ਨਰਸਿੰਗ ਦਿਵਸ ਦੀ ਮਹੱਤਤਾ ਅਤੇ ਅਸਲੀਅਤ

0

ਨਰਸਿੰਗ ਦਿਵਸ ਦੀ ਮਹੱਤਤਾ ਅਤੇ ਅਸਲੀਅਤ

ਦੁਨੀਆਂ ‘ਚ 12 ਮਈ ਕੌਮਾਂਤਰੀ ਨਰਸਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਨਰਸਿੰਗ ਦੀ ਜਨਮਦਾਤਾ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਨੂੰ ਸਮਰਪਿਤ ਹੈ। ਉਨ੍ਹਾਂ ਦੀ ਮਾਨਵ ਸੇਵਾ ਪ੍ਰਤੀ ਉੱਚੀ-ਸੁੱਚੀ ਭਾਵਨਾ ਨੇ ਲੋਕਾਂ ਨੂੰ ਸੇਵਾ ਵੱਲ ਪ੍ਰੇਰਿਆ ਹੈ ਜਿਸਨੇ ਨਰਸਿੰਗ ਕਿੱਤੇ ਨੂੰ ਉਪਜਾਇਆ ਹੈ। ਨਰਸ, ਜੋ ਬਿਨਾਂ ਵਿਤਕਰੇ ਦੇ ਬਿਮਾਰਾਂ ਦੀ ਸੇਵਾ ਕਰਦੀ ਹੈ, ਜਦ ਰੋਗੀ ਤੰਦਰੁਸਤ ਹੋ ਕੇ ਆਪਣੇ ਘਰ ਪਰਤਦਾ ਹੈ ਤਾਂ ਕਿਤੇ ਨਾ ਕਿਤੇ ਉਹ ਨਰਸ ਨੂੰ ਵੀ ਅੰਦਰੋਂ ਦੁਆਵਾਂ ਦਿੰਦਾ ਹੈ।

ਨਰਸਜ਼ ਦਿਵਸ ਮਨਾਉਣ ਦੀ ਸ਼ੁਰੂਆਤ ਸੰਨ 1953 ‘ਚ ਹੋਈ ਜੋ ਯੂਨਾਈਟਿਡ ਸਟੇਟਸ ਦੇ ਸਿਹਤ ਸਿੱਖਿਆ ਅਤੇ ਭਲਾਈ ਵਿਭਾਗ ਦੇ ਇੱਕ ਅਫਸਰ ਨੇ ਆਪਣੇ ਪੱਧਰ ‘ਤੇ ਕੀਤੀ ਸੀ। ਉਨ੍ਹਾਂ ਦੇ ਇਸ ਸ਼ਲਾਘਾਯੋਗ ਕਦਮ ਨੂੰ ਅਣਗੌਲਿਆਂ ਕਰ ਦਿੱਤਾ ਗਿਆ ਸੀ। ਸੰਨ 1965 ‘ਚ ਇੰਟਰਨੈਸ਼ਨਲ ਕੌਂਸਲ ਆਫ ਨਰਸਜ਼ ਨੇ ਪਹਿਲੀ ਵਾਰ ਨਰਸਜ਼ ਦਿਵਸ ਮਨਾਇਆ ਸੀ। ਸੰਨ 1974 ਵਿੱਚ ਇਸੇ ਸੰਸਥਾ ਨੇ ਫਲੋਰੈਂਸ ਨਾਈਟਿੰਗੇਲ ਦੇ ਜਨਮ ਨੂੰ ਨਰਸਜ ਦਿਵਸ ਵਜੋਂ ਮਨਾਉਣ ਦੀ ਅਧਿਕਾਰਕ ਤੌਰ ‘ਤੇ ਪ੍ਰਵਾਨਗੀ ਦਿੱਤੀ ਸੀ

ਹਰ ਵਰ੍ਹੇ ਇਸ ਦਿਵਸ ‘ਤੇ ਕੋਈ ਨਾ ਕੋਈ ਥੀਮ ਰੱਖੀ ਜਾਂਦੀ ਹੈ ਜੋ ਸੰਨ 1988 ਤੋਂ ਸ਼ੁਰੂ ਹੋਈ ਸੀ ਜੋ ਅੱਜ ਵੀ ਬਰਕਰਾਰ ਹੈ। ਇਸ ਵਰ੍ਹੇ ਦੀ ਥੀਮ ‘ਦੁਨੀਆਂ ਲਈ ਨਰਸਾਂ ਦੀ ਅਹਿਮੀਅਤ’ ਹੈ। ਸੰਨ 2003 ਤੋਂ ਸੰਸਾਰ ਦੇ ਕਈ ਦੇਸ਼ਾਂ ‘ਚ 6 ਮਈ ਤੋਂ 12 ਮਈ ਤੱਕ ਨਰਸਜ ਹਫਤਾ ਮਨਾਇਆ ਜਾਂਦਾ ਹੈ ਜਿਸ ਤਹਿਤ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ।

