆ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਪ੍ਰਾਬਲਮ ਹੈ, ਤਾਂ ਉਹ ਹਾਈ ਕਮਾਨ ਨਾਲ ਗੱਲ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਟਿਕਟ ਮਾਮਲੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ।  ਪਰਨੀਤ ਕੌਰ ਇੱਥੇ ਮੋਤੀ ਮਹਿਲ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸਿੱਧੂ ਵੱਲੋਂ ਆਪਣੀ ਗੱਲ ਕਹਿਣ ਲਈ ਸਮਾਂ ਗਲਤ ਚੁਣਿਆ ਗਿਆ ਹੈ, ਜੇਕਰ ਕੋਈ ਰੋਸ ਹੈ ਤਾਂ ਉਸ ਦੇ ਨਿਬੇੜੇ ਲਈ ਹਾਈਕਮਾਂਡ ਕੋਲ ਜਾਣ।  ਉਨ੍ਹਾਂ ਐਗਜਿਟ ਪੋਲ ਨੂੰ ਕਟਿਹਰੇ ਵਿੱਚ ਖੜ੍ਹਾ ਕਰਦਿਆਂ ਆਖਿਆ ਕਿ ਇਨ੍ਹਾਂ ‘ਤੇ ਭਰੋਸਾ ਕਰਨਾ ਵਾਜਿਬ ਨਹੀਂ। ਉਨ੍ਹਾਂ ਕਿਹਾ ਕਿ 2017 ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਐਗਜਿਟ ਪੋਲ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀ ਭਵਿੱਖ ਬਾਣੀ ਕੀਤੀ ਸੀ, ਜਦਕਿ ਹੋਇਆ ਇਸ ਦੇ ਉਲਟ। ਕਾਂਗਰਸ ਵੱਲੋਂ 70 ਤੋਂ ਵੱਧ ਸੀਟਾਂ ‘ਤੇ ਜਿੱਤ ਦਰਜ਼ ਕੀਤੀ ਗਈ ਸੀ, ਜੋ ਕਿਸੇ ਨੇ ਸੋਚਿਆ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਕੌਮੀ ਪੱਧਰ ‘ਤੇ ਚੰਗਾ ਪ੍ਰਰਦਸਨ ਕਰੇਗੀ। ਇੱਕ ਸੁਆਲ ਦੇ ਜਵਾਬ ਵਿੱਚ ਪਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪਟਿਆਲਾ ਤੋਂ ਚੰਗੀਆਂ ਖਬਰਾਂ ਮਿਲ ਰਹੀਆਂ ਹਨ, ਪਰ ਉਹ 23 ਤਾਰੀਖ ਦੀ ਉਡੀਕ ਵਿੱਚ ਹਨ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੋਤੀ ਮਹਿਲ ਦੇ ਦਰਵਾਜੇ ਕਦੇ ਬੰਦ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ 20 ਸਾਲਾਂ ਤੋਂ ਤਾਂ ਅਜਿਹਾ ਨਹੀਂ ਹੋਇਆ, ਚਾਹੇ ਉਹ ਪਿਛਲੀ ਵਾਰ ਹਾਰ ਵੀ ਗਏ ਸਨ, ਪਰ ਫੇਰ ਵੀ ਉਹ ਲੋਕਾਂ ਨਾਲ ਖੜ੍ਹੇ ਹਨ।
ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਜਾਣ ਬੁੱਝ ਕੇ ਅਜਿਹੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਕੰਮਾਂ ਨੂੰ ਤਰਜੀਹ ਦਿੰਦੇ ਹਨ ਅਤੇ ਕੱਲ੍ਹ ਅਤੇ ਅੱਜ ਵੀ ਲਗਾਤਾਰ ਉਨ੍ਹਾਂ ਕੋਲ ਕਾਂਗਰਸੀ ਵਰਕਰ ਆਪਣੇ ਕੰਮਾਂ ਲਈ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੰਮ ਕਦੇ ਵੀ ਖਤਮ ਨਹੀਂ ਹੁੰਦੇ। ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਸਭ ਤੋਂ ਵੱਧ ਸੀਟਾਂ ਪ੍ਰਾਪਤ ਕਰੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।