ਪੈਰਾਮੈਡੀਕਲ ਕਾਮਿਆਂ ਤੋਂ ਬਿਨਾਂ ਡਾਕਟਰ ਅਧੂਰਾ ਹੈ ਅਤੇ ਸੁਘੜ ਨਰਸ ਆਪਣੇ ਵਾਰਡ ‘ਚ ਦਾਖਲ ਮਰੀਜ਼ਾਂ ਨੂੰ ਦਵਾਈ ਡਾਕਟਰ ਦੇ ਕਹਿਣੇ ਮੁਤਾਬਿਕ ਬਿਨਾਂ ਨਾਗਾ ਪਾਏ ਦਿੰਦੀ ਹੈ। ਇਸ ਤਰ੍ਹਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਮਰੀਜ਼ਾਂ ਦਾ ਖਿਆਲ ਰੱਖਦੀ ਹੈ।
ਇਸ ਤਰ੍ਹਾਂ ਮਰੀਜ਼ਾਂ ਦੀ ਤੰਦਰੁਸਤੀ ‘ਚ ਡਾਕਟਰ ਦੇ ਨਾਲ ਨਰਸ ਦੀਆਂ ਅਣਥੱਕ ਸੇਵਾਵਾਂ ਵੀ ਸ਼ਾਮਿਲ ਹੁੰਦੀਆਂ ਹਨ। ਬਲਕਿ ਹਸਪਤਾਲ ਦੇ ਹਰ ਸੁਘੜ ਕਰਮਚਾਰੀ ਦਾ ਬਣਦਾ ਯੋਗਦਾਨ ਲਿਆ ਜਾਂਦਾ ਹੈ ਤਾਂ ਜੋ ਮਰੀਜ਼ ਰਾਜੀ-ਖੁਸ਼ੀ ਆਪਣੇ ਘਰ ਜਾ ਸਕੇ।

ਅਜੋਕੇ ਦੌਰ ‘ਚ ਜ਼ਿੰਦਗੀ ਜਿਉਣ ਦੇ ਬਦਲਦੇ ਢੰਗ ਅਤੇ ਨਾਮੁਰਾਦ ਬਿਮਾਰੀਆਂ ਦੀ ਆਮਦ ਨੇ ਲੋਕਾਂ ਨੂੰ ਤੰਦਰੁਸਤ ਰਹਿਣ ਦੀ ਚੁਣੌਤੀ ਦਿੱਤੀ ਹੈ। ਇਸ ਲਈ ਅਕਸਰ ਹੀ ਹਸਪਤਾਲ ਜਾਣਾ ਪੈਂਦਾ ਹੈ ਅਤੇ ਉੱਥੇ ਮੌਜੂਦ ਅਮਲੇ ਦੀਆਂ ਸੇਵਾਵਾਂ ਲੈਣੀਆਂ ਪੈਂਦੀਆਂ ਹਨ। ਚੰਗੇ-ਮਾੜੇ ਪੱਖ ਹਰ ਚੀਜ਼ ਦੇ ਹੁੰਦੇ ਹਨ ਨਿੱਜੀ ਸਿਹਤ ਕੇਂਦਰਾਂ ‘ਚ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਨਰਸ ਅਮਲੇ ਨਾਲ ਅਕਸਰ ਬਦਤਮੀਜ਼ੀ ਕਰਦੇ ਹਨ ਉਹ ਵਿਚਾਰੀਆਂ ਨੌਕਰੀ ਜਾਣ ਦੇ ਡਰੋਂ ਚੁੱਪ ਹੋਣ ਲਈ ਮਜ਼ਬੂਰ ਹੋ ਜਾਂਦੀਆਂ ਹਨ।

ਸਰਕਾਰੀ ਅਦਾਰਿਆਂ ‘ਚ ਕਈ ਥਾਈਂ ਮਰੀਜ਼ਾਂ ਤੇ ਨਰਸਿੰਗ ਸਟਾਫ ਦਰਮਿਆਨ ਤਕਰਾਰ ਦੀਆਂ ਖਬਰਾਂ ਆਉਂਦੀਆਂ ਹਨ ਕੁਝ ਮਰੀਜ਼ ਸਟਾਫ ਨੂੰ ਤੇ ਕਈ ਥਾਈਂ ਸਟਾਫ ਮਰੀਜ਼ਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਦੋਸ਼ੀ ਠਹਿਰਾਉਂਦਾ ਹੈ ਜ਼ਰੂਰਤ ਇਸ ਗੱਲ ਦੀ ਦੋਵਾਂ ਵਿੱਚ ਸਦਭਾਵਨਾ ਹੋਵੇ ਇਸ ਦੀ ਵਜ੍ਹਾ ਸਟਾਫ ਦੀ ਘਾਟ ਵੀ ਹੈ

ਕਹਿਣ ਨੂੰ ਤਾਂ ਸਾਡਾ ਮੁਲਕ ਮੈਡੀਕਲ ਟੂਰਿਜ਼ਮ ਵਜੋਂ ਵਿਕਸਿਤ ਹੋ ਰਿਹਾ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਆਮ ਲੋਕਾਂ ਲਈ ਚੰਗੀਆਂ ਸਿਹਤ ਸੇਵਾਵਾਂ ਸਿਰਫ ਕਾਗਜ਼ਾਂ ਤੱਕ ਸੀਮਤ ਹਨ। ਇੱਕ ਅਨੁਮਾਨ ਅਨੁਸਾਰ ਦੇਸ਼ ਅੰਦਰ 2020 ਤੱਕ 4 ਲੱਖ ਡਾਕਟਰ ਹੋਰ ਚਾਹੀਦੇ ਹਨ ਅਤੇ 10 ਲੱਖ ਨਰਸਾਂ ਦੀ ਘਾਟ ਹੈ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਡਾਕਟਰ ਤੇ ਜਨਸੰਖਿਆ ਅਨੁਪਾਤ 1:1000 ਹੋਣਾ ਲਾਜ਼ਮੀ ਹੈ। ਭਾਰਤ ਵਿੱਚ ਇਹ ਅਨੁਪਾਤ 1:2000 ਹੈ ਅਤੇ ਸੱਠ ਸਾਲ ਪਹਿਲਾਂ ਇਹ ਅਨੁਪਾਤ 1:6300 ਸੀ। ਇੱਕ ਹਜਾਰ ਲੋਕਾਂ ਪਿੱਛੇ ਇੱਕ ਪ੍ਰਵਾਨਿਤ ਡਾਕਟਰ ਦਾ ਟੀਚਾ ਸੰਨ 2028 ਤੱਕ ਪੂਰਾ ਹੋਣ ਦੀ ਆਸ ਹੈ।

ਸਾਰੇ ਤੱਥਾਂ ਦਾ ਵਿਸ਼ਲੇਸ਼ਣ ਇਹੀ ਦਰਸਾਉਂਦਾ ਹੈ ਕਿ ਡਾਕਟਰੀ ਕਿੱਤੇ ‘ਚ ਨੈਤਿਕਤਾ ਗਾਇਬ ਹੋ ਚੁੱਕੀ ਹੈ। ਉਪਭੋਗਤਾਵਾਦੀ ਸੋਚ ਅਤੇ ਆਪਣੇ-ਆਪ ਨੂੰ ਸ੍ਰੇਸ਼ਠ ਦਰਸਾਉਣ ਦੇ ਚੱਕਰਾਂ ‘ਚ ਆਮ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ। ਜਿਆਦਾਤਰ ਨਰਸ ਅਮਲੇ ਨੇ ਵੀ ਨੈਤਿਕਤਾ ਦਾ ਤਿਆਗ ਕੀਤਾ ਹੋਇਆ ਹੈ

ਉਹ ਵੀ ਮਰੀਜ਼ਾਂ ਦੀ ਮਾਂ ਵਾਂਗ ਦੇਖਭਾਲ ਕਰਨ ਤੋਂ ਇਨਕਾਰੀ ਹੋ ਰਹੀਆਂ ਹਨ। ਜਨਤਕ ਸਿਹਤ ਕੇਂਦਰਾਂ ‘ਚ ਮਰੀਜ਼ਾਂ ਨਾਲ ਇਨ੍ਹਾਂ ਦੇ ਦੁਰਵਿਵਹਾਰ ਦੀਆਂ ਖਬਰਾਂ ਅਕਸਰ ਹੀ ਸੁਰਖੀਆਂ ਬਣਦੀਆਂ ਹਨ। ਨਰਸ ਦਿਵਸ ਮੌਕੇ ਇਨ੍ਹਾਂ ਨੂੰ ਪ੍ਰਣ ਲੈਣ ਦੀ ਲੋੜ ਹੈ ਕਿ ਉਹ ਆਪਣਾ ਹਰ ਕਾਰਜ ਮਨੁੱਖਤਾ ਦੀ ਸੇਵਾ ਹਿੱਤ ਕਰਨਗੀਆਂ। ਨਿੱਜੀ ਖੇਤਰ ‘ਚ ਤਾਇਨਾਤ ਨਰਸ ਅਮਲੇ ਨੂੰ ਇਕੱਠੇ ਹੋਣ ਦੀ ਲੋੜ ਹੈ ਤਾਂ ਜੋ ਕੋਈ ਵੀ ਉਨ੍ਹਾਂ ਦਾ ਸ਼ੋਸ਼ਣ ਨਾ ਕਰ ਸਕੇ ਜੋ ਅਜੋਕੇ ਦੌਰ ‘ਚ ਬਹੁਤ ਹੋ ਰਿਹਾ ਹੈ।
ਚੱਕ ਬਖਤੂ, ਬਠਿੰਡਾ
ਮੋ. 94641-72783
ਲੇਖਕ ਰੈਜ਼ੀਡੈਂਟ ਮੈਡੀਕਲ ਅਫਸਰ ਹੈ
ਡਾ. ਗੁਰਤੇਜ ਸਿੰਘ,

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।